ਨੇਹਾ ਕੱਕੜ ਡਿਪਰੈਸ਼ਨ ਹੋਣ ਬਾਰੇ ਖੁੱਲ੍ਹ ਕੇ ਬੋਲੀ ਹੈ, ਪਰ ਸਵਾਲ ਇਹ ਹੈ ਕਿ ਸਿਤਾਰਿਆਂ ਨੂੰ ਕਿਉਂ ਹੁੰਦਾ ਹੈ ਡਿਪਰੈਸ਼ਨ

ਤਸਵੀਰ ਸਰੋਤ, Getty Images
- ਲੇਖਕ, ਇੰਦਰਜੀਤ ਕੌਰ
- ਰੋਲ, ਪੱਤਰਕਾਰ, ਬੀਬੀਸੀ
ਕਈ ਪੰਜਾਬੀ ਗਾਣੇ ਗਾ ਚੁੱਕੀ ਅਤੇ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਸ਼ੁੱਕਰਵਾਰ ਨੂੰ ਇੰਸਟਾਗਰਾਮ ਸਟੋਰੀ 'ਚ ਲਿਖਿਆ ਕਿ ਉਹ ਡਿਪਰੈਸ਼ਨ ਵਿੱਚ ਹੈ।
ਨੇਹਾ ਨੇ ਲਿਖਿਆ, "ਮੈਂ ਡਿਪਰੈਸ਼ਨ ਵਿੱਚ ਹਾਂ। ਦੁਨੀਆਂ ਦੇ ਸਾਰੇ ਨਕਾਰਤਮਕ ਲੋਕਾਂ ਨੂੰ ਧੰਨਵਾਦ। ਤੁਸੀਂ ਮੈਨੂੰ ਮੇਰੀ ਜ਼ਿੰਦਗੀ ਦੇ ਸਭ ਤੋਂ ਮਾੜੇ ਦਿਨ ਦੇਣ ਵਿੱਚ ਕਾਮਯਾਬ ਹੋਏ।"
ਨੇਹਾ ਕੱਕੜ ਨੇ ਅੱਗੇ ਲਿਖਿਆ, "ਮੈਂ ਉਨ੍ਹਾਂ ਸਾਰੇ ਲੋਕਾਂ ਦੀ ਧੰਨਵਾਦੀ ਹਾਂ ਜੋ ਕਿ ਮੇਰਾ ਕੰਮ ਜਾਂ ਮੈਨੂੰ ਪਸੰਦ ਕਰਦੇ ਹਨ ਪਰ ਜੋ ਲੋਕ ਮੈਨੂੰ ਜਾਣੇ ਬਿਨਾਂ ਜਾਂ ਮੇਰੀ ਹਾਲਤ ਸਮਝੇ ਬਿਨਾਂ ਗਲਤ ਗੱਲਾਂ ਕਰ ਰਹੇ ਹਨ ਉਹ ਮੇਰੇ ਲਈ ਮੁਸ਼ਕਿਲ ਖੜੀ ਕਰ ਰਹੇ ਹਨ। ਮੈਂ ਅਪੀਲ ਕਰਦੀ ਹਾਂ ਕਿ ਮੈਨੂੰ ਮੈਨੂੰ ਜਿਉਣ ਦਿਓ!"
ਕਿਹਾ ਜਾ ਰਿਹਾ ਕਿ ਨੇਹਾ ਕੱਕੜ ਦਾ ਹਾਲ ਹੀ ਵਿੱਚ ਆਪਣੇ ਬੁਆਏਫ੍ਰੈਂਡ ਹਿਮਾਂਸ਼ ਕੋਹਲੀ ਨਾਲ ਬ੍ਰੇਕਅਪ ਹੋਇਆ ਸੀ। ਕੁਝ ਹੀ ਮਹੀਨੇ ਪਹਿਲਾਂ ਦੋਹਾਂ ਕਲਾਕਾਰਾਂ ਨੇ ਟੀਵੀ ਸ਼ੋਅ ਇੰਡੀਅਨ ਆਈਡਲ ਦੇ ਮੰਚ 'ਤੇ ਇੱਕ-ਦੂਜੇ ਨਾਲ ਰਿਸ਼ਤਾ ਹੋਣ ਦੀ ਗੱਲ ਕਬੂਲ ਕੀਤੀ ਸੀ।
ਇਸ ਤੋਂ ਪਹਿਲਾਂ ਕਈ ਅਦਾਕਾਰ ਡਿਪਰੈਸ਼ਨ ਬਾਰੇ ਖੁੱਲ੍ਹ ਕੇ ਬੋਲੇ ਹਨ। ਦੀਪੀਕਾ ਪਾਦੁਕੋਣ, ਕਰਨ ਜੌਹਰ ਇਸ ਬਾਰੇ ਖੁਲ਼੍ਹ ਕੇ ਬੋਲ ਚੁੱਕੇ ਹਨ। ਇੱਥੋਂ ਤੱਕ ਕਿ ਆਲਿਆ ਭੱਟ ਨੇ ਵੀ ਆਪਣੀ ਭੈਣ ਸ਼ਾਹੀਨ ਬਾਰੇ ਟਵੀਟ ਕੀਤਾ ਸੀ ਜੋ ਕਿ ਡਿਪਰੈਸ਼ਨ ਦੀ ਸ਼ਿਕਾਰ ਸੀ।
ਇਹ ਵੀ ਪੜ੍ਹੋ:
ਡਿਪਰੈਸ਼ਨ ਕੀ ਹੁੰਦਾ ਹੈ?
ਸੈਲੀਬ੍ਰਿਟਿਜ਼ ਹੁਣ ਖੁੱਲ੍ਹ ਕੇ ਡਿਪਰੈਸ਼ਨ ਬਾਰੇ ਗੱਲ ਕਰ ਰਹੇ ਹਨ। ਉਹ ਆਪਣੀ ਹਾਲਤ ਨੂੰ ਸਮਝ ਰਹੇ ਹਨ ਅਤੇ ਸਭ ਨਾਲ ਸਾਂਝਾ ਵੀ ਕਰ ਰਹੇ ਹਨ।
ਸਵਾਲ ਇਹ ਹੈ ਕਿ ਸਭ ਕੁਝ ਹੋਣ ਦੇ ਬਾਵਜੂਦ, ਕਾਮਯਾਬੀ ਦੇ ਬਾਵਜੂਦ ਡਿਪਰੈਸ਼ਨ ਕਿਉਂ ਹੁੰਦਾ ਹੈ ਅਤੇ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਡਿਪਰੈਸ਼ਨ ਹੈ ਕੀ।

ਤਸਵੀਰ ਸਰੋਤ, Getty Images
ਇਸ ਬਾਰੇ ਮਨੋਵਿਗਿਆਨੀ ਅਨੂਜਾ ਕਪੂਰ ਦਾ ਕਹਿਣਾ ਹੈ, "ਡਿਪਰੈਸ਼ਨ ਇੱਕ ਸਟੇਜ ਹੈ ਜਿਸ ਦਾ ਪਹਿਲਾ ਕਦਮ ਹੈ ਸਟਰੈੱਸ ਯਾਨਿ ਕਿ ਦਬਾਅ, ਫਿਰ ਬੇਚੈਨੀ ਹੁੰਦੀ ਹੈ। ਇਸ ਤੋਂ ਬਾਅਦ ਡਿਪਰੈਸ਼ਨ ਆਉਂਦਾ ਹੈ। ਜੇ ਲੰਮਾਂ ਸਮਾਂ ਸਟਰੈੱਸ ਰਹੇ ਤਾਂ ਉਹ ਡਿਪਰੈਸ਼ਨ ਦਾ ਰੂਪ ਧਾਰ ਲੈਂਦਾ ਹੈ। ਡਿਪਰੈਸ਼ਨ ਤੋਂ ਬਾਅਦ ਖੁਦਕੁਸ਼ੀ ਕਰਨ ਦਾ ਵੀ ਮਨ ਕਰ ਸਕਦਾ ਹੈ।"
ਉਨ੍ਹਾਂ ਦੱਸਿਆ ਕਿ ਤਕਰੀਬਨ ਹਰੇਕ ਸ਼ਖਸ ਨੂੰ ਥੋੜ੍ਹਾ ਬਹੁਤ ਡਿਪਰੈਸ਼ਨ ਹੁੰਦਾ ਹੈ ਪਰ ਇਸ ਦਾ ਪੱਧਰ ਵੱਖ-ਵੱਖ ਹੁੰਦਾ ਹੈ।
"ਜਿਵੇਂ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੂੰ ਵੀ ਡਿਪਰੈਸ਼ਨ ਹੁੰਦਾ ਹੈ, ਲਾੜੀ ਨੂੰ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਜੋ ਬੇਚੈਨੀ ਹੁੰਦੀ ਹੈ ਉਹ ਵੀ ਡਿਪਰੈਸ਼ਨ ਹੀ ਹੁੰਦਾ ਹੈ। ਪਰ ਇਹ ਡਿਪਰੈਸ਼ਨ ਖਤਰਨਾਕ ਪੱਧਰ ਦੇ ਨਹੀਂ ਹਨ।"
"ਡਿਪਰੈਸ਼ਨ ਕਾਰਨ ਅਸੀਂ ਖੁਦ ਨੂੰ ਹੀ ਦੋਸ਼ ਦੇਣ ਲੱਗਦੇ ਹਾਂ। ਫਿਰ ਅਸੀਂ ਜਵਾਬ ਨਹੀਂ ਦਿੰਦੇ ਪ੍ਰਤਿਕਿਰਿਆ ਦਿੰਦੇ ਹਾਂ। ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਸ ਨਾਲ ਕਿਵੇਂ ਡੀਲ ਕਰਨਾ ਹੈ।"
ਡਿਪਰੈਸ਼ਨ ਦੇ ਕਾਰਨ
ਡਾ. ਅਨੂਜਾ ਕਪੂਰ ਮੁਤਾਬਕ ਡਿਪਰੈਸ਼ਨ ਦੇ ਕਈ ਕਾਰਨ ਹੁੰਦੇ ਹਨ।
- ਜੈਨੇਟਿਕ - ਪੀੜ੍ਹੀ ਦਰ ਪੀੜ੍ਹੀ ਅੱਗੇ ਪਹੁੰਚਦਾ ਹੈ। ਕਈ ਵਾਰੀ ਇੱਕ-ਦੋ ਪੀੜ੍ਹੀਆਂ ਤੋਂ ਬਾਅਦ ਵੀ ਹੋ ਜਾਂਦਾ ਹੈ
- ਵਾਤਾਵਰਨ
- ਕਾਮਯਾਬੀ ਕਾਰਨ ਇਕੱਲਤਾ
- ਕੁਦਰਤ ਅਤੇ ਮਾਹੌਲ ਜਿਸ ਵਿੱਚ ਪਲੇ ਤੇ ਕੰਮ ਕਰਦੇ ਹਾਂ
- ਥਾਈਰਡ ਕਾਰਨ ਵੀ ਹੋ ਸਕਦਾ ਹੈ
ਕਾਮਯਾਬੀ ਦੇ ਸਿਖਰ 'ਤੇ ਪਹੁੰਚੇ ਫਿਲਮੀ ਸਿਤਾਰਿਆਂ ਨੂੰ ਹੋ ਰਹੇ ਡਿਪਰੈਸ਼ਨ ਬਾਰੇ ਡਾ. ਅਨੂਜਾ ਕਪੂਰ ਦਾ ਕਹਿਣਾ ਹੈ ਕਿ ਕਈ ਸਿਤਾਰੇ ਆਪਣੀ ਕਾਮਯਾਬੀ ਨੂੰ ਸੰਭਾਲ ਨਹੀਂ ਪਾਉਂਦੇ।
"ਸਿਤਾਰਿਆਂ ਦੀ ਨਿੱਜੀ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਦੀ ਜ਼ਿੰਦਗੀ ਦੀ ਹਰੇਕ ਘਟਨਾ ਜਨਤਕ ਹੋ ਜਾਂਦੀ ਹੈ। ਜੇ ਖੁਸ਼ੀ ਦੇ ਪਲ ਜਨਤਕ ਹੋਏ ਹਨ ਤਾਂ ਗਮ ਦੇ ਵੀ ਜਨਤਕ ਹੁੰਦੇ ਹਨ ਅਤੇ ਇਸ ਨੂੰ ਸਮਝਣਾ ਚਾਹੀਦਾ ਹੈ। ਇਸ ਨਾਲ ਖੁਦ ਹੀ ਡੀਲ ਕਰਨਾ ਪਏਗਾ। ਘਬਰਾਉਣ ਦੀ ਲੋੜ ਨਹੀਂ ਹੈ।"
ਸੋਸ਼ਲ ਮੀਡੀਆ ਦਾ ਕਿੰਨਾ ਅਸਰ?
ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ ਉੱਤੇ ਕਿਸੇ ਨੂੰ ਵੀ ਟਰੋਲ ਕਰਨ ਲੱਗ ਜਾਂਦੇ ਹਨ।
ਡਾ. ਅਨੁਜਾ ਮੁਤਾਬਕ, "ਇਹ ਲਿੰਚਿੰਗ ਹੈ, ਸਟਾਕਿੰਗ ਹੈ। ਸਾਨੂੰ ਫੈਸਲਾਕੁੰਨ ਨਹੀਂ ਹੋਣਾ ਚਾਹੀਦਾ। ਪਤਾ ਨਹੀਂ ਕਿਸੇ ਨੇ ਕਾਮਯਾਬੀ ਹਾਸਿਲ ਕਰਨ ਲਈ ਕਿੰਨਾ ਸੰਘਰਸ਼ ਕੀਤਾ, ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਸਿਤਾਰੇ ਜੋ ਉੱਚੇ ਮੁਕਾਮ 'ਤੇ ਹੁੰਦੇ ਹਨ, ਉਨ੍ਹਾਂ ਨੂੰ ਆਪਣੀ ਕਾਮਯਾਬੀ ਦੀਆਂ ਉਹ ਪੌੜੀਆਂ ਯਾਦ ਆਉਂਦੀਆਂ ਹਨ ਉਹ ਕਿਵੇਂ ਇੱਥੇ ਪਹੁੰਚੇ।"
ਇਸ ਤੋਂ ਇਲਾਵਾ ਉਨ੍ਹਾਂ ਸਲਾਹ ਵੀ ਦਿੱਤੀ ਕਿ ਆਲੋਚਕਾਂ ਨੂੰ ਬਰਦਾਸ਼ਤ ਕਰਨਾ ਸਿੱਖੋ। ਉਹ ਕਮੀਆਂ ਠੀਕ ਕਰਨ ਲਈ ਕਹਿੰਦੇ ਹਨ। ਉਹ ਤੁਹਾਨੂੰ ਨਿਰਾਸ਼ਾਵਾਦੀ ਨਹੀਂ ਬਣਾ ਰਹੇ। ਡਿਪੈਰਸ਼ਨ ਨਿਰਾਸ਼ਾਵਾਦੀ ਬਣਾਉਂਦਾ ਹੈ।
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
ਡਿਪਰੈਸ਼ਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ
ਡਾ. ਅਨੂਜਾ ਕੁਝ ਤਰੀਕੇ ਦੱਸ ਰਹੇ ਹਨ ਜਿਸ ਕਾਰਨ ਅਸੀਂ ਡਿਪਰੈਸ਼ਨ ਤੋਂ ਦੂਰ ਰਹਿ ਸਕਦੇ ਹਾਂ ਜਾਂ ਜੇ ਡਿਪਰੈਸ਼ਨ ਹੋ ਜਾਵੇ ਤਾਂ ਇਸ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ।
- ਰੋਜ਼ਾਨਾ ਕਸਰਤ ਜਾਂ ਯੋਗਾ ਕਰੋ
- ਨਕਾਰਾਤਮਕ ਗੱਲਾਂ ਨਾ ਕਰੋ ਜਾਂ ਉਨ੍ਹਾਂ ਲੋਕਾਂ ਤੋਂ ਵੀ ਥੋੜ੍ਹੀ ਦੂਰੀ ਬਣਾਓ ਜੋ ਨਕਾਰਾਤਮਕ ਗੱਲਾਂ ਕਰਦੇ ਹਨ।
- ਘੁੰਮੋ-ਫਿਰੋ, ਲੋਕਾਂ ਨੂੰ ਮਿਲੋ, ਗੱਲਬਾਤ ਕਰੋ
ਜੇ ਡਿਪਰੈਸ਼ਨ ਹੋ ਜਾਵੇ ਤਾਂ...
ਮਾਪਿਆਂ ਨੂੰ ਬੱਚੇ 'ਤੇ ਪੂਰੀ ਨਜ਼ਰ ਰੱਖਣ ਦੀ ਲੋੜ ਹੈ। ਜੇ ਮਾਪਿਆਂ ਵਿੱਚੋਂ ਕਿਸੇ ਨੂੰ ਪਹਿਲਾਂ ਹੀ ਡਿਪਰੈਸ਼ਨ ਸੀ ਤਾਂ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇੱਕ ਪੀੜ੍ਹੀ ਤੋਂ ਦੂਜੀ ਨੂੰ ਹੋਣ ਦੀ ਕਾਫੀ ਸੰਭਾਵਨਾ ਹੁੰਦੀ ਹੈ।

ਤਸਵੀਰ ਸਰੋਤ, Getty Images
- ਕੋਈ ਲੱਛਣ ਦਿਖੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ ਕਿਉਂਕਿ ਇਹ ਇੱਕ ਬਿਮਾਰੀ ਹੈ, ਪਾਗਲਪਨ ਨਹੀਂ। ਇਸ ਦਾ ਇਲਾਜ ਸੰਭਵ ਹੈ।
- ਥਾਈਰਡ ਜ਼ਰੂਰ ਟੈਸਟ ਕਰਵਾਓ ਅਤੇ ਇਸ ਦੀ ਦਵਾਈ ਨਾ ਛੱਡੋ
- ਡਿਪਰੈਸ਼ਨ ਵਾਲੇ ਸ਼ਖਸ ਸਾਹਮਣੇ ਕੋਈ ਵੀ ਨਕਾਰਾਤਮਕ ਗੱਲ ਨਾ ਕਰੋ। ਉਸ ਨੂੰ ਕਦੇ ਨਾ ਕਹੋ ਕਿ ਉਹ ਦਵਾਈਆਂ ਸਹਾਰੇ ਹੀ ਚੱਲੇਗਾ।
- ਸੋਸ਼ਲ ਮੀਡੀਆ ਤੋਂ ਦੂਰੀ ਬਣਾਓ ਕਿਉਂਕਿ ਕਈ ਨਕਾਰਾਤਮਕ ਚੀਜ਼ਾਂ ਨਜ਼ਰ ਆ ਸਕਦੀਆਂ ਹਨ।
- ਬਾਹਰ ਲੈ ਕੇ ਜਾਓ ਅਤੇ ਆਮ ਨਾਲੋਂ ਜ਼ਿਆਦਾ ਪਿਆਰ ਦਿਉ
- ਜੇ ਉਸ ਨੂੰ ਵਕਤ ਦੀ ਲੋੜ ਹੈ ਤਾਂ ਵਕਤ ਦਿਉ ਪਰ ਨਜ਼ਰ ਤੋਂ ਓਹਲੇ ਨਾ ਹੋਣ ਦਿਉ
- ਉਸ ਨਾਲ ਸਮਾਂ ਬਿਤਾਓ, ਗੱਲਾਂ ਕਰੋ
- ਪਰਿਵਾਰ-ਰਿਸ਼ਤੇਦਾਰ ਆਪਸ ਵਿੱਚ ਮਿਲਦੇ ਰਹੋ
- ਕਾਉਂਸਲਿੰਗ ਮਦਦਗਾਰ ਹੋ ਸਕਦੀ ਹੈ।
ਡਾ. ਅਨੂਜਾ ਦਾ ਕਹਿਣਾ ਹੈ, "ਅੱਜ ਦੇ ਦੌਰ ਵਿੱਚ ਸਾਨੂੰ ਸਭ ਨੂੰ ਇਹ ਸਮਝਣ ਦੀ ਲੋੜ ਹੈ ਕਿ ਡਿਪਰੈਸ਼ਨ ਦਾ ਮਤਲਬ ਪਾਗਲਪਨ ਨਹੀਂ ਹੁੰਦਾ, ਇਹ ਇੱਕ ਬਿਮਾਰੀ ਹੈ ਅਤੇ ਇਸ ਦਾ ਇਲਾਜ ਹੋ ਸਕਦਾ ਹੈ। ਇਸ ਲਈ ਸਾਨੂੰ ਡਿਪਰੈਸ਼ਨ ਨਾਲ ਪੀੜਤ ਲੋਕਾਂ ਪ੍ਰਤੀ ਰਵੱਈਆ ਬਦਲਣਾ ਚਾਹੀਦਾ ਹੈ। ਉਨ੍ਹਾਂ ਤੋਂ ਦੂਰੀ ਨਹੀਂ ਬਣਾਉਣੀ ਚਾਹੀਦੀ। ਸਾਡਾ ਉਨ੍ਹਾਂ ਨੂੰ ਸਮਾਜ ਵਿੱਚ ਕਬੂਲ ਨਾ ਕਰਨ ਦਾ ਰਵੱਈਆ ਡਿਪਰੈਸ਼ਨ ਵਧਾਉਂਦਾ ਹੈ। ਉਸ ਨਾਲ ਬੈਠਣ 'ਤੇ ਬਿਮਾਰੀ ਨਹੀਂ ਲੱਗਦੀ।"
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












