ਖਹਿਰਾ ਨੇ 'ਆਪ' ਤੋਂ ਅਸਤੀਫਾ ਦਿੰਦਿਆਂ ਕੇਜਰੀਵਾਲ ਨੂੰ ਕਹੀਆਂ ਇਹ 9 ਗੱਲਾਂ

ਤਸਵੀਰ ਸਰੋਤ, SUKHPAL KHIARA /FB
ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਖਹਿਰਾ ਹਲਕਾ ਭੁਲੱਥ ਤੋਂ ਵਿਧਾਇਕ ਹਨ।
ਅਰਵਿੰਦ ਕੇਜਰੀਵਾਲ ਨੂੰ ਲਿਖੇ ਅਸਤੀਫੇ ਵਿੱਚ ਖਹਿਰਾ ਨੇ ਕਿਹਾ, ''ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਲ਼ਈ ਮੈਂ ਮਜ਼ਬੂਰ ਹਾਂ ਕਿਉਂਕੀ ਪਾਰਟੀ ਆਪਣੀ ਵਿਚਾਰਧਾਰਾ ਤੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ।''
''ਦੇਸ ਦੇ ਜਿਨ੍ਹਾਂ ਸਿਆਸੀ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਉੱਭਰੀ ਸੀ ਤਾਂ ਮੈਂ ਵੀ ਹੋਰ ਲੋਕਾਂ ਵਾਂਗ ਪ੍ਰਭਾਵਿਤ ਹੋ ਕੇ ਪਾਰਟੀ ਜੁਆਇਨ ਕੀਤੀ ਤਾਂ ਜੋ ਪੰਜਾਬ ਦੇ ਹਾਲਾਤ ਸੁਧਾਰੇ ਜਾ ਸਕਣ।''
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਂ ਲਿਖੇ ਅਸਤੀਫੇ ਵਿੱਚ ਉਨ੍ਹਾਂ ਇਹ 9 ਗੱਲਾਂ ਲਿਖੀਆਂ।
- ਪਾਰਟੀ ਦੀ ਕਾਰਜਸ਼ੈਲੀ ਹੋਰਨਾ ਸਿਆਸੀ ਪਾਰਟੀਆਂ ਨਾਲੋਂ ਵੱਖ ਨਹੀਂ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਗੱਲ ਪੁਖਤਾ ਹੋ ਗਈ ਕਿ ਪਾਰਟੀ ਅੰਦਰ ਕਿਸੇ ਤਰ੍ਹਾਂ ਦਾ ਲੋਕਤੰਤਰ ਨਹੀਂ ਹੈ। ਚੋਣਾਂ ਦੌਰਾਨ ਟਿਕਟਾਂ ਦੀ ਵੰਡ ਵੇਲੇ ਮੈਂ ਇਤਰਾਜ ਜਾਹਿਰ ਕੀਤੇ ਸਨ ਕਿਉਂਕਿ ਪੈਸੇ ਦਾ ਲੈਣ-ਦੇਣ ਤੇ ਪੱਖਪਾਤ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।
- ਤੁਸੀਂ ਉਨ੍ਹਾਂ ਅਹੁਦੇਦਾਰਾਂ ਦੀ ਗੱਲ ਸੁਣੀ ਜਿਨ੍ਹਾਂ ਨੂੰ ਤੁਸੀਂ ਪੰਜਾਬ ਚਲਾਉਣ ਲਈ ਨਿਯੁਕਤ ਕੀਤਾ ਸੀ ਅਤੇ ਪਾਰਟੀ ਵਲੰਟੀਅਰਾਂ ਦੀ ਨਹੀਂ ਸੁਣੀ ਗਈ।
- ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਨਾ ਦੇ ਕੇ ਤੁਸੀਂ ਅਕਸਰ ਲਗਾਏ ਜਾਂਦੇ ਇਨ੍ਹਾਂ ਇਲਜ਼ਾਮਾਂ ਨੂੰ ਪੁਖਤਾ ਕਰ ਦਿੱਤਾ ਕਿ ਜਿੱਤ ਉਪਰੰਤ ਕੋਈ ਬਾਹਰਲਾ ਵਿਅਕਤੀ ਪੰਜਾਬ ਚਲਾਵੇਗਾ, ਪਰ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪੰਜਾਬੀ ਕਿਸੇ ਬਾਹਰੀ ਵਿਅਕਤੀ ਦੀ ਈਨ ਨਹੀਂ ਮੰਨਦੇ।
- 100 ਸੀਟਾਂ ਜਿੱਤਣ ਦੇ ਦਾਅਵਿਆਂ ਦੇ ਬਾਵਜੂਦ ਪਾਰਟੀ ਨੂੰ 20 ਸੀਟਾਂ ਪ੍ਰਾਪਤ ਹੋਈਆਂ ਪਰ ਇਸ ਹਾਰ ਲਈ ਕਿਸੇ ਸ਼ਖਸ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਗਿਆ।

ਤਸਵੀਰ ਸਰੋਤ, Getty Images
- ਡਰੱਗਸ ਦੇ ਇਲਜ਼ਾਮਾਂ ਵਿੱਚ ਘਿਰੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਕੋਲੋਂ ਤੁਹਾਡੇ ਵੱਲੋਂ ਮੰਗੀ ਗਈ ਮਾਫੀ ਕਾਰਨ ਤੁਹਾਡੇ ਦੋਹਰੇ ਮਾਪਦੰਡਾਂ ਦਾ ਖੁਲਾਸਾ ਹੋ ਗਿਆ।
- ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਆਪਣੇ ਕੋਲ ਕਰਕੇ ਤੁਸੀਂ ਸਿਰਫ ਪਾਰਟੀ ਉੱਪਰ ਆਪਣਾ ਕਬਜ਼ਾ ਰੱਖਣ ਅਤੇ ਕਨਵੀਨਰ ਬਣੇ ਰਹਿਣ ਲਈ ਪਾਰਟੀ ਦੇ ਸੰਵਿਧਾਨ ਨੂੰ ਛਿੱਕੇ ਉੱਪਰ ਟੰਗ ਦਿੱਤਾ।
- ਕਾਂਗਰਸ ਨਾਲ ਮੁੜ-ਮੁੜ ਹੋ ਰਹੀ ਤੁਹਾਡੀ ਗੱਲਬਾਤ ਵੀ ਸਿਆਸੀ ਮੌਕਾਪ੍ਰਸਤੀ ਦੀ ਇੱਕ ਉਦਾਹਰਣ ਹੈ ਜਿਸਨੇ ਕਿ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
- ਤੁਹਾਡੇ ਤਾਨਾਸ਼ਾਹੀ ਵਤੀਰੇ ਦੇ ਨਤੀਜੇ ਵਜੋਂ ਪ੍ਰਸ਼ਾਂਤ ਭੂਸ਼ਨ ਤੋਂ ਲੈ ਕੇ ਹੋਰ ਪਾਰਟੀ ਦੇ ਲੀਡਰ ਪਾਰਟੀ ਛੱਡ ਗਏ ਹਨ ਜਾਂ ਤੁਸੀਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਹੈ। ਮੈਂ ਸਾਫ ਸੁਥਰੇ ਸਿਆਸੀ ਬਦਲ ਦੇ ਸੁਪਨੇ ਨਾਲ ਪੰਜਾਬ ਵਿੱਚ ਬਦਲਾਅ ਦਾ ਆਸਵੰਦ ਹਾਂ ਜੋ ਕਿ ਤੁਹਾਡੇ ਮੁਕੰਮਲ ਕੇਂਦਰੀਕਰਨ ਵਾਲੇ ਹਾਈ ਕਮਾਂਡ ਕਲਚਰ ਦਾ ਹਿੱਸਾ ਰਹਿ ਕੇ ਪੂਰਾ ਨਹੀਂ ਹੋਣਾ।
- ਭਾਵੇਂ ਕਿ ਤੁਸੀਂ ਸਾਡੇ ਚੰਗੇ ਕੰਮਾਂ ਦਾ ਇਨਾਮ ਦੇ ਕੇ ਕੰਵਰ ਸੰਧੂ ਤੇ ਮੈਨੂੰ ਪਾਰਟੀ ਵਿੱਚੋਂ ਸਸਪੈਂਡ ਕਰ ਚੁੱਕੇ ਹੋ ਪਰੰਤੂ ਹੁਣ ਮੈਂ ਆਪ ਨਾਲੋਂ ਨਾਤਾ ਮੁਕੰਮਲ ਤੌਰ ਉੱਪਰ ਤੋੜਣ ਲੲਈ ਮਜਬੂਰ ਹਾਂ
ਬਾਗੀ ਸੁਰਾਂ ਕਾਰਨ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਵਜੋਂ ਸੁਖਪਾਲ ਖਹਿਰਾ ਦੀ ਛੁੱਟੀ ਕਰ ਦਿੱਤੀ ਸੀ ।
ਪਾਰਟੀ ਨੇ ਵਿਧਾਨ ਸਭਾ ਹਲਕਾ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਥਾਪਿਆ ਸੀ ਜਿਸ ਮਗਰੋਂ ਖਹਿਰਾ ਦਾ ਪਾਰਟੀ ਹਾਈ ਕਮਾਨ ਖਿਲਾਫ ਖੁੱਲ੍ਹ ਕੇ ਮੈਦਾਨ ਵਿੱਚ ਆ ਗਏ ਸਨ।
'ਖਹਿਰਾ ਮੁੜ ਕੇ ਫੈਸਲੇ ਬਾਰੇ ਸੋਚਣ'
ਆਮ ਆਦਮੀ ਪਾਰਟੀ ਦੇ ਕੋ-ਕਨਵੀਨਰ ਡਾ. ਬਲਬੀਰ ਨੇ ਕਿਹਾ, ''ਖਹਿਰਾ ਆਪਣੇ ਅਸਤੀਫੇ ਬਾਰੇ ਮੁੜ ਕੇ ਸੋਚਣ ਜੇਕਰ ਕੋਈ ਗੱਲ ਕਰਨੀ ਹੈ ਤਾਂ ਪਾਰਟੀ ਮੰਚ 'ਤੇ ਆਪਣੀ ਗੱਲ ਕਰਨ।''
ਪਟਿਆਲਾ ਤੋਂ ਸਾਂਸਦ ਤੇ ਆਮ ਆਦਮੀ ਪਾਰਟੀ ਤੋਂ ਬਾਕੀ ਨੇਤਾ ਧਰਮਵੀਰ ਗਾਂਧੀ ਨੇ ਕਿਹਾ, ਖਹਿਰਾ ਨੇ ਸਹੀ ਕਦਮ ਚੁੱਕਿਆ ਹੈ। ਖਹਿਰਾ ਵੱਲੋਂ ਪਾਰਟੀ ਗਠਨ ਕਰਨ ਦਾ ਰਾਹ ਪੱਧਰਾ ਹੋਇਆ ਹੈ ਅਤੇ ਇਹ ਪੰਜਾਬ ਦੀ ਸਿਆਸਤ ਵਾਸਤੇ ਚੰਗਾ ਕਦਮ ਹੋਵੇਗਾ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਪਾਰਟੀ ਆਪਣੇ ਸਿਧਾਂਤਾ ਤੋਂ ਭਟਕ ਚੁੱਕੀ ਹੈ। ਜੇਕਰ ਇਕੱਠੇ ਆਉਣ ਦੀ ਲੋੜ ਹੋਈ ਤਾਂ ਅਸੀਂ ਆਵਾਂਗੇ।''
ਇਹ ਵੀ ਪੜ੍ਹੋ

ਤਸਵੀਰ ਸਰੋਤ, SUKHPAL SINGH KHAIRA/FB
AAP 'ਚੋਂ ਪਹਿਲਾਂ ਹੀ ਕੀਤੇ ਜਾ ਚੁੱਕੇ ਸਨ ਸਸਪੈਂਡ
ਨਵੰਬਰ ਵਿੱਚ ਆਮ ਆਦਮੀ ਪਾਰਟੀ ਨੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ।
ਆਮ ਆਦਮੀ ਪਾਰਟੀ ਦੀ ਪੰਜਾਬ ਦੀ ਕੋਰ ਕਮੇਟੀ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਇਹ ਕਿਹਾ ਗਿਆ ਸੀ, ''ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਰਹੇ ਹਨ ਤੇ ਲਗਾਤਾਰ ਕੇਂਦਰੀ ਅਤੇ ਸੂਬਾ ਲੀਡਰਸ਼ਿਪ 'ਤੇ ਸ਼ਬਦੀ ਹਮਲੇ ਕਰਦੇ ਰਹੇ ਹਨ।''
''ਕਿਸੇ ਵੀ ਪੱਧਰ 'ਤੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਆਗੂਆਂ ਅਤੇ ਵਲੰਟੀਅਰਾਂ ਨੂੰ ਪਾਰਟੀ ਦੁਆਰਾ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।''
ਪਾਰਟੀ ਤੋਂ ਸਸਪੈਂਡ ਕੀਤੇ ਜਾਣ ਮਗਰੋਂ ਸੁਖਪਾਲ ਸਿੰਘ ਖਹਿਰਾ ਵੀ ਸਾਹਮਣੇ ਆਏ ਤੇ ਉਨ੍ਹਾਂ ਕਿਹਾ ਸੀ, ''ਇਹ ਸਾਡੇ ਖਿਲਾਫ ਵੱਡੇ ਪੱਧਰ 'ਤੇ ਸਾਜਿਸ਼ ਹੈ। ਦਿੱਲੀ ਦੇ ਲੀਡਰਾਂ ਨੂੰ ਆਜਾਦ ਆਵਾਜ਼ ਪਸੰਦ ਨਹੀਂ ਸੀ। ਮੈਂ ਪੰਜਾਬ ਦੇ ਮੁੱਦੇ ਚੁੱਕੇ ਜੋ ਦਿੱਲੀ ਦੇ ਆਗੂਆਂ ਨੂੰ ਪਸੰਦ ਹੀ ਨਹੀਂ ਸਨ।''
ਖਹਿਰਾ ਧੜ੍ਹੇ ਦੀਆਂ ਸ਼ਰਤਾਂ ਕੀ ਸਨ
- ਸੂਬੇ ਦੀ ਇਕਾਈ ਨੂੰ ਮੁਕੰਮਲ ਖੁਦਮੁਖਤਿਆਰੀ ਮਿਲੇ , ਮਾਨ ਧੜ੍ਹੇ ਦਾ ਦਾਅਵਾ ਹੈ ਕਿ ਕੋਰ ਕਮੇਟੀ ਦੇ ਗਠਨ ਇਸੇ ਲਈ ਕੀਤਾ ਗਿਆ
- ਸਾਰਾ ਜਥੇਬੰਦਕ ਢਾਂਚਾ ਭੰਗ ਕੀਤਾ ਜਾਵੇ ਅਤੇ ਇਹ ਨਵੇਂ ਸਿਰਿਓ ਗਠਿਤ ਹੋਵੇ
- ਸੁਖਪਾਲ ਸਿੰਘ ਖਹਿਰਾ ਦਾ ਕਦ ਹੁਣ ਵਧ ਗਿਆ ਹੈ, ਉਨ੍ਹਾਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਜਾਵੇ
- ਹਰਪਾਲ ਚੀਮਾ ਨੂੰ ਵਿਰੋਧੀ ਧਿਰ ਆਗੂ ਦੇ ਅਹੁਦੇ ਤੋਂ ਹਟਾਇਆ ਜਾਵੇ ਤੇ ਦੁਬਾਰਾ ਚੋਣ ਕਰਵਾਈ ਜਾਵੇ
- ਕੰਵਰ ਸੰਧੂ ਨੂੰ ਐਨਆਰਆਈ ਸੈੱਲ ਦਾ ਪ੍ਰਧਾਨ ਬਣਾਇਆ ਜਾਵੇ
ਕਾਨੂੰਨ ਕੀ ਕਹਿੰਦਾ ਹੈ?
ਸੀਨੀਅਰ ਵਕੀਲ ਸਤਪਾਲ ਜੈਨ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਜੇ ਕੋਈ ਵਿਧਾਇਕ ਆਪਣੀ ਪਾਰਟੀ ਤੋਂ ਅਸਤੀਫਾ ਦਿੰਦਾ ਹੈ ਅਤੇ ਕੋਈ ਹੋਰ ਪਾਰਟੀ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ।''
"ਪਰ ਇਸ ਬਾਰੇ ਫੈਸਲਾ ਲੈਣ ਦਾ ਪੂਰਾ ਹੱਕ ਸਪੀਕਰ ਕੋਲ ਹੁੰਦਾ ਹੈ। ਸਪੀਕਰ ਵੀ ਇਸ ਬਾਰੇ ਐਕਸ਼ਨ ਤਾਂ ਹੀ ਲੈ ਸਕਦਾ ਹੈ ਜਦੋਂ ਉਸ ਕੋਲ ਪਟੀਸ਼ਨ ਪਾਈ ਜਾਵੇ। ਪਟੀਸ਼ਨ ਪਾਉਣ ਤੋਂ ਬਾਅਦ ਸਪੀਕਰ ਉਸ 'ਤੇ ਕਾਰਵਾਈ ਕਰਦਾ ਹੈ।''
"ਜੇ ਅਸਤੀਫਾ ਦੇਣ ਵਾਲਾ ਵਿਧਾਇਕ ਕੋਈ ਨਵੀਂ ਪਾਰਟੀ ਬਣਾਉਂਦਾ ਹੈ ਤਾਂ ਉਸ ਨੂੰ ਸਾਫ਼ ਕਰਨਾ ਪਵੇਗਾ ਕਿ ਉਹ ਪਾਰਟੀ ਉਸ ਦੀ ਪੁਰਾਣੀ ਪਾਰਟੀ ਦਾ ਹਿੱਸਾ ਹੈ ਜਾਂ ਨਹੀਂ।''












