You’re viewing a text-only version of this website that uses less data. View the main version of the website including all images and videos.
ਤ੍ਰਿਪੁਰਾ 'ਚੋਂ ਕਾਮਰੇਡਾਂ ਨੂੰ ਬੰਨੇ ਲਾਉਣ ਵਾਲਾ ਮਰਾਠਾ
- ਲੇਖਕ, ਸਲਮਾਨ ਰਾਵੀ
- ਰੋਲ, ਬੀਬੀਸੀ ਪੱਤਰਕਾਰ
ਵੈਸੇ ਤਾਂ ਕਿਸੇ ਵੀ ਚੋਣਾਂ ਵਿੱਚ ਜਿੱਤ ਦਾ ਸਿਹਰਾ ਕਿਸੇ ਇਕੱਲੇ ਵਿਅਕਤੀ ਨੂੰ ਨਹੀਂ ਦਿੱਤਾ ਜਾ ਸਕਦਾ। ਇਸ ਦੇ ਪਿੱਛੇ ਪਾਰਟੀ ਸੰਗਠਨ ਦੀ ਰਣਨੀਤੀ, ਚੋਣ ਪ੍ਰਚਾਰ, ਵਰਕਰਾਂ ਦੀ ਤਾਕਤ ਅਤੇ ਪ੍ਰਤੀਬੱਧਤਾ ਹੁੰਦੀ ਹੈ।
ਪਰ ਇਸ ਸਭ ਦੇ ਬਾਵਜੂਦ ਕੁਝ ਅਜਿਹੇ ਚਿਹਰੇ ਹੁੰਦੇ ਹਨ, ਜਿਨ੍ਹਾਂ ਨੂੰ ਸਫ਼ਲਤਾ ਦਾ ਅਹਿਮ ਹਿੱਸਾ ਕਿਹਾ ਜਾ ਸਕਦਾ ਹੈ।
5 ਸਾਲ ਪਹਿਲਾਂ ਉੱਤਰ-ਪੂਰਬ ਦੇ ਜਿਸ ਸੂਬੇ ਤ੍ਰਿਪੁਰਾ 'ਚ ਭਾਜਪਾ ਆਪਣਾ ਖਾਤਾ ਵੀ ਨਾ ਖੋਲ ਸਕੀ ਸੀ ਅਤੇ ਉੱਥੋਂ ਦੇ ਸਿਆਸੀ ਮਾਹੌਲ ਵਿੱਚ ਉਸ ਨੂੰ ਗੰਭੀਰਤਾ ਨਾਲ ਵੀ ਨਹੀਂ ਲਿਆ ਜਾਂਦਾ ਸੀ। ਉਸ ਨੇ ਸਾਰੇ ਸਿਆਸੀ ਮਾਹਰਾਂ ਨੂੰ ਹੈਰਾਨ ਕਰਦੇ ਹੋਏ ਤ੍ਰਿਪੁਰਾ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।
ਜਨਮ ਤੋਂ ਹੀ ਮਰਾਠੀ ਮਾਨੁਸ਼ ਸੁਨੀਲ ਦੇਵਧਰ ਉੱਤਰ-ਪੂਰਬ 'ਚ ਭਾਰਤੀ ਜਨਤਾ ਪਾਰਟੀ ਦਾ ਉਹ ਚਿਹਰਾ ਹੈ, ਜਿਸ ਨੇ ਖ਼ੁਦ ਨਾ ਤਾਂ ਕਿਤੇ ਚੋਣਾਂ ਲੜੀਆਂ ਹਨ ਅਤੇ ਨਾ ਹੀ ਖ਼ੁਦ ਨੂੰ ਖ਼ਬਰਾਂ ਵਿੱਚ ਰੱਖਿਆ।
ਪਰ ਤ੍ਰਿਪੁਰਾ ਵਿੱਚ 25 ਸਾਲਾਂ ਦੀ ਖੱਬੇ ਪੱਖੀ ਸਰਕਾਰ ਨੂੰ ਚੁਣੌਤੀ ਦੇਣ ਅਤੇ ਉਸ ਕੋਲੋਂ ਸੱਤਾ ਖੋਹ ਲੈਣ ਦਾ ਸਿਹਰਾ ਵੀ ਭਾਰਤੀ ਜਨਤਾ ਪਾਰਟੀ, ਸੁਨੀਲ ਦੇਵਧਰ ਦੇ ਸਿਰ ਹੀ ਬੰਨ੍ਹਦੀ ਹੈ।
ਸਾਲ 2013 ਵਿੱਚ ਵਿਧਾਨ ਸਭਾ ਦੀਆਂ ਚੋਣਾਂ 'ਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੂੰ 49 ਸੀਟਾਂ ਆਈਆਂ ਸਨ ਜਦਕਿ ਭਾਰਤ ਦੀ ਕਮਿਊਨਿਸਟ ਪਾਰਟੀ (ਸੀਪੀਆਈਈ) ਨੂੰ ਇੱਕ।
10 ਸੀਟਾਂ ਨਾਲ ਤ੍ਰਿਪੁਰਾ ਵਿੱਚ ਕਾਂਗਰਸ ਪਾਰਟੀ ਮੁੱਖ ਵਿਰੋਧੀ ਧਿਰ ਸੀ।
ਪਰ ਇਸ ਵਾਰ ਭਾਰਤੀ ਜਨਤਾ ਪਾਰਟੀ ਖੱਬੇ ਪੱਖੀ ਦਲਾਂ ਨੂੰ ਟੱਕਰ ਦੇਣ ਦੀ ਹਾਲਤ ਵਿੱਚ ਆਈ ਤਾਂ ਇਸ ਦੇ ਪਿੱਛੇ ਸੁਨੀਲ ਦੇਵਧਰ ਦੀ ਵੀ ਵੱਡੀ ਭੂਮਿਕਾ ਹੈ। ਜਿਨ੍ਹਾਂ ਨੇ ਇੱਕ-ਇੱਕ ਬੂਥ ਦੇ ਪੱਧਰ 'ਤੇ ਸੰਗਠਨ ਖੜਾ ਕਰਨਾ ਸ਼ੁਰੂ ਕੀਤਾ।
ਇਹ ਨਾ ਸਿਰਫ਼ ਮੇਘਾਲਿਆ ਅਤੇ ਤ੍ਰਿਪੁਰਾ 'ਚ ਸਰਗਰਮ ਰਹੇ ਬਲਕਿ ਉੱਤਰ-ਪੂਰਬ ਭਾਰਤ ਦੇ ਸਾਰੇ ਸੂਬਿਆਂ ਵਿੱਚ ਸੰਘ (ਰਾਸ਼ਟਰੀ ਸਵੈਮ ਸੇਵਕ ਸੰਘ) ਦੇ ਪ੍ਰਚਾਰਕ ਵਜੋਂ ਸਰਗਰਮ ਰਹੇ।
ਅਮਿਤ ਸ਼ਾਹ ਨੇ ਜਦੋਂ ਭਾਜਪਾ ਦੀ ਕਮਾਨ ਸਾਂਭੀ ਤਾਂ ਉਨ੍ਹਾਂ ਨੇ ਸੁਨੀਲ ਦੇਵਧਰ ਨੂੰ ਮਹਾਂਰਾਸ਼ਟਰ ਤੋਂ ਵਾਰਾਣਸੀ ਭੇਜਿਆ ਸੀ। ਜਿੱਥੇ ਨਰਿੰਦਰ ਮੋਦੀ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਸਨ।
ਉੱਤਰ-ਪੂਰਬ ਵਿੱਚ ਕੰਮ ਕਰਦੇ-ਕਰਦੇ ਸੰਘ ਦੇ ਪ੍ਰਚਾਰਕ ਰਹੇ ਸੁਨੀਲ ਦੇਵਧਰ ਨੇ ਸਥਾਨਕ ਭਾਸ਼ਾਵਾਂ ਸਿੱਖੀਆਂ।
ਜਦੋਂ ਉਹ ਮੇਘਾਲਿਆ ਵਿੱਚ ਖਾਸੀ ਅਤੇ ਗਾਰੋ ਜਨਜਾਤੀ ਦੇ ਲੋਕਾਂ ਨਾਲ ਉਨ੍ਹਾਂ ਦੀ ਭਾਸ਼ਾ 'ਚ ਗੱਲ ਕਰਨ ਲੱਗੇ ਤਾਂ ਲੋਕ ਹੈਰਾਨ ਰਹਿ ਗਏ। ਇਸੇ ਤਰ੍ਹਾਂ ਹੀ ਉਹ ਬੰਗਲਾ ਭਾਸ਼ਾ ਵੀ ਫਰਾਟੇ ਨਾਲ ਬੋਲਦੇ ਹਨ।
ਕਹਿੰਦੇ ਹਨ ਕਿ ਤ੍ਰਿਪੁਰਾ 'ਚ ਖੱਬੇ ਪੱਖੀ ਦਲਾਂ, ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਵਿੱਚ ਸੰਨ੍ਹ ਲਾਉਣ ਦਾ ਕੰਮ ਵੀ ਉਨ੍ਹਾਂ ਨੇ ਹੀ ਕੀਤਾ।
ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਨ੍ਹਾਂ ਦਲਾਂ ਦੇ ਕਈ ਨੇਤਾ ਅਤੇ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ।
ਸੁਨੀਲ ਦੇਵਧਰ ਦਾ ਸਭ ਤੋਂ ਮਜ਼ਬੂਤ ਪੱਖ ਰਿਹਾ, ਹੇਠਲੇ ਪੱਧਰ 'ਤੇ ਵਰਕਰਾਂ ਨੂੰ ਲੱਭਣਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਅਹਿਮੀਅਤ ਦੇਣਾ।
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਉਨ੍ਹਾਂ ਨੇ ਸਭ ਤੋਂ ਪਹਿਲਾਂ ਬੂਥ ਪੱਧਰ 'ਤੇ ਸੰਘ ਨੂੰ ਮਜ਼ਬੂਤ ਕਰਨਾ ਸ਼ੁਰੂ ਕੀਤਾ।
'ਭਾਜਪਾ ਦੀ ਸਫਲਤਾ ਦੀ ਕੁੰਜੀ'
ਤ੍ਰਿਪੁਰਾ 'ਚ ਜੋ ਦਲਾਂ ਦੀ ਜੋ ਕਾਰਜਸ਼ੈਲੀ ਰਹੀ ਹੈ, ਮਤਲਬ ਜਿਵੇਂ ਉਹ ਆਪਣੇ ਕੈਡਰ ਬਣਾਉਂਦੇ ਹਨ, ਉਸੇ ਨੂੰ ਸੁਨੀਲ ਦੇਵਧਰ ਨੇ ਚੁਣੌਤੀ ਦੇਣ ਦਾ ਕੰਮ ਕੀਤਾ।
ਤ੍ਰਿਪੁਰਾ ਵਿੱਚ ਇਹੀ ਭਾਜਪਾ ਦੀ ਸਫਲਤਾ ਦੀ ਕੁੰਜੀ ਸਾਬਤ ਹੋਈ।
ਬੀਬੀਸੀ ਨਾਲ ਗੱਲ ਕਰਦਿਆਂ ਸੁਨੀਲ ਕਹਿੰਦੇ ਹਨ, "ਇੱਥੇ ਕਾਂਗਰਸ ਦਾ ਅਕਸ ਉਵੇਂ ਦਾ ਨਹੀਂ ਹੈ, ਜਿਵੇਂ ਬਾਕੀ ਸੂਬਿਆਂ ਵਿੱਚ ਹੈ। ਇੱਥੇ ਕਈ ਸਾਲਾਂ ਤੱਕ ਕਾਂਗਰਸ ਇਕੱਲਿਆਂ ਹੀ ਖੱਬੇ ਪੱਖੀ ਦਲਾਂ ਨੂੰ ਚੁਣੌਤੀ ਦਿੰਦੀ ਰਹੀ ਹੈ। ਇੱਥੇ ਕਾਂਗਰਸ ਦੇ ਚੰਗੇ ਨੇਤਾ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉੱਤਰ-ਪੂਰਬੀ ਭਾਰਤ ਦਾ ਦੌਰਾ ਕਰਦੇ ਸਨ ਤਾਂ ਕਾਂਗਰਸ ਦੇ ਕਈ ਨੇਤਾਵਾਂ ਨਾਲ ਉਨ੍ਹਾਂ ਦੀ ਮੁਲਕਾਤ ਹੁੰਦੀ ਸੀ। ਉਨ੍ਹਾਂ ਨੇ ਉਥੋਂ ਹੀ ਅਜਿਹੇ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨਾ ਸ਼ੁਰੂ ਕੀਤਾ। ਫੇਰ ਵਾਰੀ ਆਈ ਮਾਰਕਵਾਦੀ ਨੇਤਾਵਾਂ ਦੀ ਅਤੇ ਇਸ ਤਰ੍ਹਾਂ ਸੰਗਠਨ ਫੈਲਦਾ ਗਿਆ ਤੇ ਮਜ਼ਬੂਤ ਹੁੰਦਾ ਰਿਹਾ।
ਉੱਤਰ-ਪੂਰਬੀ ਮਾਮਲਿਆਂ ਦੇ ਜਾਣਕਾਰ ਅਤੇ ਸੀਨੀਅਰ ਪੱਤਰਕਾਰ ਸੰਦੀਪ ਫੁਕਨ ਨੇ ਵੀ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਨੀਲ ਦੇਵਧਰ ਨੇ ਪਿਛਲੇ 5 ਸਾਲਾਂ 'ਚ ਤ੍ਰਿਪੁਰਾ 'ਚ ਪਾਰਟੀ ਕੈਡਰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ।