'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ'

ਤਸਵੀਰ ਸਰੋਤ, BBC/Debalin Roy
- ਲੇਖਕ, ਸਿੰਧੂਵਾਸਿਨੀ
- ਰੋਲ, ਬੀਬੀਸੀ ਪੱਤਰਕਾਰ
'ਇਤਿਹਾਸ ਮੇਂ ਵੋ ਪਹਿਲੀ ਔਰਤ ਕੌਣ ਥੀ
ਮੈਂ ਨਹੀਂ ਜਾਨਤਾ
ਲੇਕਿਨ ਜੋ ਭੀ ਰਹੀ ਹੋ ਮੇਰੀ ਮਾਂ ਰਹੀ ਹੋਗੀ,
ਮੇਰੀ ਚਿੰਤਾ ਯੇ ਹੈ ਕਿ ਭਵਿਸ਼ਯ ਮੇਂ ਵੋ ਆਖ਼ਰੀ ਇਸਤਰੀ ਕੌਣ ਹੋਗੀ
ਜਿਸੇ ਸਭ ਸੇ ਅੰਤ ਮੇਂ ਜਲਾਇਆ ਜਾਏਗਾ?'
ਅੱਗ 'ਚ ਸਾੜ ਕੇ ਮਾਰ ਦਿੱਤੀ ਗਈ ਸੰਜਲੀ ਦੀ ਮਾਂ ਅਨੀਤਾ ਦੇ ਰੋਣ ਦੀ ਆਵਾਜ਼ ਸੁਣ ਕੇ ਰਮਾਸ਼ੰਕਰ 'ਵਿਦਰੋਹੀ' ਦੀ ਕਵਿਤਾ ਦੀਆਂ ਇਹ ਸਤਰਾਂ ਯਾਦ ਆ ਗਈਆਂ ਅਤੇ ਲੱਗਾ ਜਿਵੇਂ ਕੰਨਾਂ ਦੇ ਪਰਦੇ ਫਟਣ ਵਾਲੇ ਹਨ।
ਦਸੰਬਰ ਦਾ ਆਖ਼ਿਰੀ ਹਫ਼ਤਾ ਅਤੇ ਉੱਤਰ ਭਾਰਤ 'ਚ ਚੱਲ ਰਹੀਆਂ ਸ਼ੀਤ ਹਵਾਵਾਂ ਵੀ ਜਿਵੇਂ 15 ਸਾਲ ਦੀ ਸੰਜਲੀ ਦੀ ਮੌਤ ਦਾ ਮਰਸੀਆ ਪੜ੍ਹ ਰਹੀਆਂ ਹਨ।
ਸੰਜਲੀ ਉਹ ਕੁੜੀ ਹੈ, ਜਿਸ ਨੂੰ ਮੰਗਲਵਾਰ 18 ਦਸੰਬਰ ਨੂੰ ਆਗਰਾ ਦੇ ਕੋਲ ਮਲਪੁਰਾ ਮਾਰਗ 'ਤੇ ਜ਼ਿੰਦਾ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:
ਉਸ ਦੀ ਮਾਂ ਨੇ ਕਿਹਾ, "ਮਰਨ ਤੋਂ ਪਹਿਲਾਂ ਮੇਰੀ ਬੱਚੀ ਵਾਰ-ਵਾਰ ਕਹਿ ਰਹੀ ਸੀ ਮੰਮੀ ਖਾਣ ਨੂੰ ਦੇ ਦੋ, ਭੁੱਖ ਲੱਗੀ ਹੈ। ਪਾਣੀ ਪਿਆ ਦੋ, ਪਿਆਸ ਲੱਗੀ ਹੈ। ਪਰ ਡਾਕਟਰ ਨੇ ਮੈਨੂੰ ਖਾਣ-ਪਿਲਉਣ ਤੋਂ ਮਨ੍ਹਾਂ ਕੀਤਾ ਸੀ ਤਾਂ ਮੈਂ ਉਸ ਨੂੰ ਕੁਝ ਨਹੀਂ ਦੇ ਸਕੀ।"
ਅੱਗ 'ਚ ਝੁਲਸੀ ਅਤੇ ਭੁੱਖ-ਪਿਆਸ ਨਾਲ ਤੜਪਦੀ ਆਪਣੀ ਬੱਚੀ ਸੰਜਲੀ ਨੂੰ ਯਾਦ ਕਰਕੇ ਅਨੀਤਾ ਰੋ ਪੈਂਦੀ ਹੈ, ਕਹਿੰਦੀ ਹੈ, "ਮੇਰੀ ਵਿਚਾਰੀ ਧੀ ਭੁੱਖੀ-ਪਿਆਸੀ ਹੀ ਇਸ ਦੁਨੀਆਂ ਤੋਂ ਤੁਰ ਗਈ।"
ਤਾਜਨਗਰੀ ਆਗਰਾ 'ਚ ਇੱਕ ਪਾਸੇ ਜਿੱਥੇ ਕ੍ਰਿਸਮਸ ਤੋਂ ਪਹਿਲਾਂ ਦੀਆਂ ਰੌਣਕਾਂ ਦਿਖਾਈ ਦਿੱਤੀਆਂ ਉੱਥੇ ਹੀ ਇੱਥੋਂ ਮਹਿਜ਼ 15 ਕਿਲੋਮੀਟਰ ਦੂਰ ਲਾਲਊ ਪਿੰਡ ਦੀ ਜਾਟਵ ਬਸਤੀ 'ਚ ਮਾਤਮ ਛਾਇਆ ਹੋਇਆ ਸੀ।
'ਨਮਸਤੇ ਕਰਕੇ ਨਿਕਲੀ ਸੀ, ਵਾਪਸ ਨਹੀਂ ਆਈ'
ਸੰਜਲੀ ਦੀ ਮਾਂ ਦੀਆਂ ਅੱਖਾਂ ਹੇਠਾਂ ਕਾਲੇ ਘੇਰੇ ਉਭਰ ਆਏ ਹਨ। ਸ਼ਾਇਦ ਪਿਛਲੇ ਇੱਕ ਹਫ਼ਤੇ ਤੋਂ ਉਹ ਲਗਾਤਾਰ ਰੋ ਰਹੀ ਹੈ।
ਵਲੂੰਦਰੇ ਹੋਏ ਗਲੇ ਨਾਲ ਉਹ ਦੱਸਦੀ ਹੈ, "ਰੋਜ਼ ਵਾਂਗ ਹਾਸਿਆਂ ਭਰਿਆ ਦਿਨ ਸੀ। ਸੰਜਲੀ ਮੈਨੂੰ ਹਮੇਸ਼ਾ ਵਾਂਗ ਨਮਸਤੇ ਕਰਕੇ ਸਕੂਲ ਲਈ ਨਿਕਲੀ ਸੀ। ਕੀ ਪਤਾ ਸੀ ਵਾਪਸ ਨਹੀਂ ਆਵੇਗੀ...।"
18 ਦਸੰਬਰ ਨੂੰ ਦੁਪਹਿਰ ਕਰੀਬ ਡੇਢ ਵਜੇ ਹੋਣਗੇ। ਸੰਜਲੀ ਦੀ ਮਾਂ ਘਰ ਦੇ ਕੰਮਾਂ ਵਿੱਚ ਲੱਗੀ ਹੋਈ ਸੀ ਕਿ ਬਸਤੀ 'ਚੋਂ ਇੱਕ ਮੁੰਡਾ ਭੱਜਾ-ਭੱਜਾ ਆਇਆ ਅਤੇ ਬੋਲਿਆ, "ਸੰਜਲੀ ਨੂੰ ਕੁਝ ਲੋਕਾਂ ਨੇ ਅੱਗ ਲਗਾ ਦਿੱਤੀ ਹੈ, ਮੈਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬੁੱਝੀ। ਤੁਸੀਂ ਛੇਤੀ ਆਓ।"

ਤਸਵੀਰ ਸਰੋਤ, Debalin Roy/BBC
ਇਹ ਸੁਣ ਕੇ ਸੰਜਲੀ ਦੀ ਮਾਂ ਭੱਜਦੀ ਹੋਈ ਉੱਥੇ ਪਹੁੰਚੀ। ਉਹ ਕਹਿੰਦੀ ਹੈ, "ਜਾ ਕੇ ਦੇਖਿਆ ਤਾਂ ਮੇਰੀ ਧੀ ਤੜਪ ਰਹੀ ਸੀ। ਮੇਰੇ ਪਹੁੰਚਣ ਤੋਂ ਕੁਝ ਦੇਰ ਪਹਿਲਾਂ ਪੁਲਿਸ ਦੀ ਗੱਡੀ ਵੀ ਉੱਥੇ ਪਹੁੰਚ ਗਈ ਸੀ। ਅਸੀਂ ਉਸ ਨੂੰ ਪੁਲਿਸ ਦੀ ਗੱਡੀ 'ਚ ਲੈ ਕੇ ਐਸਐਮ ਹਸਪਤਾਲ ਪਹੁੰਚੇ।"
"ਮੈਂ ਛਾਤੀ ਨਾਲ ਲਾਏ ਗੱਡੀ 'ਚ ਬੈਠੀ ਸੀ। ਮੈਂ ਉਸ ਨੂੰ ਪੁੱਛਿਆ ਕਿਸ ਨੇ ਉਸ ਨਾਲ ਅਜਿਹਾ ਕੀਤਾ ਹੈ। ਉਸ ਨੇ ਬਸ ਇਹੀ ਕਿਹਾ ਕਿ ਹੈਲਮੇਟ ਪਹਿਣੇ ਲਾਲ ਬਾਈਕ 'ਤੇ ਦੋ ਲੋਕ ਆਏ ਸਨ, ਜਿਨ੍ਹਾਂ ਉਸ 'ਤੇ ਪੈਟ੍ਰੋਲ ਵਰਗੀ ਕੋਈ ਚੀਜ਼ ਛਿੜਕ ਕੇ ਅੱਗ ਲਗਾ ਦਿੱਤੀ ਤੇ ਫਿਰ ਟੋਏ 'ਚ ਸੁੱਟ ਦਿੱਤਾ।"
ਜਿਸ ਸੜਕ 'ਤੇ ਸੰਜਲੀ ਨੂੰ ਸਾੜਿਆ ਗਿਆ ਇਹ ਮਲਪੁਰਾ ਰੋਡ ਨੂੰ ਲਲਾਊ ਪਿੰਡ ਨਾਲ ਜੋੜਦੀ ਹੈ ਅਤੇ ਸੰਜਲੀ ਦਾ ਘਰ ਇੱਥੋਂ ਲਗਭਗ ਤਿੰਨ ਕਿਲੋਮੀਟਰ ਦੂਰ ਹੈ।
ਇਸ ਸੜਕ ਕੰਢੇ ਹੁਣ ਵੀ ਉੱਥੇ ਸੜੀਆਂ ਹੋਈਆਂ ਝਾੜੀਆਂ ਅਤੇ ਰਾਖ ਦਿਖਦੀ ਹੈ, ਜਿਨ੍ਹਾਂ ਵਿੱਚ ਸੰਜਲੀ ਨੂੰ ਧੱਕਾ ਮਾਰ ਕੇ ਸੁੱਟਿਆ ਗਿਆ ਸੀ।
ਹੈਰਨੀ ਦੀ ਗੱਲ ਹੈ ਕਿ ਇਹ ਕਾਰਾ ਸਿਖ਼ਰ ਦੁਪਹਿਰੇ ਵਾਪਰਿਆ, ਜਦੋਂ ਸੰਜਲੀ ਸਕੂਲ ਦੀ ਛੁੱਟੀ ਤੋਂ ਬਾਅਦ ਸਾਈਕਲ 'ਤੇ ਘਰ ਆ ਰਹੀ ਸੀ।
ਇਹ ਸੜਕ ਕਦੇ ਸੁਨਸਾਨ ਨਹੀਂ ਰਹਿੰਦੀ ਦੋਵੇਂ ਪਾਸਿਓਂ ਗੱਡੀਆਂ ਅਤੇ ਲੋਕਾਂ ਦਾ ਆਉਣ-ਜਾਣਾ ਲੱਗਿਆ ਰਹਿੰਦਾ ਹੈ।
'IPS ਜਾਂ ਪਾਇਲਟ ਬਣਨਾ ਚਾਹੁੰਦੀ ਸੀ ਸੰਜਲੀ'
ਐਸਐਮ ਹਸਪਤਾਲ ਦੇ ਡਾਕਟਰ ਜਦੋਂ ਹਾਲਾਤ ਸੰਭਾਲ ਨਹੀਂ ਪਾਏ ਤਾਂ ਸੰਜਲੀ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ 'ਚ ਰੈਫਰ ਕਰ ਕੀਤਾ ਗਿਆ।
ਉਸ ਦੀ ਮਾਂ ਦੱਸਦੀ ਹੈ, "ਉਹ ਮੈਨੂੰ ਲਗਾਤਾਰ ਕਹਿੰਦੀ ਰਹੀ ਕਿ ਜੇਕਰ ਮੈਂ ਜ਼ਿੰਦਾ ਬਚੀ ਤਾਂ ਆਪਣੇ ਇਨਸਾਫ਼ ਦੀ ਲੜਾਈ ਖ਼ੁਦ ਲੜਾਂਗੀ ਅਤੇ ਜੇਕਰ ਨਾ ਬਚ ਸਕੀ ਤਾਂ ਤੁਸੀਂ ਮੇਰੀ ਲੜਾਈ ਲੜਨਾ।"
"ਮੇਰੀ ਬੱਚੀ ਤਾਂ ਚਲੀ ਗਈ ਪਰ ਹੁਣ ਮੈਨੂੰ ਉਸ ਦੇ ਇਨਸਾਫ ਦੀ ਲੜਾਈ ਲੜਨੀ ਪਵੇਗੀ।"

ਤਸਵੀਰ ਸਰੋਤ, BBC/Debalin Roy
ਸੰਜਲੀ ਦੀ ਮਾਂ ਆਪਣੀ ਬੇਟੀ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ, "ਉਹ ਪੜਾਈ ਕਰਦੀ ਸੀ, ਕੋਚਿੰਗ ਜਾਂਦੀ ਸੀ, ਹੋਮਵਰਕ ਕਰਦੀ ਸੀ, ਭੈਣ-ਭਰਾਵਾਂ ਦੇ ਨਾਲ ਖੇਡਦੀ ਸੀ, ਘਰ ਦੇ ਕੰਮਾਂ 'ਚ ਮੇਰਾ ਹੱਥ ਵੀ ਵਟਾਉਂਦੀ ਸੀ... ਜਦੋਂ ਮੇਰੀ ਅਤੇ ਉਸ ਦੇ ਪਾਪਾ ਦੀ ਲੜਾਈ ਹੋ ਜਾਂਦੀ ਸੀ ਤਾਂ ਮੈਨੂੰ ਮਨਾ ਕੇ ਖਾਣਾ ਖਵਾਉਂਦੀ ਸੀ... ਹੁਣ ਕੌਣ ਕਰੇਗਾ ਇਹ ਸਭ?"
ਸੰਜਲੀ ਦੇ ਪਿਤਾ ਹਰਿੰਦਰ ਸਿੰਘ ਜਾਟਵ ਕਹਿੰਦੇ ਹਨ, "ਮੇਰੀ ਧੀ ਹੁਸ਼ਿਆਰ ਸੀ। ਕੁਝ ਚੰਗਾ ਕਰਨਾ ਚਾਹੁੰਦੀ ਸੀ, ਪਾਇਲਟ ਜਾਂ ਆਈਪੀਐਸ ਬਣਨ ਦੀ ਗੱਲ ਕਹਿੰਦੀ ਸੀ..''
''ਅਜੇ ਤਾਂ ਤੁਸੀਂ ਸਭ ਲੋਕ ਆ ਰਹੇ ਹੋ ਸਾਡੇ ਕੋਲ, ਰੋਜ਼ ਹਜ਼ਾਰਾਂ ਮੀਡੀਆ ਵਾਲੇ ਆ ਰਹੇ ਹਨ ਤਾਂ ਸਾਨੂੰ ਇੰਨਾ ਪਤਾ ਨਹੀਂ ਲਗ ਰਿਹਾ ਹੈ। ਕੁਝ ਦਿਨਾਂ ਬਾਅਦ ਜਦੋਂ ਕੋਈ ਨਹੀਂ ਆਵੇਗਾ, ਤਾਂ ਸਾਡੇ 'ਤੇ ਅਸਲੀ ਪਹਾੜ ਟੁੱਟੇਗਾ।"
ਇਹ ਵੀ ਪੜ੍ਹੋ:
ਸੰਜਲੀ ਦੀ ਵੱਡੀ ਭੈਣ ਅੰਜਲੀ ਕਦੇ ਲੋਕਾਂ ਦੇ ਫੋਨਾਂ ਦਾ ਜਵਾਬ ਦਿੰਦੀ ਹੈ ਤਾਂ ਕਦੇ ਮਾਂ ਨੂੰ ਸੰਭਾਲਦੀ ਹੈ।
ਅੰਜਲੀ ਨੇ ਬੀਬੀਸੀ ਨੂੰ ਦੱਸਿਆ, "ਉਹ ਮੈਨੂੰ ਕਹਿੰਦੀ ਸੀ ਕਿ ਤੁਹਾਡੇ ਦਸਵੀਂ 'ਚ 81 ਫੀਸਦ ਨੰਬਰ ਆਏ ਹਨ ਤੇ ਮੈਂ 90 ਫੀਸਦ ਲੈ ਕੇ ਦਿਖਾਵਾਂਗੀ। ਉਹ ਕੁਝ ਵੱਖ ਕਰਨਾ ਚਾਹੁੰਦੀ ਸੀ। ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦੀ ਸੀ।"
ਸੰਜਲੀ ਦੀ ਮੌਤ ਤੋਂ ਬਾਅਦ ਹੁਣ 4 ਭੈਣ-ਭਰਾ ਹੀ ਬਚੇ ਹਨ, ਦੋ ਭੈਣਾਂ ਅਤੇ ਦੋ ਭਰਾ।
'ਕਿਸੇ ਨਾਲ ਕੋਈ ਦੁਸ਼ਮਣੀ ਜਾਂ ਨਾਰਾਜ਼ਗੀ ਨਹੀਂ'
ਸੰਜਲੀ ਦੇ ਸਕੂਲ 'ਅਸ਼ਰਫ਼ੀ ਦੇਵੀ ਸ਼ਿੱਦੂ ਸਿੰਘ ਇੰਟਰਮੀਡੀਏਟ ਕਾਲਜ' 'ਚ ਵਿਗਿਆਨ ਪੜਾਉਣ ਵਾਲੇ ਉਸ ਦੇ ਅਧਿਆਪਕ ਤੋਰਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਨੂੰ ਕਦੇ ਪ੍ਰੇਸ਼ਾਨ ਤਾਂ ਤਣਾਅ 'ਚ ਨਹੀਂ ਦੇਖਿਆ। ਉਹ ਹੱਸਣ-ਖੇਡਣ ਵਾਲੀ ਬੱਚੀ ਸੀ।
ਸੰਜਲੀ ਦੀ ਦੋਸਤ ਅਤੇ ਅਕਸਰ ਉਸ ਦੇ ਨਾਲ ਸਕੂਲ ਜਾਣ ਵਾਲੀ ਦਾਮਿਨੀ ਕਹਿੰਦੀ ਹੈ ਕਿ ਇਸ ਵਾਰਦਾਤ ਤੋਂ ਬਾਅਦ ਹੀ ਬਸਤੀ ਦੀਆਂ ਕੁੜੀਆਂ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਹੈ।
ਦਾਮਿਨੀ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸਾਰੀਆਂ ਬੇਹੱਦ ਡਰੀਆਂ ਹੋਈਆਂ ਹਨ। ਕੋਈ ਨਹੀਂ ਜਾਣਦਾ ਕਦੋਂ ਕਿਸ ਦੇ ਨਾਲ ਕੀ ਹੋ ਜਾਵੇ।"

ਤਸਵੀਰ ਸਰੋਤ, BBC/Debalin Roy
ਬਸਤੀ 'ਚ ਰਹਿਣ ਵਾਲੀਆਂ ਕੁਝ ਔਰਤਾਂ ਨੇ ਦੱਸਿਆ ਕਿ ਕੁੜੀਆਂ ਤਾਂ ਦੂਰ 7ਵੀਂ-8ਵੀਂ ਕਲਾਸ ਦੇ ਮੁੰਡਿਆਂ ਨੇ ਵੀ ਡਰ ਦੇ ਮਾਰੇ ਸਕੂਲ ਜਾਣਾ ਬੰਦ ਕਰ ਦਿੱਤਾ ਹੈ।
ਸੰਜਲੀ ਨੇ ਮੌਤ ਤੋਂ ਪਹਿਲਾਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਹਮਲਾਵਰਾਂ ਨੂੰ ਨਹੀਂ ਪਛਾਣਦੀ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਨਾਰਾਜ਼ਗੀ ਨਹੀਂ ਸੀ।
ਸੰਜਲੀ ਦੇ ਪਿਤਾ ਹਰਿੰਦਰ ਸਿੰਘ ਜਾਟਵ ਕਹਿੰਦੇ ਹਨ, "ਮੈਂ ਹਰ ਸ਼ਾਮ ਆਪਣੇ ਬੱਚਿਆਂ ਨੂੰ ਬੁਲਾ ਕੇ ਪੁੱਛਦਾ ਹਾਂ ਕਿ ਉਨ੍ਹਾਂ ਦਾ ਦਿਨ ਕਿਵੇਂ ਰਿਹਾ, ਕਿਸੇ ਨੇ ਕੁਝ ਕਿਹਾ ਤਾਂ ਨਹੀਂ ਜਾਂ ਕਿਸੇ ਨੇ ਤੰਗ ਤਾਂ ਨਹੀਂ ਕੀਤਾ। ਜੇਕਰ ਅਜਿਹਾ ਕੁਝ ਹੁੰਦਾ ਤਾਂ ਸੰਜਲੀ ਸਾਨੂੰ ਜ਼ਰੂਰ ਦੱਸਦੀ।"
ਇਹ ਵੀ ਪੜ੍ਹੋ:
ਤਕਰੀਬਨ 200-250 ਘਰਾਂ ਵਾਲੇ ਲਲਾਊ ਪਿੰਡ 'ਚ ਆਬਾਦੀ ਦਾ ਇੱਕ ਵੱਡਾ ਹਿੱਸਾ ਜਾਟ ਅਤੇ ਜਾਟਵ ਹਨ। ਜਾਟਵ ਦਲਿਤ ਭਾਈਚਾਰੇ ਨਾਲ ਸਬੰਧ ਨਹੀਂ ਰੱਖਦੇ ਅਤੇ ਸੰਜਲੀ ਵੀ ਜਾਟਵ ਪਰਿਵਾਰ ਤੋਂ ਹੀ ਸੀ।
ਹਾਲਾਂਕਿ ਸੰਜਲੀ ਦੇ ਪਿਤਾ ਹਰਿੰਦਰ ਦਾ ਕਹਿਣਾ ਹੈ ਕਿ ਪਿੰਡ 'ਚ ਚੰਗੇ-ਬੁਰੇ ਹਰ ਤਰ੍ਹਾਂ ਦੇ ਲੋਕ ਹਨ ਪਰ ਉਨ੍ਹਾਂ ਨੂੰ ਆਪਣੀ ਧੀ ਦੇ ਕਤਲ ਦੇ ਪਿੱਛੇ ਕੋਈ ਜਾਤ-ਪਾਤ ਦਾ ਕਾਰਨ ਨਜ਼ਰ ਨਹੀਂ ਆਉਂਦਾ।
ਇਸ ਪੂਰੇ ਮਾਮਲੇ ਨੇ ਇੱਕ ਅਜੀਬੋ-ਗਰੀਬ ਮੋੜ ਉਦੋਂ ਲੈ ਲਿਆ ਜਦੋਂ ਸੰਜਲੀ ਦੇ ਤਾਏ ਦੇ ਬੇਟੇ ਯੋਗੇਸ਼ ਨੇ ਵੀ ਉਸ ਦੀ ਮੌਤ ਦੀ ਅਗਲੀ ਸਵੇਰ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਦੀ ਕੀ ਕਹਿਣਾ ਹੈ?
ਯੋਗੇਸ਼ ਦੀ ਮਾਂ ਰਾਜਨ ਦੇਵੀ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਯੋਗੇਸ਼ ਨੂੰ ਟੌਰਚਰ ਕੀਤਾ ਸੀ, ਇਸ ਲਈ ਉਸ ਨੇ ਸਦਮੇ 'ਚ ਖੁਦਕੁਸ਼ੀ ਕਰ ਲਈ।
ਉੱਥੇ ਪੁਲਿਸ ਨੇ ਅਪਰਾਧ ਦੇ ਅੱਠਵੇਂ ਦਿਨ ਪ੍ਰੈਸ ਕਾਨਫਰੰਸ ਕਰਕੇ ਮ੍ਰਿਤ ਯੋਗੇਸ਼ ਨੂੰ ਹੀ ਮੁੱਖ ਦੋਸ਼ੀ ਐਲਾਨ ਦਿੱਤਾ।
ਐਸਐਸਪੀ (ਆਗਰਾ) ਅਮਿਤ ਪਾਠਕ ਨੇ ਬੀਬੀਸੀ ਨੂੰ ਦੱਸਿਆ, "ਯੋਗੇਸ਼ 'ਤੇ ਸਾਡੀ ਸ਼ੱਕ ਦੀ ਸੂਈ ਟਿੱਕਣ ਦਾ ਇੱਕ ਨਹੀਂ, ਬਲਕਿ ਕਈ ਕਾਰਨ ਸਨ। ਸ਼ੱਕ ਕਰਨ ਦਾ ਪਹਿਲਾ ਕਾਰਨ ਤਾਂ ਯੋਗੇਸ਼ ਦੀ ਖੁਦਕੁਸ਼ੀ ਹੀ ਹੈ ਸ਼ਾਇਦ ਉਸ ਦਾ ਝੁਕਾਅ ਸੰਜਲੀ ਵੱਲ ਸੀ ਅਤੇ ਉਸ ਦੇ ਇਨਕਾਰ ਕਰਨ 'ਤੇ ਉਸ ਨੇ ਇਹ ਕਦਮ ਚੁੱਕਿਆ।"

ਤਸਵੀਰ ਸਰੋਤ, BBC/Debalin Roy
ਪੁਲਿਸ ਨੇ ਯੋਗੇਸ਼ ਤੋਂ ਇਲਾਵਾ ਉਸ ਦੇ ਮਾਮੇ ਦੇ ਮੁੰਡੇ ਆਕਾਸ਼ ਅਤੇ ਯੋਗੇਸ਼ ਦੇ ਹੀ ਇੱਕ ਹੋਰ ਰਿਸ਼ਤੇਦਾਰ ਵਿਜੇ ਨੂੰ ਗ੍ਰਿਫ਼ਤਾਰ ਕੀਤਾ ਹੈ।
ਯੋਗੇਸ਼ ਨੂੰ ਮੁੱਖ ਮੁਲਜ਼ਮ ਮੰਨਣ ਦੇ ਪੱਖ 'ਚ ਪੁਲਿਸ ਕੁਝ ਅਜਿਹੀਆਂ ਦਲੀਲਾਂ ਪੇਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਯੋਗੇਸ਼ ਦੇ ਘਰੋਂ ਕੁਝ ਚਿੱਠੀਆਂ ਮਿਲੀਆਂ ਹਨ, ਜੋ ਉਸ ਨੇ ਸੰਜਲੀ ਲਈ ਲਿਖੀਆਂ ਸਨ।
ਯੋਗੇਸ਼ ਦੇ ਫੋਨ ਦੀਆਂ ਕਾਲਜ਼ ਦੀ ਡਿਟੇਲ ਅਤੇ ਵੱਟਸਐਪ ਮੈਸਜ਼, ਯੋਗੇਸ਼ ਦੇ ਫੋਨ ਵਿੱਚ ਸੰਜਲੀ ਦੀਆਂ ਤਸਵੀਰਾਂ, ਜਿਨ੍ਹਾਂ ਵਿੱਚ ਉਸ ਦੀ ਸਕੂਲ ਡਰੈਸ ਪਹਿਨੇ ਹੋਏ ਵੀ ਇੱਕ ਤਸਵੀਰ ਹੈ।
ਪੁਲਿਸ ਮੁਤਾਬਕ ਯੋਗੇਸ਼ ਨੇ ਸੰਜਲੀ ਨੂੰ ਇੱਕ ਸਾਈਕਲ ਤੋਹਫੇ ਵਜੋਂ ਵੀ ਦਿੱਤੀ ਸੀ ਅਤੇ ਨਾਲ ਹੀ ਜਾਅਲੀ ਸਰਟੀਫਿਕੇਟ ਵੀ ਬਣਵਾ ਕੇ ਦਿੱਤਾ ਸੀ ਤਾਂ ਜੋ ਉਹ ਘਰੇ ਸਾਈਕਲ ਨੂੰ ਇਨਾਮ ਦੱਸ ਸਕੇ।
ਪੁਲਿਸ ਦਾ ਕਹਿਣਾ ਹੈ ਕਿ ਯੋਗੇਸ਼ ਨੂੰ 'ਕ੍ਰਾਈਮ ਪੈਟ੍ਰੋਲ' ਦੇਖਣ ਦਾ ਸ਼ੋਕ ਸੀ ਅਤੇ ਮੁਮਕਿਨ ਹੈ ਕਿ ਅਪਰਾਧ ਦੀ ਯੋਜਨਾ ਬਣਾਉਣ ਪਿੱਛੇ ਇਹ ਵੀ ਇੱਕ ਕਾਰਨ ਰਿਹਾ ਹੋਵੇ।
ਪੁਲਿਸ ਮੁਤਾਬਕ ਹੋਰ ਦੋ ਮੁਲਜ਼ਮਾਂ ਨੇ ਹੀ ਉਕਸਾਇਆ ਸੀ ਅਤੇ ਬਦਲੇ 'ਚ 15 ਹਜ਼ਾਰ ਦੇਣ ਵੀ ਗੱਲ ਕਹੀ ਸੀ।
ਪੁਲਿਸ ਦੀ ਦਲੀਲ ਤੋਂ ਅਸੰਤੁਸ਼ਟ ਸੰਜਲੀ ਦਾ ਪਰਿਵਾਰ
ਸੰਜਲੀ ਦੇ ਮਾਤਾ-ਪਿਤਾ ਅਤੇ ਉਸ ਦਾ ਪਰਿਵਾਰ ਪੁਲਿਸ ਦੇ ਇਨ੍ਹਾਂ ਸਿੱਟਿਆਂ ਤੋਂ ਸਹਿਮਤ ਨਹੀਂ ਹਨ।
ਸੰਜਲੀ ਦੇ ਪਿਤਾ ਹਰਿੰਦਰ ਸਿੰਘ ਜਾਟਵ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਮੈਨੂੰ ਅੱਧੀ ਰਾਤ ਮੱਲਪੁਰਾ ਥਾਣੇ ਲੈ ਗਈ। ਉਥੇ ਮੈਨੂੰ ਕਿਹਾ ਗਿਆ ਕਿ ਮੈਂ ਕੁਝ ਨਾ ਬੋਲਾਂ, ਬਸ ਚੁੱਪਚਾਪ ਸੁਣਾਂ।''
''ਉਨ੍ਹਾਂ ਨੇ ਮੈਨੂੰ ਇੱਕ ਮੁੰਡਾ ਦਿਖਾਇਆ ਜੋ ਹੇਠਾਂ ਸਹਿਮਿਆ ਜਿਹਾ ਬੈਠਾ ਸੀ, ਅਜਿਹਾ ਲੱਗ ਰਿਹਾ ਸੀ ਜਿਵੇਂ ਉਸ ਨੂੰ ਬਹੁਤ ਕੁੱਟਿਆ ਅਤੇ ਡਰਾਇਆ-ਧਮਕਾਇਆ ਗਿਆ ਹੋਵੇ।''

ਤਸਵੀਰ ਸਰੋਤ, BBC/Debalin Roy
ਹਰਿੰਦਰ ਸਿੰਘ ਮੁਤਾਬਕ, "ਪੁਲਿਸ ਵਾਲਿਆਂ ਦੇ ਪੁੱਛਣ 'ਤੇ ਉਸ ਮੁੰਡੇ ਨੇ ਪੂਰੀ ਕਹਾਣੀ ਇੰਝ ਸੁਣਾਈ ਜਿਵੇਂ ਸਭ ਕੁਝ ਰਟਾਇਆ ਗਿਆ ਹੋਵੇ। ਪਿਛਲੇ ਮਹੀਨੇ ਕੰਮ ਤੋਂ ਆਉਣ ਵੇਲੇ ਮੇਰੇ 'ਤੇ ਲੋਕਾਂ ਨੇ ਹਮਲਾ ਕੀਤਾ ਸੀ। ਉਨ੍ਹਾਂ ਨੇ ਮੇਰੇ ਸਿਰ 'ਤੇ ਕਿਸੇ ਚੀਜ਼ ਨਾਲ ਵਾਰ ਕੀਤਾ ਸੀ, ਉਸ ਮੁੰਡੇ ਨੇ ਕਿਹਾ ਕਿ ਉਸ ਹਮਲੇ ਨੂੰ ਵੀ ਉਨ੍ਹਾਂ ਨੇ ਹੀ (ਯੋਗੇਸ਼ ਤੇ ਬਾਕੀ ਦੋ ਮੁਲਜ਼ਮਾਂ) ਅੰਜਾਮ ਦਿੱਤਾ ਸੀ।"
ਪੁਲਿਸ ਦੇ ਦਾਅਵਿਆਂ ਨਾਲ ਅਸਹਿਮਤੀ ਦਾ ਕਾਰਨ ਦੱਸਦੇ ਹੋਏ ਹਰਿੰਦਰ ਸਿੰਘ ਕਹਿੰਦੇ ਹਨ, "ਮੇਰੇ ਉੱਤੇ ਹਮਲਾ ਰਾਤ ਕਰੀਬ 9 ਵਜੇ ਹੋਇਆ ਸੀ ਅਤੇ ਉਸ ਮੁੰਡੇ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਮ 6 ਵਜੇ ਹਮਲਾ ਕੀਤਾ ਸੀ।''
''ਇੱਥੇ ਹੀ ਮੈਂ ਪੁਲਿਸ ਦਾ ਝੂਠ ਫੜ ਲਿਆ। ਪੁਲਿਸ ਨੇ ਮੈਨੂੰ ਫੋਨ ਅਤੇ ਚਿੱਠੀਆਂ ਦੀਆਂ ਤਸਵੀਰਾਂ ਦਿਖਾਈਆਂ, ਅਸਲੀ ਚਿੱਠੀਆਂ ਨਹੀਂ। ਫਿਰ ਮੈਂ ਕਿਵੇਂ ਮੰਨ ਲਵਾਂ ਕਿ ਚਿੱਠੀਆਂ ਯੋਗੇਸ਼ ਨੇ ਲਿਖਿਆਂ? ਬਾਕੀ ਦੋ ਮੁਲਜ਼ਮਾਂ ਨੂੰ ਵੀ ਉਹ ਸਾਡੇ ਰਿਸ਼ਤੇਦਾਰ ਦੱਸ ਰਹੇ ਹਨ, ਜਦਕਿ ਅਸੀਂ ਉਨ੍ਹਾਂ ਨਾਲ ਕਦੇ ਮਿਲੇ ਹੀ ਨਹੀਂ।"
ਇਹ ਵੀ ਪੜ੍ਹੋ:
ਯੋਗੇਸ਼ ਦੀ ਮਾਂ ਰਾਜਨ ਦੇਵੀ ਦਾ ਵੀ ਮੰਨਣਾ ਹੈ ਕਿ ਉਨ੍ਹਾਂ ਦਾ ਬੇਟਾ ਪਹਿਲਾਂ ਹੀ ਖ਼ਤਮ ਹੋ ਗਿਆ ਅਤੇ ਪੁਲਿਸ ਅਸਲੀ ਗੁਨਾਹਗਾਰ ਲੱਭ ਨਹੀਂ ਪਾ ਰਹੀ ਇਸ ਲਈ ਮਰੇ ਹੋਏ ਇਨਸਾਨ 'ਤੇ ਅਪਰਾਧ ਦਾ ਬੋਝ ਪਾ ਕੇ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਰਾਜਨ ਦੇਵੀ ਕਹਿੰਦੀ ਹੈ, "ਤੁਸੀਂ ਮੇਰਾ ਭਰੋਸਾ ਨਾ ਕਰੋ, ਪੂਰੇ ਮੁਹੱਲੇ ਨੂੰ ਪੁੱਛੋ ਯੋਗੇਸ਼ ਕਿਹੋ-ਜਿਹਾ ਮੁੰਡਾ ਸੀ। ਮੇਰਾ ਪੁੱਤਰ ਤਾਂ ਮਰ ਗਿਆ ਪਰ ਮੈਂ ਚਾਹੁੰਦੀ ਹਾਂ ਕਿ ਅਸਲੀ ਗੁਨਾਹਗਾਰ ਫੜੇ ਜਾਣ ਤਾਂ ਜੋ ਸੰਜਲੀ ਨੂੰ ਇਨਸਾਫ ਮਿਲੇ ਅਤੇ ਮੇਰੇ ਪੁੱਤਰ ਦੇ ਨਾਮ ਤੋਂ ਦਾਗ਼ ਮਿਟ ਸਕੇ।"
ਕੀ ਚਾਹੁੰਦਾ ਹੈ ਸੰਜਲੀ ਦਾ ਪਰਿਵਾਰ?
ਸੰਜਲੀ ਦੀ ਮਾਂ ਰੋਂਦੇ-ਰੋਂਦੇ ਕਹਿੰਦੀ ਹੈ, "ਜਦੋਂ ਤੋਂ ਧੀ ਗਈ ਹੈ, ਮੇਰੇ ਘਰ ਚੰਗੀ ਤਰ੍ਹਾਂ ਚੁੱਲ੍ਹਾ ਨਹੀਂ ਬਲਿਆ। ਗੁਨਾਹਗਾਰ ਨੂੰ ਫਾਂਸੀ ਮਿਲੇਗੀ ਤਾਂ ਮੇਰੀ ਧੀ ਨੂੰ ਇਨਸਾਫ ਮਿਲੇਗਾ।"
ਉੱਥੇ ਹੀ ਸੰਜਲੀ ਦੇ ਪਿਤਾ ਮਾਮਲੇ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਦੀ ਮੰਗ ਕਰ ਰਹੇ ਹਨ।
ਆਗਰਾ ਦੇ ਜ਼ਿਲਾ ਅਧਿਕਾਰੀ ਰਵੀ ਕੁਮਾਰ ਐਮ ਜੀ ਨੇ ਸੰਜਲੀ ਦੇ ਪਰਿਵਾਰ ਨੂੰ 50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ ਹਨ।
ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਵੀ ਪਰਿਵਾਰ ਨੂੰ 5 ਲੱਖ ਰੁਪਏ ਦਿਵਾਉਣ ਦਾ ਵਾਅਦਾ ਕੀਤਾ ਹੈ।
ਹਾਲਾਂਕਿ ਇਹ ਪੈਸੇ ਕਦੋਂ ਅਤੇ ਕਿਵੇਂ ਮਿਲਣਗੇ, ਇਸ ਬਾਰੇ ਸੰਜਲੀ ਦੇ ਪਰਿਵਾਰ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਮਾਮਲੇ ਦਾ ਜਾਤ ਐਂਗਲ ਅਤੇ ਸਿਆਸੀਕਰਨ
ਹਾਲਾਂਕਿ ਸੰਜਲੀ ਦਾ ਪਰਿਵਾਰ ਮਾਮਲੇ ਪਿੱਛੇ ਕੋਈ ਜਾਤ ਆਧਾਰਿਤ ਕਾਰਨ ਨਾ ਹੋਣ ਦੀ ਗੱਲ ਕਹਿ ਰਿਹਾ ਹੈ, ਕਈ ਸਿਆਸੀ ਪਾਰਟੀਆਂ ਅਤੇ ਤਬਕੇ ਇਸ ਵਿੱਚ ਜਾਤੀ ਐਂਗਲ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕਿਉਂਕਿ ਸੰਜਲੀ ਦਲਿਤ ਪਰਿਵਾਰ ਤੋਂ ਸੀ, ਭੀਮ ਆਰਮੀ ਦੇ ਸੰਸਥਾਪਕ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਹੈ ਕਿ ਜੇਕਰ ਛੇਤੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਪੂਰਾ ਦੇਸ ਥਮ ਜਾਵੇਗਾ।
ਭੀਮ ਆਰਮੀ ਨੇ ਮੰਗਲਵਾਰ ਨੂੰ ਆਗਰਾ ਬੰਦ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਇਲਾਵਾ ਭੀਮ ਆਰਮੀ ਦੇ ਮੈਂਬਰ ਨੇ ਸੰਜਲੀ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਦਿਆਂ ਕੈਂਡਲ ਲਾਈਟ ਮਾਰਚ ਵੀ ਕੱਢਿਆ ਸੀ।

ਤਸਵੀਰ ਸਰੋਤ, BBC/Debalin Roy
ਗੁਜਰਾਤ ਤੋਂ ਦਲਿਤ ਨੇਤਾ ਜਿਗਨੇਸ਼ ਮਿਵਾਣੀ ਨੇ ਕਿਹਾ ਹੈ, "ਸੰਜਲੀ ਦੇ ਮੁੱਦੇ 'ਤੇ ਟੀਵੀ ਚੈਨਲ ਖਾਮੋਸ਼ ਹਨ, ਇਹ ਸ਼ਰਮਨਾਕ ਹੈ।"
ਆਗਰਾ ਤੋਂ ਲੋਕ ਸਭਾ ਦੇ ਮੈਂਬਰ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਰਾਮ ਸ਼ੰਕਰ ਕਠੇਰੀਆ ਨੇ ਸੰਜਲੀ ਦੇ ਪਰਿਵਾਰ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਉੱਥੇ ਹੀ ਬਸਤੀ ਦੇ ਲੋਕਾਂ 'ਚ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਔਰਤਾਂ ਦੀ ਸੁਰੱਖਿਆ ਦੇ ਮਾਮਲੇ 'ਤੇ ਯੋਗੀ ਸਰਕਾਰ ਨੇ ਗਹਿਰੀ ਨਾਰਾਜ਼ਗੀ ਜਤਾਈ ਹੈ।
ਸੰਜਲੀ ਦੇ ਪਿਤਾ ਨੇ ਕਿਹਾ, "ਉਹ ਕਹਿੰਦੇ ਹਨ, ਬੇਟੀ ਬਚਾਓ, ਬੇਟੀ ਪੜਾਓ। ਮੈਂ ਆਪਣੀ ਬੇਟੀ ਪੜ੍ਹਾ ਤਾਂ ਰਿਹਾ ਸੀ ਪਰ ਉਸ ਨੂੰ ਬਚਾ ਨਹੀਂ ਸਕਿਆ। ਇਹ ਦਰਿੰਦਿਆਂ ਦਾ ਰਾਜ ਹੈ।"
ਸੰਜਲੀ ਦੇ ਘਰ ਦੇ ਬਾਹਰ ਭੀੜ 'ਚੋਂ ਕਈ ਲੋਕ ਬੋਲੇ, "ਯੋਗੀ ਜੀ ਨੇ ਸਰਕਾਰ ਬਣਨ ਤੋਂ ਬਾਅਦ ਐਂਟੀ-ਰੋਮੀਓ ਸਕੁਆਡ ਚਲਾਇਆ ਸੀ। ਮੁਸ਼ਕਲ ਨਾਲ ਇੱਕ ਹਫ਼ਤੇ ਤੱਕ ਕੁਝ ਪੁਲਿਸ ਵਾਲੇ ਸਕੂਲ-ਕਾਲਜਾਂ ਦੇ ਕੋਲ ਦਿਖੇ।''
''ਰੋਮੀਓ ਦੇ ਨਾਮ 'ਤੇ ਕੁਝ ਬੇਗੁਨਾਹਾਂ ਨੂੰ ਜੇਲ੍ਹ 'ਚ ਵੀ ਪਾਇਆ ਪਰ ਉਸ ਤੋਂ ਬਾਅਦ ਸਭ ਕੁਝ ਸ਼ਾਂਤ ਹੋ ਗਿਆ। ਹੁਣ ਐਂਟੀ ਰੋਮੀਓ ਸਕੁਆਡ ਕਿੱਥੇ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਸਾਨੂੰ ਤਾਂ ਕਿਤੇ ਨਹੀਂ ਦਿਸਦਾ।"
'ਅੱਗੇ ਭਾਵੇਂ ਕੁਝ ਵੀ ਹੋਵੇ ਸੰਜਲੀ ਤਾਂ ਚਲੀ ਗਈ'
ਸੰਜਲੀ ਦੀ ਮਾਂ ਉਸ ਛੋਟੇ ਜਿਹੇ ਕਮਰੇ 'ਚ ਸਿਰ 'ਤੇ ਹੱਥ ਰੱਖ ਕੇ ਬੈਠੀ ਹੈ।
ਉਨ੍ਹਾਂ ਦੀਆਂ ਅੱਖਾਂ 'ਚੋਂ ਨਿਕਲਦੇ ਹੰਝੂ ਮੂੰਹ ਨੂੰ ਗਿੱਲਾ ਕਰ ਰਹੇ ਹਨ ਪਰ ਉਹ ਉਨ੍ਹਾਂ ਨੂੰ ਪੂੰਝਣ ਦੀ ਕੋਸ਼ਿਸ਼ ਨਹੀਂ ਕਰਦੀ।
ਬਸ ਹੌਲੀ ਤੇ ਭਰੀ ਹੋਈ ਆਵਾਜ਼ 'ਚ ਕਹਿੰਦੀ ਹੈ, "ਹੁਣ ਅੱਗੇ ਕੁਝ ਵੀ ਹੋਵੇ, ਸੰਜਲੀ ਤਾਂ ਚਲੀ ਗਈ..."
ਮੰਜੀ ਹੇਠਾਂ ਸੰਜਲੀ ਦੀ ਜੁੱਤੀ ਪਈ ਹੈ, ਇੰਝ ਲਗਦਾ ਹੈ ਜਿਵੇਂ ਸੰਜਲੀ ਦੇ ਮੁੜਦੇ ਪੈਰਾਂ ਦੀ ਰਾਹ ਤੱਕ ਰਹੀ ਹੈ।
ਅਲਮਾਰੀ ਵਿੱਚ ਸੰਜਲੀ ਦੀ ਤਸਵੀਰ 'ਤੇ ਚੜਾਈ ਗੁਲਾਬਾਂ ਦੀ ਮਾਲਾ ਨੂੰ ਵੀ ਉਸ ਦੀ ਮੌਤ ਦੀ ਖ਼ਬਰ 'ਤੇ ਇਤਬਾਰ ਨਹੀਂ ਹੋ ਰਿਹਾ।
ਸੰਜਲੀ ਦੇ ਘਰਵਾਲਿਆਂ ਤੋਂ ਵਿਦਾ ਲੈ ਕੇ ਅਸੀਂ ਬਾਹਰ ਨਿਕਲਦੇ ਹਾਂ, ਜਿੱਥੇ ਵਿਰਲਾਪ ਹੋ ਰਿਹਾ ਹੈ। ਖੁੱਲੇ ਆਸਮਾਨ ਦੇ ਹੇਠਾਂ ਵੀ ਸੰਜਲੀ ਦੀ ਹੀ ਚਰਚਾ ਹੋ ਰਹੀ ਹੈ।
ਮੈਨੂੰ ਫਿਰ ਵਿਦਰੋਹੀ ਦੀ ਕਵਿਤਾ ਯਾਦ ਆਉਂਦੀ ਹੈ।
'ਔਰਤ ਕੀ ਲਾਸ਼ ਧਰਤੀ ਮਾਤਾ ਕੀ ਤਰ੍ਹਾਂ ਹੋਤੀ ਹੈ,
ਜੋ ਖੁਲੇ ਮੇਂ ਫੈਲ ਜਾਤੀ ਹੈ, ਥਾਨੋ ਸੇ ਲੇਕਰ ਅਦਾਲਤੋਂ ਤਕ'
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













