ਕੀ 'ਦਲਿਤ' ਸ਼ਬਦ ਤੋਂ ਮੋਦੀ ਸਰਕਾਰ ਨੂੰ ਡਰ ਲੱਗ ਰਿਹਾ

ਤਸਵੀਰ ਸਰੋਤ, Getty Images
ਭਾਰਤ ਸਰਕਾਰ ਦੇ ਸੂਚਨਾ ਪ੍ਰਸਾਰਣ ਮੰਤਰਾਲੇ ਨੇ ਮੀਡੀਆ ਅਦਾਰਿਆਂ ਨੂੰ ਕਿਹਾ ਹੈ ਕਿ ਉਹ 'ਦਲਿਤ' ਸ਼ਬਦ ਦੀ ਵਰਤੋਂ ਨਾ ਕਰਨ। ਮੰਤਰਾਲੇ ਦਾ ਕਹਿਣਾ ਹੈ ਕਿ ਅਨੁਸੂਚਿਤ ਜਾਤੀ ਇੱਕ ਸੰਵਿਧਾਨਿਕ ਸ਼ਬਦਾਵਲੀ ਹੈ ਅਤੇ ਇਸਦੀ ਵਰਤੋਂ ਕੀਤੀ ਜਾਵੇ।
ਮੰਤਰਾਲੇ ਦੇ ਇਸ ਫ਼ੈਸਲੇ ਦਾ ਦੇਸ ਭਰ ਦੇ ਕਈ ਦਲਿਤ ਸੰਗਠਨ ਅਤੇ ਬੁੱਧੀਜੀਵੀ ਵਿਰੋਧ ਕਰ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ 'ਦਲਿਤ' ਸ਼ਬਦ ਦਾ ਰਾਜਨੀਤਿਕ ਮਹੱਤਵ ਹੈ ਅਤੇ ਇਹ ਪਛਾਣ ਦੀ ਜਾਣਕਾਰੀ ਦਿੰਦਾ ਹੈ।
ਇਸ ਸਾਲ ਮਾਰਚ ਮਹੀਨੇ 'ਚ ਸਮਾਜਿਕ ਨਿਆਂ ਮੰਤਰਾਲੇ ਨੇ ਵੀ ਅਜਿਹਾ ਹੀ ਹੁਕਮ ਜਾਰੀ ਕੀਤਾ ਸੀ। ਮੰਤਰਾਲੇ ਨੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਹੁਕਮ ਦਿੱਤੇ ਸਨ ਕਿ ਅਧਿਕਾਰਤ ਸੰਵਾਦ ਜਾਂ ਚਿੱਠੀ-ਪੱਤਰ 'ਚ 'ਦਲਿਤ' ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ:
ਭਾਰਤ ਦੇ ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਮੰਤਰਾਲੇ ਦਾ ਕਹਿਣਾ ਹੈ ਕਿ 'ਦਲਿਤ' ਸ਼ਬਦ ਦਾ ਜ਼ਿਕਰ ਸੰਵਿਧਾਨ ਵਿੱਚ ਨਹੀਂ ਹੈ।
ਸਰਕਾਰ 'ਚ ਹੀ ਮਤਭੇਦ
ਸਰਕਾਰ ਦੇ ਇਸ ਹੁਕਮ 'ਤੇ ਕੇਂਦਰ ਦੀ ਐਨਡੀਏ ਸਰਕਾਰ 'ਚ ਹੀ ਮਤਭੇਦ ਹਨ।
ਐਨਡੀਏ ਦੀ ਸਹਿਯੋਗੀ ਪਾਰਟੀ ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੇ ਆਗੂ ਅਤੇ ਮੋਦੀ ਕੈਬਿਨਟ 'ਚ ਸਮਾਜਿਕ ਨਿਆਂ ਰਾਜ ਮੰਤਰੀ ਰਾਮਦਾਸ ਅਠਾਵਲੇ 'ਦਲਿਤ' ਦੀ ਥਾਂ ਅਨੁਸੂਚਿਤ ਜਾਤੀ ਸ਼ਬਦ ਦੀ ਵਰਤੋਂ ਦੇ ਹੁਕਮ ਨਾਲ ਖ਼ੁਸ਼ ਨਹੀਂ ਹਨ।
ਅਠਾਵਲੇ ਮਹਾਰਾਸ਼ਟਰ 'ਚ ਦਲਿਤ ਪੈਂਥਰਜ਼ ਅੰਦੋਲਨ ਨਾਲ ਜੁੜੇ ਰਹੇ ਹਨ ਅਤੇ ਕਿਹਾ ਜਾਂਦਾ ਹੈ ਕਿ ਇਸ ਅੰਦੋਲਨ ਕਾਰਨ 'ਦਲਿਤ' ਸ਼ਬਦ ਜ਼ਿਆਦਾ ਮਸ਼ਹੂਰ ਹੋਇਆ। ਅਠਾਵਲੇ ਦਾ ਕਹਿਣਾ ਹੈ ਕਿ 'ਦਲਿਤ' ਸ਼ਬਦ ਮਾਣ ਨਾਲ ਜੁੜਿਆ ਰਿਹਾ ਹੈ।

ਤਸਵੀਰ ਸਰੋਤ, Getty Images
ਦੂਜੇ ਪਾਸੇ ਸੂਚਨਾ ਪ੍ਰਸਾਰਣ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਸਲਾਹ ਬੰਬੇ ਹਾਈ ਕੋਰਟ ਦੇ ਹੁਕਮ 'ਤੇ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਹਾਈ ਕੋਰਟ 'ਚ ਵੀ ਮੋਹਨ ਲਾਲ ਮਨੋਹਰ ਨਾਂ ਦੇ ਇੱਕ ਵਿਅਕਤੀ ਨੇ ਦਲਿਤ ਸ਼ਬਦ ਦੀ ਵਰਤੋਂ ਨੂੰ ਬੰਦ ਕਰਨ ਦੇ ਲਈ ਅਰਜ਼ੀ ਦਾਇਰ ਕੀਤੀ ਸੀ।
ਅਰਜ਼ੀ 'ਚ ਕਿਹਾ ਗਿਆ ਸੀ ਕਿ 'ਦਲਿਤ' ਸ਼ਬਦ ਅਪਮਾਨਜਨਕ ਹੈ ਅਤੇ ਇਸਨੂੰ ਅਨੁਸੂਚਿਤ ਜਾਤੀਆਂ ਨੂੰ ਅਪਮਾਨਿਤ ਕਰਨ ਲਈ ਵਰਤਿਆ ਜਾਂਦਾ ਹੈ।
ਹਾਲਾਂਕਿ ਇਸਨੂੰ ਲੈ ਕੇ ਕੋਰਟ ਦਾ ਆਖ਼ਰੀ ਫ਼ੈਸਲਾ ਨਹੀਂ ਆਇਆ ਹੈ। ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਸਰਕਾਰ ਨੂੰ ਇਸ 'ਤੇ ਵਿਚਾਰ ਕਰਨ ਲਈ ਕਿਹਾ ਸੀ।
'ਦਲਿਤ' ਸ਼ਬਦ ਦਾ ਸਮਾਜਿਕ ਸੰਦਰਭ
ਯੂਜੀਸੀ ਦੇ ਸਾਬਕਾ ਚੇਅਰਮੈਨ ਸੁਖਦੇਵ ਥੋਰਾਨ ਨੇ ਦਿ ਇੰਡੀਅਨ ਐਕਸਪ੍ਰੈੱਸ ਨੂੰ ਕਿਹਾ, ''ਮਰਾਠੀ 'ਚ 'ਦਲਿਤ' ਦਾ ਮਤਲਬ ਸ਼ੋਸ਼ਿਤ ਜਾਂ ਅਛੂਤ ਨਾਲ ਹੈ।
ਇਹ ਇੱਕ ਵਿਆਪਕ ਸ਼ਬਦਾਵਲੀ ਹੈ, ਜਿਸ 'ਚ ਵਰਗ ਅਤੇ ਜਾਤੀ ਦੋਵਾਂ ਦਾ ਸੁਮੇਲ ਹੈ। 'ਦਲਿਤ' ਸ਼ਬਦ ਦਾ ਇਸਤੇਮਾਲ ਕਿਤੇ ਵੀ ਅਪਮਾਨਜਨਕ ਨਹੀਂ ਹੈ। ਇਹ ਸ਼ਬਦਾਵਲੀ ਚਲਨ 'ਚ 1960 ਅਤੇ 70 ਦੇ ਦਹਾਕੇ 'ਚ ਆਈ। ਇਸਨੂੰ ਸਾਹਿਤ ਅਤੇ 'ਦਲਿਤ' ਪੈਂਥਰਜ਼ ਅੰਦਲੋਨ ਨੇ ਅੱਗੇ ਵਧਾਇਆ।''

ਤਸਵੀਰ ਸਰੋਤ, Sukhcharan preet/bbc
ਜਾਣੇ-ਪਛਾਣੇ ਦਲਿਤ ਚਿੰਤਕ ਕਾਂਚਾ ਇਲੈਯਾ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਇਸ ਹੁਕਮ ਦੇ ਇਰਾਦੇ 'ਤੇ ਸ਼ੱਕ ਜ਼ਾਹਿਰ ਕਰਦੇ ਹਨ।
ਉਹ ਕਹਿੰਦੇ ਹਨ, ''ਦਲਿਤ ਦਾ ਮਤਲਬ ਤਸ਼ਦੱਦ ਹੁੰਦਾ ਹੈ, ਜਿਨ੍ਹਾਂ ਨੂੰ ਦਬਾ ਕੇ ਰੱਖਿਆ ਗਿਆ ਹੈ ਜਾਂ ਜਿਨ੍ਹਾਂ 'ਤੇ ਜ਼ੁਲਮ ਢਾਹਿਆ ਗਿਆ ਹੈ, ਉਹ ਦਲਿਤ ਹਨ। ਇਸ ਦੀ ਇੱਕ ਸਮਾਜਿਕ ਪਿੱਠਭੂਮੀ ਹੈ ਜੋ ਦਲਿਤ ਸ਼ਬਦਾਵਲੀ 'ਚ ਝਲਕਦੀ ਹੈ।''
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ''ਦਲਿਤ ਸ਼ਬਦ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਦੇਸ ਦੀ ਵੱਡੀ ਆਬਾਦੀ ਦੇ ਹੱਕ ਨੂੰ ਮਾਰ ਕੇ ਰੱਖਿਆ ਗਿਆ ਹੈ ਅਤੇ ਉਨ੍ਹਾਂ 'ਤੇ ਜ਼ੁਲਮ ਢਾਹੇ ਗਏ ਹਨ।''
"ਇਹ ਅੱਜ ਵੀ ਅਛੂਤ ਹੈ, ਦਲਿਤ ਸ਼ਬਦ ਦੀ ਥਾਂ ਤੁਸੀਂ ਅਨੁਸੂਚਿਤ ਜਾਤੀ ਨੂੰ ਲਿਆਉਂਦੇ ਹੋ ਤਾਂ ਇਹ ਸਿਰਫ਼ ਸੰਵਿਧਾਨਿਕ ਸਥਿਤੀ ਦੱਸਦਾ ਹੈ ਅਤੇ ਸਮਾਜਿਕ ਜਾਂ ਇਤਿਹਾਸਿਕ ਸੰਦਰਭ ਨੂੰ ਚਾਲਾਕੀ ਨਾਲ ਗੋਲ ਕਰ ਦਿੰਦਾ ਹੈ।''
'ਬ੍ਰਾਹਮਣਵਾਦ ਦੇ ਖ਼ਿਲਾਫ਼ 'ਦਲਿਤ' ਸ਼ਬਦਾਵਲੀ'
ਇਲੈਯਾ ਕਹਿੰਦੇ ਹਨ, ''ਦਲਿਤ ਸ਼ਬਦਾਵਲੀ ਦਾ ਮਤਲਬ ਦੁਨੀਆਂ ਭਰ 'ਚ ਪਤਾ ਹੈ ਕਿ ਅਜਿਹਾ ਦੇਸ ਜਿੱਥੇ ਕਰੋੜਾਂ ਲੋਕ ਅੱਜ ਵੀ ਅਛੂਤ ਹਨ। ਸਰਕਾਰ ਨੂੰ ਲੱਗਦਾ ਹੈ ਕਿ ਇਹ ਤਾਂ ਬਦਨਾਮੀ ਹੈ ਅਤੇ ਇਸਨੂੰ ਖ਼ਤਮ ਕਰਨ ਦਾ ਸੌਖਾ ਤਰੀਕਾ ਹੈ ਕਿ ਸ਼ਬਦਾਵਲੀ ਹੀ ਬਦਲ ਦਿਓ।''
"ਦਲਿਤ ਬ੍ਰਾਹਮਣਵਾਦ ਦੇ ਵਿਰੋਧ ਦੀ ਇੱਕ ਸ਼ਬਦਾਵਲੀ ਹੈ। ਇਹ ਇੱਕ ਵੱਡਾ ਮੁੱਦਾ ਹੈ। ਇਸਦਾ ਸਮਾਜਿਕ ਸੰਦਰਭ ਬਹੁਤ ਹੀ ਮਜ਼ਬੂਤ ਹੈ ਅਤੇ ਸ਼ੋਸ਼ਿਤ ਤਬਕਿਆਂ ਨੂੰ ਲਾਮਬੰਦ ਕਰਨ ਦਾ ਆਧਾਰ ਹੈ।''
"ਇਹ ਪਛਾਣ ਮਿਟਾਉਣ ਦੀ ਕੋਸ਼ਿਸ਼ ਹੈ ਅਤੇ ਨਾਲ ਹੀ ਕੌਮਾਂਤਰੀ ਸੰਵਾਦ 'ਚ ਇਸ ਵੱਡੇ ਮੁੱਦੇ 'ਤੇ ਗੁੰਮਰਾਹ ਕਰਨ ਵਰਗਾ ਹੈ। ਅਸੀਂ ਇਸਦਾ ਵਿਰੋਧ ਕਰਾਂਗੇ, ਇਸ ਸਰਕਾਰ 'ਚ ਟਰਮ ਅਤੇ ਸ਼ਬਦ ਬਦਲਣ ਦਾ ਰੁਝਾਨ ਵਧਿਆ ਹੈ।''

ਤਸਵੀਰ ਸਰੋਤ, SAJJAD HUSSAIN/AFP/GETTY IMAGES
ਇਲੈਯਾ ਅੱਗੇ ਕਹਿੰਦੇ ਹਨ, ''ਜੇ ਅਸੀਂ ਕਿਸੇ ਨੂੰ ਦਲਿਤ ਕਹਿੰਦੇ ਹਾਂ ਤਾਂ ਉਸਦੀ ਪਛਾਣ ਅਤੇ ਸਮਾਜਿਕ ਹੈਸੀਅਤ ਵੱਲ ਇਸ਼ਾਰਾ ਕਰਦੇ ਹਾਂ। ਅਨੁਸੂਚਿਤ ਜਾਤੀ ਦਾ ਮਤਲਬ ਤਾਂ ਇੱਕ ਸੰਵਿਧਾਨਿਕ ਸਟੇਟਸ ਹੋਇਆ। ਇਸ 'ਚ ਪਛਾਣ ਪੂਰੀ ਤਰ੍ਹਾਂ ਗਾਇਬ ਹੈ।''
"ਦਲਿਤ ਕਹਿਣ 'ਚ ਕੁਝ ਵੀ ਅਪਮਾਨਜਨਕ ਨਹੀਂ ਹੈ। ਸਰਕਾਰ ਇਨ੍ਹਾਂ ਦੀ ਸਮਾਜਿਕ ਪਛਾਣ ਨੂੰ ਇੰਜ ਨਹੀਂ ਮਿਟਾ ਸਕਦੀ। ਮੁੱਖਧਾਰਾ 'ਚ ਸ਼ਾਮਿਲ ਕਰਨ ਦਾ ਇਹ ਪਾਖੰਡ ਨਹੀਂ ਚੱਲੇਗਾ।''
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸੋਸ਼ਲ ਸਾਈਸ ਦੇ ਪ੍ਰੋਫ਼ੈਸਰ ਬਦਰੀਨਾਰਾਇਣ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਨਾਲ ਸਰਕਾਰ ਨੂੰ ਬਹੁਤਾ ਰਾਜਨੀਤਿਕ ਲਾਭ ਨਹੀਂ ਹੋਵੇਗਾ।
'ਦਲਿਤ ਸ਼ਬਦਾਵਲੀ ਅਪਮਾਨਜਨਕ ਨਹੀਂ'
ਉਨ੍ਹਾਂ ਕਿਹਾ, ''ਦਲਿਤ ਸ਼ਬਦ ਦੀ ਵਰਤੋਂ ਪੱਤਰਕਾਰੀ ਅਤੇ ਸਾਹਿਤ 'ਚ ਲੰਬੇ ਸਮੇਂ ਤੋਂ ਹੁੰਦੀ ਰਹੀ ਹੈ ਅਤੇ ਇਸ 'ਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ, ਦਲਿਤ ਸ਼ਬਦਾਵਲੀ ਦਾ ਇੱਕ ਸਮਾਜਿਕ ਅਤੇ ਸੱਭਿਆਚਾਰਕ ਸੰਦਰਭ ਹੈ।''
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਉਦਿਤ ਰਾਜ ਨੂੰ ਵੀ ਲੱਗਦਾ ਹੈ ਕਿ ਦਲਿਤ ਸ਼ਬਦਾਵਲੀ ਦੀ ਵਰਤੋਂ 'ਤੇ ਰੋਕ ਨਹੀਂ ਲੱਗਣੀ ਚਾਹੀਦੀ।
ਇਹ ਵੀ ਪੜ੍ਹੋ:
ਉਦਿਤ ਰਾਜ ਕਹਿੰਦੇ ਹਨ, ''ਦਲਿਤ ਸ਼ਬਦ ਇਸਤੇਮਾਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਦੇਸ-ਵਿਦੇਸ਼ 'ਚ ਵੀ ਵਰਤੋਂ 'ਚ ਆ ਚੁੱਕਿਆ ਹੈ, ਸਾਰੇ ਦਸਤਾਵੇਜ਼, ਲਿਖਣ-ਪੜ੍ਹਣ ਅਤੇ ਕਿਤਾਬਾਂ ਵਿੱਚ ਵੀ ਵਰਤੋਂ 'ਚ ਆ ਚੁੱਕਿਆ ਹੈ।''
"ਦਲਿਤ ਸ਼ਬਦ ਤੋਂ ਲੱਗਦਾ ਹੈ ਕਿ ਲੋਕ ਦੱਬੇ-ਕੁਚਲੇ ਹਨ। ਇਹ ਸ਼ਬਦ ਸੰਘਰਸ਼, ਏਕਤਾ ਦਾ ਪ੍ਰਤੀਕ ਬਣ ਗਿਆ ਹੈ ਅਤੇ ਜਦੋਂ ਇਹ ਸੱਚਾਈ ਹੈ ਤਾਂ ਇਹ ਸ਼ਬਦ ਰਹਿਣਾ ਚਾਹੀਦਾ ਹੈ।''

ਤਸਵੀਰ ਸਰੋਤ, SAM PANTHAKY/AFP/GETTY IMAGES
ਉਹ ਕਹਿੰਦੇ ਹਨ, ''ਜੇ ਇਹ ਹੀ ਦਲਿਤ ਸ਼ਬਦ ਬ੍ਰਾਹਮਣ ਦੇ ਲਈ ਵਰਤਿਆ ਜਾਂਦਾ ਤਾਂ ਸਨਮਾਨਿਆ ਜਾਂਦਾ, ਸ਼ਬਦਾਂ ਨਾਲ ਕੁਝ ਨਹੀਂ ਹੁੰਦਾ। ਇਹ ਸ਼ਬਦ ਗਾਲ੍ਹ ਬਿਲਕੁਲ ਨਹੀਂ ਹੈ, ਜੇ ਕੋਈ ਸ਼ਬਦ (ਦਲਿਤ ਦਾਂ ਥਾਂ) ਵਰਤੋਂ 'ਚ ਆਵੇਗਾ ਤਾਂ ਉਸਨੂੰ ਗਾਲ੍ਹ ਹੀ ਮੰਨਿਆ ਜਾਵੇਗਾ। ਇਹ ਪੱਛੜੇ ਹਨ, ਹਜ਼ਾਰਾਂ ਸਾਲਾਂ ਤੋਂ ਸ਼ੋਸ਼ਿਤ ਹਨ।''
''ਜੇ ਇਤਿਹਾਸ ਠੀਕ ਤੋਂ ਪੜ੍ਹਾਇਆ ਜਾਵੇਗਾ ਤਾਂ ਹੀ ਸਵਰਨਾਂ 'ਚ ਸੰਤੋਖ ਹੋਵੇਗਾ ਕਿ ਇਨ੍ਹਾਂ ਨੂੰ ਰਾਖਵਾਂਕਰਣ ਦੇਣਾ ਠੀਕ ਹੈ, ਜੇ ਦਲਿਤਾਂ ਨੂੰ ਬ੍ਰਾਹਮਣ ਕਹਿ ਦਿੱਤਾ ਜਾਵੇਗਾ ਤਾਂ ਉਹ ਸ਼ਬਦ ਵੀ ਅਪਮਾਨਿਤ ਮੰਨ ਲਿਆ ਜਾਵੇਗਾ।''
''ਜਦੋਂ ਚਮਾਰ ਨੂੰ ਹੋਰ ਨਾਵਾਂ ਨਾਲ ਸੱਦਿਆ ਜਾਂਦਾ ਸੀ ਤਾਂ ਇਤਰਾਜ਼ ਹੁੰਦਾ ਸੀ, ਪਰ ਜਦੋਂ ਨਾਵਾਂ 'ਚ ਬਦਲਾਅ ਆਇਆ ਤਾਂ ਕੀ ਇੱਜ਼ਤ 'ਚ ਵਾਧਾ ਹੋਇਆ? ਕੁਝ ਨਹੀਂ ਵਧਿਆ, ਇਤਿਹਾਸ ਪੜ੍ਹਾ ਕੇ ਅਤੇ ਸੱਚਾਈ ਨੂੰ ਦੱਸ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ।''

ਤਸਵੀਰ ਸਰੋਤ, Getty Images
ਭਾਰਤੀ ਸਮਾਜ 'ਚ ਜਿਨ੍ਹਾਂ ਨਾਲ ਲੋਕ ਵਿਤਕਰਾ ਕਰਦੇ ਸਨ ਗਾਂਧੀ ਨੇ ਉਨ੍ਹਾਂ ਨੂੰ 'ਹਰਿਜਨ' ਕਹਿਣਾ ਸ਼ੁਰੂ ਕੀਤਾ ਸੀ ਜਦਕਿ ਬਾਬਾ ਸਾਹਿਬ ਅੰਬੇਡਕਰ ਉਨ੍ਹਾਂ ਨੂੰ ਦੱਬਿਆ ਹੋਇਆ ਤਬਕਾ ਕਹਿੰਦੇ ਸਨ।
ਆਜ਼ਾਦ ਭਾਰਤ 'ਚ ਹਰਿਜਨ ਸ਼ਬਦ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਅਤੇ ਫ਼ਿਰ ਉਸਦੀ ਵਰਤੋਂ ਤੋਂ ਲੋਕ ਬਚਣ ਲੱਗੇ ਅਤੇ ਹੁਣ ਇਹ ਮੀਡੀਆ 'ਚ ਵੀ ਇਹ ਸ਼ਬਦ ਇਸਤੇਮਾਲ ਤੋਂ ਬਾਹਰ ਹੈ।
ਮੰਤਰਾਲੇ ਦੇ ਇਸ ਆਦੇਸ਼ ਨੂੰ ਲੋਕ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਦੀ ਤਿਆਰੀ 'ਚ ਹਨ। ਕਾਂਚਾ ਇਲੈਯਾ ਨੇ ਵੀ ਬੀਬੀਸੀ ਨੂੰ ਕਿਹਾ ਕਿ ਉਹ ਇਸ ਨੂੰ ਚੁਣੌਤੀ ਦੇਣਗੇ।
ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੇ ਪੰਕਜ ਮੇਸ਼ਰਾਮ ਨੇ ਬੀਬੀਸੀ ਮਰਾਠੀ ਨੂੰ ਕਿਹਾ, ''ਮੈਂ ਪਟੀਸ਼ਨ ਇਸ ਲਈ ਦਾਇਰ ਕੀਤੀ ਕਿਉਂਕਿ ਦਲਿਤ ਅਪਮਾਨਜਨਕ ਸ਼ਬਦ ਹੈ। ਮੈਂ ਦਲਿਤ ਸ਼ਬਦ ਦਾ ਅਰਥ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਇਸਦਾ ਮਤਲਬ ਅਛੂਤ, ਅਸਹਾਇ ਅਤੇ ਨੀਵਾਂ ਹੁੰਦਾ ਹੈ।''
ਇਹ ਵੀ ਪੜ੍ਹੋ:
''ਇਹ ਉਸ ਭਾਈਚਾਰੇ ਲਈ ਅਪਮਾਨਜਨਕ ਹੈ, ਡਾ. ਬਾਬਾ ਸਾਹੇਬ ਅੰਬੇਡਕਰ ਵੀ ਇਸ ਸ਼ਬਦ ਦੇ ਪੱਖ ਵਿੱਚ ਨਹੀਂ ਸਨ। ਦਲਿਤ ਸ਼ਬਦ ਦਾ ਇਸਤੇਮਾਲ ਸੰਵਿਧਾਨ 'ਚ ਨਹੀਂ ਕੀਤਾ ਗਿਆ ਹੈ।''
''ਜੇ ਸੰਵਿਧਾਨ 'ਚ ਇਸ ਭਾਈਚਾਰੇ ਲਈ ਅਨੁਸੂਚਿਤ ਜਾਤੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਫ਼ਿਰ ਦਲਿਤ ਕਿਉਂ ਕਿਹਾ ਜਾ ਰਿਹਾ ਹੈ?''
ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












