ਪੰਜਾਬ ਦੀ ਜ਼ਮੀਨ ਕੀ ਸੱਚਮੁਚ ਬੰਜਰ ਹੋ ਰਹੀ ਹੈ

ਤਸਵੀਰ ਸਰੋਤ, Getty Images
- ਲੇਖਕ, ਇੰਦਰਜੀਤ ਕੌਰ/ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ
2015 ਵਿੱਚ ਭਾਰਤ ਸਰਕਾਰ ਵੱਲੋਂ ਸੌਇਲ ਹੈਲਥ ਕਾਰਡ ਯੋਜਨਾ ਸ਼ੁਰੂ ਕੀਤੀ ਗਈ। ਜਿਸ ਵਿੱਚ ਮਿੱਟੀ ਲਈ ਲੋੜੀਂਦੇ ਪਦਾਰਥਾਂ ਅਤੇ ਖਾਦ ਬਾਰੇ ਸਿਫਾਰਿਸ਼ ਕੀਤੀ ਜਾਂਦੀ ਹੈ।
ਇਸ ਹੈਲਥ ਕਾਰਡ ਰਾਹੀਂ ਸਮੇਂ-ਸਮੇਂ 'ਤੇ ਮਿੱਟੀ ਦੀ ਗੁਣਵੱਤਾ ਦੀ ਪਰਖ ਕੀਤੀ ਜਾਂਦੀ ਹੈ।
ਪੰਜਾਬ ਵਿੱਚ ਮਿੱਟੀ ਦੀ ਸਿਹਤ ਕਿਹੋ ਜਿਹੀ ਹੈ, ਇਸ ਬਾਰੇ ਪੰਜਾਬ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪਨੂੰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ 17 ਲੱਖ ਸੌਇਲ ਹੈਲਥ ਕਾਰਡ ਬਣਾਏ ਗਏ ਹਨ। ਪੰਜਾਬ ਵਿੱਚ ਡੇਢ ਸਾਲ ਪਹਿਲਾਂ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ।
ਕਾਹਨ ਸਿੰਘ ਪਨੂੰ ਨੇ ਦੱਸਿਆ, "ਮਿੱਟੀ ਵਿੱਚ ਪੀਐਚ ਦਾ ਪੱਧਰ 7.5 ਹੋਣਾ ਚਾਹੀਦਾ ਹੈ। ਪੰਜਾਬ ਦੀ ਧਰਤੀ ਵਿੱਚ ਜ਼ਹਿਰੀਲਾ ਮਾਦਾ ਵਦਣ ਕਾਰਨ ਇਹ ਪੱਧਰ ਕਈ ਥਾਵਾਂ ਵੱਧ ਕੇ 9 ਹੋ ਗਈ ਹੈ।"
ਉਨ੍ਹਾਂ ਨੇ ਅੱਗੇ ਦੱਸਿਆ, "ਸੂਬੇ ਵਿੱਚ ਪਿੰਡ, ਬਲਾਕ, ਜ਼ਿਲ੍ਹਾ ਪੱਧਰੀ ਮਿੱਟੀ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੀ ਰਿਪੋਰਟ ਜਨਵਰੀ ਵਿੱਚ ਜਨਤਕ ਕੀਤੀ ਜਾਵੇਗੀ। ਇਸ ਰਿਪੋਰਟ ਤੋਂ ਪਤਾ ਚੱਲੇਗਾ ਕਿ ਕਿਹੜੀ ਥਾਂ ਤੇ ਕਿਹੜੀ ਮਿੱਟੀ ਦੀ ਸਿਹਤ ਕਿਸ ਤਰ੍ਹਾਂ ਦੀ ਹੈ।
ਉਸ ਦੇ ਹਿਸਾਬ ਨਾਲ ਹੀ ਤੈਅ ਕੀਤਾ ਜਾਵੇਗਾ ਕਿ ਖਾਦ ਕਿੰਨੀ ਪਾਉਣੀ ਹੈ। ਕਿਸਾਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਤਾਂ ਉਹ ਫਸਲ ਚੰਗੀ ਨਾ ਹੋਣ 'ਤੇ ਡੀਏਪੀ ਜਾਂ ਯੂਰੀਆ ਪਾ ਦਿੰਦੇ ਹਨ। ਪਰ ਉੱਥੇ ਜਿਪਸਮ ਪਾਉਣੀ ਹੈ।"
ਇਹ ਵੀ ਪੜ੍ਹੋ:
ਉਨ੍ਹਾਂ ਦੱਸਿਆ, ਕਣਕ ਅਤੇ ਝੋਨੇ ਵਿੱਚ ਦੋ ਥੈਲੇ ਪ੍ਰਤੀ ਏਕੜ ਹੀ ਖਾਦ ਪਾਉਣੀ ਚਾਹੀਦੀ ਹੈ। ਜਿਹੜੇ ਖੇਤਾਂ ਵਿੱਚ ਓਰਗੈਨਿਕ ਮਾਦਾ ਵੱਧ ਹੋਵੇ ਉਹ ਜ਼ਮੀਨ ਤਾਕਤਵਰ ਹੁੰਦੀ ਹੈ।
ਹੁਣ ਲਗਾਤਾਰ ਰਸਾਇਣਾਂ ਕਾਰਨ ਧਰਤੀ ਉੱਤੇ ਕੈਮੀਕਲ ਦਾ ਬੋਝ ਵਧ ਰਿਹਾ ਹੈ ਅਤੇ ਧਰਤੀ ਦੀ ਸਿਹਤ ਖਰਾਬ ਹੁੰਦੀ ਹੈ।
ਧਰਤੀ ਨੂੰ ਸਾਹ ਲੈਣ ਦਾ ਮੌਕਾ ਨਹੀਂ ਮਿਲਦਾ। ਮਨੁੱਖ ਦੀ ਸਿਹਤ ਜਿੰਨੀ ਜ਼ਰੂਰੀ ਹੈ ਓਨੀ ਹੀ ਧਰਤੀ ਦੀ ਸਿਹਤ ਵੀ ਜ਼ਰੂਰੀ ਹੈ।
ਇਨ੍ਹਾਂ ਖੇਤਰਾਂ ਵਿੱਚ ਹੋਈ ਮਿੱਟੀ ਖ਼ਰਾਬ
ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਡੀਨ ਸੁਰਿੰਦਰ ਸਿੰਘ ਕੂਕਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ, "ਧਰਤੀ ਦੀ ਸਿਹਤ ਵਿਗੜਨ ਦਾ ਸਭ ਤੋਂ ਵੱਡਾ ਸੂਚਕ ਹੈ ਸੌਇਲ ਆਰਗੈਨਿਕ ਕਾਰਬਨ, ਜੋ ਕਿ ਪਿਛਲੇ ਕੁਝ ਸਾਲਾਂ ਵਿੱਚ ਵਧ ਗਿਆ ਹੈ। ਪਰ ਪੰਜਾਬ ਦੀ ਮਿੱਟੀ ਬੰਜਰ ਹੋ ਗਈ ਹੈ ਇਹ ਮਿੱਥ ਹੀ ਹੈ।"

ਤਸਵੀਰ ਸਰੋਤ, Getty Images
ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਪੰਜਾਬ ਵਿੱਚ ਮਿੱਟੀ ਦੀ ਕੁਆਲਿਟੀ ਵਧੀਆ ਹੈ। ਕੰਢੀ ਖੇਤਰ ਵਿੱਚ ਵੀ ਚੰਗੀ ਮਿੱਟੀ ਹੈ, ਜਦੋਂਕਿ ਦੱਖਣ-ਪੱਛਮੀ ਪੰਜਾਬ ਵੱਲ ਜਾਈਏ ਤਾਂ ਉੱਥੇ ਮਿੱਟੀ ਦੀ ਕੁਆਇਲਟੀ ਖ਼ਰਾਬ ਹੈ। ਇਸ ਦਾ ਕਾਰਨ ਹੈ ਪਾਣੀ ਗੰਦਾ ਹੋਣਾ। ਖਾਰਾ ਪਾਣੀ ਮਿੱਟੀ ਦੀ ਸਿਹਤ ਖਰਾਬ ਹੋਣ ਦਾ ਇੱਕ ਵੱਡਾ ਕਾਰਨ ਹੈ। ਇਸ ਵਿੱਚ ਬਠਿੰਡਾ, ਮੁਕਤਸਰ ਅਤੇ ਮਾਨਸਾ ਖੇਤਰ ਆਉਂਦੇ ਹਨ।
ਡਾ. ਸੁਰਿੰਦਰ ਸਿੰਘ ਨੇ ਦੱਸਿਆ, "ਸੂਬੇ ਵਿੱਚ ਖਾਦਾਂ ਦਾ ਪ੍ਰਭਾਵ ਵੀ ਘੱਟ ਰਿਹਾ ਹੈ। ਸਾਨੂੰ ਇੰਟੈਗ੍ਰੇਟਿਡ ਹਾਈਲੀ ਨਿਊਟਰੀਐਂਟ ਮੈਨੇਜਮੈਂਟ ਦੀ ਲੋੜ ਹੈ। ਅਸੀਂ ਅੱਜ-ਕੱਲ੍ਹ ਗਰੀਨ ਮੈਨਿਊਰਿੰਗ ਨਹੀਂ ਕਰ ਰਹੇ, ਨਾੜ ਸਾੜ ਰਹੇ ਹਾਂ। ਅਸੀਂ ਕਾਰਬਨ ਸਾਈਕਲ ਖਰਾਬ ਕਰ ਦਿੱਤਾ ਹੈ। ਧਰਤੀ ਵਿੱਚੋਂ ਨਿਕਲੇ ਹਰੇਕ ਪਦਾਰਥ ਦਾ ਧਰਤੀ ਵਿੱਚ ਸਮਾਉਣਾ ਜ਼ਰੂਰੀ ਹੈ। ਪਰ ਅਸੀਂ ਇਹ ਸਾਈਕਲ ਵੀ ਵਿਗਾੜ ਦਿੱਤਾ ਹੈ।"
ਮਿੱਟੀ ਦੀ ਸਿਹਤ ਠੀਕ ਰੱਖਣ ਲਈ ਦਿੱਤੇ ਗਏ ਕੁਝ ਸੁਝਾਅ ਇਹ ਹਨ -
- ਕਿਸਾਨਾਂ ਨੂੰ ਸੰਤੁਲਿਤ ਖਾਦਾਂ ਪਾਉਣ ਦੀ ਨਸੀਹਤ, ਕਿਸਾਨਾਂ ਨੂੰ ਫ਼ਸਲ ਦੇ ਹਿਸਾਬ ਨਾਲ ਖਾਦਾਂ ਪਾਉਣ ਦੀ ਲੋੜ।
- ਪ੍ਰਤੀ ਏਕੜ ਝੋਨੇ ਦੀ ਫ਼ਸਲ ਲਈ ਸਿਰਫ਼ ਦੋ ਥੈਲੇ ਯੂਰੀਆ ਪਾਉਣ ਦੀ ਨਸੀਹਤ। ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਸਾਉਣੀ ਦੀ ਫ਼ਸਲ ਦੌਰਾਨ ਇੱਕ ਲੱਖ ਟਨ ਘੱਟ ਯੂਰੀਆ ਦੀ ਖਪਤ ਹੋਈ ਹੈ।
- ਖੇਤੀਬਾੜੀ ਵਿਭਾਗ ਮੁਤਾਬਕ ਝੋਨੇ ਦੀ ਫ਼ਸਲ ਵਿੱਚ ਡੀਏਪੀ ਖਾਦ ਪਾਉਣ ਦੀ ਲੋੜ ਨਹੀਂ। ਇਸ ਦੇ ਨਤੀਜੇ ਸਾਰਥਕ ਮਿਲ ਰਹੇ ਹਨ।
- ਪੂਰੇ ਪੰਜਾਬ ਦੀ ਜ਼ਮੀਨੀ ਮਿੱਟੀ ਦੀ ਪਰਖ ਕੀਤੀ ਜਾ ਰਹੀ ਹੈ। ਇਹ ਜਾਂਚ ਬਿਲਕੁਲ ਮੁਫ਼ਤ ਹੈ ਅਤੇ ਇਸ ਦੇ ਲਈ ਜ਼ਮੀਨ ਦਾ ਹੈਲਥ ਕਾਰਡ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ।
- ਕਿਸਾਨਾਂ ਨੂੰ ਵੀ ਮਿੱਟੀ ਦੀ ਜਾਂਚ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਮੀਨ ਹੇਠਲੇ ਤੱਤਾਂ ਦਾ ਸਹੀ ਵਿੱਚ ਪਤਾ ਲੱਗ ਸਕੇ।
- ਕਿਸਾਨਾਂ ਵਿੱਚ ਰੂੜੀ (ਦੇਸੀ ਖਾਦ) ਦੀ ਖਾਦ ਪਾਉਣ ਦਾ ਰੁਝਾਨ ਘੱਟ ਹੋਇਆ।
- ਖੇਤੀ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਖੇਤ ਦੀ ਮਿੱਟੀ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੁੰਦਾ ਹੈ।
- ਝੋਨੇ ਦੀ ਫ਼ਸਲ ਤੋਂ ਕਿਸਾਨਾਂ ਨੂੰ ਬਾਹਰ ਆਉਣ ਦੀ ਲੋੜ ਕਿਉਂਕਿ ਪੰਜਾਬ ਵਿਚ ਪਾਣੀ ਦੀ ਕਮੀ ਹੋ ਰਹੀ ਹੈ ਦੂਜਾ ਪਰਾਲੀ ਨੂੰ ਖ਼ਤਮ ਕਰਨ ਲਈ ਅੱਗ ਲਗਾਈ ਜਾਂਦੀ ਹੈ ਜਿਸ ਨਾਲ ਵਾਤਾਵਰਨ ਅਤੇ ਮਿੱਟੀ ਦਾ ਨੁਕਸਾਨ ਹੁੰਦਾ ਹੈ।
- ਕਿਸਾਨਾਂ ਨੂੰ ਕੋਆਪ੍ਰੇਟਿਵ ਸੁਸਾਇਟੀਆਂ ਜਾਂ ਗਰੁੱਪ ਰਾਹੀਂ ਮਸ਼ੀਨਰੀ ਖ਼ਰੀਦਣ ਦੀ ਨਸੀਹਤ
- ਕਿਸਾਨਾਂ ਵਿੱਚ ਮਿੱਟੀ ਦੀ ਪਰਖ ਦੀ ਜਾਗਰੂਕਤਾ ਘੱਟ
- ਮਿੱਟੀ ਦੀ ਰਾਖੀ ਲਈ ਸਾਰਿਆਂ ਇੱਕ ਜੁੱਟ ਹੋ ਕੇ ਹੰਭਲਾ ਮਾਰਨਾ ਦੋ ਲੋੜ ਪੈਣਾ
ਕਿਵੇਂ ਹੁੰਦੀ ਹੈ ਮਿੱਟੀ ਦੀ ਪਰਖ
ਜ਼ਮੀਨ ਦੀ ਉਪਜਾਊ ਸ਼ਕਤੀ ਜਾਣਨ ਲਈ ਮਿੱਟੀ ਦੀ ਪਰਖ਼ ਕਰਵਾਉਣਾ ਅਤੀ ਜ਼ਰੂਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਵੈੱਬਸਾਈਟ 'ਤੇ ਮਿੱਟੀ ਦੀ ਪਰਖ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਮਿੱਟੀ ਦੇ ਨਮੂਨੇ ਵਿੱਚ ਜੋ ਵਿਸ਼ੇਸਤਾਈਆਂ ਪਰਖੀਆਂ ਜਾਂਦੀਆਂ ਹਨ:

ਤਸਵੀਰ ਸਰੋਤ, Getty Images
•ਜ਼ਮੀਨ ਦੀ ਕਿਸਮ: ਇਸ ਗੱਲ ਦਾ ਇਸ਼ਾਰਾ ਹੈ ਕਿ ਮਿੱਟੀ ਦੇ ਪਰਤ ਦੀ ਮੋਟਾਈ ਕਿੰਨੀ ਹੈ। ਰੇਤ, ਭੱਲ ਅਤੇ ਚੀਕਣਾ ਮਾਦਾ ਆਦਿ ਉੱਤੇ ਨਿਰਭਰ ਮਿੱਟੀ ਰੇਤਲੀ, ਰੇਤਲੀ ਚੀਕਣੀ ਜਾਂ ਭੱਲ ਵਾਲੀ ਹੋ ਸਕਦੀ ਹੈ। ਜ਼ਮੀਨ ਦੀ ਕਿਸਮ ਤੋਂ ਉਸ ਦੀ ਕੁਦਰਤੀ ਉਪਜਾਊ ਸ਼ਕਤੀ ਅਤੇ ਪਾਣੀ ਦੀ ਲੋੜ ਦਾ ਪਤਾ ਲੱਗਦਾ ਹੈ।
•ਖ਼ਾਰੀ ਅੰਗ: ਮਿੱਟੀ ਦੇ ਤੇਜ਼ਾਬੀ ਜਾਂ ਖ਼ਾਰੇਪਣ ਦੇ ਮਾਦੇ ਨੂੰ ਦੱਸਦਾ ਹੈ। ਬਹੁਤੀਆਂ ਫ਼ਸਲਾਂ ਲਈ ਖ਼ਾਰੀ ਅੰਗ 6.5 ਤੋਂ 8.7 ਹੋਣਾ ਚਾਹੀਦਾ ਹੈ। ਜੇ ਇਹ ਇਕਾਈ ਵੱਧ ਹੋਵੇ ਤਾਂ ਖ਼ਾਰਾਪਣ ਵੱਧਦਾ ਹੈ ਅਤੇ ਜ਼ਮੀਨ ਦੇ ਸੁਧਾਰ ਲਈ ਜੀਵਕ ਖਾਦਾਂ (ਹਰੀ ਖਾਦ, ਰੂੜੀ) ਜਾਂ ਜਿਪਸਮ ਪਾਉਣ ਦੀ ਲੋੜ ਹੈ।
•ਨਮਕੀਨ ਪਦਾਰਥ: ਇਸ ਗੱਲ ਦਾ ਇਸ਼ਾਰਾ ਹੈ ਕਿ ਮਿੱਟੀ ਵਿੱਚ ਨਮਕੀਨ ਪਦਾਰਥ ਕਿੰਨੇ ਕੁ ਹਨ ਜਾਂ ਚਿੱਟੇ ਕੱਲਰ ਦੀ ਸਥਿਤੀ ਕੀ ਹੈ।

ਤਸਵੀਰ ਸਰੋਤ, Getty Images
•ਜੀਵਕ ਕਾਰਬਨ: ਇਹ ਗੱਲ ਦੱਸਦੀ ਹੈ ਕਿ ਮਿੱਟੀ ਵਿੱਚ ਪੌਦਿਆਂ ਨੂੰ ਨਾਈਟਰੋਜਨ ਜਾਂ ਹੋਰ ਖੁਰਾਕ ਕਿੰਨੀ ਮਿਲ ਸਕਦੀ ਹੈ। ਇਸ ਮਾਦੇ ਨੂੰ ਬਰਕਰਾਰ ਰੱਖਣ ਲਈ ਖੇਤ ਵਿੱਚ ਅਕਸਰ ਰੂੜੀ ਦੀ ਖਾਦ, ਕੰਪੋਸਟ ਜਾਂ ਹਰੀ ਖਾਦ ਪਾਉਂਦੇ ਰਹਿਣਾ ਚਾਹੀਦਾ ਹੈ।
•ਫ਼ਾਸਫੋਰਸ ਅਤੇ ਪੋਟਾਸ਼: ਇਹ ਤੱਤਾਂ ਦੀ ਫ਼ਸਲ ਨੂੰ ਮਿਲਣ ਯੋਗ ਮਾਤਰਾ ਦੱਸਦੇ ਹਨ ਤਾਂ ਕਿ ਫ਼ਸਲ ਨੂੰ ਲੋੜ ਅਨੁਸਾਰ ਹੋਰ ਕਿੰਨੀ ਖਾਦ ਪਾਉਣੀ ਹੈ, ਉਸ ਦਾ ਪਤਾ ਲੱਗ ਸਕੇ।
ਘਾਟ ਦੀ ਸੰਭਾਵਨਾ ਵਾਲੀਆਂ ਹਾਲਤਾਂ (ਲਘੂ ਤੱਤ)
•ਜ਼ਿੰਕ: ਰੇਤਲੀਆਂ, ਕਠਰਾਲੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਜ਼ਿਆਦਾ ਚੂਨੇ ਵਾਲੀਆਂ, ਰੋੜਾਂ ਵਾਲੀਆਂ, ਬੇਟ ਵਾਲੀਆਂ ਅਤੇ ਜ਼ਿਆਦਾ ਫਾਸਫੋਰਸ ਤੱਤ ਵਾਲੀਆਂ ਜ਼ਮੀਨਾਂ ਵਿੱਚ ਇਸ ਤੱਤ ਦੀ ਘਾਟ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਝੋਨਾ, ਮੱਕੀ, ਕਣਕ ਅਤੇ ਨਰਮਾ ਵਰਗੀਆਂ ਫਸਲਾਂ ਇਸ ਦੀ ਘਾਟ ਨੂੰ ਬਹੁਤ ਮੰਨਦੀਆਂ ਹਨ।
ਇਹ ਵੀ ਪੜ੍ਹੋ:
•ਲੋਹਾ: ਇਸ ਤੱਤ ਦੀ ਘਾਟ ਰੇਤਲੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਜ਼ਿਆਦਾ ਚੂਨੇ ਵਾਲੀਆਂ ਅਤੇ ਕਠਰਾਲੀਆਂ ਜ਼ਮੀਨਾਂ 'ਚ ਆ ਸਕਦੀ ਹੈ। ਝੋਨਾ ਅਤੇ ਕਮਾਦ ਦੀਆਂ ਫਸਲਾਂ ਇਸ ਦੀ ਘਾਟ ਦਾ ਆਮ ਸ਼ਿਕਾਰ ਹੋ ਜਾਂਦੀਆਂ ਹਨ।
•ਮੈਂਗਨੀਜ: ਰੇਤਲੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਝੋਨਾ-ਕਣਕ ਦਾ ਫਸਲੀ ਚੱਕਰ 6-7 ਸਾਲ ਤੋਂ ਲਗਾਤਾਰ ਚਲਦਾ ਹੋਵੇ, ਉਨ੍ਹਾਂ ਵਿੱਚ ਝੋਨੇ ਤੋਂ ਬਾਅਦ ਹਾੜ੍ਹੀ ਦੀਆਂ ਫਸਲਾਂ ਜਿਵੇਂ ਕਣਕ, ਜੌਂ, ਜਵੀ ਅਤੇ ਬਰਸੀਮ ਵਿੱਚ ਇਸ ਤੱਤ ਦੀ ਘਾਟ ਆਮ ਆ ਜਾਂਦੀ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












