ਡੰਡਾ ਪਾਠ ਲਈ ਜਾਣੀ ਜਾਂਦੀ ਪੰਜਾਬ ਪੁਲਿਸ ਨੇ ਜਦੋਂ ਲਾਇਆ ਕਿਤਾਬਾਂ ਦਾ ਮੇਲਾ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਪੁਲਿਸ ਕਾਨੂੰਨ ਦਾ ਪਾਠ ਪੜਾਉਣ ਦੇ ਨਾਲ ਨਾਲ ਹੁਣ ਲੋਕਾਂ ਨੂੰ ਸਾਹਿਤ ਦਾ ਪਾਠ ਵੀ ਪੜ੍ਹਾ ਰਹੀ ਹੈ।

ਪੰਜਾਬ ਪੁਲਿਸ ਵੱਲੋਂ ਆਪਣੀ ਇਸ ਨਿਵੇਕਲੀ ਪਹਿਲ ਦੇ ਤਹਿਤ ਬਰਨਾਲਾ ਵਿੱਚ ਇੱਕ ਪੁਸਤਕ ਮੇਲਾ ਕਰਵਾਇਆ ਜਾ ਰਿਹਾ ਹੈ, ਇਸ ਪੰਜ ਰੋਜ਼ਾ ਮੇਲੇ ਦਾ ਸੋਮਵਾਰ ਨੂੰ ਆਖਰੀ ਦਿਨ ਹੈ।

ਇਸ ਪੁਸਤਕ ਮੇਲੇ ਵਿੱਚ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ,ਭਾਸ਼ਾ ਵਿਭਾਗ ਪੰਜਾਬ,ਪਬਲੀਕੇਸ਼ਨ ਬਿਊਰੋ ਆਫ ਪੰਜਾਬ,ਤਦਬੀਰ ਪ੍ਰਕਾਸ਼ਨ ਆਦਿ ਪੰਜਾਬ,ਚੰਡੀਗੜ ਅਤੇ ਹਰਿਆਣਾ ਨਾਲ ਸਬੰਧਤ 35 ਪ੍ਰਕਾਸ਼ਨ ਅਤੇ ਬੁੱਕ ਵਿਕਰੇਤਾ ਭਾਗ ਲੈ ਰਹੇ ਹਨ।

ਬਰਨਾਲਾ ਦੇ ਐਸ ਐਸ ਪੀ ਹਰਜੀਤ ਸਿੰਘ ਮੁਤਾਬਕ ਕਮਿਊਨਿਟੀ ਪੁਲਿਸਿੰਗ ਦੇ ਇੱਕ ਤਜਰਬੇ ਵਜੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ।

ਪੁਸਤਕਾਂ ਨੂੰ ਇਸ ਸਾਧਨ ਵਜੋਂ ਚੁਣਨ ਦੇ ਸਵਾਲ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਬਰਨਾਲਾ ਜਿਲ੍ਹੇ ਦਾ ਸਾਹਿਤਕ ਖੇਤਰ ਵਿੱਚ ਆਪਣਾ ਇੱਕ ਮੁਕਾਮ ਹੈ ਅਤੇ ਇੱਥੇ ਬਹੁਤ ਸਾਰੇ ਸ਼੍ਰੋਮਣੀ ਸਾਹਿਤਕਾਰ ਹੋਏ ਹਨ।

ਬਰਨਾਲੇ ਦੀ ਇਸ ਸਾਹਿਤਕ ਦੇਣ ਨੂੰ ਧਿਆਨ ਵਿੱਚ ਰੱਖਦਿਆਂ ਇਹ ਪੁਸਤਕ ਮੇਲਾ ਇੱਥੇ ਕਰਵਾਇਆ ਜਾ ਰਿਹਾ ਹੈ।

ਸਾਹਿਤ ਨਾਲ ਜੁਰਮ ਰੋਕਣ ਦਾ ਢੰਗ

ਪੰਜਾਬ ਪੁਲਿਸ ਦੇ ਆਈ ਜੀ ਪਟਿਆਲਾ ਰੇਂਜ ਅਮਰਜੀਤ ਸਿੰਘ ਰਾਏ ਦਾ ਕਹਿਣਾ ਸੀ, " ਇਹ ਪੁਸਤਕ ਮੇਲਾ ਬਰਨਾਲਾ ਪੁਲਿਸ ਪ੍ਰਸਾਸ਼ਨ ਦੀ ਆਪਣੀ ਪਹਿਲ ਹੈ,

ਜਿਸ ਨਾਲ ਨਾ ਸਿਰਫ ਪੁਲਿਸ ਪ੍ਰਤੀ ਸਮਾਜ ਵਿੱਚ ਪੈਦੋ ਹੋਏ ਭਰਮ ਭੁਲੇਖੇ ਦੂਰ ਹੋਣਗੇ ਸਗੋਂ ਸਾਹਿਤ ਨਾਲ ਲੋਕਾਂ ਦੇ ਜੁੜਨ ਸਦਕਾ ਸਮਾਜ ਵਿੱਚ ਜ਼ੁਰਮ ਦੀ ਦਰ ਵੀ ਘਟੇਗੀ।"

ਇਸ ਸਮਾਗਮ ਦੀ ਦੇਖ ਰੇਖ ਕਰ ਰਹੇ ਪੁਲਿਸ ਮੁਲਾਜਮ ਜਿਆਦਾਤਰ ਸਿਵਲ ਵਰਦੀ ਵਿੱਚ ਤੈਨਾਤ ਕੀਤੇ ਗਏ ਹਨ।

ਕਿਤਾਬਾਂ ਦੇ ਪਹਿਰੇਦਾਰ

ਡਿਉਟੀ ਤੇ ਤੈਨਾਤ ਪੁਲਿਸ ਇੱਕ ਕਾਂਸਟੇਬਲ ਦਾ ਕਹਿਣਾ ਸੀ, "ਪੁਲਿਸ ਵੱਲੋਂ ਕੀਤਾ ਗਿਆ ਇਹ ਸਮਾਗਮ ਵਧੀਆ ਉਪਰਾਲਾ ਹੈ।" ਇਸ ਪੁਸਤਕ ਮੇਲੇ ਵਿੱਚੋਂ ਕਿਤਾਬਾਂ ਖਰੀਦਣ ਸਬੰਧੀ ਪੁੱਛੇ ਜਾਣ ਤੇ ਉਸਦਾ ਕਹਿਣਾ ਸੀ, "ਕਤਾਬ ਤਾਂ ਮੈਂ ਕੋਈ ਨੀ ਖਰੀਦੀ,ਸਾਡੇ ਸਾਹਬ ਕੋਲ ਹੈਗੀਆਂ ਨੇ ਕਿਤਾਬਾਂ।"

ਬਰਨਾਲਾ ਦੇ ਸਾਂਝ ਕੇਂਦਰ ਵਿੱਚ ਡਿਊਟੀ ਕਰ ਰਹੀਆਂ ਮਹਿਲਾ ਦੋ ਮਹਿਲਾ ਕਾਂਸਟੇਬਲ ਵੀ ਸਿਵਲ ਵਰਦੀ ਵਿੱਚ ਇਸ ਪੁਸਤਲ ਮੇਲੇ ਵਿੱਚ ਡਿਉਟੀ ਕਰ ਰਹੀਆਂ ਹਨ।

ਪੁੱਛੇ ਜਾਣ ਤੇ ਉਨ੍ਹਾਂ ਕਿਹਾ, "ਸਾਡੇ ਸਾਂਝ ਕੇਂਦਰ ਵਿੱਚ ਵੀ ਪੁਲਿਸ ਮੁਲਾਜਮਾਂ ਲਈ ਲਾਇਬਰੇਰੀ ਸਥਾਪਤ ਹੈ।" ਇਨ੍ਹਾਂ ਦੋਹਾਂ ਮਹਿਲਾ ਮੁਲਾਜਮਾਂ ਨੂੰ ਪੁਸਤਕ ਮੇਲੇ ਵਿੱਚ ਲੱਗੀ ਡਿਊਟੀ ਆਮ ਡਿਊਟੀ ਵਾਂਗ ਹੀ ਲੱਗਦੀ ਹੈ।

ਸ਼ਹੀਦ ਭਗਤ ਸਿੰਘ ਪੁਸਤਕ ਸੱਥ ਦੀਵਾਨਾ ਦੇ ਸੰਚਾਲਕ ਵਰਿੰਦਰ ਦੀਵਾਨਾਂ ਦਾ ਕਹਿਣਾ ਸੀ ਕਿ ਇਸ ਮੇਲੇ ਵਿੱਚ ਹੋਰਨਾਂ ਮੇਲਿਆਂ ਦੇ ਮੁਕਾਬਲੇ ਪੁਸਤਕ ਵਿਕਰੀ ਇੱਕ ਚੌਥਾਈ ਹੀ ਹੋਈ ਹੈ।

ਵਰਿੰਦਰ ਇਸ ਪਿੱਛੇ ਪੁਲਿਸ ਅਤੇ ਆਮ ਲੋਕਾਂ ਦੀ ਦੂਰੀ ਅਤੇ ਅਜਿਹੇ ਮੇਲੇ ਲਾਉਣ ਲਈ ਪੁਲਿਸ ਦੇ ਤਜ਼ਰਬੇ ਦੀ ਘਾਟ ਨੂੰ ਕਾਰਨ ਮੰਨਦੇ ਹਨ।

ਆਮ ਲੋਕਾਂ ਤੱਕ ਸਿੱਧੀ ਪਹੁੰਚ

ਬੇਗਮਪੁਰਾ ਬੁੱਕ ਸ਼ਾਪ ਦੇ ਸੰਚਾਲਕ ਜਸਵੀਰ ਬੇਗਮਪੁਰੀ ਵੀ ਪੁਸਤਕ ਵਿਕਰੀ ਦੇ ਘੱਟ ਹੋਣ ਦੀ ਗੱਲ ਨੂੰ ਸਵੀਕਾਰਦੇ ਹਨ।

ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਦੀ ਇਹ ਪਹਿਲ ਪਾਠਕਾਂ ਅਤੇ ਪੁਸਤਕ ਵਿਕਰੇਤਾਵਾ ਲਈ ਚੰਗਾ ਸ਼ਗਨ ਹੈ ਪਰ ਅਜਿਹੇ ਮੇਲੇ ਅਜਿਹੀਆਂ ਥਾਵਾਂ ਤੇ ਲਗਾਏ ਜਾਣੇ ਚਾਹੀਦੇ ਹਨ ਜਿੱਥੇ ਆਮ ਲੋਕਾਂ ਦੀ ਸਿੱਧੀ ਪਹੁੰਚ ਹੋਵੇ।

ਸੰਗਮ ਪਬਲੀਕੇਸ਼ਨ ਸਮਾਣਾ ਦੇ ਸੰਚਾਲਕ ਮੋਹਨ ਲਾਲ ਪੰਜਾਬ ਪੁਲਿਸ ਦੇ ਇਸ ਉਪਰਾਲੇ ਨੂੰ ਨਵੀਂ ਪਿਰਤ ਪਾਉਣ ਵਾਲਾ ਮੰਨਦੇ ਹਨ ਪਰ ਆਪਣੇ ਤਜ਼ਰਬੇ ਵਿੱਚੋਂ ਉਹ ਕਹਿੰਦੇ ਹਨ ਕਿ ਇਸ ਤਰਾਂ ਦੇ ਪੁਸਤਕ ਮੇਲੇ ਲਗਾਉਣ ਲਈ ਪਹਿਲਾਂ ਤਿੰਨ ਚਾਰ ਪ੍ਰਕਾਸ਼ਕਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ। ਜਿਸ ਨਾਲ ਅਜਿਹੇ ਮੇਲੇ ਵਧੇਰੇ ਸਫਲ ਹੋ ਸਕਦੇ ਹਨ।

ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਾ.ਹਰਸ਼ਿੰਦਰ ਕੌਰ ਬੱਚਿਆਂ ਦੀ ਸਿਹਤ ਅਤੇ ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਤੇ ਕੰਮ ਕਰਨ ਲਈ ਜਾਣੇ ਜਾਂਦੇ ਸਾਹਿਤਕਾਰ ਹਨ।

ਦੇਖੋ ਕੌਣ ਕਿਵੇਂ ਬਾਹਰ ਨਿਕਲਦਾ ਹੈ?

ਡਾ.ਹਰਸ਼ਿੰਦਰ ਕੌਰ ਨੇ ਆਪਣੇ ਭਾਸ਼ਣ ਵਿੱਚ ਜਿੱਥੇ ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਅਤੇ ਸਾਹਿਤ ਦੇ ਸਮਾਜ ਸੁਧਾਰ ਵਿੱਚ ਯੋਗਦਾਨ ਦਾ ਜਿਕਰ ਕੀਤਾ,

ਉਥੇ ਉਨ੍ਹਾਂ ਪੰਜਾਬ ਪੁਲਿਸ ਦੇ ਇਸ ਸਮਾਗਮ ਬਾਰੇ ਬੋਲਦਿਆਂ ਕਿਹਾ ," ਮੇਰੀ ਮਾਂ ਨੇ ਪੁਲਿਸ,ਵਕੀਲ਼,ਡਾਕਟਰ ਅਤੇ ਕਲਮਾਂ ਵਾਲੇ, ਚਾਰ ਤਰਾਂ ਦੇ ਲੋਕਾਂ ਤੋਂ ਬਚ ਕੇ ਰਹਿਣ ਲਈ ਕਿਹਾ ਸੀ ਕਿ ਇਨ੍ਹਾਂ ਦੀ ਮਾਰ ਹੇਠ ਆਇਆ ਬੰਦਾ ਬਚ ਨਹੀਂ ਸਕਦਾ।

ਇਸ ਸਮਾਗਮ ਵਿੱਚ ਅੱਜ ਸਾਰੇ ਹੀ ਮੌਜੂਦ ਹਨ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਕੌਣ ਕਿਵੇਂ ਬਾਹਰ ਨਿਕਲਦਾ ਹੈ।"

ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਨੇ ਇਸ ਮੌਕੇ ਬੋਲਦਿਆਂ ਕਿਹਾ, "ਕਲਮਾਂ ਵਾਲੇ ਲੋਕ ਰਚਨਾਤਮਕ ਹੁੰਦੇ ਹਨ ਤੇ ਸਾਹਿਤ ਬੰਦੇ ਨੂੰ ਸੂਖਮ ਬਣਾਉਂਦਾ ਹੈ।

ਸਾਹਿਤ ਦਾ ਮੂਲ ਰਚਨਾ ਕਰਨ ਵਿੱਚ ਹੈ ਵਿਨਾਸ਼ ਵਿੱਚ ਨਹੀਂ ਹੈ,ਇਸ ਲਈ ਕਲਮਾਂ ਵਾਲਿਆਂ ਤੋਂ ਡਰਨ ਦੀ ਲੋੜ ਨਹੀਂ,ਸਾਹਿਤ ਨਾਲ ਸਾਂਝ ਪਾਉਣ ਦੀ ਜਰੂਰਤ ਹੈ।

ਪੁਲਿਸ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਕਦਮ ਹੈ ਤੇ ਬਰਨਾਲੇ ਦੀ ਧਰਤੀ ਤੋਂ ਪੰਜਾਬ ਪੁਲਿਸ ਵੱਲੋਂ ਬਰਨਾਲੇ ਤੋਂ ਇਸ ਮੁਹਿੰਮ ਦੀ ਸ਼ੂਰੂਆਤ ਕਰਨਾ ਬਰਨਾਲੇ ਦੀ ਸਾਹਿਤਕ ਮਹੱਤਤਾ ਨੂੰ ਦਰਸਾਉਂਦਾ ਹੈ।"

ਬਰਨਾਲਾ ਦੇ ਸ਼੍ਰੋਮਣੀ ਸਾਹਿਤਕਾਰ ਅਤੇ ਤਰਕਸ਼ੀਲ ਆਗੂ ਮੇਘ ਰਾਜ ਮਿੱਤਲ ਦਾ ਕਹਿਣਾ ਸੀ, "ਪੁਸਤਕਾਂ ਪੜ੍ਹਨ ਦਾ ਸੱਭਿਆਚਾਰ ਆਪਣੇ ਆਪ ਵਿੱਚ ਸਮਾਜਿਕ ਵਿਕਾਸ ਦਾ ਸੂਚਕ ਹੈ ਇਸ ਲਈ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ ਪਰ ਇਕੱਲਾ ਸਾਹਿਤ ਹੀ ਸਮਾਜ ਨਹੀਂ ਬਦਲ ਸਕਦਾ।

ਧੱਕੇਸ਼ਾਹੀ,ਵਿਤਕਰੇ ਅਤੇ ਬੇਇੰਨਸਾਫੀ ਵਾਲਾ ਸਮਾਜ ਬਦਲ ਕੇ ਬਰਾਬਰੀ ਵਾਲਾ ਸਮਾਜ ਸਿਰਜੇ ਬਿਨਾਂ ਸਮਾਜ ਵਿੱਚੋਂ ਜੁਰਮ ਖਤਮ ਨਹੀਂ ਕੀਤਾ ਜਾ ਸਕਦਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)