ਕਰਤਾਰਪੁਰ ਲਾਂਘੇ 'ਤੇ ਨਰਿੰਦਰ ਮੋਦੀ ਨੇ ਆਖ਼ਰ ਤੋੜੀ ਚੁੱਪੀ

ਤਸਵੀਰ ਸਰੋਤ, Getty Images
ਕੇਂਦਰੀ ਮੰਤਰੀ ਮੰਡਲ ਵਿਚ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਫ਼ੈਸਲਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਜਨਤਕ ਟਿੱਪਣੀ ਕੀਤੀ ਹੈ।
ਰਾਜਸਥਾਨ ਵਿੱਚ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਕਿਹਾ,''ਕਾਂਗਰਸ ਨੇ ਐਨੀਆਂ ਗਲਤੀਆਂ ਕੀਤੀਆਂ ਕਿ ਮੁਲਕ ਦੀ ਵੰਡ ਹੋਈ ਤਾਂ ਗੁਰੂ ਨਾਨਕ ਦੇਵ ਦੀ ਕਰਮਭੂਮੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਚਲਾ ਗਿਆ।''
ਉਨ੍ਹਾਂ ਕਿਹਾ,''ਉਸ ਵੇਲੇ ਦੇ ਨੇਤਾਵਾਂ ਵਿੱਚ ਥੋੜ੍ਹੀ ਜਿਹੀ ਸਮਝਦਾਰੀ ਅਤੇ ਗੰਭੀਰਤਾ ਹੁੰਦੀ ਕਿ ਹਿੰਦੁਸਤਾਨ ਦੇ ਜੀਵਨ ਵਿੱਚ ਗੁਰੂ ਨਾਨਕ ਦੇਵ ਦਾ ਸਥਾਨ ਕੀ ਹੈ ਤਾਂ ਤਿੰਨ ਕਿੱਲੋਮੀਟਰ ਦੀ ਦੂਰੀ 'ਤੇ ਸਾਡਾ ਕਰਤਾਰਪੁਰ ਸਾਡੇ ਤੋਂ ਦੂਰ ਨਾ ਜਾਂਦਾ।''
''70 ਸਾਲ ਤੱਕ ਕਾਂਗਰਸ ਪਾਰਟੀ ਸੱਤਾ ਵਿੱਚ ਰਹੀ, ਕਈ ਲੜਾਈਆਂ ਵੀ ਲੜੀਆ ਅਤੇ ਜਿੱਤੀਆਂ ਵੀ, ਲਾਹੌਰ 'ਤੇ ਝੰਡਾ ਲਹਿਰਾਉਣ ਦੀ ਗੱਲ ਵੀ ਹੋਈ ਪਰ ਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਮੱਥਾ ਟੇਕਣ ਦਾ ਪ੍ਰਬੰਧ ਨਹੀਂ ਹੋਇਆ।''
ਉਨ੍ਹਾਂ ਕਿਹਾ,''ਕਾਂਗਰਸ ਦੀ ਹਰ ਵੱਡੀ ਗਲਤੀ ਨੂੰ ਠੀਕ ਕਰਨ ਦਾ ਕੰਮ ਮੇਰੇ ਨਸੀਬ ਵਿੱਚ ਆਇਆ ਹੈ ਅਤੇ ਮੇਰਾ ਨਸੀਬ ਮੇਰੇ ਹੱਥ ਦੀਆਂ ਲਕੀਰਾਂ ਨੇ ਨਹੀਂ ਸਗੋਂ ਸਵਾ ਸੌ ਕਰੋੜ ਦੇਸਵਾਸੀਆਂ ਦੇ ਹੱਥ ਵਿੱਚ ਹੈ।''
ਇਹ ਵੀ ਪੜ੍ਹੋ:
ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਜਿਸ ਤੋਂ ਬਾਅਦ 26 ਨਵੰਬਰ ਨੂੰ ਭਾਰਤ ਪਾਸਿਓਂ ਅਤੇ 28 ਨਵੰਬਰ ਨੂੰ ਪਾਕਿਸਤਾਨ ਪਾਸਿਓਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ।
ਕਰਤਾਰਪੁਰ ਸਾਹਿਬ ਦੀ ਧਾਰਮਿਕ ਮਹੱਤਤਾ
ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਭਾਰਤੀ ਸਰਹੱਦ 'ਤੇ ਬੀਐਸਐਫ ਵਲੋਂ ਬਣਾਏ ਗਏ ਦਰਸ਼ਨ ਅਸਥਾਨ 'ਤੇ ਵੱਡੀ ਗਿਣਤੀ 'ਚ ਦੂਰ ਦੁਰਾਡੇ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ।

ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ।
ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ 'ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ 'ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜੋਤੀ ਜੋਤ ਸਮਾਏ ਸਨ।
ਭਾਰਤ ਤੋਂ ਕਰਤਾਰਪੁਰ ਸਾਹਿਬ ਦੀ ਦੂਰੀ
ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ।
ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ:
ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ।
ਸਿੱਖਾਂ ਅਤੇ ਮੁਸਲਮਾਨਾਂ ਦੋਨਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ।
ਇਹ ਗੁਰਦੁਆਰਾ ਸ਼ਕਰਗੜ੍ਹ ਤਹਿਸੀਲ ਦੇ ਕੋਟੀ ਪੰਡ ਪਿੰਡ ਵਿੱਚ ਰਾਵੀ ਨਦੀ ਦੇ ਪੱਛਮੀ ਪਾਸੇ ਸਥਿਤ ਹੈ।

ਤਸਵੀਰ ਸਰੋਤ, Getty Images
ਹਾਲਾਂਕਿ ਪੁਰਾਤਨ ਇਮਾਰਤ ਨੂੰ ਰਾਵੀ ਦਰਿਆ ਵਿੱਚ ਆਏ ਹੜ੍ਹ ਦੌਰਾਨ ਨੁਕਸਾਨ ਪਹੁੰਚਿਆ ਸੀ। 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਜਿਸ 'ਤੇ 1,35,600 ਦਾ ਖਰਚਾ ਆਇਆ ਸੀ।
1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸ ਦੀ ਉਸਾਰੀ ਦਾ ਕੰਮ ਕਰਵਾਇਆ ਸੀ।
ਇਹ ਵੀ ਪੜ੍ਹੋ:
ਭਾਰਤ ਦੀ ਵੰਡ ਸਮੇਂ ਇਹ ਇਮਾਰਤ ਪਾਕਿਸਤਾਨ ਵਿੱਚ ਚਲੀ ਗਈ। ਦੋਵਾਂ ਦੇਸਾਂ ਵਿਚਾਲੇ ਦਹਾਕਿਆਂ ਤੋਂ ਇਸ ਤਣਾਅ ਨੇ ਸ਼ਰਧਾਲੂਆਂ ਨੂੰ ਇੱਥੋਂ ਦੇ ਦਰਸ਼ਨਾਂ ਲਈ ਵਾਂਝਾ ਰੱਖਿਆ।












