ਨਵਜੋਤ ਏਸ਼ੀਅਨ ਕੁਸ਼ਤੀ ’ਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ

ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਬਾਗੜੀਆਂ ਦੀ ਜੰਮਪਲ ਨਵਜੋਤ ਕੌਰ ਦੇ ਏਸ਼ੀਆ ਕੁਸ਼ਤੀ ਚੈਂਪੀਅਨ ਬਣਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੌਬਿਨ ਨੇ ਗੱਲਬਾਤ ਕੀਤੀ।

ਇਸ ਗੱਲਬਾਤ ਦੌਰਾਨ ਉਨ੍ਹਾਂ ਦੇ ਪਿਤਾ ਦਾ ਕਹਿਣਾ ਸੀ ਕਿ ਨਵਜੋਤ ਕੌਰ ਦੇ ਏਸ਼ੀਆ ਕੁਸ਼ਤੀ ਚੈਂਪੀਅਨ ਬਣਨ ਦੇ ਰਾਹ ਵਿੱਚ ਉਨ੍ਹਾਂ ਕਾਫ਼ੀ ਮੁਸ਼ਕਲਾਂ ਝੱਲੀਆਂ ਹਨ।

ਧੀ ਦੀ ਖੇਡ ਨੂੰ ਪ੍ਰੋਫੈਸ਼ਨਲ ਲੀਹਾਂ ਉੱਤੇ ਤੋਰਨ ਲਈ ਪਰਿਵਾਰ ਨੇ ਕਰਜ਼ਾ ਵੀ ਲਿਆ ਕਿਉਂਕਿ ਸਰਕਾਰੀ ਮਦਦ ਬਹੁਤ ਘੱਟ ਸੀ।

ਔਰਤ ਕਰ ਕੇ ਮੁਸ਼ਕਲਾਂ

ਨਵਜੋਤ ਦੀ ਭੈਣ ਨਵਜੀਤ ਕੌਰ ਨੇ ਕਿਹਾ, "ਇੱਕ ਮਹਿਲਾ ਖਿਡਾਰੀ ਹੋਣ ਦੇ ਨਾਤੇ ਸਾਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਸਵੇਰੇ 4 ਵਜੇ ਉੱਠ ਕੇ ਜਾਂਦੀਆਂ ਸੀ।"

ਉਨ੍ਹਾਂ ਕਿਹਾ, "ਪਿੰਡ ਦੇ ਲੋਕ ਵੀ ਕਹਿੰਦੇ ਸੀ ਕਿ ਸਵੇਰੇ ਚਲੀਆਂ ਜਾਂਦੀਆਂ ਹਨ ਤੇ ਸ਼ਾਮ ਨੂੰ ਆਉਂਦੀਆਂ ਹਨ। ਪਤਾ ਨਹੀਂ ਕੀ ਕਰਦਿਆਂ ਹਨ।

ਨਵਜੀਤ ਨੇ ਕਿਹਾ, "ਸਾਡੇ ਪਿਤਾ ਅਤੇ ਪਰਿਵਾਰ ਨੇ ਸਾਡਾ ਬਹੁਤ ਸਾਥ ਦਿੱਤਾ ਕਿ ਤੁਸੀਂ ਕਿਸੇ ਦੀ ਕੋਈ ਗੱਲ ਨਹੀਂ ਸੁਣਨੀ ਬੱਸ ਆਪਣੀ ਮਿਹਨਤ ਕਰੋ। ਇਸੇ ਸਦਕਾ ਨਵਜੋਤ ਇਸ ਮੁਕਾਮ 'ਤੇ ਪਹੁੰਚੀ ਹੈ।"

ਸੁਖਚੈਨ ਸਿੰਘ ਨੇ ਕਿਹਾ ਕਿ ਹੁਣ ਉਹੀ ਲੋਕ ਖ਼ੁਸ਼ ਹਨ। ਕਹਿੰਦੇ ਹਨ ਕਿ ਬਹੁਤ ਚੰਗਾ ਕੰਮ ਕੀਤਾ। ਹੁਣ ਸਾਰੇ ਵਧਾਈਆਂ ਵੀ ਦੇ ਰਹੇ ਹਨ।

ਕਰਜ਼ਾ ਵੀ ਲੈਣਾ ਪਿਆ

ਬੀਬੀਸੀ ਨਾਲ ਗੱਲਬਾਤ ਦੌਰਾਨ ਨਵਜੋਤ ਦੇ ਪਿਤਾ ਸੁਖਚੈਨ ਸਿੰਘ ਨੇ ਕਿਹਾ ਕਿ ਜ਼ਮੀਨ ਘੱਟ ਹੋਣ ਕਰਕੇ ਸਾਨੂੰ ਕਰਜ਼ਾ ਵੀ ਲੈਣਾ ਪਿਆ।

ਉਨ੍ਹਾਂ ਕਿਹਾ, "ਸਾਡੀ 4 ਏਕੜ ਪੈਲ਼ੀ ਸੀ। ਉਸ ਨਾਲ ਕਮਾਈ ਵੀ ਘੱਟ ਹੁੰਦੀ ਹੈ। ਲੋਕਾਂ ਤੋਂ ਵੀ ਪੈਸੇ ਲੈਣੇ ਪੈਂਦੇ ਸਨ। ਪਿਛਲੀ ਸਰਕਾਰ ਵੱਲੋਂ ਦੋ ਵਾਰੀ ਮਦਦ ਵੀ ਮਿਲੀ ਸੀ।"

ਉਨ੍ਹਾਂ ਕਿਹਾ, "ਬਾਕੀ ਦਾ ਖਰਚਾ ਕੋਲੋਂ ਹੀ ਕਰਨਾ ਪੈਂਦਾ ਸੀ। ਸਰਕਾਰੀ ਮਦਦ ਨਾਲ ਥੋੜ੍ਹਾ ਬਹੁਤ ਪਿਛਲਾ ਕਰਜ਼ਾ ਲਹਿ ਜਾਂਦਾ ਸੀ।"

ਨਵਜੋਤ ਦਾ ਸਫ਼ਰ

ਨਵਜੋਤ ਦੇ ਪਰਿਵਾਰ ਮੁਤਾਬਕ ਨਵਜੋਤ ਨੇ ਆਪਣਾ ਸਫ਼ਰ ਸੂਬੇ ਪੱਧਰ ਤੋਂ ਸ਼ੁਰੂ ਕੀਤਾ ਤੇ ਉਹ ਨੈਸ਼ਨਲ ਪੱਧਰ ਤੋਂ ਖੇਡ ਕੇ ਹੁਣ ਦੇਸ ਦਾ ਨਾਮ ਕੌਮਾਂਤਰੀ ਪੱਧਰ 'ਤੇ ਰੋਸ਼ਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਹੁਣ ਉਹ ਏਸ਼ੀਆ ਵਿੱਚ ਕੁਸ਼ਤੀ ਦੀ ਚੈਂਪੀਅਨ ਬਣ ਗਈ ਹੈ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।

ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਦੀ ਵੱਡੀ ਭੈਣ ਵੀ ਖੇਡਦੀ ਹੁੰਦੀ ਸੀ। ਅਸੀਂ ਨਵਜੋਤ ਨੂੰ ਵੀ ਪ੍ਰੇਰਿਆ ਕਿ ਤੂੰ ਵੀ ਖੇਡ। ਹੌਲੀ-ਹੌਲੀ ਉਸ ਨੇ ਵੀ ਖੇਡਣਾ ਸ਼ੁਰੂ ਕੀਤਾ।

ਆਪਣੀ ਪ੍ਰਤਿਭਾ ਸਦਕਾ ਹੋਈ ਜਿੱਤ

ਉਸ ਦੇ ਭਰਾ ਦਿਲਾਵਰ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਨੂੰ ਅੱਜ ਤੱਕ ਕਿਸੇ ਵੀ ਸਿਫ਼ਾਰਿਸ਼ ਦੀ ਜ਼ਰੂਰਤ ਨਹੀਂ ਪਈ। ਉਹ ਕਾਫ਼ੀ ਪ੍ਰਤਿਭਾ ਵਾਲੀ ਹੈ।

ਉਨ੍ਹਾਂ ਕਿਹਾ ਕਿ ਉਹ ਪਹਿਲਾਂ ਜੂਡੋ ਖੇਡਦੀ ਹੁੰਦੀ ਸੀ। ਜੂਡੋ ਤੋਂ ਬਾਅਦ ਉਹ ਕੁਸ਼ਤੀ ਵੱਲ ਆਈ। ਜੂਡੋ ਦੀ ਖਿਡਾਰਨ ਹੋਣ ਕਰ ਕੇ ਉਹ ਸਰੀਰਕ ਪੱਖੋਂ ਠੀਕ ਸੀ।

ਸੀਮਤ ਸਾਧਨ

ਦਿਲਾਵਰ ਸਿੰਘ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਖੇਡਾਂ ਲਈ ਸੀਮਤ ਸਾਧਨ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਖੇਡਾਂ ਲਈ ਜ਼ਿਆਦਾ ਸਾਧਨ ਦੇਣ।

ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕੋਈ ਥਾਂ ਨਹੀਂ ਹੈ ਜਿੱਥੇ ਖੇਡਿਆ ਜਾ ਸਕੇ। ਸਹੂਲਤਾਂ ਨਾ ਹੋਣ ਕਰ ਕੇ ਪਿੰਡਾਂ ਵਿੱਚੋਂ ਬੱਚੇ ਜ਼ਿਆਦਾ ਨਹੀਂ ਖੇਡ ਸਕਦੇ।

ਦਿਲਾਵਰ ਨੇ ਕਿਹਾ, "ਸਾਡੇ ਪਿੰਡ ਕੋਈ ਅਖਾੜਾ ਨਹੀਂ ਸੀ ਜਿੱਥੇ ਨਵਜੋਤ ਅਭਿਆਸ ਕਰ ਸਕੇ। ਨਵਜੋਤ ਤਰਨ ਤਾਰਨ ਜਾਂਦੀ ਸੀ ਅਭਿਆਸ ਕਰਨ ਲਈ।"

ਨਵਜੋਤ ਦੀ ਭੈਣ ਦਾ ਕਹਿਣਾ ਹੈ ਕਿ ਦੋ ਜਾਂ ਤਿੰਨ ਪਿੰਡਾਂ ਵਿੱਚ ਘੱਟੋ ਘੱਟ ਇੱਕ ਖੇਡਾਂ ਦੀ ਅਕੈਡਮੀ ਹੋਣੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)