ਮੁੰਬਈ ਹਮਲੇ 'ਚ ਕਸਾਬ ਨੇ ਆਪਣੀ ਬੰਦੂਕ ਥੋੜ੍ਹੀ ਹੋਰ ਮੋੜੀ ਹੁੰਦੀ ਤਾਂ ਮੈਂ ਜ਼ਿੰਦਾ ਨਹੀਂ ਬਚਦਾ - ਅਰੁਣ ਜਾਧਵ

ਤਸਵੀਰ ਸਰੋਤ, KANAGGI KHANNA
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਟੋਇਟਾ ਐਸਯੂਵੀ ਵਿੱਚ ਗੰਨਪਾਊਡਰ ਅਤੇ ਖ਼ੂਨ ਦੀ ਬਦਬੂ ਭਰ ਗਈ ਸੀ। ਕੌਂਸਟੇਬਲ ਅਰੁਣ ਜਾਧਵ ਗੱਡੀ ਦੇ ਪਿੱਛਲੇ ਹਿੱਸੇ ਵਿੱਚ ਲੁੱਕ ਗਿਆ ਸੀ। ਉੱਥੇ ਬਹੁਤ ਥਾਂ ਸੀ। ਜਾਧਵ ਦੇ ਸੱਜੇ ਹੱਥ ਅਤੇ ਮੋਢੇ 'ਤੇ ਗੋਲੀ ਲੱਗੀ ਸੀ ਅਤੇ ਖ਼ੂਨ ਨਿਕਲ ਰਿਹਾ ਸੀ।
ਸੜਕ 'ਤੇ ਹੋਈ ਗੋਲੀਬਾਰੀ 'ਚ ਜ਼ਖ਼ਮੀ ਹੋਏ ਤਿੰਨ ਕੌਂਸਟੇਬਲ ਉਨ੍ਹਾਂ ਦੇ ਉੱਤੇ ਡਿੱਗ ਗਏ। ਇਨ੍ਹਾਂ ਵਿਚੋਂ ਦੋ ਦੀ ਮੌਤ ਹੋ ਚੁੱਕੀ ਸੀ।
ਸ਼ਹਿਰ ਦੇ ਐਂਟੀ-ਟੇਰਰ ਯੂਨਿਟ ਦੇ ਇੰਚਾਰਜ ਵਿਚਲੀ ਸੀਟ 'ਤੇ ਬੇਠੈ ਹੋਏ ਸਨ। ਉਨ੍ਹਾਂ ਦੀ ਛਾਤੀ ਵਿੱਚ ਗੋਲੀ ਲੱਗ ਗਈ।
ਇਸ ਗੱਡੀ ਵਿੱਚ ਬੈਠੇ ਇੱਕ ਪੁਲਿਸ ਅਧਿਕਾਰੀ ਅਤੇ ਇੰਸਪੈਕਟਰ ਨੂੰ ਵੀ ਗੋਲੀ ਲੱਗ ਗਈ ਸੀ। ਉੱਥੇ ਡਰਾਈਵਰ ਸੀਟ 'ਤੇ ਸੀਨੀਅਰ ਇੰਸਪੈਕਟਰ ਬੈਠੇ ਸਨ, ਉਹ ਵੀ ਗੋਲੀ ਲੱਗਣ ਕਾਰਨ ਸਟੇਅਰਿੰਗ 'ਤੇ ਡਿੱਗ ਪਏ ਸਨ।
ਉਹ ਰਾਤ ਉਸ ਦਿਨ ਹੋਰ ਕਾਲੀ ਹੁੰਦੀ ਜਾ ਰਹੀ ਸੀ।
ਉਹ 26 ਨਵੰਬਰ 2008 ਦੀ ਸ਼ਾਮ ਸੀ। ਭਾਰਤ ਦੀ ਆਰਥਿਕ ਰਾਜਧਾਨੀ ਅਤੇ ਫਿਲਮ ਜਗਤ ਦਾ ਕੇਂਦਰ, ਮੁੰਬਈ, ਦੁਨੀਆਂ ਦੇ ਭਿਆਨਕ ਅੱਤਵਾਦੀ ਹਮਲੇ ਦੀ ਲਪੇਟ ਵਿੱਚ ਸੀ।
ਇਹ ਵੀ ਪੜ੍ਹੋ-
ਭਾਰਤ-ਪਾਕਿਸਤਾਨ ਵਿਚਾਲੇ ਦਰਾਰ ਹੋਰ ਡੂੰਘੀ
ਉਸ ਸ਼ਾਮ ਨੂੰ 10 ਹਥਿਆਰਬੰਦ ਕੱਟੜਪੰਥੀ ਸਮੁੰਦਰ ਦੇ ਰਸਤੇ ਮੁੰਬਈ ਪਹੁੰਚੇ ਸਨ। ਇਹ ਸਾਰੇ ਪਾਕਿਸਤਾਨ ਤੋਂ ਸਨ।

ਤਸਵੀਰ ਸਰੋਤ, AFP
ਇੱਥੇ ਉੱਤਰ ਕੇ ਕੱਟੜਪੰਥੀ ਦੋ ਗਰੁੱਪਾਂ ਵਿੱਚ ਨਿਖੜ ਗਏ, ਇੱਕ ਨੇ ਗੱਡੀ ਅਗਵਾ ਕੀਤੀ ਅਤੇ ਪਹਿਲਾਂ ਤੋਂ ਤੈਅ ਥਾਵਾਂ ਨੂੰ ਨਿਸ਼ਾਨਾ ਬਣਾਇਆ।
ਉਨ੍ਹਾਂ ਨੇ ਇੱਕ ਮੁੱਖ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲ, ਇੱਕ ਯਹੂਦੀ ਸੱਭਿਆਚਾਰਕ ਕੇਂਦਰ ਅਤੇ ਇੱਕ ਹਸਪਤਾਲ 'ਤੇ ਹਮਲਾ ਕੀਤਾ।
ਕੱਟੜਪੰਥੀਆਂ ਨੇ ਜਿਵੇਂ 60 ਘੰਟਿਆਂ ਤੱਕ ਪੂਰੇ ਸ਼ਹਿਰ ਨੂੰ ਬੰਦੀ ਬਣਾ ਲਿਆ ਸੀ। ਮੌਤ ਦੀ ਉਸ ਖੇਡ ਵਿੱਚ 166 ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ ਸਨ।
ਇਸ ਹਮਲੇ ਨੇ ਭਾਰਤ-ਪਾਕਿਸਤਾਨ ਵਿਚਾਲੇ ਦਰਾਰ ਨੂੰ ਹੋਰ ਡੂੰਘਾ ਕਰ ਦਿੱਤਾ।
ਅਰੁਣ ਜਾਧਵ ਅਤੇ ਹੋਰ 6 ਪੁਲਿਸ ਕਰਮੀ ਇੱਕ ਚਿੱਟੀ ਐਸਯੂਵੀ 'ਚ 132 ਸਾਲ ਪੁਰਾਣੇ ਉਸ ਹਸਪਤਾਲ ਵੱਲ ਦੌੜੇ, ਜਿਸ 'ਤੇ ਕੱਟੜਪੰਥੀਆਂ ਨੇ ਹਮਲਾ ਕਰ ਦਿੱਤਾ ਸੀ।
ਉਥੇ ਹਸਪਤਾਲ ਦੇ ਸਟਾਫ ਨੇ ਆਪਣੀ ਸੂਝਬੂਝ ਨਾਲ ਹਸਪਤਾਲ ਦੇ ਵਾਰਡਜ਼ 'ਤੇ ਤਾਲਾ ਲਗਾ ਦਿੱਤਾ ਸੀ ਤਾਂ ਜੋ ਮਰੀਜ਼ਾਂ ਦੀ ਜਾਨ ਬਚ ਸਕੇ।
ਉਨ੍ਹਾਂ ਤੋਂ ਪਹਿਲਾਂ ਪੁਲਿਸ ਹਸਪਤਾਲ 'ਚ ਆ ਚੁੱਕੀ ਸੀ। ਉਦੋਂ ਉਤਲੀ ਮੰਜ਼ਿਲ 'ਤੇ ਗੋਲੀਬਾਰੀ ਹੋਈ।
ਇਸ ਦੇ ਜਵਾਬ ਵਿੱਚ ਸੀਨੀਅਰ ਅਧਿਕਾਰੀ ਨੇ ਵੀ ਗੋਲੀ ਚਲਾਈ।
'ਸਿਰਫ਼ ਇੱਕ ਪੁਲਿਸ ਵਾਲੇ ਨੇ ਬੁਲੈਟ ਪਰੂਫ਼ ਜੈਕਟ ਪਾਈ ਹੈ'
ਉਸ ਤੋਂ ਬਾਅਦ ਬੰਦੂਕਧਾਰੀ ਉਥੋਂ ਭੱਜ ਗਏ ਅਤੇ ਹਸਪਤਾਲ ਦੇ ਪਿੱਛੇ ਤਾੜ ਦੇ ਰੁੱਖਾਂ ਵਾਲੇ ਰਸਤੇ 'ਚ ਲੁਕ ਗਏ। ਉਦੋਂ ਸਾਡੀ ਐਸਯੂਵੀ ਉੱਥੇ ਪਹੁੰਚੀ।
ਅਸੀਂ ਪਹੁੰਦੇ ਹੀ ਸੀ ਕਿ ਕੁਝ ਹੀ ਸਕਿੰਟਾਂ ਵਿੱਚ ਕੱਟੜਪੰਥੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਗੱਡੀ ਅੰਦਰ ਦੋ ਰਾਊਂਡ ਫਾਈਰਿੰਗ ਕੀਤੀ।
ਉਹ ਇੰਨਾ ਅਚਾਨਕ ਹਮਲਾ ਸੀ ਕਿ ਸਿਰਫ਼ ਅਰੁਣ ਜਾਧਵ ਹੀ ਜਵਾਬੀ ਫਾਈਰਿੰਗ ਕਰ ਸਕੇ ਬਾਕੀ ਸਾਰਿਆਂ ਨੂੰ ਗੋਲੀਆਂ ਲੱਗ ਗਈਆਂ।
ਉਨ੍ਹਾਂ ਨੇ ਫਾਈਰਿੰਗ ਦਾ ਜਵਾਬ ਦਿੰਦਿਆਂ ਗੱਡੀ ਦੀ ਪਿਛਲੀ ਸੀਟ ਤੋਂ ਬੰਦੂਕਧਾਰੀਆਂ ਨੂੰ ਤਿੰਨ ਗੋਲੀਆਂ ਮਾਰੀਆਂ।
ਬੰਦੂਕਧਾਰੀਆਂ ਨੇ ਤੁਰੰਤ ਹੀ ਅੱਗੇ ਦੀ ਸੀਟ ਤੋਂ ਤਿੰਨਾਂ ਅਧਿਕਾਰੀਆਂ ਦੀਆਂ ਲਾਸ਼ਾਂ ਕੱਢ ਕੇ ਸੜਕ 'ਤੇ ਸੁੱਟ ਦਿੱਤੀਆਂ।
ਉਨ੍ਹਾਂ ਵਿਚੋਂ ਇੱਕ ਨੇ ਇਹ ਵੀ ਕਿਹਾ ਕਿ ਸਿਰਫ਼ ਇੱਕ ਪੁਲਿਸ ਵਾਲੇ ਨੇ ਬੁਲੈਟ ਪਰੂਫ਼ ਜੈਕਟ ਪਾਈ ਹੈ।
ਉਸ ਤੋਂ ਬਾਅਦ ਉਹ ਬਾਕੀ ਲਾਸ਼ਾਂ ਨੂੰ ਕੱਢਣ ਲਈ ਗੱਡੀ ਦਾ ਪਿਛਲਾ ਦਰਵਾਜ਼ਾ ਖੋਲ੍ਹਣ ਲੱਗੇ ਪਰ ਉਹ ਖੁੱਲਿਆ ਨਹੀਂ।
ਮੁਹੰਮਦ ਅਜਮਲ ਆਮਿਰ ਕਸਾਬ ਤੇ ਇਸਮਾਈਲ ਖ਼ਾਨ ਨੂੰ ਲੱਗਾ ਕਿ ਪਿੱਛੇ ਚਾਰ ਲਾਸ਼ਾਂ ਪਈਆਂ ਹਨ।
ਅਸਲ, 'ਚ ਉਨ੍ਹਾਂ ਵਿਚੋਂ ਇੱਕ ਜ਼ਿੰਦਾ ਸੀ ਅਤੇ ਦੂਜਾ ਹੌਲੀ-ਹੌਲੀ ਸਾਹ ਲੈ ਰਿਹਾ ਸੀ। ਬਾਕੀ ਦੋ ਮਰ ਗਏ ਸਨ।
ਅਚਾਨਕ ਮ੍ਰਿਤ ਕੌਂਸਟੇਬਲ ਯੋਗੇਸ਼ ਪਾਟਿਲ ਦੀ ਜੇਬ 'ਚ ਪਿਆ ਫੋਨ ਵੱਜਣ ਲੱਗਾ, ਉਹ ਆਪਰੇਸ਼ਨ 'ਤੇ ਜਾਣ ਤੋਂ ਪਹਿਲਾਂ ਉਸ ਨੂੰ ਸਾਈਲੈਂਟ ਕਰਨਾ ਭੁੱਲ ਗਏ ਸਨ।
ਇਹ ਹੀ ਪੜ੍ਹੋ-

ਤਸਵੀਰ ਸਰੋਤ, Getty Images
ਫੋਨ ਦੀ ਆਵਾਜ਼ ਸੁਣ ਕੇ ਕਸਾਬ ਨੇ ਪਿੱਛੇ ਵੱਲ ਗੋਲੀਆਂ ਚਲਾਈਆਂ। ਗੋਲੀ ਵਿਚਕਾਰਲੀ ਸੀਟ ਤੋਂ ਹੁੰਦਿਆਂ ਹੋਇਆ ਯੋਗੇਸ਼ ਪਾਟਿਲ ਨੂੰ ਲੱਗੀ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਪਰ ਖ਼ੂਨ ਨਾਲ ਭਿੱਜੇ ਅਤੇ ਲਾਸ਼ਾਂ 'ਚ ਦੱਬੇ ਅਰੁਣ ਯਾਧਵ ਦੇ ਜ਼ਿੰਦਾ ਹੋਣ ਬਾਰੇ ਕੱਟੜਪੰਥੀ ਨਹੀਂ ਜਾਣਦੇ ਸਨ।
ਉਹ ਕਹਿੰਦੇ ਹਨ, "ਜੇਕਰ ਕਸਾਬ ਨੇ ਆਪਣੀ ਬੰਦੂਕ ਥੋੜ੍ਹੀ ਹੋਰ ਮੋੜੀ ਹੁੰਦੀ ਤਾਂ ਮੈਂ ਜ਼ਿੰਦਾ ਨਹੀਂ ਬਚਦਾ।"
ਮੌਤ ਨੂੰ ਨੇੜਿਓਂ ਦੇਖਣ ਵਾਲਿਆਂ 'ਤੇ ਕੀਤੇ ਗਏ ਅਧਿਅਨ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਲੋਕ ਸ਼ਾਂਤੀ ਅਤੇ ਸਰੀਰ ਤੋਂ ਅਲਹਿਦਗੀ ਮਹਿਸੂਸ ਕਰਦੇ ਹਨ।
ਉਨ੍ਹਾਂ ਨੂੰ ਕਿਸੇ ਸੁਰੰਗ ਦੇ ਅੰਤ ਵਿੱਚ ਤੇਜ਼ ਰੋਸ਼ਨੀ ਅਤੇ ਸਾਏ ਦਿਖਾਈ ਦਿੰਦੇ ਹਨ।
ਸਿਰਫ਼ ਕਸਾਬ ਹੀ ਜ਼ਿੰਦਾ ਫੜਿਆ ਗਿਆ
ਪਰ, ਮੁੰਬਈ ਦੇ ਨੇੜਲੇ ਇਲਾਕਿਆਂ ਵਿੱਚ ਲੰਬੇ ਸਮੇਂ ਤੋਂ ਅਪਰਾਧ ਦਾ ਸਾਹਮਣਾ ਕਰ ਰਹੇ ਅਰੁਣ ਜਾਧਵ ਨੂੰ ਅਜਿਹਾ ਕੁਝ ਵੀ ਮਹਿਸੂਸ ਨਹੀਂ ਹੋਇਆ।
ਪਰਿਵਾਰ ਨਾਲ ਜੁੜੀਆਂ ਯਾਦਾਂ ਜਿਵੇਂ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜੈਰਨ ਲੱਗੀਆਂ। ਉਨ੍ਹਾਂ ਨੂੰ ਲੱਗਾ ਕਿ ਜਿਵੇਂ ਹੁਣ ਉਨ੍ਹਾਂ ਅੰਤ ਆ ਗਿਆ ਹੈ।
51 ਸਾਲਾਂ ਦੇ ਅਰੁਣ ਜਾਦਵ ਦੱਸਦੇ ਹਨ, "ਮੈਂ ਇਸ ਵੇਲੇ ਸੋਚ ਰਿਹਾ ਸੀ ਕਿ ਮੈਂ ਛੇਤੀ ਹੀ ਮਰ ਜਾਵਾਂਗਾ। ਮੈਂ ਆਪਣੀ ਪਤਨੀ, ਬੱਚਿਆਂ, ਮਾਪਿਆਂ ਨੂੰ ਯਾਦ ਕਰ ਰਿਹਾ ਸੀ। ਇਹੀ ਮੇਰਾ ਅੰਤ ਹੈ।"
ਅਰੁਣ ਜਾਧਵ ਨੇ ਦੱਸਿਆ ਕਿ ਫਿਰ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੀ ਬੰਦੂਕ ਚੁੱਕਣ ਦੀ ਕੋਸ਼ਿਸ਼ ਕੀਤੀ ਜੋ ਕਾਰ ਵਿੱਚ ਡਿੱਗ ਗਈ ਸੀ।

ਤਸਵੀਰ ਸਰੋਤ, Getty Images
ਪਰ ਉਨ੍ਹਾਂ ਦੀ ਜ਼ਖ਼ਮੀ ਬਾਂਹ ਵਿੱਚ ਬਿਲਕੁਲ ਵੀ ਤਾਕਤ ਨਹੀਂ ਸੀ। ਹੁਣ ਉਨ੍ਹਾਂ ਨੂੰ ਆਪਣੀ 9 ਐਮਐਮ ਦੀ ਪਿਸਤੌਲ ਨਾ ਹੋਣ ਦਾ ਅਫ਼ਸੋਸ ਹੋ ਰਿਹਾ ਸੀ। ਉਨ੍ਹਾਂ ਨੇ ਗੱਡੀ ਚੜਨ ਵੇਲੇ ਆਪਣੀ ਪਿਸਤੌਲ ਆਪਣੇ ਸਹਿਕਰਮੀ ਨੂੰ ਦੇ ਦਿੱਤੀ ਸੀ।
ਉਹ ਕਹਿੰਦੇ ਹਨ, "ਮੈਂ ਕਿਸੇ ਹੌਲੇ ਹਥਿਆਰ ਨਾਲ ਆਸਾਨੀ ਨਾਲ ਬੰਦੂਕਧਾਰੀਆਂ ਨੂੰ ਮਾਰ ਸਕਦਾ ਸੀ।"
ਹੁਣ ਕੱਟੜਪੰਥੀ ਗੱਡੀ ਵਿੱਚ ਬੈਠ ਗਏ ਅਤੇ ਤੇਜ਼ੀ ਨਾਲ ਉਸ ਨੂੰ ਭਜਾਉਣ ਲੱਗੇ। ਇੱਕ ਕ੍ਰਾਸਿੰਗ 'ਤੇ ਉਨ੍ਹਾਂ ਨੇ ਬਾਹਰ ਖੜੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਨਾਲ ਹਫੜਾ-ਦਫੜੀ ਮਚ ਗਈ।
ਬਾਹਰ ਮੌਜੂਦ ਪੁਲਿਸ ਨੇ ਗੋਲੀਆਂ ਚਲਾਈਆਂ ਅਤੇ ਗੱਡੀ ਦੇ ਪਿੱਛੇ ਟਾਇਰ 'ਤੇ ਗੋਲੀ ਲੱਗੀ।
ਗੱਡੀ ਵਿੱਚ ਮੌਜੂਦ ਵਾਇਰਲੈਸ ਨਾਲ ਦੂਜੀਆਂ ਥਾਵਾਂ 'ਤੇ ਹੋਏ ਹਮਲਿਆਂ ਦੇ ਲਗਾਤਾਰ ਸੰਦੇਸ਼ ਆ ਰਹੇ ਸਨ।
ਇੱਕ ਸੰਦੇਸ਼ ਆਇਆ, "ਕੁਝ ਹੀ ਦੇਰ ਪਹਿਲਾਂ ਇੱਕ ਪੁਲਿਸ ਵੈਨ ਤੋਂ ਫਾਇਰਿੰਗ ਹੋਈ ਹੈ।"
ਪਰ ਬੰਦੂਕਧਾਰੀਆਂ ਨੇ ਉਸ ਪੈਂਚਰ ਟਾਇਰ ਨਾਲ 20 ਮਿੰਟ ਗੱਡੀ ਚਲਾਈ ਜਦੋਂ ਤੱਕ ਕਿ ਟਾਇਰ ਬਾਹਰ ਨਹੀਂ ਆ ਗਿਆ।
ਉਸ ਤੋਂ ਬਾਅਦ ਗੱਡੀ ਛੱਡ ਦਿੱਤੀ ਅਤੇ ਸਕੋਡਾ ਸੇਡਾਨ ਨੂੰ ਰੋਕਿਆ ਅਤੇ ਉਸ 'ਚ ਤਿੰਨ ਲੋਕਾਂ ਨੂੰ ਬਾਹਰ ਕੱਢ ਦਿੱਤਾ ਅਤੇ ਫਿਰ ਗੱਡੀ ਲੈ ਕੇ ਸਮੁੰਦਰ ਵੱਲ ਚਲੇ ਗਏ।
ਉੱਥੇ ਉਹ ਇੱਕ ਪੁਲਿਸ ਚੈਕਪੁਆਇੰਟ 'ਤੇ ਪਹੁੰਚੇ। ਉੱਥੇ ਗੋਲੀਬਾਰੀ ਹੋਈ, ਜਿਸ ਵਿੱਚ ਇਸਮਾਈਲ ਅਤੇ ਇੱਕ ਪੁਲਿਸ ਕਰਮੀ ਦੀ ਮੌਤ ਹੋ ਗਈ ਸਿਰਫ਼ ਕਸਾਬ ਨੂੰ ਹੀ ਜ਼ਿੰਦਾ ਫੜਿਆ ਗਿਆ।
1988 'ਚ ਹੋਏ ਪੁਲਿਸ 'ਚ ਭਰਤੀ
ਜਾਧਵ ਕਹਿੰਦੇ ਹਨ, "ਮੈਂ ਮਰਨ ਦੀ ਐਕਟਿੰਗ ਕਰ ਰਿਹਾ ਸੀ ਅਤੇ ਸੀਟ ਦੇ ਪਿਛਿਓਂ ਸਭ ਦੇਖ ਰਿਹਾ ਸੀ।"

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਸੇ ਤਰ੍ਹਾਂ ਵਾਇਰਲੈਸ ਨੂੰ ਚੁੱਕਿਆ ਅਤੇ ਕੰਟ੍ਰੋਲ ਰੂਮ ਵਿੱਚ ਪੂਰੀ ਘਟਨਾ ਬਾਰੇ ਦੱਸਿਆ ਅਤੇ ਮਦਦ ਮੰਗੀ।
ਜਦੋਂ ਐਂਬੂਲੈਂਸ ਉਨ੍ਹਾਂ ਤੱਕ ਪਹੁੰਚੀ ਤਾਂ ਉਹ ਬਿਨਾਂ ਕਿਸੇ ਦੀ ਮਦਦ ਦੇ ਉਸ ਵਿੱਚ ਬੈਠੇ ਤੇ ਹਸਪਤਾਲ ਪਹੁੰਚੇ।
ਉਸ ਗੱਡੀ ਵਿੱਚ ਮਾਰੇ ਗਏ ਤਿੰਨ ਲੋਕ ਸ਼ਹਿਰ ਦੇ ਮੋਹਰੀ ਪੁਲਿਸ ਕਰਮੀ ਸਨ। ਇਸ ਵਿੱਚ ਸ਼ਹਿਰ ਦੇ ਐਂਟੀ ਟੈਰੇਰਿਸਟ ਸੁਕਾਇਡ ਦੇ ਮੁਖੀ ਹੇਮੰਤ ਕਰਕਰੇ, ਐਡੀਸ਼ਨਲ ਕਮਿਸ਼ਨਰ ਅਸ਼ੋਕ ਕਾਮਟੇ ਅਤੇ ਇੰਸਪੈਕਟਰ ਵਿਜੇ ਸਲਾਸਕਰ ਸ਼ਾਮਿਲ ਸਨ।
1988 ਵਿੱਚ ਮੁੰਬਈ ਪੁਲਿਸ ਜੁਆਇਨ ਕਰਨ ਤੋਂ ਬਾਅਦ ਅਰੁਣ ਜਾਧਵ ਦੀ ਪ੍ਰਮੋਸ਼ਨ ਹੋਈ ਸੀ ਅਤੇ ਗੈਂਗਸਟਰ ਦਾ ਖ਼ਾਤਮਾ ਕਰਨ ਲਈ ਸਲਾਸਕਰ ਦੀ ਟੀਮ ਵਿੱਚ ਸ਼ਾਮਿਲ ਹੋਏ ਸਨ।
ਜਦੋਂ ਜਾਧਵ ਜ਼ਿੰਦਗੀ ਅਤੇ ਮੌਤ ਵਿਚਕਾਰ ਫਸੇ ਸੀ ਤਾਂ ਇੱਕ ਕਮਰੇ ਦੇ ਘਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਪੂਰੀ ਰਾਤ ਇਨ੍ਹਾਂ ਹਮਲਿਆਂ ਨਾਲ ਜੁੜੀਆਂ ਖ਼ਬਰਾਂ ਟੀਵੀ 'ਤੇ ਦੇਖ ਰਹੇ ਸਨ। ਜਦੋਂ ਮੁਕਾਬਲੇ ਦੀ ਖ਼ਬਰ ਆਈ ਤਾਂ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ।
ਅਰੁਣ ਜਾਧਵ ਨੇ ਹਸਪਤਾਲ ਪਹੁੰਚਣ ਤੋਂ ਬਾਅਦ ਅਗਲੀ ਸਵੇਰ ਆਪਣਿਆਂ ਨਾਲ ਗੱਲ ਕੀਤੀ। ਉਨ੍ਹਾਂ ਦਾ ਆਪਰੇਸ਼ਨ ਹੋਇਆ ਅਤੇ ਹੱਥ ਅਤੇ ਮੋਢੇ 'ਚੋਂ ਪੰਜ ਗੋਲੀਆਂ ਕੱਢੀਆਂ ਗਈਆਂ।
ਮਾਰਚ 2010 ਵਿੱਚ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈ
ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰ ਹੈਰਾਨ ਸੀ ਕਿ ਇਸ ਸਭ ਦੇ ਬਾਵਜੂਦ ਉਨ੍ਹਾਂ ਨੂੰ ਸਦਮਾ ਨਹੀਂ ਲੱਗਾ। ਉਨ੍ਹਾਂ ਨੂੰ 7 ਮਹੀਨਿਆਂ ਲਈ ਆਰਾਮ ਕਰਨ ਲਈ ਕਿਹਾ ਗਿਆ।

ਤਸਵੀਰ ਸਰੋਤ, KANAGGI KHANNA
ਕਸਾਬ ਨੂੰ ਸਜ਼ਾ ਦਿਵਾਉਣ ਵਿੱਚ ਅਰੁਣ ਜਾਧਵ ਮੁਖ ਚਸ਼ਮਦੀਦ ਬਣੇ। ਉਨ੍ਹਾਂ ਜੇਲ੍ਹ ਵਿੱਚ ਕਸਾਬ ਨੂੰ ਪਛਾਣਿਆ ਅਤੇ ਉਸ ਦਿਨ ਦੀ ਹਰ ਇੱਕ ਗੱਲ ਬਹੁਤ ਬਰੀਕੀ ਨਾਲ ਜੱਜ ਸਾਹਮਣੇ ਰੱਖੀ।
ਮਾਰਚ 2010 ਵਿੱਚ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਦੋ ਸਾਲ ਬਾਅਦ ਪੁਣੇ ਦੀ ਜੇਲ 'ਚ ਫਾਂਸੀ ਦੇ ਦਿੱਤੀ ਗਈ।
ਅਰੁਣ ਜਾਧਵ ਨੂੰ ਉਨ੍ਹਾਂ ਦੀ ਬਹਾਦੁਰੀ ਲਈ ਸਨਮਾਨਿਤ ਵੀ ਕੀਤਾ ਗਿਆ ਅਤੇ ਮੁਆਵਜ਼ਾ ਵੀ ਦਿੱਤਾ ਗਿਆ।
ਉਨ੍ਹਾਂ ਦੀ ਵੱਡੀ ਬੇਟੀ ਨੂੰ ਸਰਕਾਰੀ ਨੌਕਰੀ ਦਿੱਤੀ ਗਈ। ਉਨ੍ਹਾਂ ਦਾ ਇੱਕ ਪੁੱਤਰ ਅਤੇ ਧੀ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਈਸ ਦੀ ਪੜ੍ਹਾਈ ਕਰ ਰਹੇ ਹਨ।
10 ਸਾਲ ਬਾਅਦ ਵੀ ਅਰੁਣ ਜਾਧਵ ਲਈ ਜ਼ਿੰਦਗੀ ਬਹੁਤ ਜ਼ਿਆਦਾ ਨਹੀਂ ਬਦਲੀ। ਕੰਮ ਦੌਰਾਨ ਉਹ ਅਜੇ ਵੀ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ।
ਬਾਅਦ ਵਿੱਚ ਉਨ੍ਹਾਂ ਦੇ ਹੱਥ ਦੇ ਦੋ ਆਪਰੇਸ਼ਨ ਹੋਏ। ਇਹ ਦੱਸਦੇ ਹਨ ਕਿ ਅਜੇ ਵੀ ਹੱਥ ਵਿੱਚ ਪੀੜ ਹੁੰਦੀ ਹੈ ਅਤੇ ਇਸ ਦਾ ਵਧੇਰੇ ਖ਼ਿਆਲ ਰੱਖਣਾ ਪੈਂਦਾ ਹੈ।
ਹਾਲਾਂਕਿ, ਕੁਝ ਚੀਜ਼ਾਂ ਬਦਲੀਆਂ ਹਨ। ਹੁਣ ਉਹ ਕਿਸੇ ਆਪਰੇਸ਼ਨ 'ਚ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਦੱਸਦੇ ਹਨ।
ਸੋਮਵਾਰ ਨੂੰ ਇਸ ਹਮਲੇ ਦੇ 10 ਸਾਲ ਪੂਰੇ ਹੋਣ 'ਤੇ ਗੇਟਵੇ ਆਫ ਇੰਡੀਆ 'ਤੇ ਇੱਕ ਦਸਤਾਵੇਜ਼ੀ ਦਿਖਾਈ ਜਾਵੇਗੀ, ਜਿਸ ਵਿੱਚ ਅਰੁਣ ਜਾਧਵ ਦਾ ਇੰਟਰਵਿਊ ਵੀ ਹੋਵੇਗਾ।
ਹਾਲਾਂਕਿ ਉਸ ਦਿਨ ਅਰੁਣ ਜਾਧਵ ਇਸ ਸ਼ਹਿਰ ਵਿੱਚ ਨਹੀਂ ਹੋਣਗੇ। ਉਹ ਆਪਣੇ ਪਰਿਵਾਰ ਨਾਲ ਉੱਤਰ ਭਾਰਤ 'ਚ ਕਿਸੇ ਗੁਰੂ ਦੇ ਆਸ਼ਰਮ ਵਿੱਚ ਜਾ ਰਹੇ ਹਨ।
ਉਹ ਕਹਿੰਦੇ ਹਨ, "ਅਜਿਹੀ ਘਟਨਾ ਤੋਂ ਬਾਅਦ ਦਿਮਾਗ ਨੂੰ ਸ਼ਾਂਤ ਰੱਖਣਾ ਮੁਸ਼ਕਲ ਹੋ ਸਕਦਾ ਹੈ। ਕਦੇ-ਕਦੇ ਅੱਧੀ ਰਾਤ ਅੱਖ ਖੁੱਲ੍ਹਣ ਤੋਂ ਬਾਅਦ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਮੈਨੂੰ ਉਸ ਦਿਨ ਦੀਆਂ ਕੁਝ ਘਟਨਾਵਾਂ ਯਾਦ ਆਉਂਦੀਆਂ ਹਨ।"
"ਮੈਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਮੌਤ ਦੇ ਮੂੰਹੋਂ ਕਿਵੇਂ ਬਚ ਕੇ ਆ ਗਿਆ। ਮੈਨੂੰ ਖ਼ੁਦ ਨਹੀਂ ਪਤਾ। ਸ਼ਾਇਦ ਮੈਂ ਖੁਸ਼ਕਿਸਮਤ ਸੀ ਜਾਂ ਮੈਂ ਚੰਗੇ ਕਰਮ ਕੀਤੇ ਸਨ ਜਾਂ ਸ਼ਾਇਦ ਕੁਝ ਹੋਰ। ਮੈਨੂੰ ਲਗਦਾ ਹੈ ਕਿ ਇਹ ਕਦੇ ਪਤਾ ਨਹੀਂ ਲੱਗੇਗਾ।"
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਜ਼ਰੂਰ ਦੇਖੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













