ਕੀ ਬਾਲੀਵੁੱਡ ਦੀ ਚਮਕ ਪਿੱਛੇ ਲੁਕੇ ਹਨੇਰੇ ਦਾ ਸ਼ਿਕਾਰ ਹੋਈ ਸ਼੍ਰੀਦੇਵੀ !

    • ਲੇਖਕ, ਸੁਧਾ ਜੀ ਤਿਲਕ
    • ਰੋਲ, ਬੀਬੀਸੀ ਹਿੰਦੀ ਦੇ ਲਈ

ਸੁਪਰਸਟਾਰ ਸ਼੍ਰੀਦੇਵੀ ਦੀ ਮੌਤ ਨੇ ਕੁਝ ਅਟਕਲਾਂ ਨੂੰ ਜਨਮ ਦਿੱਤਾ ਹੈ-ਇਸ ਵਿੱਚ ਕੁਝ ਬਿਲਕੁਲ ਬੇਬੁਨਿਆਦ ਹਨ।

ਉਨ੍ਹਾਂ ਦੀ ਮੌਤ ਨੇ ਇਸ ਇੰਡਸਟਰੀ ਨੂੰ ਬਹੁਤ ਕਰੀਬ ਤੋਂ ਜਾਣਨ ਵਾਲੇ ਲੋਕਾਂ ਨੂੰ ਇਨ੍ਹਾਂ ਕਥਿਤ ਸੁਫ਼ਨਿਆਂ ਦੀ ਦੁਨੀਆਂ ਵਿੱਚ ਔਰਤਾਂ ਅਤੇ ਬਾਹਰ ਤੋਂ ਫ਼ਿਲਮ ਵਿੱਚ ਕਿਸਮਤ ਅਜਮਾਉਣ ਆਏ ਲੋਕਾਂ 'ਤੇ ਪੈ ਰਹੇ ਦਬਾਅ 'ਤੇ ਬੋਲਣ ਦੀ ਹਿੰਮਤ ਦਿੱਤੀ ਹੈ।

ਬਾਲੀਵੁੱਡ ਸਿਤਾਰੇ ਹਿੰਦੀ ਫਿਲਮ ਇੰਡਸਟਰੀ ਨੂੰ ਅਕਸਰ 'ਇੱਕ ਵੱਡੇ ਪਰਿਵਾਰ' ਦੇ ਰੂਪ ਵਿੱਚ ਬਿਆਨ ਕਰਦੇ ਹਨ ਪਰ ਇਸ ਵੱਡੇ ਰਚਨਾਤਮਕ ਭਾਈਚਾਰੇ ਵਿੱਚ ਇੱਕ ਦਰਾਰ ਵੱਡੀ ਹੁੰਦੀ ਜਾ ਰਹੀ ਹੈ ਅਤੇ ਇਸ ਨੂੰ ਅਣਦੇਖਾ ਕਰਨਾ ਮੁਸ਼ਕਿਲ ਹੈ।

ਸਫਲਤਾ ਦੇ ਪਿੱਛੇ ਦਾ ਧੁੰਦਲਾਪਣ

ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਇੰਡਸਟਰੀ ਦੀਆਂ ਔਰਤਾਂ 'ਤੇ ਪੈ ਰਹੇ ਦਬਾਅ ਅਤੇ ਉਨ੍ਹਾਂ ਦੀ ਸਫ਼ਲਤਾ ਦੇ ਪਿੱਛੇ ਦੇ ਧੁੰਦਲੇਪਣ ਨਾਲ ਜੁੜੇ ਸਨੇਹਿਆਂ ਦੀ ਸੋਸ਼ਲ ਮੀਡੀਆ 'ਤੇ ਭਰਮਾਰ ਹੋ ਗਈ ਹੈ।

ਇਸ ਨੇ ਇਨ੍ਹਾਂ ਕਈ ਉਮੀਦਾਂ ਦੇ ਹਾਲਾਤਾਂ ਦਾ ਪਰਦਾਫਾਸ਼ ਕੀਤਾ ਜੋ ਬਾਲੀਵੁੱਡ ਵਿੱਚ ਕੁਝ ਵੱਡਾ ਕਰਨ ਦਾ ਸੁਫ਼ਨਾ ਲੈ ਕੇ ਮੰਬਈ ਪਹੁੰਚਦੇ ਹਨ।

ਵਧਦੀ ਉਮਰ ਨੂੰ ਮਾਤ ਦੇਣਾ, ਜਵਾਨ ਦਿਖਣ ਦਾ ਬੋਝ ਅਤੇ ਸਕੈਂਡਲਸ ਨੂੰ ਲੁਕਾਉਣ ਲਈ #MeToo ਵਰਗੀ ਮੁਹਿੰਮ ਸਿਰਫ਼ ਹਾਲੀਵੁੱਡ ਦਾ ਸੱਚ ਨਹੀਂ ਹੈ।

ਇੱਕ ਬਾਲੀਵੁੱਡ ਅਦਾਕਾਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ,''ਬਾਲੀਵੁੱਡ ਸ਼ਾਇਦ ਮਰਦ ਪ੍ਰਧਾਨ ਮਾਨਸਿਕਤਾ ਅਤੇ ਮਰਦਾਂ ਦੀ ਤੁਲਨਾ ਵਿੱਚ ਨੌਜਵਾਨ ਕੁੜੀਆਂ ਦੇ ਸ਼ੋਸ਼ਣ ਦੇ ਇਤਿਹਾਸ ਨਾਲ ਹੋਰ ਵੀ ਬਦਤਰ ਹਾਲਤ ਵਿੱਚ ਹੈ।''

ਪਿਛਲੇ 2 ਦਹਾਕਿਆਂ ਤੋਂ ਕੁਝ ਵੈਬਸਾਈਟਸ ਇਸ ਇੰਡਸਟਰੀ ਦੇ ਸਿਤਾਰਿਆਂ ਨਾਲ ਜੁੜੀ ਰੋਮਾਂਸ, ਬ੍ਰੇਕ-ਅਪ, ਨਸ਼ੀਲੇ ਪਦਾਰਥ ਅਤੇ ਸ਼ਰਾਬ ਦੀ ਵਰਤੋਂ ਦੇ ਨਾਲ ਹੀ ਅਪਰਾਧਿਕ ਕੰਮਾਂ ਨਾਲ ਜੁੜੀਆਂ ਜਾਣਕਾਰੀਆਂ ਲੀਕ ਕਰਦੀਆਂ ਰਹੀਆਂ ਹਨ।

ਵਿਹਟਨੀ ਹਿਊਸਟਨ ਅਤੇ ਸ਼੍ਰੀਦੇਵੀ ਜੀ ਮੌਤ ਵਿੱਚ ਸਮਾਨਤਾ

ਜਦੋਂ ਇਹ ਪਤਾ ਲੱਗਾ ਕਿ ਸ਼੍ਰੀਦੇਵੀ ਦੀ ਮੌਤ ਬਾਥਟਬ ਵਿੱਚ 'ਐਕਸੀਡੈਂਟਲ ਡਰੋਨਿੰਗ' ਕਾਰਨ ਹੋਈ ਤਾਂ ਬਾਲੀਵੁੱਡ ਅਦਾਕਾਰਾ ਸਿਮੀ ਗਰੇਵਾਲ ਨੇ ਸ਼੍ਰੀਦੇਵੀ ਅਤੇ ਵਿਹਟਨੀ ਹਿਊਸਟਨ ਦੀ ਮੌਤ ਵਿੱਚ ਸਮਾਨਤਾਵਾਂ ਦੇ ਮੁੱਦੇ 'ਤੇ ਟਵੀਟ ਕੀਤਾ।

ਪੋਸਟਮਾਰਟਮ ਰਿਪੋਰਟ ਮੁਤਾਬਿਕ 11 ਫਰਵਰੀ 2012 ਨੂੰ ਹਿਊਸਟਨ ਆਪਣੇ ਹੋਟਲ ਦੇ ਕਮਰੇ ਵਿੱਚ ਕੋਕੇਨ ਦੇ ਨਸ਼ੇ ਅਤੇ ਦਿਲ ਦੀ ਬੀਮਾਰੀ ਕਾਰਨ ਗ਼ਲਤੀ ਨਾਲ ਡੁੱਬ ਗਈ ਸੀ।

ਭਾਰਤ ਵਿੱਚ ਹੁਣ ਤੱਕ ਘੱਟੋ-ਘੱਟ 9 ਅਦਾਕਾਰ ਅਤੇ 16 ਅਦਾਕਾਰਾਂ ਨੇ ਖੁਦਕੁਸ਼ੀ ਕੀਤੀ ਹੈ। ਇਨ੍ਹਾਂ ਵਿੱਚੋਂ ਅਕਸਰ ਫ਼ੈਸਲੇ ਕਥਿਤ ਤੌਰ 'ਤੇ ਫਿਲਮ ਇੰਡਸਟਰੀ ਦੀਆਂ ਮੰਗਾਂ ਨੂੰ ਪੂਰਾ ਨਾ ਕਰ ਸਕਣ ਜਾਂ ਦਿਲ ਟੁੱਟਣ ਕਾਰਨ ਡਿਪਰੈਸ਼ਨ ਦੇ ਕਾਰਨ ਲਏ ਗਏ ਹਨ।

ਅਜਿਹਾ ਲਗਦਾ ਹੈ ਕਿ ਬਾਲੀਵੁੱਡ ਵਿੱਚ ਸਫਲ ਅਤੇ ਆਕਰਸ਼ਿਤ ਦਿਖਦੇ ਰਹਿਣ ਲਈ ਇਸ ਇੰਡਸਟਰੀ ਦੇ ਬਹੁਤਿਆਂ ਸਿਤਾਰਿਆਂ 'ਤੇ ਦਬਾਅ ਹੈ।

ਕਾਮਯਾਬ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਜਨਤਕ ਰੂਪ 'ਤੇ ਇਸ ਮਾਹੌਲ ਵਿੱਚ ਡਿਪਰੈਸ਼ਨ ਨਾਲ ਪੀੜਤ ਹੋਣਾ ਮੰਨਿਆ ਸੀ।

'ਇੱਕ ਡਰਾਵਨਾ ਸੁਫਨਾ'

ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਸ਼੍ਰੀਦੇਵੀ ਆਪਣੀ ਅਸਲ ਜ਼ਿੰਦਗੀ ਵਿੱਚ ਕਿੰਨੀ ਦੁਖੀ ਸੀ। ਇਨ੍ਹਾਂ ਦੀ ਤੇਲਗੂ ਬਲਾਕਬਸਟਰ ਵਿੱਚ ਸ਼੍ਰੀਦੇਵੀ ਨੇ ਕੰਮ ਕੀਤਾ ਸੀ।

ਉਨ੍ਹਾਂ ਨੇ ਲਿਖਿਆ,''ਸ਼੍ਰੀਦੇਵੀ ਆਪਣੀ ਜ਼ਿੰਦਗੀ ਵਿੱਚ ਮੁਸ਼ਕਿਲ ਦੌਰ ਤੋਂ ਨਿਕਲ ਚੁੱਕੀ ਸੀ।''

ਉਨ੍ਹਾਂ ਨੇ ਕਿਹਾ,''ਬਾਲ ਕਲਾਕਾਰ ਦੇ ਰੂਪ ਫਿਲਮੀ ਕਲਾਕਾਰ ਦੀ ਜਲਦੀ ਸ਼ੁਰੂਆਤ ਦੇ ਕਾਰਨ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਆਮ ਰਫ਼ਤਾਰ ਨਾਲ ਵਧਣ ਦਾ ਮੌਕਾ ਕਦੀ ਨਹੀਂ ਮਿਲਿਆ।''

ਬਾਹਰੀ ਸ਼ਾਂਤੀ ਤੋਂ ਵੱਧ, ਉਨ੍ਹਾਂ ਦੀ ਅੰਦਰੂਨੀ ਮਾਨਸਿਕ ਸਥਿਤੀ ਚਿੰਤਾ ਦੀ ਗੱਲ ਸੀ।

ਵਰਮਾ ਨੇ ਫੇਸਬੁੱਕ ਤੇ ਲਿਖਿਆ,''ਭਵਿੱਖ ਨੂੰ ਲੈ ਕੇ ਅਸਥਿਰਤਾ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਬੇਤਰਤੀਬ ਬਦਲਾਅ ਨੇ ਸੁਪਰਸਟਾਰ ਦੇ ਸੰਵੇਦਨਸ਼ੀਲ ਦਿਮਾਗ 'ਤੇ ਡੂੰਘੇ ਦਾਗ ਛੱਡੇ ਜਿਸ ਨਾਲ ਉਨ੍ਹਾਂ ਨੂੰ ਕਦੀ ਸ਼ਾਂਤੀ ਨਹੀਂ ਮਿਲੀ।''

ਕੀ ਸ਼੍ਰੀਦੇਵੀ ਨੂੰ ਮਹਿਸੂਸ ਹੁੰਦੀ ਸੀ ਬੇਚੈਨੀ?

ਪਿਛਲੇ ਸਾਲ ਵੀਰ ਸਾਂਘਵੀ ਨਾਲ ਗੱਲ ਕਰਦੇ ਹੋਏ ਸ਼੍ਰੀਦੇਵੀ ਨੇ ਦੱਸਿਆ ਸੀ ਕਿ ਬਾਲੀਵੁੱਡ ਦੇ ਕੰਮ ਕਰਨ ਦੇ ਤਰੀਕਿਆਂ ਲਈ ਕਿਵੇਂ ਉਨ੍ਹਾਂ ਨੇ ਖ਼ੁਦ ਨੂੰ ਤਿਆਰ ਕੀਤਾ ਸੀ।

ਉਨ੍ਹਾਂ ਨੇ ਸਾਂਘਵੀ ਨੂੰ ਕਿਹਾ ਸੀ ਕਿ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕਰਨ ਦੇ ਦੌਰਾਨ ਉਹ ਸਵੇਰੇ 6 ਵਜੇ ਸ਼ੂਟਿੰਗ ਸ਼ੁਰੂ ਕਰ ਦਿੰਦੀ ਸੀ।

ਪਰ ਮੁੰਬਈ ਵਿੱਚ ਉਨ੍ਹਾਂ ਨੂੰ ਦੇਰ ਸ਼ਾਮ ਤੱਕ ਅਦਾਕਾਰਾਂ ਦਾ ਸੈੱਟ 'ਤੇ ਇੰਤਜ਼ਾਰ ਕਰਨਾ ਪੈਂਦਾ ਸੀ ਜਿਸ ਨਾਲ ਉਨ੍ਹਾਂ ਨੂੰ ਬੈਚੇਨੀ ਮਹਿਸੂਸ ਹੁੰਦੀ ਸੀ।

ਹਿੰਦੀ ਅਤੇ ਅੰਗ੍ਰੇਜ਼ੀ ਫ਼ਿਲਮਾਂ ਦੇ ਨਾਲ ਮੀਡੀਆ ਦਾ ਰਵੱਈਆ ਵੀ ਸ਼੍ਰੀਦੇਵੀ ਲਈ ਇੱਕ ਮੁੱਦਾ ਰਿਹਾ।

ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਬਾਲੀਵੁੱਡ ਵਿੱਚ ਉਨ੍ਹਾਂ ਦੀ ਫਿਲਮ ਪ੍ਰਮੋਸ਼ਨ ਦਾ ਪ੍ਰੋਗ੍ਰਾਮ ਇੱਕ ਬੁਰੇ ਸੁਫ਼ਨੇ ਦੀ ਤਰ੍ਹਾਂ ਹੁੰਦਾ ਸੀ ਜਦੋਂ ਕੈਮਰਾ ਲੈ ਕੇ ਪੱਤਰਕਾਰ ਉਨ੍ਹਾਂ ਦਾ ਪਿੱਛਾ ਕਰਦੇ ਸੀ। ਇਸ ਨਾਲ ਉਹ ਬਹੁਤ ਹੀ ਸਹਿਮੇ ਹੋਏ ਮਹਿਸੂਸ ਕਰਦੀ ਸੀ।

ਕਾਸਮੈਟਿਕ ਸਰਜਰੀ ਅਤੇ ਸ਼੍ਰੀਦੇਵੀ

ਮੀਡੀਆ ਵਿੱਚ ਉਨ੍ਹਾਂ ਨੂੰ ਥੰਡਰ ਥਾਈ ਦੇ ਨਾਂ 'ਤੇ ਸੰਬੋਧਿਤ ਕੀਤਾ ਜਾਂਦਾ ਸੀ। ਅਸਾਨੀ ਨਾਲ ਪੰਜ ਭਾਸ਼ਾਵਾਂ ਬੋਲਣ ਵਾਲੀ ਸ਼੍ਰੀਦੇਵੀ ਦਾ ਅੰਗ੍ਰੇਜ਼ੀ ਨਾ ਬੋਲ ਸਕਣ 'ਤੇ ਮੈਗਜ਼ੀਨ ਦੇ ਪੰਨਿਆਂ 'ਤੇ ਮਜ਼ਾਕ ਵੀ ਉਡਾਇਆ ਜਾਂਦਾ ਸੀ।

ਉਨ੍ਹਾਂ ਦੀ ਮੌਤ ਦੇ ਕਾਰਨ ਪਿੱਛੇ ਜਵਾਨ ਦਿਖਣ ਲਈ ਕਰਵਾਈ ਗਈ ਕਾਸਮੈਟਿਕ ਸਰਜਰੀ ਦੇ ਅਸਰ ਦਾ ਅਨੁਮਾਨ ਵੀ ਲਗਾਇਆ ਗਿਆ ਸੀ।

ਸ਼੍ਰੀਦੇਵੀ ਪਹਿਲਾਂ ਵੀ ਕਈ ਵਾਰੇ ਇੰਟਰਵਿਊ ਵਿੱਚ ਅਜਿਹੇ ਕਿਸੇ ਵੀ ਆਪਰੇਸ਼ਨ ਤੋਂ ਇਨਕਾਰ ਕਰ ਚੁੱਕੀ ਹੈ। ਭਾਵੇਂ ਬਾਲੀਵੁੱਡ ਸਿਤਾਰਿਆਂ ਵਿੱਚ ਕਾਸਮੈਟਿਕ ਸਰਜਰੀ ਆਮ ਗੱਲ ਹੈ।

#MeToo ਅਤੇ ਭਾਈ-ਭਤੀਜਾਵਾਦ

ਪਿਛਲੇ 2 ਦਹਾਕਿਆਂ ਦੌਰਾਨ ਕਈ ਨੌਜਵਾਨ ਕਲਾਕਾਰਾਂ ਨੇ ਦੱਸਿਆ ਕਿ ਕਿਵੇਂ ਬਾਲੀਵੁੱਡ ਬਾਹਰੀ ਲੋਕਾਂ ਲਈ ਪ੍ਰਤੀਕੂਲ ਥਾਂ ਬਣ ਗਿਆ ਹੈ।

2 ਵਾਰ ਦੀ ਰਾਸ਼ਟਰੀ ਪੁਰਸਕਾਰ ਜੇਤੂ ਅਤੇ ਟੌਪ ਬਾਲੀਵੁੱਡ ਅਦਾਕਾਰਾਂ ਕੰਗਨਾ ਰਨੌਤ ਕਹਿੰਦੀ ਹੈ,''ਮੇਰੇ ਨਾਲ ਇੱਕ ਕੁੱਤੇ ਦੀ ਤਰ੍ਹਾਂ ਵਤੀਰਾ ਕੀਤਾ ਗਿਆ।''

ਉਨ੍ਹਾਂ ਨੇ ਦੱਸਿਆ ਕਿ ਛੋਟੇ ਸ਼ਹਿਰਾਂ ਤੋਂ ਉਮੀਦ ਲੈ ਕੇ ਪਹੁੰਚੇ ਉਨ੍ਹਾਂ ਦੀ ਤਰ੍ਹਾਂ ਦੇ ਲੋਕਾਂ ਲਈ ਬਾਲੀਵੁੱਡ ਦੀ ਪ੍ਰਤੀਕੂਲ ਮਾਨਸਿਕਤਾ ਕਿਹੋ ਜਿਹੀ ਹੈ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਦਿਮਾਗ 'ਤੇ ਇੱਕ ਸੱਟ ਵਾਂਗ ਹੈ।

ਬਾਲੀਵੁੱਡ ਵਿੱਚ ਮੌਜੂਦਾ ਨਿਰਮਾਤਾ ਸਫਲ ਅਤੇ ਤਾਕਤਵਾਰ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਸਾਬਕਾ ਸਿਤਾਰਿਆਂ ਅਤੇ ਅਤੇ ਫਿਲਮ ਨਿਰਮਾਤਾਵਾਂ ਦੇ ਬੱਚੇ ਹਨ।

ਦੂਜੀ ਅਤੇ ਤੀਜੀ ਪੀੜ੍ਹੀ ਦੇ 'ਸਟਾਰ ਕਿਡਸ' ਭਾਵੇਂ, ਵਿਦੇਸ਼ਾਂ ਵਿੱਚ ਪੜ੍ਹੇ ਅਤੇ ਜਿਨ੍ਹਾਂ ਨੂੰ ਬਾਲੀਵੁੱਡ ਵਿੱਚ ਅਕਸਰ 'ਬੌਂਬੇ ਯੁਪੀਜ' ਕਿਹਾ ਜਾਂਦਾ ਹੈ।

ਰਨੌਤ ਮੁਤਾਬਕ,''ਕਈ ਆਸ਼ਾਵਾਦੀ ਜੋ ਖ਼ੁਦ ਨੂੰ ਬਾਹਰੀ ਕਹਿੰਦੇ ਹਨ ਅਤੇ ਜਿਹੜੇ ਕਿਸੇ ਸਾਬਕਾ ਸਟਾਰ ਜਾਂ ਤਾਕਤਵਰ ਫਿਲਮ ਪਰਿਵਾਰਾਂ ਦੇ ਨੈੱਟਵਰਕ ਤੋਂ ਨਹੀਂ ਹੁੰਦੇ, ਉਹ ਸ਼ੋਸ਼ਣ ਪ੍ਰਤੀ ਅਸੁਰੱਖਿਅਤ ਹੁੰਦੇ ਹਨ।

ਇੰਡਸਟਰੀ ਨਾਲ ਜੁੜੇ ਸਿਤਾਰੇ ਅਤੇ ਫਿਲਮ ਨਿਰਮਾਤਾਵਾਂ ਨੇ ਕੰਗਨਾ ਦੇ ਇਸ ਬਿਆਨ 'ਤੇ ਖੁੱਲ੍ਹ ਕੇ ਆਪਣੇ ਪ੍ਰਸ਼ਨਾਂ ਨਾਲ ਪ੍ਰੇਸ਼ਾਨ ਕੀਤਾ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਵੱਡੇ ਸਿਤਾਰਿਆਂ ਜਾਂ ਪਰਿਵਾਰ ਨਾਲ ਨਾਤਾ ਰੱਖਣ ਵਾਲੇ ਬਾਲੀਵੁੱਡ ਦੇ ਮੌਜੂਦਾ ਸਿਤਾਰਿਆਂ ਵਿੱਚ ਇੱਕ ਬਹਿਸ ਛੇੜ ਦਿੱਤੀ।

ਇਸ ਇੰਡਸਟਰੀ ਵਿੱਚ ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ, ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਵਰਗੇ ਬਾਹਰੀ ਸਫਲ ਲੋਕਾਂ ਨੂੰ ਰਵਾਇਤੀ ਸਟੂਡੀਓ ਅਤੇ ਫਿਲਮ ਨਿਰਮਾਤਾਵਾਂ ਦਾ ਮਜਬੂਤ ਸਮਰਥਨ ਹਾਸਲ ਹੈ।

ਇੰਡਸਟਰੀ ਦੇ ਸਾਹਮਣੇ ਆਏ ਇਨ੍ਹਾਂ ਮੁਸ਼ਕਿਲ ਮੁੱਦਿਆਂ 'ਤੇ ਚਰਚਾ ਬਾਲੀਵੁੱਡ ਅਤੇ ਜਨਤਕ ਖੇਤਰਾਂ ਵਿੱਚ ਦਬਾ ਦਿੱਤੀ ਗਈ।

ਸ਼੍ਰੀਦੇਵੀ ਦੇ ਦੁਖਦ ਅੰਤ ਨੇ 'ਬਾਲੀਵੁੱਡ ਅੰਦਰੋ ਕਿੰਨਾ ਸੋਹਣਾ ਹੈ' ਇਸ 'ਤੇ ਆਤਮਨਿਰੀਖਣ ਕਰਨ ਦਾ ਮੌਕਾ ਦਿੱਤਾ ਹੈ।

(ਸੁਧਾ ਜੀ ਤਿਲਕ ਦਿੱਲੀ ਸਥਿਤ ਪੱਤਰਕਾਰ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)