ਨੋਟਬੰਦੀ ਵੇਲੇ ATM ਦੀ ਕਤਾਰ ’ਚ ਜੰਮਿਆ ‘ਖਜ਼ਾਨਚੀ’ ਹੁਣ ਝਗੜੇ ਦਾ ਕਾਰਨ ਬਣਿਆ

ਸਰਵੇਸ਼ਾ ਦੇਵੀ ਨੇ ਮੁੰਡੇ ਨੂੰ 2 ਦਸੰਬਰ, 2016, ਨੂੰ ਜਨਮ ਦਿੱਤਾ ਸੀ
ਤਸਵੀਰ ਕੈਪਸ਼ਨ, ਸਰਵੇਸ਼ਾ ਦੇਵੀ ਨੇ ਮੁੰਡੇ ਨੂੰ 2 ਦਸੰਬਰ, 2016, ਨੂੰ ਜਨਮ ਦਿੱਤਾ ਸੀ

ਭਾਰਤ 'ਚ ਨੋਟਬੰਦੀ ਤੋਂ ਬਾਅਦ ਕਤਾਰ 'ਚ ਲੱਗੀ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਰੌਲਾ ਬਹੁਤ ਪਿਆ। ਨਾਂ ਰੱਖਿਆ ਗਿਆ ਖਜ਼ਾਨਚੀ ਕਿਉਂਕਿ ਬੈਂਕ ਦੇ ਬਾਹਰ ਜੋ ਜੰਮਿਆ ਸੀ!

ਇਸ ਮੁੰਡੇ ਦੀ ਉਮਰ ਹੁਣ ਦੋ ਸਾਲ ਹੈ ਤੇ ਰੌਲਾ ਇੱਕ ਹੋਰ ਹੈ। ਬੱਚੇ ਦੇ ਸੈਲੀਬ੍ਰਿਟੀ ਬਣਨ ਤੋਂ ਬਾਅਦ ਉਸ ਦੇ ਪਰਿਵਾਰ ਦੇ ਦੋ ਧਿਰਾਂ ਅਤੇ ਦੋ ਪਿੰਡਾਂ 'ਚ ਝਗੜਾ ਚੱਲ ਰਿਹਾ ਹੈ।

ਬੀਬੀਸੀ ਦੀ ਗੀਤਾ ਪਾਂਡੇ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਨੇੜੇ ਉਸ ਦੇ ਪਿੰਡ 'ਚ ਜਾ ਕੇ ਵੇਖਿਆ ਕੀ ਆਖਿਰ ਗੱਲ ਕੀ ਹੈ।

ਖਜ਼ਾਨਚੀ ਦਾ ਜਨਮ ਹੋਇਆ ਸੀ 2 ਦਸੰਬਰ 2016 ਨੂੰ, ਜਦੋਂ ਉਸ ਦੀ ਮਾਂ ਸਰਵੇਸ਼ਾ ਦੇਵੀ ਆਪਣੇ ਪਿੰਡ ਸਰਦਾਰਪੁਰ ਤੋਂ ਤੁਰ ਕੇ ਝਿੰਝਕ ਕਸਬੇ ਦੇ ਬੈਂਕ ਸਾਹਮਣੇ ਕਤਾਰ 'ਚ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 500 ਤੇ 1,000 ਦੇ ਨੋਟਾਂ ਨੂੰ ਬੰਦ ਕਰਨ ਦੇ ਐਲਾਨ ਨੂੰ ਅਜੇ ਮਹੀਨਾ ਵੀ ਨਹੀਂ ਹੋਇਆ ਸੀ।

ਜਦੋਂ ਸਰਵੇਸ਼ਾ ਨੂੰ ਦਰਦ ਉੱਠਿਆ ਉਸ ਦੇ ਨਾਲ ਉਸ ਦੀ ਵੱਡੀ ਧੀ ਪ੍ਰੀਤੀ (10) ਅਤੇ ਸੱਸ ਸ਼ਸ਼ੀ ਦੇਵੀ ਤੋਂ ਇਲਾਵਾ ਸੈਂਕੜੇ ਲੋਕ ਕਤਾਰ ਵਿੱਚ ਸਨ।

ਨੋਟਾਂ ਲਈ ਕਤਾਰ 'ਚ ਜੰਮੇ ਹੋਣ ਕਰਕੇ ਹੀ ਬੱਚੇ ਦਾ ਨਾਂ 'ਖਜ਼ਾਨਚੀ' ਰੱਖਿਆ ਗਿਆ
ਤਸਵੀਰ ਕੈਪਸ਼ਨ, ਨੋਟਾਂ ਲਈ ਕਤਾਰ 'ਚ ਜੰਮੇ ਹੋਣ ਕਰਕੇ ਹੀ ਬੱਚੇ ਦਾ ਨਾਂ 'ਖਜ਼ਾਨਚੀ' ਰੱਖਿਆ ਗਿਆ

ਅਖਬਾਰਾਂ ਤੇ ਚੈਨਲਾਂ ਦੀਆਂ ਸੁਰਖੀਆਂ ਬਣੀਆਂ ਅਤੇ ਖਜ਼ਾਨਚੀ ਚੋਣਾਂ 'ਚ ਭਾਜਪਾ ਖਿਲਾਫ ਵਰਤਿਆ ਇੱਕ ਹਥਿਆਰ ਵੀ ਬਣ ਗਿਆ।

ਇਹ ਵੀ ਜ਼ਰੂਰ ਪੜ੍ਹੋ

ਔਖਾ ਵੇਲਾ

ਉਸ ਦੇ ਜਨਮ ਦੇ ਚਾਰ ਮਹੀਨਿਆਂ ਬਾਅਦ ਹੀ ਉਸ ਦੇ ਪਿਤਾ ਦੀ ਦਮੇ ਦੀ ਬਿਮਾਰੀ ਕਰਕੇ ਮੌਤ ਹੋ ਗਈ।

ਸਰਵੇਸ਼ਾ ਨੇ ਉਸ ਵੇਲੇ ਬੀਬੀਸੀ ਨੂੰ ਆਖਿਆ ਸੀ ਕੀ ਉਹ ਵੀ ਜਨਮ ਦਿੰਦੇ ਵਕਤ ਮਰ ਜਾਂਦੀ ਜੇਕਰ ਉਸ ਦੀ ਸੱਸ ਮਦਦ ਨਾ ਕਰਦੀ।

ਹੁਣ ਜਦੋਂ ਅਸੀਂ ਮੁੜ ਖਜ਼ਾਨਚੀ ਨੂੰ ਮਿਲਣ ਗਏ ਤਾਂ ਸਾਨੂੰ ਕਿਸੇ ਹੋਰ ਪਿੰਡ ਜਾਣਾ ਪਿਆ। ਆਪਣੇ ਸਹੁਰਿਆਂ ਨਾਲ ਝਗੜੇ ਤੋਂ ਬਾਅਦ ਖਜ਼ਾਨਚੀ ਨੂੰ ਲੈ ਕੇ ਉਸ ਦੀ ਮਾਂ ਆਪਣੇ ਪੇਕੇ ਪਿੰਡ, ਅਨੰਤਪੁਰ ਢੌਕਾਲ, ਚਲੀ ਗਈ ਹੈ। ਇੱਥੇ ਸਰਵੇਸ਼ਾ ਦੀ ਮਾਂ ਅਤੇ ਤਿੰਨ ਭਰਾ ਆਪਣੇ ਪਰਿਵਾਰਾਂ ਨਾਲ ਰਹਿੰਦੀ ਹੈ।

ਖਜ਼ਾਨਚੀ ਨੇ ਸਾਨੂੰ ਆਪਣੀਆਂ ਸੁਰਮੇ ਭਰੀਆਂ ਅੱਖਾਂ ਨਾਲ ਘੂਰਿਆ ਤੇ ਫਿਰ, ਆਪਣੀ ਦੇ ਮਾਂ ਦੇ ਕਹਿਣ ਉੱਪਰ, ਹੱਥ ਵੀ ਮਿਲਾਇਆ।

ਅਸੀਂ ਪੁੱਛਿਆ: ਤੇਰੇ ਨਹੁੰਆਂ ਉੱਪਰ ਗੁਲਾਬਨੀ ਰੰਗ ਕਿਸੇ ਨੇ ਲਗਾਇਆ? ਉਸ ਨੇ ਆਪਣੀ ਭੈਣ ਪ੍ਰੀਤੀ ਵੱਲ ਇਸ਼ਾਰਾ ਕੀਤਾ।

ਸਰਵੇਸ਼ਾ ਦੇ ਪੰਜ ਬੱਚੇ ਹਨ
ਤਸਵੀਰ ਕੈਪਸ਼ਨ, ਸਰਵੇਸ਼ਾ ਦੇ ਪੰਜ ਬੱਚੇ ਹਨ

ਸਰਵੇਸ਼ਾ ਦੇਵੀ ਗੁਆਂਢੀਆਂ ਘਰੋਂ ਦੋ ਪਲਾਸਟਿਕ ਦੀਆਂ ਕੁਰਸੀਆਂ ਮੰਗ ਲਿਆਈ। ਅਸੀਂ ਗੱਲਬਾਤ ਲਈ ਬੈਠੇ ਹੀ ਸੀ ਕੀ ਖਜ਼ਾਨਚੀ ਖਿਜਣ ਲੱਗਾ। ਸਰਵੇਸ਼ਾ ਨੇ ਉਸ ਨੂੰ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ। ਸਾਡੇ ਆਉਣ ਦੀ ਗੱਲ ਫੈਲ ਗਈ। ਕੁਝ ਹੀ ਦੇਰ 'ਚ ਸਰਵੇਸ਼ਾ ਦੀ ਮਾਂ, ਭਰਾ ਤੇ ਕੁਝ ਗੁਆਂਢੀ ਵੀ ਉੱਥੇ ਹੀ ਆ ਗਏ।

ਜਦੋਂ ਖਜ਼ਾਨਚੀ ਸ਼ਾਂਤ ਹੋਇਆ ਤਾਂ ਮੈਂ ਸਰਵੇਸ਼ਾ ਤੋਂ ਪੁੱਛਿਆ ਕਿ, ਕੀ ਉਸ ਦਾ ਆਪਣੀ ਸੱਸ ਨਾਲ ਰਿਸ਼ਤਾ ਕਿਉਂ ਖੱਟਾ ਹੋ ਗਿਆ? ਉਹ ਸੱਸ ਬਾਰੇ ਇਸ ਵਾਰ ਕੋਈ ਚੰਗੀ ਗੱਲ ਨਹੀਂ ਬੋਲਦੀ, ਸਗੋਂ ਕਹਿੰਦੀ ਹੈ ਕੀ ਉਸ ਨੂੰ ਅਤੇ ਖਜ਼ਾਨਚੀ ਨੂੰ ਉਸ ਦੇ ਸਹੁਰਿਆਂ ਤੋਂ ਖ਼ਤਰਾ ਹੈ।

ਸਰਕਾਰ ਤੋਂ ਮਿਲੇ ਪੈਸੇ

ਸਰਵੇਸ਼ਾ ਨੂੰ ਸਰਕਾਰ ਨੇ ਖਜ਼ਾਨਚੀ ਦਾ ਜਨਮ ਕਤਾਰ 'ਚ ਹੋਣ ਕਰਕੇ ਸਰਕਾਰ ਨੇ 2 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਸਨ।

ਸਰਵੇਸ਼ਾ ਇਲਜ਼ਾਮ ਲਗਾਉਂਦੀ ਹੈ ਕੀ ਉਸ ਦੀ ਸੱਸ ਉਸ ਨੂੰ ਕੁੱਟਦੀ ਸੀ ਅਤੇ ਅੱਧੇ ਪੈਸੇ ਮੰਗਦੀ ਸੀ।

ਇਸ ਗਰੀਬ ਪਰਿਵਾਰ ਲਈ ਇਹ ਵੱਡੀ ਰਕਮ ਹੈ ਕਿਉਂਕਿ ਇਨ੍ਹਾਂ ਦਾ ਕਮਾਈ ਦਾ ਕੋਈ ਪੱਕਾ ਸਾਧਨ ਨਹੀਂ ਹੈ।

ਇੱਥੋਂ ਹੀ ਰਿਸ਼ਤੇ ਵਿਗੜਨ ਲੱਗੇ।

ਇਹ ਵੀ ਜ਼ਰੂਰ ਪੜ੍ਹੋ

ਅਸੀਂ ਦੋਵਾਂ ਪੱਖਾਂ ਤੋਂ ਹੀ ਪੁੱਛਿਆ ਕੀ ਹੋਇਆ ਕੀ? ਅਜਿਹੇ ਮਾਮਲੇ 'ਚ ਸੱਚ ਜਾਣਨਾ ਮੁਸ਼ਕਲ ਹੋ ਜਾਂਦਾ ਹੈ।

ਪਰਿਵਾਰ ਦੀ ਪਿਛੋਕੜ

ਖਜ਼ਾਨਚੀ ਦਾ ਪਰਿਵਾਰ ਬੈਗਾ ਕਬੀਲੇ ਨਾਲ ਸਬੰਧ ਰੱਖਦਾ ਹੈ ਜੋ ਭਾਰਤ ਦੇ ਸਭ ਤੋਂ ਗਰੀਬ ਭਾਈਚਾਰਿਆਂ 'ਚ ਸ਼ਾਮਲ ਹੈ — ਉਨ੍ਹਾਂ ਕੋਲ ਪੜ੍ਹਾਈ ਘੱਟ ਹੈ, ਜ਼ਮੀਨ ਹੈ ਹੀ ਨਹੀਂ ਅਤੇ ਜ਼ਿਆਦਾਤਰ ਬੈਗਾ ਲੋਕ ਭੀਖ ਮੰਗਦੇ ਹਨ।

ਉਂਝ ਰਵਾਇਤੀ ਤੌਰ 'ਤੇ ਇਸ ਕਬੀਲੇ ਦੇ ਲੋਕ ਸਪੇਰਿਆਂ ਦਾ ਕੰਮ ਕਰਦੇ ਰਹੇ ਹਨ ਹਾਲਾਂਕਿ ਸੱਪ ਫੜ੍ਹਨਾ ਕਾਫੀ ਸਮੇਂ ਤੋਂ ਕਾਨੂੰਨ ਦੇ ਖਿਲਾਫ ਹੈ।

ਪਰਿਵਾਰ ਰਵਾਇਤੀ ਸਪੇਰਿਆਂ ਦੇ ਕਬੀਲੇ ਤੋਂ ਹੈ
ਤਸਵੀਰ ਕੈਪਸ਼ਨ, ਪਰਿਵਾਰ ਰਵਾਇਤੀ ਸਪੇਰਿਆਂ ਦੇ ਕਬੀਲੇ ਤੋਂ ਹੈ

ਸਾਨੂੰ ਪਿੰਡ ਦੇ ਇੱਕ ਬੰਦੇ ਨੇ ਪੁੱਛਿਆ ਵੀ, ਕੀ ਤੁਸੀਂ ਸੱਪ ਵੇਖਣਾ ਹੈ? ਇਸ ਤੋਂ ਪਹਿਲਾਂ ਕੀ ਅਸੀਂ ਜਵਾਬ ਦਿੰਦੇ ਉਸ ਨੇ ਇੱਕ ਕੋਬਰਾ ਆਪਣੀ ਟੋਕਰੀ 'ਚੋਂ ਕੱਢ ਲਿਆ। ਉਹ ਕਹਿੰਦਾ ਕੀ ਸੱਪ ਦਾ ਡੰਕ ਕੱਢਿਆ ਹੋਇਆ ਹੈ ਪਰ ਅਸੀਂ ਇੱਕ ਨਜ਼ਰ ਸੱਪ 'ਤੇ ਹੀ ਰੱਖੀ ਅਤੇ ਗੱਲਬਾਤ ਅੱਗੇ ਵਧਾਈ।

ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ ਅਤੇ ਇੱਥੇ ਰੋਜ਼ 15,000 ਤੋਂ ਵੱਧ ਬੱਚੇ ਜੰਮਦੇ ਹਨ।

ਖਜ਼ਾਨਚੀ ਇਨ੍ਹਾਂ ਮਸ਼ਹੂਰ ਹਾਲਾਤ ਕਰਕੇ ਹੋ ਗਿਆ।

ਇਹ ਵੀ ਜ਼ਰੂਰ ਪੜ੍ਹੋ

ਤਤਕਾਲੀ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ 'ਕਤਾਰ ਵਿੱਚ ਜਨਮ' ਨੂੰ ਭਾਜਪਾ ਖਿਲਾਫ਼ ਸੂਬੇ ਦੀਆਂ ਚੋਣਾਂ 'ਚ ਮੁੱਦੇ ਵਾਂਗ ਵਰਤਿਆ, ਹਾਲਾਂਕਿ ਜਿੱਤ ਭਾਜਪਾ ਦੀ ਹੀ ਹੋਈ।

ਮੁਆਵਜ਼ਾ ਵੀ ਅਖਿਲੇਸ਼ ਦੀ ਸਰਕਾਰ ਨੇ ਹੀ ਦਿੱਤਾ।

ਸਰਵੇਸ਼ਾ (37) ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਹਿੱਸਾ ਤਾਂ ਕਰਜ਼ ਉਤਾਰਨ ਲਈ ਵਰਤਿਆ ਅਤੇ ਬਾਕੀ ਆਪਣੇ ਵੱਡੇ ਮੁੰਡੇ ਦੇ ਇਲਾਜ ਲਈ ਖਰਚਿਆ। ਮੁੰਡੇ ਨੂੰ ਵੀ ਦਮਾ ਹੈ। ਬਾਕੀ ਰਕਮ ਬੈਂਕ 'ਚ ਜਮ੍ਹਾ ਕਰਵਾਈ।

ਉਨ੍ਹਾਂ ਮੁਤਾਬਕ ਜਦੋਂ ਸੱਸ ਨੂੰ ਇਹ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਸਹੁਰਿਆਂ ਨੇ "ਜ਼ਮੀਨ 'ਤੇ ਲਿਟਾ ਕੇ ਮੈਨੂੰ ਕੁੱਟਿਆ" ਅਤੇ ਇਹ ਪੰਜ ਬੱਚਿਆਂ ਦੀ ਮਾਂ ਆਪਣੇ ਪੇਕੇ ਘਰ ਆ ਗਈ। ਇਸ ਨਾਲ ਰਿਸ਼ਤੇ ਹੋਰ ਵਿਗੜ ਗਏ।

ਉਸ ਦੀ ਲੱਤ ਖਰਾਬ ਹੈ ਅਤੇ ਉਹ ਆਪਣੇ ਆਪ ਨੂੰ ਪਤੀ ਦੇ ਮੌਤ ਤੋਂ ਬਾਅਦ ਹੋਰ ਵੀ ਅਪਾਹਜ ਦੱਸਦੀ ਹੈ।

ਮਲਖਾਣ ਨਾਥ ਆਪਣੀ ਭੈਣ ਨਾਲ ਜ਼ਬਰਦਸਤੀ "ਨਹੀਂ ਕਰ ਸਕਦਾ"
ਤਸਵੀਰ ਕੈਪਸ਼ਨ, ਮਲਖਾਣ ਨਾਥ ਆਪਣੀ ਭੈਣ ਨਾਲ ਜ਼ਬਰਦਸਤੀ "ਨਹੀਂ ਕਰ ਸਕਦਾ"

ਸਰਵੇਸ਼ਾ ਦੇ ਵੱਡਾ ਭਰਾ, ਮਲਖਾਣ ਨਾਥ ਕਹਿੰਦਾ ਹੈ ਕਿ ਭਾਈਚਾਰਾ ਉਨ੍ਹਾਂ ਉੱਪਰ ਦਬਾਅ ਪਾ ਰਿਹਾ ਹੈ ਕਿ ਸਰਵੇਸ਼ਾ ਵਾਪਸ ਜਾਵੇ।

ਉਸ ਨੇ ਦੱਸਿਆ, "ਅਸੀਂ ਸਰਵੇਸ਼ਾ ਨੂੰ ਕਹਿੰਦੇ ਰਹਿੰਦੇ ਹਾਂ ਕਿ ਉਹ ਵੀ ਉਸ ਦਾ ਪਰਿਵਾਰ ਹੈ, ਉਹੀ ਉਸ ਦਾ ਘਰ ਹੈ, ਕਿ ਉਹ ਵਾਪਸ ਜਾਵੇ, ਪਰ ਇਹ ਮੰਨਦੀ ਹੀ ਨਹੀਂ। ਸਾਡੀ ਭੈਣ ਹੈ, ਕਿਵੇਂ ਉਸ ਨੂੰ ਜ਼ਬਰਦਸਤੀ ਭੇਜ ਦੇਈਏ?"

ਮਸਲਾ ਹੁਣ ਕਬੀਲੇ ਲਈ ਪੰਚਾਇਤੀ ਹੋ ਗਿਆ ਹੈ। ਮਲਖਾਣ ਇਸੇ ਨੂੰ 'ਹਾਈ ਕੋਰਟ' ਆਖਦਾ ਹੈ। ਭਾਈਚਾਰੇ ਦੇ ਬਜ਼ੁਰਗ ਇਸ ਦੇ ਮੈਂਬਰ ਹਨ।

ਭਾਵੇਂ ਇਸ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਪਰ ਇਸ ਦੀ ਗੱਲ ਸਮਾਜ 'ਚ ਮੰਨਣੀ ਪੈਂਦੀ ਹੈ। ਮਲਖਾਣ ਤਿੰਨ ਵਾਰ ਪੇਸ਼ ਹੋ ਚੁੱਕਾ ਹੈ ਅਤੇ ਇੱਕ ਵਾਰ 650 ਰੁਪਏ ਦਾ ਜੁਰਮਾਨਾ ਵੀ ਲੱਗਿਆ ਕਿਉਂਕਿ ਸਰਵੇਸ਼ਾ ਖਜ਼ਾਨਚੀ ਸਮੇਤ ਪੇਸ਼ ਨਹੀਂ ਹੋਈ।

ਕਾਰ 'ਚ ਕੌਣ ਆਇਆ?

ਮਾਮਲਾ 1 ਦਸੰਬਰ ਨੂੰ ਹੋਰ ਵਿਗੜ ਗਿਆ ਜਦੋਂ, ਸਰਵੇਸ਼ਾ ਮੁਤਾਬਕ, ਦੋ ਕਾਰਾਂ 'ਚ ਕੁਝ 'ਅਫਸਰ' ਦੇਰ ਰਾਤ ਉਨ੍ਹਾਂ ਦੇ ਘਰ ਆ ਗਏ।

ਸਰਵੇਸ਼ਾ ਨੇ ਦੱਸਿਆ, "ਮੈਂ ਰੋਟੀ ਖਾਣ ਲੱਗੀ ਸੀ ਤੇ ਖਜ਼ਾਨਚੀ ਸੁੱਤਾ ਹੀ ਸੀ ਕਿ ਅਫਸਰ ਆਏ ਤੇ ਕਹਿੰਦੇ ਕਿ ਇਸ ਨੂੰ ਅਗਲੇ ਦਿਨ ਇਸ ਦੇ ਜਨਮਦਿਨ ਦੇ ਸਮਾਗਮ ਲਈ ਲੈ ਕੇ ਜਾਣਾ ਹੈ।''

"ਮੈਂ ਮਨ੍ਹਾ ਕੀਤਾ ਤਾਂ ਜ਼ਬਰਦਸਤੀ ਚੁੱਕ ਕੇ ਬੱਚੇ ਨੂੰ ਕਾਰ 'ਚ ਪਾ ਲਿਆ। ਖਜ਼ਾਨਚੀ ਉੱਠ ਖੜ੍ਹਿਆ ਤੇ ਰੋਣਲੱਗਾ। ਗੁਆਂਢੀ ਵੀ ਇਕੱਠੇ ਹੋ ਗਏ ਤਾਂ ਇਹ ਕਿਡਨੈਪ ਹੋਣ ਤੋਂ ਬਚ ਗਿਆ।"

ਇਹ ਵੀ ਜ਼ਰੂਰ ਪੜ੍ਹੋ

ਅਖਿਲੇਸ਼ ਯਾਦਵ ਚੋਣਾਂ 'ਚ ਤਾਂ ਹਰ ਗਏ ਪਰ ਖਜ਼ਾਨਚੀ ਨਾਲ ਜੁੜੇ ਰਹੇ। ਲੋਕਲ ਪੱਤਰਕਾਰ ਦੱਸਦੇ ਹਨ ਕਿ ਉਹ ਖਜ਼ਾਨਚੀ ਨੂੰ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਵਿੱਚ ਵਰਤਣਗੇ ਅਤੇ ਉਨ੍ਹਾਂ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਉਸ ਨੂੰ ਦੋ ਘਰ ਦੇਣਗੇ, ਨਾਨਕੇ ਤੇ ਦਾਦਕੇ ਦੋਹਾਂ ਪਿੰਡਾਂ 'ਚ ਇੱਕ-ਇੱਕ।

ਯੋਜਨਾ ਇਹ ਸੀ ਕਿ ਯਾਦਵ ਜਨਮਦਿਨ 'ਤੇ ਸਰਦਾਰਪੁਰ ਆਉਣਗੇ ਤੇ ਖਜ਼ਾਨਚੀ ਨੂੰ ਚਾਬੀਆਂ ਦੇਣਗੇ।

ਜਦੋਂ ਉਹ ਪਹੁੰਚੇ ਤਾਂ ਖਜ਼ਾਨਚੀ ਤਾਂ ਸੀ ਨਹੀਂ, ਇਸ ਲਈ ਉਸ ਦੀ ਦਾਦੀ ਸ਼ਸ਼ੀ ਦੇਵੀ ਨੂੰ ਚਾਬੀਆਂ ਫੜ੍ਹਾ ਗਏ।

ਯਾਦਵ ਖਿਝੇ ਵੀ ਅਤੇ ਕਿਹਾ ਕਿ ਉਹ ਖਜ਼ਾਨਚੀ ਦੇ ਮਾਮਿਆਂ ਤੇ ਚਾਚਿਆਂ ਦੇ ਝਗੜੇ ਤੋਂ ਨਾਵਾਕਫ ਸਨ। ਆਪਣੀ ਫ਼ਜ਼ੇਹਾਤ ਹੋਣ ਕਰਕੇ ਉਨ੍ਹਾਂ ਨੇ ਪਾਰਟੀ ਦੇ ਦੋ ਅਹੁਦੇਦਾਰਾਂ ਨੂੰ ਵੀ ਹਟਾ ਦਿੱਤਾ।

ਨਵੇਂ ਘਰ 'ਚ ਕੌਣ?

ਅਸੀਂ ਕੁਝ ਦਿਨ ਬਾਅਦ ਸਰਦਾਰਪੁਰ ਪਹੁੰਚੇ ਤਾਂ ਲਿਸ਼ਕਦਾ ਨਵਾਂ ਘਰ ਦੇਖਿਆ।

ਸੱਸ ਸ਼ਸ਼ੀ ਦੇਵੀ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ
ਤਸਵੀਰ ਕੈਪਸ਼ਨ, ਸੱਸ ਸ਼ਸ਼ੀ ਦੇਵੀ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ

ਸ਼ਸ਼ੀ ਦੇਵੀ ਬਾਜ਼ਾਰ ਸਨ, ਅਸੀਂ ਕੁਝ ਰਿਸ਼ਤੇਦਾਰਾਂ ਤੇ ਗੁਆਂਢੀਆਂ ਨਾਲ ਗੱਲਬਾਤ ਕੀਤੀ।

ਘਰ ਦੇ ਸਜਾਵਟ ਦੇ ਫੁਲ ਮੁਰਝਾ ਚੁੱਕੇ ਸਨ, ਮਾਹੌਲ ਵੀ ਕੋਈ ਬਹੁਤ ਚੱਕਵਾਂ ਨਹੀਂ ਸੀ।

ਬਜ਼ੁਰਗ ਰਿਸ਼ਤੇਦਾਰ ਅਸ਼ਰਫੀ ਨਾਥ ਨੇ ਦੱਸਿਆ, "ਖਜ਼ਾਨਚੀ ਨੂੰ ਦੇਖਣ ਬਹੁਤ ਲੋਕ ਇਕੱਠੇ ਹੋਏ ਸਨ ਪਰ ਉਸ ਦੀ ਮਾਂ ਉਸ ਨੂੰ ਲਿਆਈ ਹੀ ਨਹੀਂ। ਅਖਿਲੇਸ਼ ਯਾਦਵ ਬਹੁਤ ਤੋਹਫੇ ਲਿਆਏ ਸਨ ਪਰ ਵਾਪਸ ਲੈ ਗਏ। ਸਰਵੇਸ਼ਾ ਭਾਵੇਂ ਇੱਕ ਘੰਟੇ ਲਈ ਹੀ ਆ ਜਾਂਦੀ। ਉਸ ਨੇ ਅਖਿਲੇਸ਼ ਜੀ ਦਾ ਅਪਮਾਨ ਕੀਤਾ ਹੈ।"

ਪਿੰਡਵਾਸੀ ਕਹਿੰਦੇ ਹਨ ਕਿ ਖਜ਼ਾਨਚੀ ਦੇ ਜੰਮਣ ਤੋਂ ਬਾਅਦ ਉਸ ਦੀ ਮਾਂ ਤੇ ਨਾਨਕਿਆਂ ਦੇ "ਲਾਲਚ" ਨੇ ਸਭ ਵਿਗਾੜ ਦਿੱਤਾ। ਪਿੰਡ ਵਾਸੀ ਮੰਨਦੇ ਹਨ ਕਿ ਜੇਕਰ ਖਜ਼ਾਨਚੀ ਇੱਥੇ ਰਹੇ ਤਾਂ ਪਿੰਡ ਦੀ ਤਰੱਕੀ ਹੋ ਸਕਦੀ ਹੈ।

ਇੱਕ ਵਾਸੀ, ਮੁਲਾਇਮ ਨਾਥ ਨੇ ਕਿਹਾ ਕਿ ਉਹ ਆਪ ਨਾ ਆਵੇ, ਖਜ਼ਾਨਚੀ ਨੂੰ ਹੀ ਭੇਜ ਦੇਵੇ ਤਾਂ ਕਿ "ਸਰਕਾਰ ਸਾਨੂੰ ਵਾਅਦਿਆਂ ਮੁਤਾਬਕ ਸਹੂਲਤਾਂ ਹੀ ਦੇ ਦੇਵੇ।"

ਦਾਦੀ ਦਾ ਪੱਖ

ਜਦੋਂ ਸ਼ਸ਼ੀ ਦੇਵੀ ਪਰਤੇ ਤਾਂ ਰਾਤ ਹੋਣ ਲੱਗੀ ਸੀ। ਆਪਣੇ ਖਿਲਾਫ ਇਲਜ਼ਾਮਾਂ ਨੂੰ ਉਹ ਝੂਠ ਦੱਸਦੇ ਹਨ, "ਮੈਂ ਆਪਣੀ ਨੂੰਹ ਤੋਂ ਕਦੇ ਕੋਈ ਪੈਸਾ ਨਹੀਂ ਮੰਗਿਆ। ਉਹ ਇਹ ਸਭ ਕਿਸੇ ਦੇ ਕਹਿਣੇ 'ਚ ਆ ਕੇ ਕਹਿ ਰਹੀ ਹੈ।"

ਸ਼ਸ਼ੀ ਦੇਵੀ ਮੁਤਾਬਕ ਜਦੋਂ ਸਰਵੇਸ਼ਾ ਦਾ ਪਤੀ ਬਿਮਾਰ ਸੀ ਤਾਂ ਪਰਿਵਾਰ ਨੇ ਉਸ ਨੂੰ ਅਤੇ ਪੰਜਾਂ ਬੱਚਿਆਂ ਨੂੰ ਕਦੇ ਰੋਟੀ-ਕੱਪੜੇ ਦੀ ਕਮੀ ਨਹੀਂ ਆਉਣ ਦਿੱਤੀ।

"ਮੇਰੇ ਮੁੰਡੇ (ਸਰਵੇਸ਼ਾ ਦੇ ਪਤੀ) ਦੀ ਮੌਤ ਤੋਂ ਬਾਅਦ ਵੀ ਮੇਰੇ ਬਾਕੀ ਮੁੰਡਿਆਂ ਦੀ ਕਮਾਈ 'ਚੋਂ ਅਸੀਂ ਉਸ ਨੂੰ ਹਿੱਸਾ ਦਿੰਦੇ ਰਹੇ ਭਾਵੇਂ ਸਾਨੂੰ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ।"

ਇਹ ਵੀ ਜ਼ਰੂਰ ਪੜ੍ਹੋ

ਸ਼ਸ਼ੀ ਦੇਵੀ ਮੁਤਾਬਕ ਉਨ੍ਹਾਂ ਨੇ ਕਦੇ ਸਰਵੇਸ਼ਾ ਨੂੰ ਨਹੀਂ ਮਾਰਿਆ-ਕੁੱਟਿਆ, ਸਗੋਂ ਸ਼ਸ਼ੀ ਦੇ ਇਲਜ਼ਾਮ ਹਨ, "ਮੈਂ ਦੋ ਵਾਰੀ ਖਜ਼ਾਨਚੀ ਨੂੰ ਲੈਣ ਉਸ ਦੇ ਪੇਕੇ ਪਿੰਡ ਗਈ। ਉਨ੍ਹਾਂ ਨੇ ਖਜ਼ਾਨਚੀ ਨੂੰ ਲੁਕਾ ਦਿੱਤਾ ਤੇ ਉੱਥੇ ਮੌਜੂਦ ਔਰਤਾਂ ਨੇ ਮੈਨੂੰ ਕੁੱਟਿਆ।"

ਉਨ੍ਹਾਂ ਨੇ ਇਸ ਇਲਜ਼ਾਮ ਨੂੰ ਵੀ ਖਾਰਿਜ ਕੀਤਾ ਕਿ ਉਨ੍ਹਾਂ ਤੋਂ ਖਜ਼ਾਨਚੀ ਜਾਂ ਸਰਵੇਸ਼ਾ ਨੂੰ ਜਾਨ ਦਾ ਖਤਰਾ ਹੈ: "ਅਸੀਂ ਆਪਣੀ ਹੀ ਨੂੰਹ ਜਾਂ ਪੋਤਰੇ ਨੂੰ ਕਿਵੇਂ ਮਾਰ ਸਕਦੇ ਹਾਂ?"

ਉਨ੍ਹਾਂ ਘਰੋਂ ਪਰਤਣ ਤੋਂ ਪਹਿਲਾਂ ਅਸੀਂ ਮੁੜ ਪੁੱਛਿਆ: ਕੀ ਰਾਜੀਨਾਮਾ ਹੋ ਜਾਵੇਗਾ?

ਸ਼ਸ਼ੀ ਦੇਵੀ ਨੇ ਅੱਥਰੂ ਪੂੰਝਦਿਆਂ ਇਹ ਜਵਾਬ ਦਿੱਤਾ, "ਮੈਂ ਉਸ ਨੂੰ ਤਿੰਨ ਵਾਰ ਮਿਲੀ ਹਾਂ ਅਤੇ ਨਵੇਂ ਘਰ ਆ ਕੇ ਰਹਿਣ ਲਈ ਆਖਿਆ ਹੈ। ਉਸ ਨੇ ਮਨ੍ਹਾ ਕੀਤਾ ਹੈ। ਪਹਿਲਾਂ ਮੈਂ ਆਪਣਾ ਮੁੰਡਾ ਗੁਆ ਲਿਆ, ਹੁਣ ਪੋਤਰੇ ਤੇ ਪੋਤਰੀਆਂ ਵੀ।"

ਇਹ ਵੀਡੀਓ ਵੀ ਜ਼ਰੂਰ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)