ਪਾਕਿਸਤਾਨ 'ਚ 'ਹਿੰਦੂਆਂ ਦੀ ਕੁੱਟ-ਮਾਰ' ਵਾਲੇ ਵੀਡੀਓ ਦਾ ਸੱਚ

ਪਾਕਿਸਤਾਨ

ਤਸਵੀਰ ਸਰੋਤ, youtube

    • ਲੇਖਕ, ਪ੍ਰਸ਼ਾਂਤ ਚਾਹਲ
    • ਰੋਲ, ਬੀਬੀਸੀ ਫੈਕਟ ਚੈਕ ਟੀਮ, ਦਿੱਲੀ

ਪਾਕਿਸਤਾਨ ਵਿੱਚ ਪੁਲਿਸ ਵੱਲੋਂ ਹਿੰਦੂਆਂ ਦੀ ਕਥਿਤ ਕੁੱਟ-ਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਦੇ ਉੱਪਰ ਲਿਖਿਆ ਗਿਆ ਹੈ, ਦੇਖੋ ਪਾਕਿਸਤਾਨ ਵਿੱਚ ਹਿੰਦੂਆਂ ਨਾਲ ਕੀ ਹੋ ਰਿਹਾ ਹੈ।

'ਭਾਜਪਾ: ਮਿਸ਼ਨ 2019' ਨਾਮ ਦੇ ਸੱਜੇ ਪੱਖੀ ਫੇਸਬੁੱਕ ਪੇਜ ਨੇ ਵੀ ਇਸ ਪੋਸਟ ਨੂੰ ਦੋ ਦਿਨ ਪਹਿਲਾਂ ਸਾਂਝਾ ਕੀਤਾ ਹੈ ਜਿੱਥੇ ਇਸ ਨੂੰ 11 ਲੱਖ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇੱਥੋਂ 34 ਹਜ਼ਾਰ ਵਾਰ ਸਾਂਝਾ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ:

ਇਸ ਨੂੰ ਸਾਂਝਾ ਕਰਨ ਵਾਲੇ ਲੋਕਾਂ ਨੇ ਲਿਖਿਆ ਹੈ, "ਜੇ 2019 ਵਿੱਚ ਨਰਿੰਦਰ ਮੋਦੀ ਨੂੰ ਨਹੀਂ ਲਿਆਓਂਗੇ ਤਾਂ ਭਾਰਤ ਵਿੱਚ ਵੀ ਹਿੰਦੂਆਂ ਦਾ ਇਹੀ ਹਾਲ ਹੋਵੇਗਾ।"

ਪਾਕਿਸਤਾਨ

ਤਸਵੀਰ ਸਰੋਤ, Facebook

ਇਸ ਵੀਡੀਓ ਵਿੱਚ ਪਾਕਿਸਤਾਨ ਦੀ ਇਲੀਟ ਫੋਰਸ ਦੇ ਕੁਝ ਜਵਾਨ ਇੱਕ ਘਰ ਦਾ ਗੇਟ ਟੱਪ ਕੇ ਦਾਖਲ ਹੁੰਦੇ ਹਨ ਅਤੇ ਬਾਅਦ ਵਿੱਚ ਕੁਝ ਲੋਕਾਂ ਉੱਪਰ ਲਾਠੀਚਾਰਜ ਕਰਦੇ ਦਿਖਾਈ ਦੇ ਰਹੇ ਹਨ।

ਬੀਬੀਸੀ ਨੇ ਇਸ ਵੀਡੀਓ ਦੀ ਪੜਤਾਲ ਕੀਤੀ ਤੇ ਦੇਖਿਆ ਕਿ ਵੀਡੀਓ ਨੂੰ ਗਲਤ ਪ੍ਰਸੰਗ ਵਿੱਚ ਜੋੜ ਕੇ ਬੇਬੁਨਿਆਦੀ ਦਾਅਵੇ ਕੀਤੇ ਗਏ ਹਨ। ਇਹ ਵੀਡੀਓ ਨਾ ਸਿਰਫ ਭਾਰਤ ਸਗੋਂ, ਯੂਰੋਪ, ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਵੀ ਵਾਇਰਲ ਰਹਿ ਚੁੱਕਿਆ ਹੈ।

ਇਸਲਾਮਾਬਾਦ (ਪਾਕਿਸਤਾਨ) ਵਿੱਚ ਮੌਜੂਦਾ ਬੀਬੀਸੀ ਪੱਤਰਕਾਰ ਉਮਰ ਦਰਾਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਵੀਡੀਓ ਪਾਕਿਸਤਾਨ ਦੇ ਫੈਸਲਾਬਾਦ ਦਾ ਹੈ ਪਰ ਘੱਟ-ਗਿਣਤੀ ਹਿੰਦੂਆਂ ਦੀ ਪਿਟਾਈ ਦਾ ਬਿਲਕੁਲ ਨਹੀਂ ਹੈ।

ਪੜਤਾਲ ਦੀ ਸ਼ੁਰੂਆਤ ਅਤੇ ਸਭ ਤੋਂ ਪਹਿਲਾ ਪੋਸਟ

ਰਿਵਰਸ ਸਰਚ ਵਿੱਚ ਸਾਨੂੰ ਪਤਾ ਲੱਗਿਆ ਕਿ ਇਸ ਵੀਡੀਓ ਦੀ ਯੂਟਿਊਬ ਉੱਪਰ ਪਈ ਸਭ ਤੋਂ ਪੁਰਾਣੀ ਪੋਸਟ 5 ਅਕਤੂਬਰ, 2014 ਦੀ ਹੈ।

ਪਾਕਿਸਤਾਨ

ਤਸਵੀਰ ਸਰੋਤ, Twitter

ਇਸ ਵੀਡੀਓ ਨੂੰ ਬਿਲਾਲ ਅਫਗਾਨ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਨਿੱਜੀ ਚੈਨਲ 'ਤੇ ਪੋਸਟ ਕੀਤਾ ਸੀ।

ਉਨ੍ਹਾਂ ਨੇ ਲਿਖਿਆ ਸੀ, "ਆਮ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਵੜ ਕੇ ਬੁਰੀ ਤਰ੍ਹਾਂ ਕੁਟਦੀ ਪਾਕਿਸਤਾਨ ਪੁਲਿਸ।" ਉਨ੍ਹਾਂ ਨੇ ਆਪਣੀ ਪੋਸਟ ਵਿੱਚ ਕਿਸੇ ਧਰਮ ਦਾ ਜ਼ਿਕਰ ਨਹੀਂ ਕੀਤਾ।

ਬਿਲਾਲ ਨੇ ਇਸੇ ਵੀਡੀਓ ਉੱਪਰ ਦਰੀ/ਫਾਰਸੀ ਭਾਸ਼ਾ ਦੀ ਨਿਊਜ਼ ਵੈੱਬਸਾਈਟ ਸ਼ੀਆ ਨਿਊਜ਼ ਐਸੋਸੀਏਸ਼ਨ ਨੇ ਨਵੰਬਰ, 2014 ਵਿੱਚ ਇੱਕ ਵੀਡੀਓ ਸਟੋਰੀ ਕੀਤੀ ਸੀ ਜਿਸ ਦਾ ਸਿਰਲੇਖ ਸੀ— 'ਅਫਗਾਨ ਸ਼ਰਣਾਰਥੀਆਂ ਨਾਲ ਜ਼ਾਲਮ ਸਲੂਕ ਕਰਦੀ ਪਾਕਿਸਤਾਨ ਪੁਲਿਸ।'

ਇਸ ਵੀਡੀਓ ਬਾਰੇ ਅਸੀਂ ਕਾਬੁਲ (ਅਫਗਾਨਿਸਤਾਨ) ਵਿੱਚ ਬੀਬੀਸੀ ਪਸ਼ਤੋ ਸੇਵਾ ਦੇ ਪੱਤਰਕਾਰ ਨੂਰ ਗੁਲ ਸ਼ਫਾਫ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਵੀਡੀਓ ਵਿਚਲੇ ਲੋਕਾਂ ਦੀ ਭਾਸ਼ਾ, ਪਹਿਰਾਵੇ ਅਤੇ ਸਾਲ 2014 ਵਿੱਚ ਦਰਜ ਹੋਈਆਂ ਘਟਨਾਵਾਂ ਦੇ ਆਧਾਰ ਤੇ ਸਾਨੂੰ ਦੱਸਿਆ ਕਿ ਵੀਡੀਓ ਅਫ਼ਗਾਨ ਸ਼ਰਣਾਰਥੀਆਂ ਨਾਲ ਹੋਈ ਹਿੰਸਾ ਦਾ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਵਿੱਚ ਦਿਖ ਰਹੇ ਲੋਕ ਅਫ਼ਗਾਨ ਹਨ।

ਪਾਕਿਸਤਾਨ

ਤਸਵੀਰ ਸਰੋਤ, Viral Video Screengrab

ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਸਾਲ 2014-15 ਵਿੱਚ ਉੱਥੇ ਵੀ ਵਾਇਰਲ ਹੋ ਚੁੱਕਿਆ ਹੈ। ਉਸ ਸਮੇਂ ਇਹ ਕਿਹਾ ਗਿਆ ਸੀ ਕਿ ਪਾਕਿਸਤਾਨ ਵਿੱਚ ਅਫ਼ਗਾਨ ਸ਼ਰਣਾਰਥੀਆਂ ਨਾਲ ਜ਼ਿਆਦਤੀ ਕੀਤੀ ਜਾ ਰਹੀ ਹੈ।

ਹੁਣ ਪੜ੍ਹੋ ਵੀਡੀਓ ਦੀ ਸਚਾਈ

ਬੀਬੀਸੀ ਪੱਤਰਕਾਰ ਉਮਰ ਦਰਾਜ਼ ਨੇ ਦੱਸਿਆ ਕਿ ਵੀਡੀਓ ਮਈ ਜਾਂ ਜੂਨ 2013 ਦਾ ਹੈ।

ਇਹ ਘਟਨਾ ਪਾਕਿਸਤਾਨੀ ਪੰਜਾਬ ਦੇ ਤੀਸਰੇ ਵੱਡੇ ਸ਼ਹਿਰ ਫੈਸਲਾਬਾਦ ਦੀ ਹੈ ਜਦੋਂ ਪਾਕਿਸਤਾਨ ਇਲੀਟ ਫੋਰਸ ਦੇ ਜਵਾਨਾਂ ਦੀ ਇੱਕ ਟੁਕੜੀ ਨੇ ਲੋਕਾਂ ਦੇ ਘਰਾਂ ਵਿੱਚ ਧੱਕੇ ਨਾਲ ਵੜ ਕੇ ਉਨ੍ਹਾਂ ਨੂੰ ਕੁੱਟਿਆ ਸੀ।

ਉਮਰ ਦਰਾਜ਼ ਨੇ ਦੱਸਿਆ, "ਫੈਸਲਾਬਾਦ ਵਿੱਚ ਬਿਜਲੀ ਦੀ ਕਮੀ ਸ਼ੂਰੂ ਤੋਂ ਹੀ ਰਹੀ ਹੈ ਪਰ 2013 ਵਿੱਚ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਸਨ। ਲੋਕਾਂ ਦੀਆਂ ਸ਼ਿਕਾਇਤਾਂ ਸਨ ਕਿ ਦਿਨ ਵਿੱਚ 14-16 ਘੰਟਿਆਂ ਤੱਕ ਬਿਜਲੀ ਨਹੀਂ ਆਉਂਦੀ। ਇਸ ਕਾਰਨ ਸ਼ਹਿਰ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੋਇਆ ਅਤੇ ਭੜਕੇ ਲੋਕਾਂ ਨੇ ਇੱਕ ਪੈਟ੍ਰੋਲ ਪੰਪ ਸਮੇਤ ਜਨਤਕ ਜਾਇਦਾਦ ਦਾ ਕਾਫੀ ਨੁਕਸਾਨ ਕੀਤਾ ਸੀ।"

ਉਨ੍ਹਾਂ ਦੱਸਿਆ ਕਿ ਬਿਜਲੀ ਦੀ ਮੰਗ ਨੂੰ ਲੈ ਕੇ 2013 ਵਿੱਚ ਹੋਏ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਬਾਅਦ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਧਰਨਾਕਾਰੀਆਂ ਨੂੰ ਘਰਾਂ 'ਚੋਂ ਕੱਢ ਕੇ ਕੁੱਟਿਆ।

ਪਾਕਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੈਸਲਾਬਾਦ ਵਿੱਚ ਬਿਜਲੀ ਦੀ ਕਮੀ ਸ਼ੂਰੂ ਤੋਂ ਹੀ ਰਹੀ ਹੈ ਪਰ 2013 ਹਾਲਤ ਬਹੁਤ ਖ਼ਰਾਬ ਹੋ ਗਏ ਸਨ।

ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਸਨ।

ਉਨ੍ਹਾਂ ਨੇ ਪੁਲਿਸ ਦੀ ਇਸ ਹਿੰਸਕ ਕਾਰਵਾਈ ਦੀ ਨਿੰਦਾ ਕੀਤੀ ਸੀ ਅਤੇ ਇਸ ਬਾਰੇ ਪੁਲਿਸ ਤੋਂ ਰਿਪੋਰਟ ਵੀ ਮੰਗੀ।

ਇਹ ਵੀ ਪੜ੍ਹੋ:

ਪਾਕਿਸਤਾਨ ਦੇ ਟੀਵੀ ਨਿਊਜ਼ ਚੈਨਲ ਦੁਨੀਆ ਦੀ ਇੱਕ ਰਿਪੋਰਟ ਮੁਤਾਬਕ ਇਸ ਮਾਮਲੇ ਵਿੱਚ ਘੱਟੋ-ਘੱਟ ਪੰਜ ਪੁਲਿਸ ਮੁਲਾਜ਼ਮਾਂ ਨੂੰ ਔਰਤਾਂ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਵਿੱਚ ਬਰਖ਼ਾਸਤ ਵੀ ਕਰ ਦਿੱਤਾ ਗਿਆ ਸੀ।

ਰਿਪੋਰਟ ਮੁਤਾਬਕ ਇਸ ਹਿੰਸਾ ਵਿੱਚ ਜਿਨ੍ਹਾਂ ਦੀ ਕੁੱਟ-ਮਾਰ ਹੋਈ ਉਹ ਸਥਾਨਕ ਮੁਸਲਿਮ ਪਰਿਵਾਰ ਸਨ ਅਤੇ ਜਿਨ੍ਹਾਂ ਸਿਪਾਹੀਆਂ ਨੇ ਕੁੱਟ-ਮਾਰ ਕੀਤੀ ਉਨ੍ਹਾਂ ਤਿੰਨਾਂ ਦੇ ਨਾਮ ਸਨ—ਬਾਬਰ, ਤੌਸੀਫ਼ ਅਤੇ ਆਬਿਦ।

ਵੀਡੀਓ ਕਈ ਥਾਂ ਵਾਇਰਲ ਹੋਇਆ

ਆਪਣੀ ਪੜਤਾਲ ਵਿੱਚ ਅਸੀਂ ਇਹ ਵੀ ਦੇਖਿਆ ਕਿ ਰਾਜਸਥਾਨ ਦੇ ਅਲਵਰ ਅਤੇ ਅਜਮੇਰ ਪੱਛਮੀਂ ਬੰਗਾਲ ਦੇ ਉਲਬੇਰੀਆ ਲੋਕ ਸਭਾ ਸੀਟ ਉਪਰ 2018 ਵਿੱਚ ਹੋਈਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।

ਪਾਕਿਸਤਾਨ

ਤਸਵੀਰ ਸਰੋਤ, Twitter

ਜਨਵਰੀ 2018 ਵਿੱਚ ਜਿਨ੍ਹਾਂ ਲੋਕਾਂ ਨੇ ਇਸ ਵੀਡੀਓ ਨੂੰ ਫੇਸਬੁੱਕ ਤੇ ਸਾਂਝਾ ਕੀਤਾ ਸੀ ਉਨ੍ਹਾਂ ਦਾ ਦਾਅਵਾ ਸੀ ਕਿ ਪਾਕਿਸਤਾਨ ਵਿੱਚ ਇੱਕ ਹਿੰਦੂ ਨਾਗਰਿਕ ਨੇ ਆਪਣੇ ਮਕਾਨ ਦੇ ਉੱਪਰ ਭਗਵਾਂ ਝੰਡਾ ਲਾਇਆ ਸੀ ਜਿਸ ਕਾਰਨ ਪੁਲਿਸ ਨੇ ਉਸ ਖਿਲਾਫ਼ ਹਿੰਸਾ ਦੀ ਵਰਤੋਂ ਕੀਤੀ।

ਇਸ ਵੀਡਓ ਨੂੰ ਸਾਂਝਾ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੇ ਵੀ ਲਿਖਿਆ ਸੀ ਕਿ ਭਾਰਤ ਵਿੱਚ ਕਥਿਤ ਧਰਮ ਨਿਰਪੇਖ ਸਿਆਸੀ ਦਲਾ ਦੇ ਦਬਾਅ ਵਿੱਚ ਉਨ੍ਹਾਂ ਲੋਕਾਂ ਖਿਲਾਫ ਕਦੇ ਕਾਰਵਾਈ ਨਹੀਂ ਹੁੰਦੀ ਜੋ ਪਾਕਿਸਤਾਨ ਦਾ ਝੰਡਾ ਲਹਿਰਾਉਂਦੇ ਹਨ।

ਸਾਲ 2017 ਵਿੱਚ ਇਹੀ ਵੀਡੀਓ ਯੂਰੋਪ ਦੇ ਕੁਝ ਦੇਸਾਂ ਵਿੱਚ ਵਾਇਰਲ ਹੋਇਆ ਸੀ ਅਤੇ ਕੁਝ ਮਨੁੱਖੀ ਹੱਕਾਂ ਬਾਰੇ ਕੰਮ ਕਰਨ ਵਾਲੇ ਕਾਰਕੁਨਾਂ ਨੇ ਵੀ ਇਸ ਬਾਰੇ ਟਿੱਪਣੀ ਕੀਤੀ ਸੀ।

ਕੁਝ ਲੋਕਾਂ ਨੇ ਨਾਗਿਕਾਂ ਨਾਲ ਕੀਤੀ ਗਈ ਪੁਲਿਸ ਦੀ ਇਸ ਹਿੰਸਾ ਨੂੰ "ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ" ਦਾ ਹਿੱਸਾ ਦੱਸਿਆ ਸੀ।

ਪਾਕਿਸਤਾਨ

ਤਸਵੀਰ ਸਰੋਤ, Twitter

ਯੂਰੋਪ ਵਿੱਚ ਇਸ ਵੀਡੀਓ ਬਾਰੇ ਇਹ ਦਾਅਵਾ ਕੀਤਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਦੇ ਖਿਲਾਫ ਪੁਲਿਸ ਨੇ ਇਹ ਰਵਈਆ ਅਪਣਾਇਆ ਉਹ ਸਾਰੇ ਘੱਟ-ਗਿਣਤੀ ਈਸਾਈ ਭਾਈਚਾਰੇ ਦੇ ਲੋਕ ਸਨ।

ਪੀਸ ਵਰਲਡ ਨਾਮ ਦੇ ਇੱਕ ਯੂਟਿਊਬ ਚੈਨਲ ਨੇ ਵੀ ਮਈ, 2015 ਵਿੱਚ ਇਹੀ ਵੀਡੀਓ ਪੋਸਟ ਕੀਤਾ ਸੀ ਅਤੇ ਪੀੜਤਾਂ ਨੂੰ ਈਸਾਈ ਦੱਸਿਆ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)