ਅੰਮ੍ਰਿਤਸਰ ਧਮਾਕਾ: ਬਿਕਰਮ ਦੀ ਮਾਂ ਤੇ ਪਿੰਡ ਵਾਲਿਆਂ ਨੇ ਰੱਦ ਕੀਤੇ ਪੁਲਿਸ ਦੇ ਦਾਅਵੇ

ਤਸਵੀਰ ਸਰੋਤ, RAVINDER SINGH ROBIN/BBC
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿਰੰਕਾਰੀ ਭਵਨ 'ਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਧਾਰੀਵਾਲ ਪਿੰਡ ਦੇ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਗ੍ਰਨੇਡ ਸੁੱਟਣ ਵਾਲਾ ਅਵਤਾਰ ਸਿੰਘ ਅਜੇ ਫਰਾਰ ਹੈ। ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਜ਼ਖ਼ਮੀ ਹੋਏ ਸਨ।
ਬੀਬੀਸੀ ਨੇ ਬਿਕਰਮਜੀਤ ਸਿੰਘ ਦੇ ਪਿੰਡ ਦਾ ਦੌਰਾ ਕੀਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ।
ਬਿਕਰਮਜੀਤ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ।
"ਕਿੱਥੋਂ ਲਿਆਇਆ ਬੰਬ ਕਿਹੜੇ ਵੇਲੇ ਲੈ ਆਇਆ? ਦੱਸੋ ਤੁਸੀਂ। ਸੀਜ਼ਨ ਹੈਗਾ, ਉਹ ਦਿਨ ਰਾਤ ਵਾਹੀ ਕਰਦੇ ਫਿਰਦੇ ਐ।"
ਧਮਾਕੇ ਨਾਲ ਜੁੜੀਆਂ ਇਹ ਖ਼ਬਰਾਂਵੀ ਪੜ੍ਹੋ:

ਤਸਵੀਰ ਸਰੋਤ, RAVINDER SINGH ROBIN/BBC
"ਉਹ ਤਾਏ ਦੇ ਨਾਲ ਵੀ ਕੰਮ ਕਰਵਾਉਂਦਾ ਹੈ। ਦੂਜੇ ਤਾਏ ਦਾ ਇੱਕ ਮੁੰਡਾ ਏਅਰਪੋਰਟ ਲੱਗਿਆ ਤੇ ਇੱਕ ਪੁਲਿਸ ֹ'ਚ ਹੈ। ਉਹਦੀਆਂ ਵੀ ਪੈਲੀਆਂ ਵਾਹੀਆਂ। ਉਹ ਸਾਰਿਆਂ ਨਾਲ ਈ ਕੰਮ ਕਰਾ ਦਿੰਦਾ ਸੀ।"
ਸੁਖਵਿੰਦਰ ਨੇ ਕਿਹਾ, "ਮੇਰੇ ਮੁੰਡੇ ਨੇ ਬੰਬ ਕਿਉਂ ਮਾਰਨਾ ਸੀ? ਉਹਨੇ ਨਹੀਂ ਮਾਰਿਆ। ਫ਼ਸਾ ਦਿੱਤਾ ਉਸ ਨੂੰ ਕਿਸੇ ਨੇ।"
ਫ਼ਸਾਉਣ ਵਾਲੇ ਬਾਰੇ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਿਸਨੇ ਫ਼ਸਾ ਦਿੱਤਾ।
ਬਿਕਰਮਜੀਤ ਨੇ 12ਵੀਂ ਤਕ ਪੜ੍ਹਾਈ ਕੀਤੀ ਹੈ ਅਤੇ ਉਹ ਖੇਤੀ ਦਾ ਕੰਮ ਕਰਦਾ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।
ਉਸ ਦਾ ਛੋਟਾ ਭਰਾ ਕੈਨੇਡਾ ਵਿੱਚ ਹੈ।

ਤਸਵੀਰ ਸਰੋਤ, RAVINDER SINGH ROBIN/BBC
ਬਿਕਰਮਜੀਤ ਸਿੰਘ ਦੇ ਰਿਸ਼ਤੇਦਾਰ, ਸੁਖਵਿੰਦਰ ਸਿੰਘ ਨੇ ਦੱਸਿਆ, "ਪੁਲਿਸ ਵਾਲੇ ਰਾਤ ਨੂੰ ਆਏ ਸੀ ਅਤੇ ਚੁੱਕ ਕੇ ਲੈ ਗਏ। ਕਿਸੇ ਨੂੰ ਉਨ੍ਹਾਂ ਨੇ ਪੁੱਛਿਆ ਨਈਂ ਕੋਈ ਗੱਲ ਨਹੀਂ ਬਾਤ ਨਹੀਂ ਕੀਤੀ, ਕੋਈ ਸਾਨੂੰ ਮਿਲਿਆ ਨਹੀਂ।"
"ਸਾਰਾ ਪਿੰਡ ਉਹਦੀ ਸੁਣਵਾਈ ਦੇ ਸਕਦਾ ਹੈ। ਆਹ ਲਾਗੇ ਪਿੰਡ ਸਲੇਮਪੁਰਾ, ਇਹ ਵੀ ਉਹਦੀ ਸੁਣਵਾਈ ਦੇ ਸਕਦਾ। ਇਹੋ ਜਾ ਕੋਈ ਮੁੰਡਾ ਹੈ ਨਹੀਂ ਸਾਡੇ ਪਿੰਡ ਵਿੱਚ। ਜਦੋਂ ਪਹਿਲਾਂ ਅੱਤਵਾਦ ਸੀ ਉਦੋਂ ਕੋਈ ਮੁੰਡਾ ਨਹੀਂ ਸੀ ਹੁਣ ਕਿੱਥੋਂ?
'ਅਸੀਂ ਇੰਨਾਂ ਵੱਡਾ ਆਪਰੇਸ਼ਨ ਹਵਾ ਵਿੱਚ ਨਹੀਂ ਕੀਤਾ'
ਅੰਮ੍ਰਿਤਸਰ ਦੇ ਐੱਐੱਸਪੀ ਪਰਮਪਾਲ ਸਿੰਘ ਨੂੰ ਬੀਬੀਸੀ ਨੇ ਜਦੋਂ ਇਹ ਪੁੱਛਿਆ ਬਿਕਰਮਜੀਤ ਸਿੰਘ ਦਾ ਪਰਿਵਾਰ ਤੇ ਪਿੰਡਵਾਲੇ ਕਹਿ ਰਹੇ ਕਿ ਉਹ ਬੇਕਸੂਰ ਹੈ ਤਾਂ ਉਨ੍ਹਾਂ ਕਿਹਾ, ''ਸਾਡੇ ਕੋਲ ਲੋੜੀਂਦੇ ਸਬੂਤ ਹਨ ਅਤੇ ਅਸੀਂ ਅਦਾਲਤ ਵਿੱਚ ਇਸ ਨੂੰ ਸਾਬਿਤ ਕਰਾਂਗੇ। ਅਸੀਂ ਇੰਨਾਂ ਵੱਡਾ ਆਪਰੇਸ਼ਨ ਹਵਾ ਵਿੱਚ ਨਹੀਂ ਕੀਤਾ।'
ਅਵਤਾਰ ਸਿੰਘ ਦੇ ਘਰ ਕੋਈ ਨਹੀਂ
ਦੂਜਾ ਮੁਲਜ਼ਮ ਅਵਤਾਰ ਸਿੰਘ ਪਿੰਡ ਚੱਕ ਮਿਸ਼ਰੀ ਖ਼ਾਨ ਦਾ ਰਹਿਣ ਵਾਲਾ ਹੈ ਅਤੇ ਆਰਐਮਪੀ ਡਾਕਟਰ ਹੈ। ਉਹ ਫਰਾਰ ਹੈ। ਉਸ ਦੇ ਘਰੇ ਕੋਈ ਨਹੀਂ ਸੀ।
ਬੀਬੀਸੀ ਨਾਲ ਗੱਲ ਕਰਦਿਆਂ ਪਿੰਡ ਵਾਲਿਆਂ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ।
ਗੁਆਂਢੀ ਤਲਵਿੰਦਰ ਸਿੰਘ ਨੇ ਦੱਸਿਆ ਕਿ "ਮੁੰਡਾ ਬਿਲਕੁਲ ਸਹੀ ਹੈ ਤੇ ਅੰਮ੍ਰਿਤਧਾਰੀ ਪਰਿਵਾਰ ਹੈ ਅਤੇ ਮੁੰਡਾ ਡਾਕਟਰੀ ਦੀ ਦੁਕਾਨ ਕਰਦਾ ਹੈ। ਪਰਿਵਾਰ ਦਾ ਕਿਸੇ ਨਾਲ ਵਿਰੋਧ ਨਹੀਂ।"
ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਦੇ ਪਿਤਾ ਦਾ ਨਾਮ ਗੁਰਦਿਆਲ ਸਿੰਘ ਹੈ ਅਤੇ ਪੁਲਿਸ ਉਨ੍ਹਾਂ ਨੂੰ ਲੈ ਗਈ ਹੈ।
ਇੱਕ ਹੋਰ ਪਿੰਡ ਵਾਸੀ ਗੁਰਜੀਤ ਸਿੰਘ ਨੇ ਦੱਸਿਆ, "ਮੁੰਡਾ ਬਿਲਕੁਲ ਠੀਕ ਸੀ"। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਉਮੀਦ ਹੀ ਨਹੀਂ ਸੀ ਕਿ ਪਿੰਡ ਵਿੱਚ ਅਜਿਹਾ ਕੋਈ ਕੰਮ ਹੋਵੇਗਾ।
ਲੋਕਾਂ ਨੇ ਦੱਸਿਆ ਕਿ ਪੁਲਿਸ ਐਤਵਾਰ ਸਵੇਰੇ ਗਿਆਰਾਂ ਕੁ ਵਜੇ ਹਮਲਾ ਹੋਇਆ ਤੇ ਰਾਤ ਨੂੰ ਹੀ ਪੁਲਿਸ ਪਿੰਡ ਵਿੱਚ ਆ ਗਈ ਸੀ।'












