'ਭੂਆ-ਭਤੀਜੇ' ਦੀ ਜੋੜੀ ਇਸ ਲਈ ਬਣ ਰਹੀ ਮੋਦੀ ਲਈ ਸਿਰਦਰਦ

ਤਸਵੀਰ ਸਰੋਤ, Getty Images
- ਲੇਖਕ, ਪ੍ਰਦੀਪ ਕੁਮਾਰ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਰਾਜਨੀਤੀ ਵਿੱਚ ਇੱਕ ਗੱਲ ਬੜੇ ਭਰੋਸੇ ਨਾਲ ਕਹੀ ਜਾਂਦੀ ਹੈ- ਪ੍ਰਧਾਨ ਮੰਤਰੀ ਬਣਨ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ।
ਇਸ ਭਰੋਸੇ ਦੀ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਭਾਰਤ 'ਚ ਸਭ ਤੋਂ ਵੱਧ, ਜਵਾਹਰ ਲਾਲ ਨਹਿਰੂ, ਲਾਲ ਬਹਾਦੁਰ ਸ਼ਾਸਤਰੀ, ਇੰਦਰਾ ਗਾਂਧੀ, ਚੌਧਰੀ ਚਰਨ ਸਿੰਘ, ਰਾਜੀਵ ਗਾਂਧੀ, ਵਿਸ਼ਵਨਾਥ ਪ੍ਰਤਾਪ ਸਿੰਘ, ਚੰਦਰਸ਼ੇਖਰ, ਅਟਲ ਬਿਹਾਰੀ ਵਾਜਪਾਈ ਅਤੇ ਹੋਰ ਤਾਂ ਹੋਰ ਨਰਿੰਦਰ ਮੋਦੀ ਵੀ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਤੋਂ ਚੋਣਾਂ ਜਿੱਤ ਆਉਂਦੇ ਰਹੇ ਹਨ।
ਦੂਜਾ ਕਾਰਨ ਦੇਖਣਾ ਹੋਵੇ ਤਾਂ 2014 'ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਇਸ ਸੂਬੇ ਨੇ ਭਾਜਪਾ ਦੇ ਸਭ ਤੋਂ ਵੱਧ 73 ਸੰਸਦ ਮੈਂਬਰਾਂ ਨੂੰ ਜਿਤਾਇਆ, ਅਜਿਹੇ ਵਿੱਚ ਸਭ ਤੋਂ ਵੱਡਾ ਸੁਆਲ ਇਹੀ ਹੈ ਕਿ 2019 ਵਿੱਚ ਕੀ ਹੋਵੇਗਾ?
ਇਹ ਸੁਆਲ ਪਿਛਲੇ ਸਾਲ ਹੋਈਆਂ ਗੋਰਖਪੁਰ, ਫੂਲਪੁਰ ਅਤੇ ਕੈਰਾਨਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੋਂ ਹੀ ਤੈਰਨ ਲੱਗੇ ਸਨ, ਜਿਸ ਵਿੱਚ ਵਿਰੋਧ ਦੇ ਮਹਾਗਠਜੋੜ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਦਿੱਤਾ ਸੀ।
ਸ਼ੁੱਕਰਵਾਰ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨਾਲ ਮੁਲਾਕਾਤ ਨੇ ਨਵੀਂ ਦਿੱਲੀ ਦੇ ਸਿਆਸੀ ਪਾਰੇ ਵਿੱਚ ਨੂੰ ਵਧਾ ਦਿੱਤਾ।
ਇਹ ਵੀ ਪੜ੍ਹੋ-
ਮੰਨਿਆ ਜਾ ਰਿਹਾ ਹੈ ਇਸ ਮੁਲਾਕਾਤ ਦੌਰਾਨ 2019 ਦੀਆਂ ਆਮ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੀ ਮੋਹਰੀ ਲੀਡਰਸ਼ਿਪ 'ਚ ਸਹਿਮਤੀ ਬਣ ਗਈ ਹੈ, ਹਾਲਾਂਕਿ ਅਜੇ ਤੱਕ ਇਸ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।
ਪਰ ਦੋਵਾਂ ਪਾਰਟੀਆਂ 'ਚ ਕਈ ਨੇਤਾਵਾਂ ਦਾ ਦਾਅਵਾ ਹੈ ਕਿ ਕੁਝ ਦਿਨਾਂ 'ਚ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ।
ਗਲਜੋੜ 'ਤੇ ਸਹਿਮਤੀ
ਅਖਿਲੇਸ਼ ਯਾਦਵ ਦੇ ਭਰਾ ਅਤੇ ਬਦਾਯੂੰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਦਾ ਕਹਿਣਾ ਹੈ, "ਯੂਪੀ 'ਚ ਗਠਜੋੜ ਲਈ ਲੀਡਰਸ਼ਿਪ ਪੱਧਰ 'ਤੇ ਗੱਲ ਹੋ ਰਹੀ ਹੈ, ਸਮਾਂ ਆਉਣ 'ਤੇ ਗਠਜੋੜ ਦਾ ਐਲਾਨ ਕਰ ਦਿੱਤਾ ਜਾਵੇਗਾ।"

ਤਸਵੀਰ ਸਰੋਤ, Getty Images
ਉੱਥੇ ਹੀ ਸਮਾਜਵਾਦੀ ਪਾਰਟੀ ਦੇ ਬੁਲਾਰੇ ਅਬਦੁੱਲ ਹਫ਼ੀਜ਼ ਗਾਂਧੀ ਦੱਸਦੇ ਹਨ, "ਗਠਜੋੜ ਨੂੰ ਲੈ ਕੇ ਆਪਸੀ ਸਹਿਮਤੀ ਬਣ ਗਈ ਹੈ।"
ਹਾਲਾਂਕਿ, ਅਜੇ ਇਹ ਪੂਰੀ ਤਰ੍ਹਾਂ ਤੈਅ ਨਹੀਂ ਹੈ ਕੌਣ ਕਿੰਨੀਆਂ ਸੀਟਾਂ 'ਤੇ ਚੋਣਾਂ ਲੜੇਗਾ, ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜੇ ਇਹ ਵੀ ਤੈਅ ਨਹੀਂ ਹੈ ਕਿ ਗਠਜੋੜ 'ਚ ਕਿਹੜੀਆਂ ਦੂਜੀਆਂ ਪਾਰਟੀਆਂ ਵੀ ਸ਼ਾਮਿਲ ਹੋਣਗੀਆਂ।
ਅਬਦੁੱਲ ਹਫ਼ੀਜ ਕਹਿੰਦੇ ਹਨ, "ਕੌਣ ਕਿੰਨੀਆਂ ਸੀਟਾਂ ਲੜੇਗਾ ਜਾਂ ਫਿਰ ਗਠਜੋੜ 'ਚ ਅਤੇ ਕਿਹੜੇ ਦਲ ਸ਼ਾਮਿਲ ਹੋਣਗੇ, ਇਸ ਬਾਰੇ ਅੰਤਮ ਫ਼ੈਸਲਾ ਦੋਵੇਂ ਪਾਰਟੀਆਂ ਦੇ ਪ੍ਰਧਾਨ ਤੈਅ ਕਰਨਗੇ।"
ਉੰਝ ਗਠਜੋੜ ਦੇ ਭਵਿੱਖ ਨੂੰ ਲੈ ਕੇ ਕੁਝ ਸੁਆਲ ਸਹਿਯੋਗੀ ਪਾਰਟੀਆਂ ਬਾਰੇ ਵੀ ਬਣੇ ਹੋਏ ਹਨ, ਜਿਵੇਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੇ ਗਠਜੋੜ 'ਚ ਕਾਂਗਰਸ ਸ਼ਾਮਿਲ ਹੋਵੇਗੀ ਜਾਂ ਨਹੀਂ, ਇਹ ਸਸਪੈਂਸ ਬਣਿਆ ਹੋਇਆ ਹੈ।
ਮੌਜੂਦਾ ਸਮੇਂ 'ਚ ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੇ ਦੋ ਸੰਸਦ ਮੈਂਬਰ ਹਨ- ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਨ੍ਹਾਂ ਦੋਵਾਂ ਸੀਟਾਂ ਨੂੰ ਕਾਂਗਰਸ ਲਈ ਛੱਡਣ ਨੂੰ ਤਿਆਰ ਹਨ।
ਜਦਕਿ ਦੂਜੇ ਪਾਸੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸ਼ਗੜ੍ਹ 'ਚ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਕਾਂਗਰਸ ਪਾਰਟੀ ਦਾ ਮਨੋਬਲ ਵਧਿਆ ਹੋਇਆ ਹੈ।

ਤਸਵੀਰ ਸਰੋਤ, Getty Images
ਪਰ ਕਾਂਗਰਸ ਦੀ ਗਠਜੋੜ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਅਜੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ।
ਕਾਂਗਰਸ ਦੀ ਕੀ ਹੋਵੇਗਾ?
ਕਾਂਗਰਸ ਵਿਧਾਨ ਮੰਡਲ ਦੇ ਨੇਤਾ ਅਜੇ ਕੁਮਾਰ ਲੱਲੂ ਨੇ ਦੱਸਿਆ, "ਮਹਾਗਠਜੋੜ ਲਈ ਮੋਹਰੀ ਨੇਤਾਵਾਂ ਦੇ ਪੱਧਰ 'ਤੇ ਲਗਾਤਾਰ ਗੱਲਬਾਤ ਜਾਰੀ ਹੈ। ਅਜੇ ਕੁਝ ਨਹੀਂ ਕਿਹਾ ਜਾ ਸਕਦਾ।"
ਹਾਲਾਂਕਿ ਕਾਂਗਰਸ ਸੂਬੇ ਦੀਆਂ ਸਾਰੀਆਂ 80 ਸੀਟਾਂ 'ਤੇ ਚੋਣਾਂ ਲੜਨ ਦੇ ਪਲਾਨ ਬੀ 'ਤੇ ਕੰਮ ਕਰ ਚੁੱਕੀ ਹੈ।
ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਖੇਮੇ 'ਚ ਵੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਕਾਂਗਰਸ ਵੱਲੋਂ ਇਕੱਲੇ ਚੋਣਾਂ ਲੜਨ ਦੇ ਹਾਲਾਤ 'ਚ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਵਧੇਗਾ।
ਉਂਝ, ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਆਪਣੇ ਗਠਜੋੜ 'ਚ ਰਾਸ਼ਟਰੀ ਲੋਕ ਦਲ ਤੋਂ ਇਲਾਵਾ ਕੁਝ ਹੋਰਨਾ ਪਾਰਟੀਆਂ ਨੂੰ ਵੀ ਨਾਲ ਲੈ ਕੇ ਤੁਰਨ ਦਾ ਵਿਚਾਰ ਕਰ ਰਹੀ ਹੈ। ਇਸ ਵਿੱਚ ਸੁਹੇਲਦੇਹ ਭਾਰਤੀ ਸਮਾਜ ਪਾਰਟੀ (ਅਜੇ ਐਡੀਏ ਵਿੱਚ ਸ਼ਾਮਿਲ ਹੈ) ਅਤੇ ਹੋਰ ਛੋਟੀਆਂ-ਛੋਟੀਆਂ ਪਾਰਟੀਆਂ ਸ਼ਾਮਿਲ ਹਨ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਗਠਜੋੜ ਦਾ ਐਲਾਨ ਮਾਇਆਵਤੀ ਦੇ ਜਨਮ ਦਿਨ 'ਤੇ ਯਾਨਿ 15 ਜਨਵਰੀ ਨੂੰ ਕੀਤਾ ਜਾ ਸਕਦਾ ਹੈ। ਇਸ ਵਿੱਚ ਦਿਲਚਸਪ ਗੱਲ ਇਹ ਹੈ ਕਿ ਇਸੇ ਦਿਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਦਾ ਵੀ ਜਨਮ ਦਿਨ ਆਉਂਦਾ ਹੈ।
ਰਸਮੀ ਐਲਾਨ ਹੋਣ ਤੋਂ ਪਹਿਲਾਂ ਹੀ, ਅਖਿਲੇਸ਼ ਯਾਦਵ ਅਤੇ ਮਾਇਆਵਤੀ ਦੀ ਮੁਲਾਕਾਤ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਤਸਵੀਰ ਸਰੋਤ, Pti
ਮੁਲਾਕਾਤ ਦੀ ਖ਼ਬਰ ਆਉਣ ਤੋਂ ਕੁਝ ਹੀ ਘੰਟੇ ਬਾਅਦ ਉੱਤਰ ਪ੍ਰਦੇਸ਼ 'ਚ ਗ਼ੈਰ-ਕਾਨੂੰਨੀ ਖਾਣ ਮਾਮਲੇ ਵਿੱਚ ਸੀਬੀਆਈ ਦੀ ਖ਼ਬਰ ਵੀ ਸਾਹਮਣੇ ਆਈ ਹੈ।
ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ 12 ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮਾਮਲੇ 'ਚ ਅਖਿਲੇਸ਼ ਯਾਦਵ ਕੋਲੋਂ ਵੀ ਪੁੱਛਗਿੱਛ ਹੋ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਰਹਿੰਦਿਆਂ ਹੋਇਆਂ 2012-17 ਦੌਰਾਨ ਕੁਝ ਸਮੇਂ ਲਈ ਮਾਈਨਿੰਗ ਵਿਭਾਗ ਉਨ੍ਹਾਂ ਕੋਲ ਰਿਹਾ ਹੈ।
ਸੀਬੀਆਈ ਜਾਂਚ
ਉਂਝ ਤਾਂ ਇਹ ਜਾਂਚ ਇਲਾਹਾਬਾਦ ਹਾਈਕੋਰਟ ਦੇ ਹੁਕਮ ਨਾਲ ਹੋ ਰਹੀ ਹੈ, ਜਿਸ ਦੇ ਤਹਿਤ ਸੀਬੀਆਈ ਸੂਬੇ ਦੇ 5 ਜ਼ਿਲ੍ਹਿਆਂ, ਸ਼ਾਮਲੀ, ਹਮੀਰਪੁਰ, ਫਤਿਹਪੁਰ, ਦੇਵਰੀਆ ਅਤੇ ਸਿਧਾਰਥ ਨਗਰ 'ਚ ਰੇਤ ਖਾਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਰ ਗਠਜੋੜ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਜਾਂਚ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਉਸ ਨੂੰ ਦੇਖਦਿਆਂ ਹੋਇਆ ਉਸ ਜਾਂਚ ਦੀ ਟਾਇਮਿੰਗ 'ਤੇ ਵੀ ਸੁਆਲ ਉੱਠ ਰਹੇ ਹਨ।
ਸਮਾਜਵਾਦੀ ਪਾਰਟੀ ਦੇ ਬੁਲਾਰੇ ਅਬਦੁੱਲ ਹਫ਼ੀਜ ਗਾਂਧੀ ਕਹਿੰਦੇ ਹਨ, "ਅਸੀਂ ਸੀਬੀਆਈ ਜਾਂਚ ਦਾ ਸੁਆਗਤ ਕਰਦੇ ਹਾਂ ਪਰ ਯੂਪੀ ਉਭਰਦੇ ਗਠਜੋੜ ਦੀ ਖ਼ਬਰ ਆਉਣ ਤੋਂ ਇੱਕ ਦਿਨ ਬਾਅਦ ਹੀ ਸੀਬੀਆਈ ਰੇਡ ਪਾਉਣਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉਦੇਸ਼ 'ਤੇ ਸਵਾਲ ਖੜ੍ਹੇ ਕਰਦਾ ਹੈ।"
ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images
ਉਂਝ ਵੀ ਜਿਸ ਤਰ੍ਹਾਂ ਨਾਲ ਭਾਰਤ 'ਚ ਵਿਰੋਧੀ ਦਲਾਂ ਨੂੰ ਡਰਾਉਣ ਲਈ ਸੀਬੀਆਈ ਦਾ ਇਸਤੇਮਾਲ ਹੁੰਦਾ ਰਿਹਾ ਹੈ, ਉਸ ਨੂੰ ਦੇਖਦਿਆਂ ਹੋਇਆ ਇਸ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਜਾਂਚ ਸਿਆਸੀ ਉਦੇਸ਼ ਲਈ ਕੀਤੀ ਜਾ ਰਹੀ ਹੋਵੇ, ਘੱਟੋ-ਘੱਟ ਟਾਇਮਿੰਗ ਦੇ ਹਿਸਾਬ ਨਾਲ ਤਾਂ ਇਹੀ ਲਗਦਾ ਹੈ।
ਇਹ ਸ਼ੱਕ ਪਹਿਲਾ ਵੀ ਜਤਾਇਆ ਜਾ ਰਿਹਾ ਸੀ ਕਿ ਉੱਤਰ ਪ੍ਰਦੇਸ਼ ਦੀ ਸਿਆਸਤ 'ਚ ਆਰਥਿਕ ਬੇਨਿਯਮੀਆਂ ਦੇ ਇਲਜ਼ਾਮਾਂ ਅਤੇ ਜਾਂਚ ਏਜੰਸੀਆਂ ਦੇ ਰਹਿੰਦਿਆਂ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਕਿਸੇ ਗਠਜੋੜ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰਨਾ ਸੌਖਾ ਹੋਵੇਗਾ।
ਸੀਨੀਅਰ ਸਿਆਸੀ ਪੱਤਰਕਾਰ ਅੰਬਿਕਾਨੰਦ ਸਹਾਇ ਕਹਿੰਦੇ ਹਨ, "ਜਾਂਚ ਦੀ ਟਾਇਮਿੰਗ 'ਤੇ ਤਾਂ ਸੁਆਲ ਉੱਠਣਗੇ ਹੀ ਪਰ ਇਸ ਨਾਲ ਅਖਿਲੇਸ਼ ਯਾਦਵ ਨੂੰ ਕੋਈ ਸਿਆਸੀ ਨੁਕਸਾਨ ਹੋਣ ਵਾਲਾ ਨਹੀਂ ਹੈ ਕਿਉਂਕਿ ਧਾਰਨਾ ਤਾਂ ਇਹੀ ਬਣੇਗੀ ਕਿ ਗਠਜੋੜ ਕਾਰਨ ਜਾਂਚ ਵਿੱਚ ਤੇਜ਼ੀ ਆਈ ਹੈ, ਅਜਿਹੇ 'ਚ ਉਨ੍ਹਾਂ ਨੂੰ ਚੋਣਾਂ ਦਾ ਲਾਭ ਮਿਲਣ ਦੀ ਸੰਭਾਵਨਾ ਵਧੇਰੇ ਹੋਵੇਗੀ।"
ਵੋਟ ਬੈਂਕ ਕਿਸ ਦਾ ਵੱਡਾ
ਦਰਅਸਲ, ਸਮਾਜਵਾਦੀ ਪਾਰਟੀ ਅਤੇ ਬਹੁਜਨ ਪਾਰਟੀ ਦੇ ਇਕੱਠੇ ਚੋਣ ਮੈਦਾਨ ਵਿੱਚ ਆਉਣ ਨਾਲ ਭਾਜਪਾ ਦੀਆਂ ਉਮੀਦਾਂ ਨੂੰ ਨੁਕਸਾਨ ਪਹੁੰਚਣਾ ਤੈਅ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਦੋਵੇਂ ਪਾਰਟੀਆਂ ਦਾ ਆਪਣਾ-ਆਪਣਾ ਵੋਟ ਬੈਂਕ ਹੈ।
ਇਸ ਦੇ ਨਾਲ ਇਕੱਠੇ ਆਉਣ 'ਤੇ ਸਿਆਸੀ ਤੌਰ 'ਤੇ ਉਹ ਵਿਨਿੰਗ ਕਾਂਬੀਨੇਸ਼ਨ (ਜੇਤੂ ਸੰਗਠਨ) ਬਣਾਉਂਦੇ ਹਨ।
2014 ਦੀਆਂ ਚੋਣਾਂ 'ਚ ਜਦੋਂ ਭਾਰਤੀ ਜਨਤਾ ਪਾਰਟੀ 73 ਸੀਟਾਂ 'ਤੇ ਜਿੱਤ ਹਾਸਿਲ ਕਰਨ ਵਿੱਚ ਸਫ਼ਲ ਰਹੀ ਸੀ, ਉਦੋਂ ਭਾਜਪਾ ਨੂੰ 42.6 ਫੀਸਦੀ ਵੋਟ ਮਿਲੇ ਸਨ।
ਉਸ ਵੇਲੇ ਸਮਾਜਵਾਦੀ ਪਾਰਟੀ ਨੂੰ 22.3 ਫੀਸਦੀ ਅਤੇ ਬਹੁਜਨ ਸਮਾਜ ਪਾਰਟੀ ਨੂੰ 20 ਫੀਸਦ ਦੇ ਕਰੀਬ ਵੋਟ ਮਿਲੇ ਸਨ।
ਉਥੇ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 312 ਸੀਟਾਂ ਜਿੱਤਣ ਵਾਲੀ ਭਾਜਪਾ ਨੂੰ 39.7 ਫੀਸਦ ਵੋਟ ਮਿਲੇ ਸਨ।
ਜ਼ਾਹਿਰ ਹੈ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਆਪਣਾ ਵੋਟ ਬੈਂਕ ਮਿਲ ਕੇ ਭਾਜਪਾ ਦੇ ਮੁਕਾਬਲੇ 20 ਬੈਠਦਾ ਹੈ, ਇਸ ਤੋਂ ਇਲਾਵਾ ਦੋਵੇਂ ਪਾਰਟੀਆਂ ਆਪਣੇ ਕੈਡਰ ਵੋਟ ਦੇ ਸਿੱਧੇ ਟਰਾਂਸਫਰ ਦਾ ਦਾਅਵਾ ਕਰ ਰਹੀਆਂ ਹਨ।

ਤਸਵੀਰ ਸਰੋਤ, Getty Images
ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਕਹਿੰਦੇ ਹਨ, "ਇੱਕ ਮਹੀਨਾ ਪਹਿਲਾਂ ਵੀ ਸਾਡੇ ਵਰਕਰਾਂ ਨੂੰ ਪਤਾ ਲੱਗ ਜਾਵੇ ਕਿ ਗਠਜੋੜ ਹੋ ਗਿਆ ਹੈ ਤਾਂ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ, ਹਾਲਾਂਕਿ ਇਸ ਵਾਰ ਅਸੀਂ ਚੋਣਾਂ 'ਚ ਤਿਆਰੀ ਨਾਲ ਨਿੱਤਰਾਂਗੇ ਤਾਂ ਵਰਕਰਾਂ ਨੂੰ ਪਹਿਲਾਂ ਤੋਂ ਹੀ ਪਤਾ ਰਹੇਗਾ।"
ਸਮਾਜਵਾਦੀ ਪਾਰਟੀ ਦੇ ਵੋਟ ਬੈਂਕ ਨੂੰ ਸ਼ਿਵਪਾਲ ਯਾਦਵ ਦੇ ਮੋਰਚੇ ਵੱਲੋਂ ਵੱਖ ਚੋਣਾਂ ਲੜਨ ਨਾਲ ਨੁਕਸਾਨ ਵੀ ਚੁੱਕਣਾ ਪਵੇਗਾ। ਇਸ ਤੋਂ ਇਲਾਵਾ ਸੀਟਾਂ ਦੀ ਵੰਡ ਨਾਲ ਦੋਵੇਂ ਪਾਰਟੀਆਂ ਨੂੰ ਕੁਝ ਸੀਟਾਂ 'ਤੇ ਬਾਗ਼ੀਆਂ ਉਮੀਦਵਾਰਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਬਾਵਜੂਦ ਇਸ ਦੇ ਸਮਾਜਵਾਦੀ ਪਾਰਟੀ-ਬਹੁਜਨ ਸਮਾਜ ਪਾਰਟੀ ਦੇ ਵੋਟਰਾਂ ਦਾ ਗਣਿਤ ਭਾਜਪਾ ਮੁਸੀਬਤਾਂ ਨੂੰ ਵਧਾ ਸਕਦਾ ਹੈ।
ਇਸ ਦੀ ਝਲਕ ਗੋਰਖਪੁਰ, ਫੂਲਪੁਰ ਅਤੇ ਕੈਰਾਨਾ ਦੀਆਂ ਜ਼ਿਮਨੀ ਚੋਣਾਂ ਦੌਰਾਨ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਆਪਸੀ ਗਠਜੋੜ ਦੌਰਾਨ ਭਾਜਪਾ ਦੇ ਨੇਤਾਵਾਂ ਦੇ ਬਿਆਨਾਂ ਤੋਂ ਝਲਕਦੀ ਹੈ।
ਗੋਰਖਪੁਰ ਦੀਆਂ ਜ਼ਿਮਨੀ ਚੋਣਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਾਂ ਹੋਇਆ ਯੋਗੀ ਆਦਿਤਿਆਨਾਥ ਨੇ ਕਿਹਾ ਸੀ, "ਜਦੋਂ ਤੂਫ਼ਾਨ ਆਉਂਦਾ ਹੈ ਤਾਂ ਸੱਪ ਅਤੇ ਛਛੁੰਦਰ ਇਕੱਠੇ ਖੜ੍ਹੇ ਹੋ ਜਾਂਦੇ ਹਨ।"
ਮੋਦੀ-ਯੋਗੀ ਦੇ ਨਾਮ ਦਾ ਭਰੋਸਾ
ਪਰ ਭਾਜਪਾ ਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸਿੱਧੀ ਉਸ ਦੇ ਬੇੜੇ ਨੂੰ ਪਾਰ ਲਾ ਦੇਵੇਗੀ।
ਹਾਲਾਂਕਿ, ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਯੂਪੀ ਦਾ ਚੋਣ ਇੰਚਾਰਜ ਥਾਪਿਆ ਹੈ।

ਤਸਵੀਰ ਸਰੋਤ, Getty Images
ਨੱਡਾ ਤੋਂ ਇਲਾਵਾ ਗੋਰਧਨ ਝਪਾੜੀਆ, ਦੁਸ਼ਯੰਤ ਗੌਤਮ ਅਤੇ ਨਰੋਤੰਮ ਮਿਸ਼ਰਾ ਨੂੰ ਕੋ-ਇੰਚਾਰਜ ਬਣਾਇਆ ਹੈ।
ਦੁਸ਼ਯੰਤ ਗੌਤਮ ਨੇ ਬੀਬੀਸੀ ਨੂੰ ਦੱਸਿਆ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੇ ਜਿਸ ਗਠਜੋੜ ਦੀ ਗੱਲ ਹੋ ਰਹੀ ਹੈ, ਉਹ ਸਵਾਰਥ 'ਤੇ ਆਧਾਰਿਤ ਗਠਜੋੜ ਹੋਵੇਗਾ, ਇਨ੍ਹਾਂ ਲੋਕਾਂ ਕੋਲ ਸੂਬੇ ਦੇ ਲੋਕਾਂ ਲਈ ਕੋਈ ਯੋਜਨਾ ਨਹੀਂ ਹੈ। ਜਦਕਿ ਭਾਜਪਾ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਲੋਕਾਂ ਲਈ ਕੰਮ ਕਰਨ ਰਹੀਆਂ ਹਨ। ਸਾਨੂੰ ਮੋਦੀ ਜੀ ਅਤੇ ਯੋਗੀ ਜੀ ਦੇ ਕੰਮਾਂ ਦਾ ਲਾਭ ਮਿਲੇਗਾ।"
ਦੁਸ਼ਯੰਤ ਗੌਤਮ ਨੇ ਇਹ ਵੀ ਕਹਿੰਦੇ ਹਨ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਗਠਜੋੜ ਦਾ ਬਹੁਤਾ ਅਸਰ ਇਸ ਲਈ ਵੀ ਨਹੀਂ ਹੋਵੇਗਾ ਕਿਉਂਕਿ ਦੇਸ ਦਾ ਨੌਜਵਾਨ ਪ੍ਰਧਾਨ ਮੰਤਰੀ ਮੋਦੀ 'ਚ ਆਪਣਾ ਭਵਿੱਖ ਦੇਖ ਰਿਹਾ ਹੈ।
ਉਹ ਕਹਿੰਦੇ ਹਨ ਕਿ ਲੋਕਾਂ ਨੂੰ ਪਤਾ ਹੈ ਕਿ 2019 ਦੀਆਂ ਚੋਣਾਂ ਪ੍ਰਧਾਨ ਮੰਤਰੀ ਅਹੁਦੇ ਲਈ ਹੋਣੀਆਂ ਹਨ ਅਤੇ ਇਸ ਰੇਸ 'ਚ ਮੋਦੀ ਦੇ ਸਾਹਮਣੇ ਕੋਈ ਹੈ ਹੀ ਨਹੀਂ।
ਹਾਲਾਂਕਿ ਸੂਬੇ ਵਿੱਚ ਭਾਜਪਾ ਦੇ ਭਾਈਵਾਲ ਦਲ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਅਤੇ ਆਪਣਾ ਦਲ ਵੀ ਨਾਰਾਜ਼ ਹਨ, ਇਨ੍ਹਾਂ ਦੋਵਾਂ ਦਲਾਂ ਦਾ ਪੂਰਬੀ ਉੱਤਰ ਪ੍ਰਦੇਸ਼ ਦੀਆਂ ਕਈ ਸੀਟਾਂ 'ਤੇ ਚੰਗਾ ਅਸਰ ਹੈ।
ਅਜਿਹੇ 'ਚ ਭਾਜਪਾ ਦੀਆਂ ਕੋਸ਼ਿਸ਼ਾਂ ਆਪਣੇ ਕੁਨਬੇ ਨੂੰ ਸੰਭਾਲਣ ਦੀ ਵੀ ਹੈ। ਅਜਿਹਾ ਕਰਕੇ ਹੀ ਭਾਜਪਾ ਆਪਣੀਆਂ ਕਥਿਤ ਉੱਚੀਆਂ ਜਾਤਾਂ ਦੇ ਵੋਟ ਬੈਂਕ ਤੋਂ ਇਲਾਵਾ ਪਿਛੜੇ ਅਤੇ ਦਲਿਤਾਂ ਦੇ ਕੁਝ ਤਬਕੇ ਦਾ ਵੋਟ ਹਾਸਿਲ ਕਰ ਪਾਵੇਗੀ।

ਤਸਵੀਰ ਸਰੋਤ, Getty Images
ਪਰ ਵੋਟਾਂ ਦੇ ਗਣਿਤ 'ਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੇ ਗਠਜੋੜ ਦਾ ਪਾਸਾ ਭਾਰੀ ਦਿਖ ਰਿਹਾ ਹੈ। ਠੀਕ 25 ਸਾਲ ਪਹਿਲਾਂ, 1993 'ਚ ਮੁਲਾਇਮ ਸਿੰਘ ਯਾਦਵ ਨੇ ਕਾਂਸ਼ੀਰਾਮ ਨਾਲ ਹੱਥ ਮਿਲਾ ਕੇ ਰਾਮ ਮੰਦਿਰ ਅੰਦੋਲਨ ਦੀਆਂ ਲਹਿਰਾਂ 'ਤੇ ਸਵਾਰ ਹੋ ਕੇ ਭਾਜਪਾ ਨੂੰ ਪਛਾੜ ਕੇ ਸਰਕਾਰ ਬਣਾਉਣ ਦਾ ਚਮਤਕਾਰ ਦਿਖਾਇਆ ਸੀ।
25 ਸਾਲ ਪੁਰਾਣਾ ਇਤਿਹਾਸ
ਅੰਬਿਕਾਨੰਦ ਸਹਾਇ ਕਹਿੰਦੇ ਹਨ, "ਜਦੋਂ ਚੋਣਾਂ 'ਚ ਵਿਕਾਸ ਦਾ ਮੁੱਦਾ ਪਿਛੜੇਗਾ, ਚੋਣਾਂ ਜਾਤੀ ਆਧਾਰਿਤ ਹੋਣਗੀਆਂ, ਤੇ ਉਦੋਂ-ਉਦੋਂ ਇਹੀ ਤਸਵੀਰ ਉਜਾਗਰ ਹੋਵੇਗੀ।
1993 'ਚ ਤਾਂ ਨਾਅਰਾ ਲੱਗਿਆ ਸੀ, ਮਿਲੇ ਮੁਲਾਇਮ-ਕਾਂਸ਼ੀਰਾਮ ਹਵਾ 'ਚ ਉਡ ਗਏ ਸ਼੍ਰੀਰਾਮ।"
ਇਹੀ ਉਹ ਭਰੋਸਾ ਹੈ ਕਿ ਮਾਰਚ, 2018 'ਚ ਰਾਜ ਸਭਾ ਸੀਟ ਦੇ ਆਪਣੇ ਉਮੀਦਵਾਰ ਭਾਵਰਾਓ ਅੰਬੇਦਕਰ ਦੀਹਾਰ ਤੋਂ ਬਾਅਦ ਵੀ ਗਠਜੋੜ 'ਤੇ ਭਰੋਸਾ ਜਤਾਉਂਦਿਆਂ ਹੋਇਆ ਮਾਇਆਵਤੀ ਨੇ ਕਿਹਾ ਸੀ, "ਜਿੱਤ ਤੋਂ ਬਾਅਦ ਪੂਰੀ ਰਾਤ ਲੱਡੂ ਖਾ ਰਹੇ ਹੋਣਗੇ ਪਰ ਮੇਰੀ ਪ੍ਰੈਸ ਕਾਨਫਰੰਸ ਤੋਂ ਬਾਅਦ ਭਾਜਪਾ ਵਾਲਿਆਂ ਨੂੰ ਫਿਰ ਨੀਂਦ ਨਹੀਂ ਆਵੇਗੀ।"
ਹੁਣ ਜਦੋਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਕੱਠੀਆਂ ਗਠਜੋੜ 'ਤੇ ਸਹਿਮਤ ਹੋ ਗਈਆਂ ਹਨ, ਅਜਿਹੇ ਵਿੱਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਉੱਤਰ ਪ੍ਰਦੇਸ਼ 'ਚ ਆਪਣੀ ਰਣਨੀਤੀ ਨੂੰ ਸਖ਼ਤ ਕਰਨਾ ਹੋਵੇਗਾ ਕਿਉਂਕਿ ਯੂਪੀ 'ਚ ਜੇਕਰ ਖੇਡ ਵਿਗੜਿਆ ਤਾਂ ਫਿਰ ਕੇਂਦਰ 'ਚ ਵਾਪਸੀ ਅਸੰਭਵ ਹੋਵੇਗੀ।
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












