ਜੇ ਬੱਚਿਆਂ ਨੂੰ ਖੁਦਕੁਸ਼ੀ ਕਰਨ ਤੋਂ ਰੋਕਣਾ ਹੈ ਤਾਂ ਇਹ ਪੜ੍ਹੋ

ਤਸਵੀਰ ਸਰੋਤ, Getty Images
- ਲੇਖਕ, ਸਰੋਜ ਸਿੰਘ
- ਰੋਲ, ਪੱਤਰਕਾਰ, ਬੀਬੀਸੀ
ਦਿੱਲੀ ਦੇ ਇੱਕ ਨਿੱਜੀ ਸਕੂਲ ਦੀ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ।
ਵਿਦਿਆਰਥਣ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਇਸ ਸਾਲ ਸਮਾਜਿਕ ਸਿੱਖਿਆ ਅਤੇ ਵਿਗਿਆਨ ਵਿਸ਼ਿਆਂ ਵਿੱਚ ਉਸ ਦੇ ਨੰਬਰ ਘੱਟ ਆਏ ਸਨ।
ਵਿਦਿਆਰਥਣ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਸਕੂਲ ਦੇ ਅਧਿਆਪਕ ਨੇ ਉਨ੍ਹਾਂ ਦੀ ਧੀ ਨਾਲ ਮਾੜਾ ਰਵੱਈਆ ਅਪਣਾਇਆ।
ਨੰਬਰ ਘੱਟ ਆਉਣ 'ਤੇ ਉਸ ਨੂੰ ਤਾਅਨੇ ਮਾਰੇ ਅਤੇ ਦੁਬਾਰਾ ਟੈਸਟ ਹੋਣ 'ਤੇ ਵੀ ਫੇਲ੍ਹ ਕਰਨ ਦੀ ਧਮਕੀ ਦਿੱਤੀ।
ਇਸੇ ਤੋਂ ਤੰਗ ਆ ਕੇ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਹਾਲਾਂਕਿ ਪਰਿਵਾਰ ਦੇ ਇਨ੍ਹਾਂ ਇਲਜ਼ਾਮਾਂ ਨੂੰ ਸਕੂਲ ਪ੍ਰਸ਼ਾਸਨ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।
ਪੁਲਿਸ ਨੇ ਇਸ ਪੂਰੇ ਮਾਮਲੇ 'ਤੇ ਐੱਫ਼ਆਈਆਰ ਦਰਜ ਕਰ ਲਈ ਹੈ। ਐੱਫ਼ਆਈਆਰ ਵਿੱਚ ਸਕੂਲ ਦੇ ਪ੍ਰਿੰਸੀਪਲ ਸਣੇ ਦੋ ਹੋਰ ਅਧਿਆਪਕਾਂ ਦੇ ਨਾਮ ਦਰਜ ਹਨ।
ਬੱਚਾ ਮਾਪਿਆਂ ਨੂੰ ਗੱਲਾਂ ਦੱਸਦਾ ਹੈ ਜਾਂ ਨਹੀਂ?
ਸਵਾਲ ਇਹ ਹੈ ਕਿ ਕੀ ਸਕੂਲ ਦੀ ਪਰੀਖਿਆ ਵਿੱਚ ਨੰਬਰ ਘੱਟ ਆਉਣਾ ਇਨੀ ਵੱਡੀ ਗੱਲ ਹੈ ਕਿ ਇੱਕ ਵਿਦਿਆਰਥੀ ਆਪਣੀ ਜਾਣ ਦੇ ਦੇਵੇ?
ਕੀ ਵਿਦਿਆਰਥੀ ਦੇ ਮਾਪੇ ਇਸ ਘਟਨਾ ਨੂੰ ਰੋਕ ਸਕਦੇ ਸੀ? ਇਹੀ ਸਵਾਲ 'ਐਪੀ ਸਟੋਰ' ਨਾਮ ਦੀ ਬੱਚਿਆਂ ਦੀ ਵੈੱਬਸਾਈਟ ਪੁੱਛਦੀ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਮੁਤਾਬਕ ਕੋਈ ਬੱਚਾ ਸਿੱਧਾ ਇੰਨਾ ਵੱਡਾ ਕਦਮ ਨਹੀਂ ਚੁੱਕਦਾ। ਉਸ ਦੇ ਪਿੱਛੇ ਇੱਕ ਇਤਿਹਾਸ ਜ਼ਰੂਰ ਹੁੰਦਾ ਹੈ।
ਮਾਪਿਆਂ ਨੂੰ ਉਸ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਜੇ ਨਹੀਂ ਹੈ ਤਾਂ ਇਹ ਮਾਪਿਆਂ ਲਈ ਚਿੰਤਾ ਦੀ ਗੱਲ ਜ਼ਰੂਰ ਹੈ।
ਐਪ ਨਾਲ ਜੁੜੀ ਹੋਈ ਪੂਰਣੀਮਾ ਝਾ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਛੋਟਾ ਜਿਹਾ ਤਜਰਬਾ ਕੀਤਾ ਸੀ
'ਮਮਾ ਨੂੰ ਦੱਸਿਆ?'
ਇਸ ਦੇ ਤਹਿਤ ਮਾਪਿਆਂ ਨੂੰ ਬੱਚਿਆਂ ਤੋਂ ਪੁੱਛਣਾ ਹੁੰਦਾ ਸੀ ਕਿ ਕੀ ਬੱਚੇ ਆਪਣੀ ਹਰ ਗੱਲ ਉਨ੍ਹਾਂ ਨਾਲ ਸ਼ੇਅਰ ਕਰਦੇ ਹਨ ਜਾਂ ਨਹੀਂ?
'ਡਿਜੀਟਲ ਏਜ ਕਿਡ'
ਪੂਰਣੀਮਾ ਝਾ ਦਾ ਕਹਿਣਾ ਹੈ ਕਿ ਪੰਜ ਹਜ਼ਾਰ ਤੋਂ ਵੱਧ ਮਾਪਿਆਂ ਨੂੰ ਪਤਾ ਲੱਗਿਆ ਕਿ ਬੱਚੇ ਸਿਰਫ਼ ਖੁਸ਼ੀ ਹੀ ਮਾਪਿਆਂ ਨਾਲ ਸ਼ੇਅਰ ਕਰਦੇ ਹਨ, ਆਪਣੇ ਦੁੱਖ ਨਹੀਂ।

ਤਸਵੀਰ ਸਰੋਤ, Getty Images
ਉਹ ਅੱਗੇ ਕਹਿੰਦੇ ਹਨ ਕਿ ਇਸੇ ਤਜਰਬੇ ਵਿੱਚ ਸਾਰਾ ਸਾਰ ਲੁਕਿਆ ਹੋਇਆ ਹੈ।
ਪੂਰਣੀਮਾ ਦੀ ਮੰਨੀਏ ਤਾਂ ਅੱਜ ਦੇ ਬੱਚੇ 'ਡਿਜੀਟਲ ਏਜ ਕਿਡ' ਹਨ। ਉਹ ਭਾਵੇਂ ਆਪਣੀ ਖੁਸ਼ੀ ਅਤੇ ਦੁੱਖ ਮਾਪਿਆਂ ਨਾਲ ਨਾ ਵੰਡਣ ਪਰ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਕਰਦੇ ਹਨ।
ਬਤੌਰ ਮਾਪੇ ਉਨ੍ਹਾਂ ਦੇ ਪ੍ਰੋਫਾਈਲ ਤੋਂ ਕਾਫ਼ੀ ਕੁਝ ਜਾਣਨ ਅਤੇ ਸਮਝਣ ਦਾ ਮੌਕਾ ਮਿਲ ਸਕਦਾ ਹੈ।
ਜਿਸ ਕੁੜੀ ਨੇ ਖੁਦਕੁਸ਼ੀ ਕੀਤੀ ਉਸ ਨੇ ਵੀ ਫੇਸਬੁੱਕ 'ਤੇ ਇੱਕ ਮਹੀਨੇ ਪਹਿਲਾਂ 'ਡਾਂਸ' ਨਾਲ ਜੁੜਿਆ ਇੱਕ ਪੋਸਟ ਲਿਖਿਆ ਸੀ।
ਪੂਰਣੀਮਾ ਮੁਤਾਬਕ ਉਹ ਇੱਕ ਪੋਸਟ ਉਸ ਕੁੜੀ ਦੀ ਮਨ ਦੀ ਹਾਲਤ ਬਾਰੇ ਕਾਫ਼ੀ ਕੁਝ ਦੱਸਦੀ ਹੈ।
'ਪੜ੍ਹਾਈ ਹੀ ਸਭ ਕੁਝ ਹੈ'
ਮੁੰਬਈ ਵਿੱਚ ਰਹਿਣ ਵਾਲੀ ਬੱਚਿਆਂ ਦੀ ਮਨੋਵਿਗਿਆਨੀ ਰੇਣੂ ਨਰਗੁੰਡੇ ਦੀ ਮੰਨੀਏ ਤਾਂ ਇਸ ਪੂਰੇ ਮਾਮਲੇ ਵਿੱਚ ਜਿੰਨੇ ਦੋਸ਼ੀ ਸਕੂਲ ਦੇ ਅਧਿਆਪਕ ਹਨ ਉਨੇ ਹੀ ਦੋਸੀ ਵਿਦਿਆਰਥੀ ਦੇ ਮਾਪੇ ਵੀ ਹਨ।

ਤਸਵੀਰ ਸਰੋਤ, Getty Images
ਰੇਣੂ ਕਹਿੰਦੀ ਹੈ, "ਘਰ ਹੋਵੇ ਜਾਂ ਫਿਰ ਸਕੂਲ ਅਸੀਂ ਪੜ੍ਹਾਈ-ਲਿਖਾਈ ਨੂੰ ਇੰਨਾ ਵੱਡਾ ਬਣਾ ਦਿੱਤਾ ਹੈ ਕਿ ਜਿਵੇਂ ਪੜ੍ਹਾਈ ਵਿੱਚ ਨੰਬਰ ਹੀ ਸਭ ਕੁਝ ਹੈ।"
"ਨੰਬਰ ਘੱਟ ਆਉਣ ਜਾਂ ਬੱਚਾ ਫੇਲ੍ਹ ਹੋ ਗਿਆ ਹੋਵੇ ਤਾਂ ਚਾਹੇ ਸਕੂਲ ਦੇ ਲੋਕ ਹੋਣ ਜਾਂ ਗੁਆਂਢੀ, ਬੱਚੇ ਨੂੰ ਘੱਟ ਸਮਝਣ ਵਿੱਚ ਦੇਰ ਨਹੀਂ ਲਾਉਂਦੇ। ਇਸ ਨਾਲ ਬੱਚੇ ਵਿੱਚ ਹੀਣ ਭਾਵਨਾ ਪੈਦਾ ਹੁੰਦੀ ਹੈ।"
ਦਿੱਲੀ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਵਾਲੀ ਜਿਸ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ, ਮੁਮਕਿਨ ਹੈ ਕਿ ਉਸ ਨਾਲ ਵੀ ਅਜਿਹਾ ਹੋਇਆ ਹੋਵੇ।
ਰੇਣੂ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਮਾਪਿਆਂ ਨੂੰ 'ਪੜ੍ਹਾਈ ਹੀ ਸਭ ਕੁਝ ਹੈ' ਦੀ ਸੋਚ ਨੂੰ ਬਦਲਣਾ ਚਾਹੀਦਾ ਹੈ।
ਮਾਪੇ ਕੀ ਕਰਨ?
ਕੀ ਬੱਚਿਆਂ ਨੂੰ ਪੜ੍ਹਨ ਲਈ ਮਾਪੇ ਕੁਝ ਕਹਿਣਾ ਹੀ ਬੰਦ ਕਰ ਦੇਣ?
ਰੇਣੂ ਕਹਿੰਦੀ ਹੈ, "ਅਜਿਹਾ ਬਿਲਕੁਲ ਵੀ ਨਹੀਂ ਹੈ। ਬਸ ਮਾਪਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਉਨ੍ਹਾਂ ਨੇ ਕਦੋਂ ਅਤੇ ਕਿੰਨਾ ਦਖਲ ਦੇਣਾ ਹੈ।"

ਤਸਵੀਰ ਸਰੋਤ, Getty Images
ਇਸ ਨੂੰ ਸਮਝਣ ਦਾ ਰੇਣੂ ਇੱਕ ਸੌਖਾ ਤਰੀਕਾ ਦੱਸਦੀ ਹੈ।
ਉਨ੍ਹਾਂ ਮੁਤਾਬਕ, "ਇੱਕ ਬੱਚੇ ਨੂੰ ਸਾਈਕਲ ਸਿਖਾਉਂਦੇ ਹੋਏ ਅਸੀਂ ਵਿੱਚ-ਵਿੱਚ ਕਦੇ ਸਾਈਕਲ ਫੜ੍ਹਦੇ ਹਾਂ ਕਦੇ ਛੱਡਦੇ ਹਾਂ ਅਤੇ ਕੁਝ ਸਮੇਂ ਬਾਅਦ ਉਸ ਨੂੰ ਬਿਨਾ ਦੱਸੇ ਪੂਰੀ ਤਰ੍ਹਾਂ ਖੁਦ ਸਾਈਕਲ ਚਲਾਉਣ ਲਈ ਛੱਡ ਦਿੰਦੇ ਹਾਂ ਤਾਕਿ ਬੱਚਾ ਸੰਤੁਲਨ ਬਣਾਉਣਾ ਸਿੱਖ ਸਕੇ। ਠੀਕ ਅਜਿਹਾ ਹੀ ਸਾਨੂੰ ਬੱਚਿਆਂ ਨਾਲ ਪੜ੍ਹਾਈ ਦੇ ਮਾਮਲਿਆਂ ਵਿੱਚ ਕਰਨਾ ਚਾਹੀਦਾ ਹੈ।"
"ਘੱਟ ਨੰਬਰ ਲਿਆਉਣ ਦੀ ਵਜ੍ਹਾ ਕਰਕੇ ਬੱਚਾ ਕਦੇ ਵੀ ਦਬਾਅ ਮਹਿਸੂਸ ਕਰੇ ਤਾਂ ਮਾਪਿਆਂ ਨੂੰ ਬੱਚਿਆਂ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਹੈ। ਬੱਚੇ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਹ ਕਿਸ ਚੀਜ਼ ਵਿੱਚ ਬਹੁਤ ਚੰਗਾ ਹੈ।"
ਸਭ ਤੋਂ ਵੱਡੀ ਗਲਤੀ
ਰੇਣੂ ਦਾ ਮੰਨਣਾ ਹੈ ਕਿ ਮਾਪਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਰ ਬੱਚਾ ਪੜ੍ਹਾਈ ਵਿੱਚ ਟੌਪ ਨਹੀਂ ਹੋ ਸਕਦਾ, ਕੋਈ ਖੇਡਾਂ ਵਿੱਚ ਚੰਗਾ ਹੁੰਦਾ ਹੋਵੇਗਾ ਤਾਂ ਕੋਈ ਗਾਣੇ ਵਿੱਚ ਤਾਂ ਕੋਈ ਡਾਂਸ ਜਾਂ ਫੋਟੋਗ੍ਰਾਫੀ ਵਿੱਚ।

ਤਸਵੀਰ ਸਰੋਤ, Getty Images
"ਮਾਪੇ ਅਤੇ ਸਕੂਲ ਦੋਹਾਂ ਨੂੰ ਮਿਲ ਕੇ ਬੱਚਿਆਂ ਅੰਦਰ ਸਹੀ ਸਮੇਂ 'ਤੇ ਉਸ ਹੁਨਰ ਨੂੰ ਪਛਾਣਨ ਦੀ ਲੋੜ ਹੁੰਦੀ ਹੈ।"
ਦਿੱਲੀ ਦੀ ਵਿਦਿਆਰਥਣ ਵੀ ਡਾਂਸ ਵਿੱਚ ਚੰਗੀ ਸੀ। ਅਜਿਹਾ ਉਸ ਦੇ ਮਾਪਿਆਂ ਦਾ ਵੀ ਕਹਿਣਾ ਹੈ।
ਰੇਣੂ ਮੁਤਾਬਕ ਨਤੀਜੇ ਮਿਲਣ ਤੋਂ ਬਾਅਦ ਮਾਪਿਆਂ ਤੋਂ ਇਹੀ ਸਭ ਤੋਂ ਵੱਡੀ ਗਲਤੀ ਹੋਈ।
ਜਦੋਂ ਉਨ੍ਹਾਂ ਦੀ ਧੀ ਘਰ ਆ ਕੇ ਵਾਰੀ-ਵਾਰੀ ਆਪਣਾ ਰਿਪੋਰਟ ਕਾਰਡ ਦੇਖ ਰਹੀ ਸੀ, ਉਦੋਂ ਹੀ ਮਾਂ ਨੂੰ ਇਸ ਦਾ ਅਹਿਸਾਸ ਹੋ ਜਾਣਾ ਚਾਹੀਦਾ ਸੀ ਕਿ ਉਨ੍ਹਾਂ ਦੀ ਧੀ ਨਾਲ ਸਭ ਕੁਝ ਠੀਕ ਨਹੀਂ ਹੈ।
ਦਿੱਲੀ ਵਿੱਚ ਬੱਚਿਆਂ ਨੂੰ ਕਰੀਅਰ ਤੇ ਸਲਾਹ ਦੇਣ ਵਾਲੀ ਊਸ਼ਾ ਅਲਬੁਕਰਕ ਦਾ ਮੰਨਣਾ ਹੈ ਕਿ ਅਕਸਰ ਬੱਚੇ ਅਜਿਹਾ ਕਦਮ ਉਦੋਂ ਚੁੱਕਦੇ ਹਨ ਕਿ ਮਾਪੇ 'ਸੇਫ਼ ਕਰੀਅਰ' ਚੁਣਨ ਦਾ ਦਬਾਅ ਉਨ੍ਹਾਂ 'ਤੇ ਪਾਉਂਦੇ ਹਨ।
'ਸੇਫ਼ ਕਰੀਅਰ' ਵਾਲੀ ਸੋਚ
ਊਸ਼ਾ ਦੱਸਦੀ ਹੈ ਕਿ ਅੱਜ ਇੰਜੀਨੀਅਰਿੰਗ, ਮੈਡੀਕਲ, ਐੱਮਬੀਏ, ਸਿਵਿਲ ਸਰਵਿਸ ਅਤੇ ਵਕਾਲਤ ਸਿਰਫ਼ ਇਨ੍ਹਾਂ ਪੰਜ ਕਰੀਅਰ ਨੂੰ ਹੀ ਮਾਪੇ 'ਸੇਫ਼ ਕਰੀਅਰ' ਮੰਨ ਕੇ ਚੱਲਦੇ ਹਨ।
ਸਾਨੂੰ ਇਸੇ ਸੋਚ ਨੂੰ ਬਦਲਣਾ ਹੋਵੇਗਾ ਕਿਉਂਕਿ ਇਸੇ ਵਜ੍ਹਾ ਕਰਕੇ ਵਿਦਿਆਰਥੀ ਦਬਾਅ ਵਿੱਚ ਆ ਜਾਂਦੇ ਹਨ।

ਤਸਵੀਰ ਸਰੋਤ, Getty Images
ਊਸ਼ਾ ਮੁਤਾਬਕ ਦੂਜੀ ਮੁਸ਼ਕਿਲ ਸਕੂਲ ਦਾ ਟਾਰਗੇਟ ਹੈ।
ਉਨ੍ਹਾਂ ਮੁਤਾਬਕ ਅੱਜ ਵਿਦਿਆਰਥੀ ਨਾਲ-ਨਾਲ ਸਕੂਲ ਦਾ ਵੀ ਰਿਪੋਰਟ ਕਾਰਡ ਹੁੰਦਾ ਹੈ।
ਕੋਈ ਵੀ ਸਕੂਲ 60 ਫੀਸਦੀ ਅਤੇ 70 ਫੀਸਦੀ ਵਾਲੇ ਵਿਦਿਆਰਥੀਆਂ ਨੂੰ ਬੋਰਡ ਦੇ ਨਤੀਜਿਆਂ ਵਿੱਚ ਦਿਖਾਉਣਾ ਨਹੀਂ ਚਾਹੁੰਦਾ।
ਇਸ ਲਈ ਘੱਟ ਨੰਬਰ ਲਿਆਉਣ ਵਾਲੇ ਵਿਦਿਆਰਥਿਆਂ ਨੂੰ 9ਵੀਂ ਅਤੇ 11ਵੀਂ ਜਮਾਤ ਵਿੱਚ ਹੀ ਰੋਕ ਦਿੱਤਾ ਜਾਂਦਾ ਹੈ।
ਊਸ਼ਾ ਇਸ ਤੋਂ ਨਿਕਲਣ ਦਾ ਤਰੀਕਾ ਵੀ ਦੱਸਦੀ ਹੈ।
ਉਹ ਕਹਿੰਦੀ ਹੈ ਅਜਿਹੀ ਸੂਰਤ ਵਿੱਚ ਜਿੰਨੀ ਜਲਦੀ ਕਾਊਂਸਲਰ ਕੋਲ ਜਾਣਗੇ ਉਨੀ ਜਲਦੀ ਚੰਗੇ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ।
ਅੱਜ ਕਈ ਅਜਿਹੇ ਕਰੀਅਰ ਬਦਲ ਹਨ ਜੋ ਘੱਟ ਨੰਬਰ ਲਿਆਉਣ ਵਾਲੇ ਵਿਦਿਆਰਥੀ ਅਪਣਾ ਸਕਦੇ ਹਨ ਅਤੇ ਜ਼ਿੰਦਗੀ ਵਿੱਚ ਸਫ਼ਲ ਹੋ ਸਕਦੇ ਹਨ।












