You’re viewing a text-only version of this website that uses less data. View the main version of the website including all images and videos.
ਕਾਮਰੇਡਾਂ ਦੇ ਵਿਹੜੇ ਮੋਦੀ-ਸ਼ਾਹ ਨੇ ਕਿਵੇਂ ਖਿੜਾਇਆ 'ਕਮਲ'?
- ਲੇਖਕ, ਦਿਲੀਪ ਕੁਮਾਰ ਸ਼ਰਮਾ
- ਰੋਲ, ਬੀਬੀਸੀ ਦੇ ਲਈ
ਉੱਤਰ ਪੂਰਬੀ ਸੂਬਾ ਤ੍ਰਿਪੁਰਾ ਵਿੱਚ 25 ਸਾਲ ਲਗਾਤਾਰ ਸ਼ਾਸਨ ਵਿੱਚ ਰਹੇ ਖੱਬੇ ਪੱਖੀ ਮੋਰਚੇ ਦੀ ਸੱਤਾ ਦਾ ਅੰਤ ਹੋ ਗਿਆ ਹੈ।
ਬੀਜੇਪੀ ਨੇ ਸਹਿਯੋਗੀ ਇੰਡੀਜੀਨਸ ਪੀਪਲਜ਼ ਫਰੰਟ ਆਫ਼ ਤ੍ਰਿਪੁਰਾ(ਆਈਪੀਐਫਟੀ) ਨਾਲ ਮਿਲ ਕੇ ਭਾਰੀ ਬਹੁਮਤ ਹਾਸਲ ਕਰ ਲਿਆ ਹੈ।
60 ਸੀਟਾਂ ਵਾਲੀ ਤ੍ਰਿਪੁਰਾ ਵਿਧਾਨ ਸਭਾ ਵਿੱਚ ਬੀਜੇਪੀ ਗਠਜੋੜ ਨੇ 40 ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ। ਉੱਥੇ ਹੀ ਖੱਬੇ ਪੱਖੀ ਪਾਰਟੀਆਂ ਸਿਰਫ 15 ਸੀਟਾਂ 'ਤੇ ਸਿਮਟ ਕੇ ਰਹਿ ਗਈ ਹੈ।
ਰਾਜਧਾਨੀ ਅਗਰਤਲਾ ਵਿੱਚ ਬੀਜੇਪੀ ਕਾਰਕੁਨਾਂ ਨੇ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
ਉਂਝ ਤਾਂ ਇੱਥੇ ਦੇ ਲੋਕਾਂ ਨੇ ਸ਼ੁੱਕਰਵਾਰ ਨੂੰ ਹੋਲੀ ਖੇਡੀ ਸੀ ਪਰ ਸ਼ਨੀਵਾਰ ਨੂੰ ਪੂਰਾ ਸ਼ਹਿਰ ਭਗਵਾ ਰੰਗ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ।
ਖੱਬੇ-ਪੱਖੀਆਂ ਨੇ ਹਾਰ ਕਬੂਲੀ
ਖੱਬੇ ਪੱਖੇ ਪਾਰਟੀਆਂ ਨੂੰ ਇਨ੍ਹਾਂ ਚੋਣਾਂ ਵਿੱਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਮਾਣਿਕ ਸਰਕਾਰ ਦੀ ਅਗਵਾਈ ਵਾਲੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਯਾਨਿ ਸੀਪੀਐਮ ਜਿਹੜੀ ਭਾਰੀ ਬਹੁਮਤ ਮਿਲਣ ਦਾ ਦਾਅਵਾ ਕਰ ਰਹੀ ਸੀ, ਉਸ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ।
ਉੱਥੇ ਹੀ ਉਸ ਦੀ ਸਹਿਯੋਗੀ ਪਾਰਟੀ ਸੀਪੀਆਈ ਪੂਰੀ ਤਰ੍ਹਾਂ ਪਿੱਛੜ ਗਈ ਹੈ। ਖੱਬੇ ਪੱਖੀ ਪਾਰਟੀਆਂ ਨੇ ਆਪਣੀ ਹਾਰ ਮੰਨਦੇ ਹੋਏ ਵਿਰੋਧੀ ਧਿਰ ਵਜੋਂ ਸਕਾਰਾਤਮਕ ਭੂਮਿਕਾ ਨਿਭਾਉਣ ਦੀ ਗੱਲ ਕੀਤੀ ਹੈ।
ਉੱਥੇ ਹੀ, ਬੀਜੇਪੀ ਵਿੱਚ ਮੁੱਖ ਮੰਤਰੀ ਅਹੁਦੇ ਦੇ ਮਜਬੂਤ ਦਾਅਵੇਦਾਰ ਵਿਪਲਬ ਕੁਮਾਰ ਦੇਬ ਨੇ ਇਸ ਨੂੰ ਲੋਕਤੰਤਰ ਅਤੇ ਤ੍ਰਿਪੁਰਾ ਦੀ ਜਨਤਾ ਦੀ ਜਿੱਤ ਦੱਸਿਆ ਹੈ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਅਤੇ ਉੱਤਰ ਪੂਰਬੀ ਮਾਮਾਲਿਆਂ ਦੇ ਇੰਚਾਰਜ ਰਾਮ ਮਾਧਵ ਨੇ ਕਿਹਾ,''ਇਹ ਕ੍ਰਾਂਤੀਕਾਰੀ ਨਤੀਜਾ ਹੈ ਜਿਹੜਾ ਤ੍ਰਿਪੁਰਾ ਦੀ ਸੁੰਦਰੀ ਮਾਤਾ ਅਤੇ ਸੂਬੇ ਦੇ ਲੋਕਾਂ ਦੇ ਆਸ਼ੀਰਵਾਦ ਨਾਲ ਮਿਲਿਆ ਹੈ।''
''ਚੋਣ ਨਤੀਜਿਆਂ ਤੋਂ ਅਸੀਂ ਕਾਫੀ ਸੰਤੁਸ਼ਟ ਹਾਂ। ਇਸ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਵਰਕਰਾਂ ਦੀ ਮਿਹਨਤ ਵੀ ਸ਼ਾਮਲ ਹੈ।''
ਉਨ੍ਹਾਂ ਨੇ ਕਿਹਾ,''ਤ੍ਰਿਪੁਰਾ ਦੀ ਜਨਤਾ ਦੀ ਬਦਲੌਤ ਇੱਥੇ 'ਚਲੋ ਪਲਟਾਏ' ਸਾਕਾਰ ਹੋਇਆ ਹੈ।''
ਤ੍ਰਿਪੁਰਾ ਵਿੱਚ ਖੱਬੇ ਪੱਖੀਆਂ ਦੀ ਹਾਰ ਨੇ ਉਨ੍ਹਾਂ ਲਈ ਇੱਕ ਦੌਰ ਦਾ ਅੰਤ ਕਰ ਦਿੱਤਾ ਹੈ, ਜਿਸਦੀ ਸ਼ੁਰੂਆਤ ਸਾਲ 1993 ਵਿੱਚ ਦਸ਼ਰਥ ਦੇਬ ਦੇ ਮੁੱਖ ਮੰਤਰੀ ਬਣਨ ਦੇ ਨਾਲ ਹੋਈ ਸੀ।
ਭ੍ਰਿਸ਼ਟਾਚਾਰ ਨੂੰ ਕਾਬੂ ਕਰਨ 'ਚ ਨਾਕਾਮੀ
20 ਸਾਲ ਤੱਕ ਬਤੌਰ ਮੁੱਖ ਮੰਤਰੀ ਮਾਣਿਕ ਸਰਕਾਰ ਨੇ ਸੱਤਾ ਦੀ ਕਮਾਨ ਆਪਣੇ ਹੱਥ ਵਿੱਚ ਰੱਖੀ।
ਪੱਛਮ ਬੰਗਾਲ ਵਿੱਚ ਜੋਯਤੀ ਬਸੂ ਤੋਂ ਬਾਅਦ ਮਣਿਕ ਸਰਕਾਰ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਖੱਬੇ ਪੱਖੀ ਆਗੂ ਹਨ। ਮਾਣਿਕ ਸਰਕਾਰ 11 ਮਾਰਚ 1998 ਨੂੰ ਪਹਿਲੀ ਵਾਰ ਤ੍ਰਿਪੁਰਾ ਦੇ ਮੁੱਖ ਮੰਤਰੀ ਬਣੇ ਸੀ।
ਖੱਬੇ ਪੱਖੀ ਮੋਰਚੇ ਨੂੰ ਤ੍ਰਿਪੁਰਾ ਵਿੱਚ 1993 ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਜੇ ਤ੍ਰਿਪੁਰਾ ਵਿੱਚ 1963 ਤੋਂ ਕਾਂਗਰਸ ਦੇ ਤਿੰਨ ਵਾਰ ਦੇ ਸ਼ਾਸਨ ਨੂੰ ਛੱਡ ਦਈਏ ਤਾਂ ਸੂਬੇ ਵਿੱਚ 1988 ਤੋਂ ਲੈ ਕੇ ਹੁਣ ਤੱਕ ਖੱਬੇ ਪੱਖੀ ਮੋਰਚੇ ਦੀ ਸਰਕਾਰ ਹੀ ਰਹੀ ਹੈ।
ਤ੍ਰਿਪੁਰਾ ਵਿੱਚ ਇਸ ਤਰ੍ਹਾਂ ਦੇ ਨਤੀਜਿਆਂ 'ਤੇ ਸੀਨੀਅਰ ਪੱਤਰਕਾਰ ਜਯੰਤ ਭੱਟਾਚਾਰਿਆ ਨੇ ਬੀਬੀਸੀ ਨੂੰ ਕਿਹਾ,''ਮਾਣਿਕ ਸਰਕਾਰ ਨੇ ਹੇਠਲੇ ਪੱਧਰ 'ਤੇ ਹੋ ਰਹੇ ਭ੍ਰਿਸ਼ਟਾਚਾਰ ਨੂੰ ਗੰਭੀਰਤਾ ਨਾਲ ਨਹੀਂ ਲਿਆ।''
''ਨਾ ਹੀ ਉਹ ਸੂਬੇ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰ ਸਕੇ। ਸਰਕਾਰੀ ਨੌਕਰੀ ਕਰਨ ਵਾਲੇ ਲੋਕ ਵੀ ਵੇਤਨ ਆਯੋਗ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਨਾ ਕਰ ਸਕਣ ਤੋਂ ਖ਼ਫ਼ਾ ਸੀ। ਬੀਜੇਪੀ ਨੂੰ ਇਨ੍ਹਾਂ ਮੁੱਦਿਆਂ ਤੋਂ ਫਾਇਦਾ ਮਿਲਿਆ।''
ਸਵੈਮ-ਸੇਵਕ ਕਾਫ਼ੀ ਸਰਗਰਮ
ਉਨ੍ਹਾਂ ਅੱਗੇ ਕਿਹਾ, ''ਪ੍ਰਧਾਨ ਮੰਤਰੀ ਤੋਂ ਲੈ ਕੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਤਮਾਮ ਸੀਨੀਅਰ ਲੀਡਰਾਂ ਨੇ ਧੜੱਲੇ ਨਾਲ ਚੋਣ ਪ੍ਰਚਾਰ ਕੀਤਾ ਸੀ। ਜਿਹੜੇ ਲੋਕ ਕਾਂਗਰਸ ਤੋਂ ਖ਼ਫ਼ਾ ਸੀ ਉਹ ਬੀਜੇਪੀ ਵੱਲ ਆ ਗਏ।''
''ਜਦਕਿ ਜਨਜਾਤੀ ਇਲਾਕੇ ਵਿੱਚ ਰਾਸ਼ਟਰੀ ਸਵੈਸੇਵਕ ਸੰਘ ਦੇ ਲੋਕ ਪਹਿਲਾਂ ਤੋਂ ਕੰਮ ਕਰ ਰਹੇ ਸੀ। ਇਸ ਤੋਂ ਇਲਾਵਾ ਸੂਬੇ ਵਿੱਚ ਖੱਬੇ ਪੱਖੀ ਮੋਰਚੇ ਦੀ ਸਰਕਾਰ ਨੂੰ 25 ਸਾਲ ਹੋ ਗਏ ਸੀ ਲਿਹਾਜ਼ਾ ਇਨਕਮਬੈਂਸੀ ਫੈਕਟਰ ਤਾਂ ਸੀ ਹੀ।''
''ਤ੍ਰਿਪੁਰਾ ਵਿੱਚ ਜਨਜਾਤੀ ਲੋਕਾਂ ਲਈ ਵੱਖਰੇ ਸੂਬੇ ਦੀ ਮੰਗ ਕਰਨ ਵਾਲੇ ਆਈਪੀਐਫਟੀ ਨਾਲ ਗਠਜੋੜ ਕਰਨ ਤੋਂ ਬਾਅਦ ਬੀਜੇਪੀ ਨੇ ਇਸ ਸੰਗਠਨ ਨੂੰ ਕਾਫੀ ਕਾਬੂ ਵਿੱਚ ਰੱਖਿਆ।''
"ਖੱਬੇ ਪੱਖੀ ਦਲਾਂ ਨੇ ਚੋਣ ਪ੍ਰਚਾਰ ਦੌਰਾਨ ਇਸ ਮੁੱਦੇ ਨੂੰ ਕਾਫੀ ਉਛਾਲਿਆ ਸੀ ਕਿ ਜੇ ਬੀਜੇਪੀ ਸੱਤਾ ਵਿੱਚ ਆਈ ਤਾਂ ਤ੍ਰਿਪੁਰਾ ਦੀ ਵੰਡ ਕਰ ਦੇਵੇਗੀ।''
''ਦਰਅਸਲ ਬੰਗਾਲੀਆਂ ਦਾ ਵੋਟ ਸਿਰਫ਼ ਇਸੇ ਫੈਕਟਰ 'ਤੇ ਹੀ ਖੱਬੇ ਪੱਖੀ ਮੋਰਚੇ ਨਾਲ ਜਾ ਸਕਦਾ ਸੀ ਪਰ ਬਾਵਜੂਦ ਇਸਦੇ ਜਨਜਾਤੀ ਇਲਾਕਿਆਂ ਵਿੱਚ ਬੀਜੇਪੀ ਗਠਜੋੜ ਨੂੰ ਹੀ ਫਾਇਦਾ ਮਿਲਿਆ।''
ਭਾਜਪਾ ਦੀ ਕਾਮਯਾਬੀ ਦਾ ਫਾਰਮੂਲਾ
ਤ੍ਰਿਪੁਰਾ ਵਿਧਾਨ ਸਭਾ ਦੀਆਂ ਕੁੱਲ 60 ਸੀਟਾਂ ਵਿੱਚੋਂ 20 ਸੀਟਾਂ ਅਨੁਸੂਚਿਤ ਜਨਜਾਤੀ ਲਈ ਰਾਖਵੀਆਂ ਹਨ। ਇਨ੍ਹਾਂ 20 ਸੀਟਾਂ 'ਤੇ ਬੀਜੇਪੀ ਗਠਜੋੜ ਦਾ ਦਬਦਬਾ ਬਣਿਆ ਹੋਇਆ ਹੈ ਜੋ ਸੀਪੀਐਮ ਦੀ ਹਾਰ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।''
''ਇਹ ਉਹੀ ਸੀਪੀਐਮ ਹੈ ਜਿਸ ਨੇ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਥੇ 18 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਇਨ੍ਹਾਂ 20 ਸੀਟਾਂ ਵਿੱਚੋਂ ਆਈਪੀਐਫਟੀ ਨੇ 9 ਸੀਟਾਂ ਤੇ ਅਤੇ ਬੀਜੇਪੀ ਨੇ 11 ਸੀਟਾਂ ਤੇ ਚੋਣ ਲੜੀ ਸੀ।
ਤ੍ਰਿਪੁਰਾ ਮੁੱਖ ਰੂਪ ਨਾਲ ਇੱਕ ਬੰਗਾਲੀ ਬਹੁਤ ਸੂਬਾ ਹੈ। ਇੱਥੇ 72 ਫ਼ੀਸਦ ਅਬਾਦੀ ਬੰਗਾਲੀਆਂ ਦੀ ਹੈ ਅਤੇ 28 ਫ਼ੀਸਦ ਜਨਜਾਤੀ ਹੈ।
ਇੱਥੇ ਦੀ ਸਿਆਸਤ ਨੂੰ ਸਮਝਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਮਾਣਿਕ ਸਰਕਾਰ ਨੇ ਸ਼ੁਰੂਆਤ ਵਿੱਚ ਜਨਜਾਤੀ ਲੋਕਾਂ ਦੀ ਸਮੱਸਿਆ 'ਤੇ ਗੰਭੀਰਤਾ ਨਾਲ ਧਿਆਨ ਦਿੱਤਾ ਸੀ ਅਤੇ ਉਨ੍ਹਾਂ ਦੇ ਵਿਕਾਸ ਲਈ ਕਾਊਂਸਿਲ ਬਣਾਉਣ ਤੋਂ ਲੈ ਕੇ ਕਈ ਕੰਮ ਕੀਤੇ।
ਇੱਕ ਸਮੇਂ ਲੋਕਾਂ ਦੀ ਅਜਿਹੀ ਸੋਚ ਬਣ ਗਈ ਸੀ ਕਿ ਕਾਂਗਰਸ ਬੰਗਾਲੀਆਂ ਦੀ ਪਾਰਟੀ ਹੈ ਅਤੇ ਸੀਪੀਐਮ ਜਨਜਾਤੀ ਲੋਕਾਂ ਦੀ।
ਅਜਿਹੇ ਵਿੱਚ ਬੀਜੇਪੀ ਨੇ ਆਈਪੀਐਫਟੀ ਦੇ ਨਾਲ ਗਠਜੋੜ 'ਤੇ ਮਣਿਕ ਸਰਕਾਰ ਦੇ ਜਿੱਤ ਦੇ ਫਾਰਮੂਲੇ ਨੂੰ ਖੋਹ ਲਿਆ।