ਕਸ਼ਮੀਰ ਦਾ ਭਾਰਤ 'ਚ ਰਲੇਵਾਂ 70 ਸਾਲ ਬਾਅਦ ਵੀ ਵਿਵਾਦਤ ਕਿਵੇਂ ਹੈ?
- ਲੇਖਕ, ਆਮਿਰ ਪੀਰਜ਼ਾਦਾ
- ਰੋਲ, ਪੱਤਰਕਾਰ, ਬੀਬੀਸੀ
ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਜੰਮੂ ਤੇ ਕਸ਼ਮੀਰ ਰਿਆਸਤ ਨੇ ਦੇਖੋ ਤੇ ਉਡੀਕੋ ਦੀ ਨੀਤੀ ਅਪਣਾਈ, ਇਹ ਆਪਣਾ ਖੁਦਮੁਖਤਿਆਰ ਖਾਸਾ ਕਾਇਮ ਰੱਖਣਾ ਚਾਹੁੰਦੀ ਸੀ ਪਰ ਛੇਤੀ ਹੀ ਹਾਲਾਤ ਨੇ ਇਸ ਨੂੰ ਇੱਕ ਧਿਰ ਨਾਲ ਖੜਨ ਲਈ ਮਜ਼ਬੂਰ ਕਰ ਦਿੱਤਾ ।
ਬੀਬੀਸੀ ਦੇ ਆਮਿਰ ਪੀਰਜ਼ਾਦਾ ਵਾਦੀ 'ਚ ਉਸ ਵੇਲੇ ਦੀਆਂ ਕੁਝ ਕਹਾਣੀਆਂ ਜਾਣਨ ਲਈ ਪਹੁੰਚੇ। ਕਿਵੇਂ 70 ਸਾਲਾਂ ਬਾਅਦ ਵੀ ਇਹ ਰਲੇਵਾਂ ਵਿਵਾਦ ਦਾ ਮੁੱਦਾ ਬਣਿਆ ਹੋਇਆ ਹੈ।

ਤਸਵੀਰ ਸਰੋਤ, Keystone-France
ਅਕਤੂਬਰ, 1947 'ਚ ਮੁਹੰਮਦ ਸੁਲਤਾਨ ਠੱਕਰ 15 ਸਾਲ ਦੇ ਸਨ। ਉਹ ਉੜੀ ਦੇ ਮੋਹੂਰਾ ਹਾਈਡਰੋਇਲੈਕਟ੍ਰਿਕ ਪਾਵਰ ਸਟਾਸ਼ਨ 'ਤੇ ਕੰਮ ਕਰਦੇ ਸੀ।
ਜੰਮੂ-ਕਸ਼ਮੀਰ ਵਿੱਚ ਇਹ ਇੱਕੋ ਬਿਜਲੀ ਦਾ ਸਟੇਸ਼ਨ ਸੀ, ਜਿੱਥੋਂ ਪੂਰੇ ਸ੍ਰੀਨਗਰ ਵਿੱਚ ਬਿਜਲੀ ਦੀ ਸਪਲਾਈ ਹੁੰਦੀ ਸੀ।
ਉਨ੍ਹਾਂ ਨੂੰ ਯਾਦ ਹੈ ਕਿਵੇਂ ਪਾਕਿਸਤਾਨ ਦੇ ਪਸ਼ਤੂਨ ਕਬਾਇਲੀਆਂ ਨੇ ਹਮਲਾ ਕੀਤਾ। ਉਹ ਉਰਦੂ ਦੇ ਸ਼ਬਦ 'ਕਬਾਇਲੀ' ਦਾ ਇਸਤੇਮਾਲ ਕਰਦੇ ਹਨ।

ਤਸਵੀਰ ਸਰੋਤ, Faisal H. Bhat
ਉਨ੍ਹਾਂ ਦੱਸਿਆ, "ਮਹਾਰਾਜਾ ਦੀ ਫ਼ੌਜ ਉੜੀ ਤੋਂ ਮੁੜੀ ਤੇ ਮੋਹੂਰਾ ਪਹੁੰਚੀ।"
"ਉਹ ਕਬਾਇਲੀਆਂ ਨਾਲ ਲੜੇ। ਉਨ੍ਹਾਂ ਨੇ ਬੰਕਰ ਬਣਾਏ। ਕਬਾਇਲੀ ਜੰਗਲ ਤੋਂ ਆਉਂਦੇ ਸਨ। ਕਬੀਲਿਆਂ ਦੇ ਲੋਕ ਹਮਲੇ ਕਰ ਰਹੇ ਸਨ ਫਿਰ ਮਹਾਰਾਜਾ ਦੀ ਫ਼ੌਜ ਭੱਜ ਗਈ।"
ਮੁਹੰਮਦ ਸੁਲਤਾਨ ਠੱਕਰ ਨੇ ਕਿਹਾ ਕਿ ਕਬਾਇਲੀ 'ਲੁਟੇਰੇ' ਸਨ।
ਉਨ੍ਹਾਂ ਦੱਸਿਆ ਕਿ ਕਿਵੇਂ ਉਹ ਜੰਗਲ ਵਿੱਚ ਭੱਜ ਗਏ ਤੇ ਉੱਥੇ 5 ਤੋਂ 8 ਦਿਨ ਰੁਕੇ।
"ਅਸੀਂ ਡਰ ਗਏ ਸੀ। ਕੋਈ ਵੀ ਸਾਨੂੰ ਮਾਰ ਸਕਦਾ ਸੀ। ਤਾਂ ਹੀ ਅਸੀਂ ਲੁਕ ਗਏ।"
ਵਿਦੇਸ਼ੀ ਹੱਥ
ਕੀ ਪਾਕਿਸਤਾਨੀ ਕਬਾਇਲੀ ਹਮਲਾਵਰ ਸਨ ਜਾਂ ਉਹ ਆਪਣੇ ਮੁਸਲਮਾਨ ਭਾਰਵਾਂ ਨੂੰ ਬਚਾਉਣ ਲੱਗੇ ਹੋਏ ਸਨ।
ਜੰਮੂ-ਕਸ਼ਮੀਰ ਮੁਸਲਮਾਨਾਂ ਦਾ ਗੜ੍ਹ ਸੀ, ਹਾਲਾਂਕਿ ਇਸ 'ਤੇ ਇੱਕ ਹਿੰਦੂ ਮਹਾਰਾਜ ਹਰੀ ਸਿੰਘ ਰਾਜ ਕਰਦੇ ਸਨ।
1930 ਤੋਂ ਬਾਅਦ ਮੁਸਲਮਾਨਾਂ 'ਚ ਹੱਕਾਂ ਲਈ ਰੋਸ ਵਧਣ ਲੱਗਾ ਸੀ। ਇਹ ਸੂਬਾ ਵੀ ਅਗਸਤ 1947 ਦੀ ਵੰਡ ਦੌਰਾਨ ਹੋਈ ਹਿੰਸਾ ਤੋਂ ਬਚ ਨਹੀਂ ਸਕਿਆ।
ਮੁਸਲਮਾਨਾਂ ਦਾ ਵਿਰੋਧ
ਪੰਜਾਬ ਤੋਂ ਹਿੰਦੂ ਕੇ ਜੰਮੂ ਗਏ ਤੇ ਆਪਣੀਆਂ ਦਰਦਨਾਕ ਖ਼ੂਨੀ ਤੇ ਬਲਾਤਕਾਰ ਦੀਆਂ ਕਹਾਣੀਆਂ ਬਿਆਨ ਕੀਤੀਆਂ।
ਜੰਮੂ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਮੁਸਲਮਾਨ ਗੁਆਂਢੀਆਂ ਦੇ ਵਿਰੁੱਧ ਹੋ ਗਏ।
ਇਤਿਹਾਸਕਾਰ ਡਾ. ਅਬਦੁਲ ਅਹਦ, ਜਿੰਨ੍ਹਾਂ ਨੇ ਕਸ਼ਮੀਰ ਸਰਕਾਰ ਵਿੱਚ ਕਈ ਅਹਿਮ ਭੂਮਿਕਾਵਾਂ ਨਿਭਾਈਆਂ ਹਨ, ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਆਏ ਪਸ਼ਤੂਨ ਕਬਾਇਲੀ ਲੋਕ ਮਦਦ ਲਈ ਆਏ ਸਨ, ਹਾਲਾਂਕਿ ਉਸ ਵਿੱਚ ਕੁਝ ਸ਼ਰਾਰਤੀ ਤੱਤ ਵੀ ਸਨ।
"ਪਾਕਿਸਤਾਨ ਦੇ ਮੁਜਾਹੀਦੀਨ, ਕਬਾਇਲੀ ਜਿਵੇਂ ਕਿ ਫ਼ਰੀਦੀ, ਪਠਾਨ, ਪੇਸ਼ਾਵਰੀ ਇਸ ਅਜ਼ਾਦ ਸਰਕਾਰ ਨੂੰ ਸਥਿਰ ਕਰਨ ਲਈ ਆਏ ਸਨ, ਜੋ ਕਿ ਪੁੰਛ ਤੇ ਮੁਜ਼ੱਫਰਾਬਾਦ ਦੇ ਲੋਕਾਂ ਵੱਲੋਂ ਐਲਾਨੀ ਜਾ ਚੁੱਕੀ ਸੀ।"
ਪ੍ਰੋ. ਸਾਦਿਕ ਵਾਹਿਦ ਸਹਿਮਤ ਹਨ ਕਿ ਕਬਾਇਲੀ ਹਮਲਾ ਜੰਮੂ ਵਿੱਚ ਬੇਚੈਨੀ ਦਾ ਨਤੀਜਾ ਸੀ।
"ਪਾਕਿਸਤਾਨ ਘਬਰਾ ਗਿਆ ਤੇ ਉਨ੍ਹਾਂ ਨੇ ਸਿਵਲ ਜਾਂ ਪਠਾਣਾਂ ਦੇ ਰੂਪ ਵਿੱਚ ਫ਼ੌਜ ਭੇਜ ਦਿੱਤੀ ਪਰ ਸਥਿਤੀ ਹਾਲੇ ਵੀ ਸਪਸ਼ਟ ਨਹੀਂ ਹੈ।"
ਇੱਕ ਇਸਾਈ ਪਰਿਵਾਰ ਦਾ ਕਤਲ
ਉਨ੍ਹਾਂ 27 ਅਕਤੂਬਰ, 1947 ਨੂੰ ਬਾਰਾਮੂਲਾ 'ਚ ਸੇਂਟ ਜੋਸਫ਼ ਕਾਨਵੈਂਟ ਅਤੇ ਹਸਪਤਾਲ 'ਤੇ ਹਮਲਾ ਕੀਤਾ।
ਇਹ ਉੱਤਰੀ ਕਸ਼ਮੀਰ ਵਿੱਚ ਇੱਕੋ ਚੌਕੀ ਸੀ।

ਸਿਸਟਰ ਐਮੀਲੀਆ ਬਚ ਗਈ ਅਤੇ ਹੁਣ ਵੀ ਜ਼ਿੰਦਾ ਹੈ। ਸਿਸਟਰ ਸਿਲੈਸਟਿਨਾ 1987 ਵਿੱਚ ਕਾਨਵੈਂਟ ਆਈ ਸੀ।
ਸਿਸਟਰ ਸਿਲੈਸਟਿਨਾ ਐਮੀਲੀਆ ਨੂੰ ਯਾਦ ਕਰਦੀ ਹੋਏ ਕਹਿੰਦੀ ਹੈ, "ਕਬਾਇਲੀ ਛਾਪੇਮਾਰੀ ਦੌਰਾਨ ਕਈ ਲੋਕ ਮਾਰੇ ਗਏ ਸਨ।"
ਫਰੈਂਸਿਸਕਨ ਮਿਸ਼ਨਰੀ ਦੀ ਨਨ ਨੇ ਕਿਹਾ, "ਸਿਸਟਰ ਟੈਰੇਸਾਲੀਨਾ ਨੂੰ ਬਰੇਟੋ, ਕਰਨਲ ਡਾਈਕਸ, ਉਨ੍ਹਾਂ ਦੀ ਪਤਨੀ ਤੇ ਨਰਸ ਫਿਲੋਮੀਨਾ ਸਣੇ ਗੋਲੀ ਮਾਰ ਦਿੱਤੀ ਗਈ।"
ਮੋਤੀਆ ਦੇਵੀ ਕਪੂਰ ਨਾਂ ਦੀ ਇੱਕ ਮਰੀਜ਼ ਦਾ ਵੀ ਹਸਪਤਾਲ 'ਚ ਕਤਲ ਕਰ ਦਿੱਤਾ ਗਿਆ।
ਇਹ ਮੰਨਿਆ ਜਾਂਦਾ ਹੈ ਕਿ ਕਬਾਇਲੀਆਂ ਨੂੰ ਪਾਕਸਿਤਾਨੀ ਫ਼ੌਜ ਦਾ ਅੰਦਰਖਾਤੇ ਸਮਰਥਨ ਹਾਸਿਲ ਸੀ।
ਬਾਰਾਮੂਲਾ ਤੋਂ ਬਾਅਦ ਉਨ੍ਹਾਂ ਦਾ ਅਗਲਾ ਨਿਸ਼ਾਨਾ ਸ੍ਰੀਨਗਰ ਤੇ ਇਸ ਦਾ ਹਵਾਈ ਅੱਡਾ ਸ਼ਾਮਿਲ ਸੀ।
ਭਾਰਤ ਦੇ ਸ਼ਹੀਦ
ਇੱਕ ਨੌਜਵਾਨ ਨੇ ਪਾਕਿਸਤਾਨੀਆਂ ਨੂੰ ਥੋੜਾ ਚਿਰ ਰੋਕਣ 'ਚ ਅਹਿਮ ਭੂਮਿਕਾ ਨਿਭਾਈ।
ਮੁਹੰਮਦ ਮਕਬੂਲ ਸ਼ੇਰਵਾਨੀ ਸਿਰਫ਼ 19 ਸਾਲਾਂ ਦਾ ਸੀ।
ਉਹ ਮੋਟਰਸਾਈਕਲ 'ਤੇ ਬਾਰਾਮੂਲਾ ਪਹੁੰਚਿਆ ਤੇ ਕਬਾਇਲੀਆਂ ਨੂੰ ਦੱਸਿਆ ਕਿ ਭਾਰਤੀ ਫ਼ੌਜ ਪਹਿਲਾਂ ਹੀ ਸ੍ਰੀਨਗਰ ਪਹੁੰਚ ਚੁੱਕੀ ਹੈ ਤੇ ਸਰਹੱਦ 'ਤੇ ਹੀ ਹੈ।
ਉਨ੍ਹਾਂ ਨੂੰ ਰੋਕਣ ਲਈ ਇੰਨਾਂ ਹੀ ਕਾਫ਼ੀ ਸੀ। ਭਾਰਤੀ ਫ਼ੌਜ ਸ੍ਰੀਨਗਰ ਵਿੱਚ 27 ਅਕਤੂਬਰ, 1947 ਨੂੰ ਪਹੁੰਚੀ ਤੇ ਲੜਾਈ ਦਾ ਜਵਾਬ ਦਿੱਤਾ।
ਜਦੋਂ ਕਬਾਇਲੀਆਂ ਨੂੰ ਦੋ ਲੋਕਾਂ ਦੀ ਫ਼ਰਜ਼ੀ ਸ਼ੇਰਵਾਨੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਉਸ ਨੂੰ ਸੂਲੀ ਤੇ ਚੜ੍ਹਾ ਦਿੱਤਾ।

ਤਸਵੀਰ ਸਰੋਤ, Faisal H. Bhat
ਸ਼ੇਰਵਾਨੀ ਦਾ ਭਾਰਤ ਸਰਕਾਰ ਵੱਲੋਂ 'ਸ਼ਹੀਦ' ਵਜੋਂ ਸਤਿਕਾਰ ਕੀਤਾ ਜਾਂਦਾ ਹੈ, ਪਰ ਕਸ਼ਮੀਰੀ ਉਸ ਨੂੰ ਨਫ਼ਰਤ ਭਰੀ ਨਜ਼ਰ ਨਾਲ ਦੇਖਦੇ ਹਨ।
ਉਸ ਦੇ ਪਰਿਵਾਰ ਨੇ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਕਸ਼ਮੀਰ ਦੀਆਂ ਮੁਸ਼ਕਿਲਾਂ ਜ਼ਾਹਿਰ ਹੁੰਦੀਆਂ ਹਨ।
ਕਸ਼ਮੀਰ ਮਾਮਲਿਆਂ ਦੇ ਮਾਹਿਰ ਡਾ. ਐਂਡਰਿਊ ਵਾਈਟਹੈੱਡ ਦਾ ਕਹਿਣਾ ਹੈ, "ਇਹ ਕਈ ਵਾਰੀ ਭੁਲਾ ਦਿੱਤਾ ਗਿਆ ਜਾਂ ਅਣਗੌਲਿਆਂ ਕੀਤਾ ਗਿਆ, ਪਰ 70 ਸਾਲ ਪਹਿਲਾਂ ਕਸ਼ਮੀਰ ਵਿਚ ਸਮੂਹਿਕ ਲਾਮਬੰਦੀ ਹੋਈ ਸੀ। "
"ਹਜ਼ਾਰਾਂ ਲੋਕ ਸ੍ਰੀਨਗਰ ਦੀਆਂ ਸੜਕਾਂ 'ਤੇ ਉਤਰੇ। ਉਹ ਮਹਾਰਾਜਾ ਦੇ ਵਿਰੋਧ ਵਿੱਚ ਮੁਜ਼ਾਹਰਾ ਕਰ ਰਹੇ ਸਨ। ਉਹ ਕਸ਼ਮੀਰੀ ਰਾਸ਼ਟਰਵਾਦੀ ਆਗੂ ਸ਼ੇਖ ਅਬਦੁੱਲਾ ਤੇ ਭਾਰਤੀ ਹਕੂਮਤ ਦੇ ਸਮਰਥਨ 'ਚ ਸੀ।"
ਭੀਮ ਸਿੰਘ ਸ਼ਾਹੀ ਡੋਗਰਾ ਪਰਿਵਾਰ ਨਾਲ ਸਬੰਧ ਰੱਖਦਾ ਹੈ, ਜਿਸ ਨੇ ਕਦੇ ਜੰਮੂ-ਕਸ਼ਮੀਰ 'ਤੇ ਰਾਜ ਕੀਤਾ।

ਤਸਵੀਰ ਸਰੋਤ, Keystone Features
ਉਨ੍ਹਾਂ ਕਿਹਾ, "ਮਹਾਰਾਜਾ ਹਰੀ ਸਿੰਘ ਧਮਕੀ ਮਿਲਣ 'ਤੇ ਭਾਰਤ 'ਚ ਸ਼ਾਮਿਲ ਹੋ ਗਏ ਸੀ।"
"ਮਹਾਰਾਜਾ ਜੰਮੂ-ਕਸ਼ਮੀਰ ਦੇ ਸਾਂਝੇ ਸੱਭਿਆਚਾਰ ਨੂੰ ਜਾਣਦੇ ਸਨ। ਉਹ ਭਾਰਤ ਦੇ ਸੰਯੁਕਤ ਸੱਭਿਆਚਾਰ ਨੂੰ ਵੀ ਜਾਣਦੇ ਸੀ। ਉਹ ਲੋਕਤੰਤਰ ਨੂੰ ਸਮਝਦੇ ਸਨ ਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਰਾਏ ਜਾਣਨਾ ਚਾਹੁੰਦੇ ਸਨ।"
ਕਸ਼ਮੀਰ 'ਚ ਬਹੁਤ ਲੋਕ ਮੰਨਦੇ ਹਨ ਕਿ ਭਾਰਤ 'ਚ ਸ਼ਮੂਲੀਅਤ ਇੱਕ 'ਬਚਕਾਨਾ' ਕਦਮ ਸੀ। ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ।
ਡਾ. ਅਬਦੁਲ ਅਹਦ ਦਾ ਕਹਿਣਾ ਹੈ, "ਕਸ਼ਮੀਰ ਝੂਠੇ ਤੇ ਜਾਅਲੀ ਦਖ਼ਲ ਦੇ ਨਾਲ ਭਾਰਤ ਦਾ ਜਬਰੀ ਹਿੱਸਾ ਬਣਿਆ। ਲੋਕ ਇਸ ਸ਼ਮੂਲੀਅਤ ਦੇ ਹੱਕ ਵਿੱਚ ਨਹੀਂ ਸਨ। ਇੱਕ ਛੋਟਾ ਜਿਹਾ ਹਿੱਸਾ ਸੀ ਜਿਸ ਨੇ ਸ਼ੇਖ ਅਬਦੁੱਲਾ ਦਾ ਸਮਰਥਨ ਕੀਤਾ।"
ਡਾ. ਅਹਦ ਦਾ ਕਹਿਣਾ ਹੈ ਕਿ ਸ਼ੇਖ ਅਬਦੁੱਲਾ ਨੇ 'ਕਸ਼ਮੀਰ ਦਾ ਸੁਲਤਾਨ' ਬਣਨ ਲਈ ਭਾਰਤ ਸਰਕਾਰ ਨਾਲ ਹੱਥ ਮਿਲਾ ਲਿਆ।
ਪ੍ਰੋ. ਸਾਦਿਕ ਦਾ ਕਹਿਣਾ ਹੈ ਕਿ ਹਾਲਾਤ ਹੋਰ ਨਾਜ਼ੁਕ ਸਨ।
"ਮੈਨੂੰ ਲੱਗਦਾ ਹੈ ਕਿ ਇੱਕ ਵੱਡਾ ਹਿੱਸਾ ਖੁਸ਼ ਸੀ ਕਿਉਂਕਿ ਉਹ ਸ਼ੇਖ ਅਬਦੁੱਲਾ ਦੇ ਨਾਲ ਸਨ। ਉਹ ਉਸ ਵੇਲੇ ਦਿੱਤੇ ਜਾ ਰਹੇ ਭਰੋਸੇ ਤੋਂ ਸੰਤੁਸ਼ਟ ਸਨ।"
"ਮੈਨੂੰ ਲੱਗਦਾ ਹੈ ਕਿ ਇੱਕ ਵੱਡਾ ਹਿੱਸਾ ਨਾਖੁਸ਼ ਵੀ ਸੀ, ਪਰ ਉਹ ਕੁਝ ਬੋਲ ਨਾ ਸਕੇ।"
ਵਿਵਾਦਤ ਇਤਿਹਾਸ
ਕਸ਼ਮੀਰ 'ਤੇ ਕਬਜ਼ਾ ਕਦੋਂ ਹੋਇਆ ਤੇ ਕਿਸ ਨੇ ਦਸਤਾਵੇਜ 'ਤੇ ਹਸਤਾਖਰ ਕੀਤੇ ਇਹ ਵਿਵਾਦ ਦਾ ਵਿਸ਼ਾ ਹੈ।
26 ਅਕਤੂਬਰ ਨੂੰ ਮਹਾਰਾਜ ਹਰੀ ਸਿੰਘ ਨੇ ਜੰਮੂ ਸਥਿਤ ਆਪਣੇ ਮਹਿਲ ਵਿੱਚ ਹਸਤਾਖਰ ਕੀਤੇ, ਪਰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨੁੰਮਾਇਦੇ ਵੀਪੀ ਮੈਨਨ 27 ਅਕਤੂਬਰ 1947 ਨੂੰ ਜੰਮੂ ਪਹੁੰਚ ਸਕੇ।
ਫਿਰ 'ਕੱਚੇ' ਕਬਜ਼ੇ 'ਤੇ ਵੀ ਵਿਵਾਦ ਜਾਰੀ ਹੈ।
ਪ੍ਰੋ਼. ਵਾਹਿਦ ਦਾ ਕਹਿਣਾ ਹੈ, "ਇਹ ਸ਼ਮੂਲੀਅਤ ਇੱਕ ਸ਼ਰਤ 'ਤੇ ਹੋਈ ਸੀ ਕਿ ਮਹਾਰਾਜਾ ਜਿੰਨ੍ਹਾਂ ਕੋਲ ਸਾਰੇ ਅਧਿਕਾਰ ਸਨ, ਉਹ ਆਪਣੇ ਲੋਕਾਂ ਤੋਂ ਪੁੱਛਣਗੇ।"
ਪਰ ਭੀਮ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਦੀ ਰਾਏ ਮਹਾਰਾਜਾ ਵੱਲੋਂ ਸਥਾਪਿਤ ਸੰਸਦ ਰਾਹੀਂ ਪੇਸ਼ ਕੀਤੀ ਜਾ ਚੁੱਕੀ ਸੀ।
ਪ੍ਰੋ. ਵਾਹਿਦ ਦਾ ਕਹਿਣਾ ਹੈ, "ਤਿੰਨ ਖੇਤਰਾਂ ਦੇ ਥੋੜੇ ਅਧਿਕਾਰ ਦਿੱਤੇ ਗਏ ਸੀ। ਇਹ ਤਿੰਨ ਖੇਤਰ ਹਨ-ਰੱਖਿਆ, ਵਿਦੇਸ਼ੀ ਮਾਮਲੇ ਅਤੇ ਸੰਚਾਰ।"
ਮਹਾਰਾਜਾ ਜੰਮੂ-ਕਸ਼ਮੀਰ ਛੱਡ ਕੇ ਚਲੇ ਗਏ ਅਤੇ ਸ਼ੇਖ ਅਬਦੁੱਲਾ ਸੂਬੇ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ।

ਤਸਵੀਰ ਸਰੋਤ, Ahmer Khan
ਇਹ ਕੁਝ ਦੇਰ ਲਈ ਹੀ ਸੰਭਵ ਹੋਇਆ। ਸ਼ੇਖ ਦੇ ਕਿਸੇ ਵੇਲੇ ਦੋਸਤ ਰਹੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦੇਸ਼ਧ੍ਰੋਹ ਦੇ ਮਾਮਲੇ ਵਿੱਚ 1953 ਵਿੱਚ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਭਾਰਤ ਦਾ ਕਹਿਣਾ ਹੈ ਕਿ 'ਕਸ਼ਮੀਰ ਦਾ ਸ਼ੇਰ' ਅਜ਼ਾਦੀ ਵੱਲ ਵੱਧ ਰਿਹਾ ਸੀ।
ਸ੍ਰੀਨਗਰ ਦੇ ਵਿਦਿਆਰਥੀ ਮੰਨਦੇ ਹਨ ਕਿ ਅਕਤੂਬਰ, 1947 ਨੂੰ ਭਾਰਤ ਵਿੱਚ ਸ਼ਾਮਲ ਹੋਣਾ ਹੀ ਕਸ਼ਮੀਰ ਕੋਲ ਇੱਕ ਰਾਹ ਬਚਿਆ ਸੀ।
ਉਹ ਇਹ ਵੀ ਮੰਨਦੇ ਹਨ ਕਿ ਸਮਝੌਤੇ ਦੀਆਂ ਸ਼ਰਤਾਂ ਕਦੇ ਲਾਗੂ ਨਹੀਂ ਹੋਈਆਂ।
ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਰਾਏਸ਼ੁਮਾਰੀ ਦਾ ਵਾਅਦਾ ਕੀਤਾ ਸੀ, ਤਾਕਿ ਜੰਮੂ-ਕਸ਼ਮੀਰ ਦੇ ਲੋਕ ਫੈਸਲਾ ਕਰ ਸਕਣ, ਪਰ ਅਜਿਹਾ ਕਦੇ ਨਹੀਂ ਹੋਇਆ।
ਕਾਨੂੰਨ ਦੇ ਵਿਦਿਆਰਥੀ ਵਸੀਮ ਮੁਸਤਾਕ ਦਾ ਮੰਨਣਾ ਹੈ ਕਿ ਭਾਰਤ 'ਵਾਅਦਾਖਿਲਾਫ਼ੀ' ਦਾ ਦੋਸ਼ੀ ਹੈ ਅਤੇ ਪਾਕਿਸਤਾਨ ਵਿੱਚ ਸ਼ਾਮਿਲ ਹੋਣ ਤੋਂ ਇਲਾਵਾ ਕੋਈ ਰਾਹ ਨਹੀਂ ਬਚਿਆ।
ਬਿਜ਼ਨੈਸ ਵਿਦਿਆਰਥੀ ਫੈਜ਼ਾਮ ਇਸਲਾਮ ਦਾ ਮੰਨਣਾ ਹੈ, "ਹਾਲਾਂਕਿ ਭਾਰਤ ਨੇ ਫੌਜ ਦੇ ਜ਼ਰੀਏ 'ਅੱਤਵਾਦੀਆਂ' ਵਰਗਾ ਸਲੂਕ ਕੀਤਾ ਹੈ, ਪਰ ਕਸ਼ਮੀਰੀਆਂ ਦਾ ਦਿਲ ਦੁਬਾਰਾ ਜਿੱਤ ਸਕਦਾ ਹੈ।
ਭਾਰਤ ਨੂੰ ਕਸ਼ਮੀਰ ਦੇ ਲੋਕਾਂ ਤੱਕ ਪਹੁੰਚ ਕਰਨੀ ਪਏਗੀ ਤੇ ਚੰਗਾ ਵਿਹਾਰ ਰੱਖਣਾ ਪਏਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਤਿਹਾਸ ਕੀ ਰਿਹਾ ਹੈ ਤੇ ਕਿਸੇ ਨੇ ਕੀ ਕੀਤਾ। ਜੇ ਭਾਰਤ ਹਾਲਾਤ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਹੋ ਵੀ ਸਕਦਾ ਹੈ।"
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)














