ਸੋਸ਼ਲ: ਸ਼੍ਰੀਦੇਵੀ ਦੀ ਮੌਤ 'ਤੇ ਹੋਈ ਮੀਡੀਆ ਕਵਰੇਜ ਨੂੰ ਲੈ ਕੇ ਤਿੱਖੀਆਂ ਟਿੱਪਣੀਆਂ

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਦੇ ਮਾਮਲੇ 'ਚ ਜਿਸ ਤਰ੍ਹਾਂ ਭਾਰਤੀ ਮੀਡੀਆ ਖ਼ਾਸ ਤੌਰ 'ਤੇ ਟੀਵੀ ਮੀਡੀਆ ਦੀ ਕਵਰੇਜ ਰਹੀ ਹੈ, ਉਸ ਨੇ ਟੀਵੀ ਮੀਡੀਆ ਦੀ ਭਰੋਸੇਯੋਗਤਾ ਬਾਬਤ ਕਈ ਸਵਾਲ ਖੜੇ ਕਰ ਦਿੱਤੇ ਹਨ।

ਸ਼੍ਰੀਦੇਵੀ ਦੇ ਸੰਦਰਭ 'ਚ ਮੀਡੀਆ ਕਰਵੇਜ ਬਾਬਤ ਸੋਸ਼ਲ ਮੀਡੀਆ ਤੋਂ ਲੈ ਕੇ ਆਲਮੀ ਪੱਧਰ ਤਕ ਇਸ ਵਰਤਾਰੇ ਦੀ ਨਿਖੇਧੀ ਦੇਖਣ ਨੂੰ ਮਿਲ ਰਹੀ ਹੈ।

ਲੋਕ ਇਸ ਨੂੰ ਸ਼੍ਰੀਦੇਵੀ ਦੀ ਮੌਤ ਨਹੀਂ ਸਗੋਂ 'ਨਿਊਜ਼ ਦੀ ਮੌਤ' ਕਹਿ ਰਹੇ ਹਨ। ਇਸ ਸਬੰਧੀ #NewsKiMaut ਦੇ ਨਾਲ ਲੋਕ ਆਪਣੇ ਵਿਚਾਰ ਵੀ ਰੱਖ ਰਹੇ ਹਨ।

ਵਿਦੇਸ਼ੀ ਮੀਡੀਆ ਵੀ ਇਸ ਵਰਤਾਰੇ ਨੂੰ ਸ਼ਰਮਨਾਕ ਦੱਸ ਰਿਹਾ ਹੈ।

ਵਾਸ਼ਿੰਗਟਨ ਪੋਸਟ ਲਈ ਪੱਤਰਕਾਰ ਬਰਖਾ ਦੱਤ ਵੱਲੋਂ ਲਿਖੀ ਇੱਕ ਖ਼ਬਰ ਵਿੱਚ ਸ਼੍ਰੀਦੇਵੀ ਦੀ ਮੌਤ ਦੀ ਭਾਰਤੀ ਮੀਡੀਆ ਵੱਲੋਂ ਹੋਈ ਕਵਰੇਜ ਨੂੰ ਸ਼ਰਮਨਾਕ ਦੱਸਿਆ ਹੈ।

ਵੱਖ-ਵੱਖ ਟੀਵੀ ਚੈਨਲਾਂ ਵੱਲੋਂ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਹੀ ਆਪਣੇ-ਆਪਣੇ ਪੱਧਰ ਤੇ ਲਿਆਕਤ ਦੇ ਹਿਸਾਬ ਨਾਲ ਕਈ ਸਵਾਲ ਚੁੱਕੇ ਜਾ ਰਹੇ ਹਨ।

ਇਸ ਨੂੰ ਲੈ ਕੇ ਇਨ੍ਹਾਂ ਟੀਵੀ ਚੈਨਲਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਯੂਜ਼ਰਜ਼ ਤਿੱਖੀ ਟਿੱਪਣੀਆਂ ਦੇ ਨਾਲ ਸ਼ੇਅਰ ਕਰ ਰਹੇ ਹਨ।

ਵਿਸ਼ਾਲ ਸੋਨਾਰਾ ਤਿੰਨ ਭਾਰਤੀ ਟੀਵੀ ਚੈਨਲਾਂ ਦੀਆਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਲਿਖਦੇ ਹਨ, "ਬਹੁਤਾ ਭਾਰਤੀ ਮੀਡੀਆ ਰੋਜ਼ਾਨਾ ਨਿਊਜ਼ ਦਾ ਕਤਲ ਕਰ ਰਿਹਾ ਹੈ।"

ਅਦਾਕਾਰ ਏਜਾਜ਼ ਖ਼ਾਨ ਲਿਖਦੇ ਹਨ, "ਭਾਰਤੀ ਟੀਵੀ 'ਤੇ ਖ਼ਬਰਾਂ ਨੂੰ ਵੀ ਸ਼ੋਕ ਸੰਦੇਸ਼ ਦੀ ਜ਼ਰੂਰਤ ਹੈ।"

ਰਿਧੀ ਡੋਗਰਾ ਲਿਖਦੇ ਹਨ, "ਮੈਂ ਕੋਈ ਟੀਵੀ ਚੈਨਲ ਨਹੀਂ ਚਲਾਇਆ, ਕਿਸੇ ਤਰ੍ਹਾਂ ਦੀ ਕੋਈ ਖ਼ਬਰ ਲਈ।"

ਅਦਾਕਾਰਾ ਨਿਮਰਤ ਕੌਰ ਨੇ ਲਿਖਿਆ, "ਪੀਲੀ ਪੱਤਰਕਾਰੀ ਦੀ ਅਗਵਾਈ ਕਰਨ ਵਾਲਿਆਂ ਦਾ ਧੰਨਵਾਦ।"

ਪੱਤਰਕਾਰ ਹਰਿੰਦਰ ਬਵੇਜਾ ਲਿਖਦੇ ਹਨ, "ਤੇ ਚੈਨਲ ਨੂੰ ਪਤਾ ਹੈ ਕਿ ਉਨ੍ਹਾਂ ਕਿੰਨੀ ਵਾਇਨ (ਸ਼ਰਾਬ) ਪੀਤੀ। ਇਹ ਸ਼ਰਮਨਾਕ ਹੈ।"

ਅਹਾਨਾ ਗੁਪਤਾ ਲਿਖਦੇ ਹਨ, "ਮੇਰਾ ਮੰਨਣਾ ਹੈ ਕਿ ਮੀਡੀਆ ਨੂੰ ਐਫਬੀਆਈ ਵਾਂਗ ਕੰਮ ਨਹੀਂ ਕਰਨਾ ਚਾਹੀਦਾ।"

ਅਕਾਸ਼ ਬੈਨਰਜੀ ਲਿਖਦੇ ਹਨ, "ਟੀਆਰਪੀ ਗੇਮ ਕਿਹੜੇ ਚੈਨਲ ਨੇ ਚੰਗੀ ਤਰ੍ਹਾਂ ਖੇਡੀ?"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)