ਜਦੋਂ ਆਸਟਰੇਲੀਆ ਦੇ ਕੈਪਟਨ ਨੇ ਹਰਮਨਪ੍ਰੀਤ ਕੌਰ ਨੂੰ ਦਿੱਤੀ ਆਪਣੀ ਜਰਸੀ

ਹਰਮਨਪ੍ਰੀਤ ਦੇ ਪਿਤਾ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਹਰਮਨਪ੍ਰੀਤ ਦੇ ਪਿਤਾ ਖ਼ੁਦ ਵੀ ਖਿਡਾਰੀ ਰਹਿ ਚੁੱਕੇ ਹਨ
    • ਲੇਖਕ, ਰਵਿੰਦਰ ਸਿੰਘ ਰੋਬਿਨ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਟੀ-20 ਵਰਲਡ ਕੱਪ ਖੇਡ ਰਹੀ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਪਹਿਲੇ ਹੀ ਮੈਚ ਦੌਰਾਨ ਸੈਂਕੜਾ ਮਾਰਿਆ ਹੈ। ਹਰਮਨਪ੍ਰੀਤ ਕੌਰ ਨੇ 51 ਗੇਂਦਾਂ ਵਿੱਚ 103 ਦੌੜਾਂ ਬਣਾ ਕੇ ਰਿਕਾਰਡ ਬਣਾਇਆ ਹੈ।

ਹਰਮਨਪ੍ਰੀਤ ਦੀ ਇਸ ਪ੍ਰਾਪਤੀ ਬਾਰੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ।

ਹਰਮਨਪ੍ਰੀਤ ਕੌਰ ਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਨੇ ਆਪਣੀ ਧੀ ਦੀ ਇਸ ਸਫ਼ਲਤਾ 'ਤੇ ਖੁਸ਼ੀ ਜਤਾਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਹਰਮਨਪ੍ਰੀਤ ਨੂੰ ਇੱਥੇ ਪਹੁੰਚਾਉਣ ਵਿੱਚ ਉਨ੍ਹਾਂ ਨੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਅੱਜ ਉਹ ਉਸ 'ਤੇ ਮਾਣ ਮਹਿਸੂਸ ਕਰਦੇ ਹਨ।

ਇਹ ਵੀ ਪੜ੍ਹੋ:

ਹਰਮਨਪ੍ਰੀਤ ਦੀ ਮਾਂ ਤੇ ਭੈਣ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਹਰਮਨਪ੍ਰੀਤ ਦੀ ਮਾਂ ਉਸ ਨੂੰ ਘਰ ਦੇ ਕੰਮਾਂ ਵਿੱਚ ਲਾਉਣਾ ਚਾਹੁੰਦੇ ਸਨ ਪਰ ਉਸਦਾ ਸ਼ੌਕ ਦੇਖਦੇ ਹੋਏ ਉਸ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਗਿਆ

ਹਰਮਨਪ੍ਰੀਤ ਦੇ ਇਸ ਮੁਕਾਮ ਤੱਕ ਪੁੱਜਣ ਦੇ ਸਫ਼ਰ 'ਤੇ ਉਨ੍ਹਾਂ ਦੇ ਪਿਤਾ ਕਹਿੰਦੇ ਹਨ, ''ਜਦੋਂ ਬਚਪਨ ਵਿੱਚ ਹਰਮਨ ਮੁੰਡਿਆ ਵਿੱਚ ਜਾ ਕੇ ਖੇਡਦੀ ਸੀ, ਤਾਂ ਉਸ ਨੂੰ ਗਾਲਾਂ ਤੱਕ ਸੁਣਨੀਆਂ ਪੈਂਦੀਆਂ ਸੀ ਪਰ ਅਸੀਂ ਹਮੇਸ਼ਾ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।''

ਉਹ ਦੱਸਦੇ ਹਨ ਕਿ ਹਰਮਨ ਕ੍ਰਿਕੇਟ ਤੋਂ ਇਲਾਵਾ ਹਾਕੀ ਅਤੇ ਹੋਰ ਗੇਮਾਂ ਵੀ ਖੇਡਦੀ ਸੀ ਪਰ ਉਸਦੀ ਵੱਧ ਦਿਲਚਸਪੀ ਕ੍ਰਿਕੇਟ ਵਿੱਚ ਹੀ ਸੀ।

ਹਰਮਨਪ੍ਰੀਤ ਦੀ ਤਰੱਕੀ ਦੀ ਮਿਸਾਲ ਦਿੰਦੇ ਹੋਏ ਉਸਦੇ ਪਿਤਾ ਕਹਿੰਦੇ ਹਨ, ''ਧੀਆਂ ਨੂੰ ਕੁੱਖ ਵਿੱਚ ਨਾ ਮਾਰੋ, ਉਨ੍ਹਾਂ ਨੂੰ ਅੱਗੇ ਵਧਣ ਦਿਓ ਤਾਂ ਦੋ ਉਹ ਦੇਸ ਦਾ ਨਾਮ ਰੋਸ਼ਨ ਕਰਨ ਜਿਵੇਂ ਹਰਮਨਪ੍ਰੀਤ ਨੇ ਪੂਰੇ ਪੰਜਾਬ ਅਤੇ ਦੇਸ ਦਾ ਨਾਮ ਰੋਸ਼ਨ ਕੀਤਾ ਹੈ।''

'ਹਰਮਨ ਦੀ ਤਰੱਕੀ ਨਾਲ ਲੋਕਾਂ ਦੇ ਮੂੰਹ ਹੋਏ ਬੰਦ'

ਹਰਮਨ ਦੇ ਪਿਤਾ ਮੁਤਾਬਕ ਜਦੋਂ ਹਰਮਨ ਗ੍ਰਾਊਂਡ ਵਿੱਚ ਮੁੰਡਿਆਂ ਨਾਲ ਖੇਡਣ ਜਾਂਦੀ ਸੀ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਆਲੇ-ਦੁਆਲੇ ਦੇ ਲੋਕ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਸੀ ਪਰ ਅੱਜ ਹਰਮਨ ਨੇ ਆਪਣੀ ਤਰੱਕੀ ਨਾਲ ਉਨ੍ਹਾਂ ਸਾਰਿਆਂ ਨੂੰ ਜਵਾਬ ਦਿੱਤਾ ਹੈ।

ਹਰਮਨਪ੍ਰੀਤ ਦੇ ਮਾਤਾ ਸਤਵਿੰਦਰ ਕੌਰ ਦੱਸਦੇ ਹਨ ਕਿ ਉਹ ਉਸ ਤੋਂ ਘਰ ਦੇ ਕੰਮ ਕਰਵਾਉਣਾ ਚਾਹੁੰਦੇ ਸਨ ਪਰ ਉਸਦਾ ਧਿਆਨ ਸ਼ੁਰੂ ਤੋਂ ਹੀ ਖੇਡਣ ਵਿੱਚ ਸੀ ਅਤੇ ਅਸੀਂ ਵੀ ਉਸਦੇ ਸ਼ੌਕ ਨੂੰ ਦੇਖਦੇ ਹੋਏ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ।

ਇਹ ਵੀ ਪੜ੍ਹੋ:

ਹਰਮਨਪ੍ਰੀਤ ਕੌਰ

ਤਸਵੀਰ ਸਰੋਤ, Ravinder singh robin/bbc

ਹਰਮਨਪ੍ਰੀਤ ਦਾ ਜਨਮ ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ 8 ਮਾਰਚ ਨੂੰ ਹੋਇਆ ਸੀ। ਇਸ 'ਤੇ ਉਨ੍ਹਾਂ ਦੇ ਮਾਤਾ ਦਾ ਕਹਿਣਾ ਹੈ ਕਿ ਹਰਮਨ ਨੇ ਜਿਹੜੀ ਪਹਿਲੇ ਦਿਨ ਟੀ-ਸ਼ਰਟ ਪਾਈ ਸੀ ਉਸ 'ਤੇ ਵਿਕਟਰੀ ਦੀ ਨਿਸ਼ਾਨ ਸੀ ਤੇ ਇੰਝ ਲਗਦਾ ਸੀ ਕਿ ਸਾਡੀ ਧੀ ਕੁਝ ਨਾ ਕੁਝ ਜ਼ਰੂਰ ਕਰੇਗੀ।

ਹਰਮਨਪ੍ਰੀਤ ਕੌਰ ਦੀ ਭੈਣ ਹੇਮਜੀਤ ਕੌਰ ਵੀ ਜ਼ਿਲ੍ਹਾ ਪੱਧਰ 'ਤੇ ਬੈਡਮਿੰਟਨ ਖੇਡਦੀ ਰਹੀ ਹੈ।

ਹਰਮਨ ਦੇ 110 ਮੀਟਰ ਲੰਬਾ ਸਿਕਸਰ ਲਗਾਉਣ ਵਾਲੇ ਮਾਮਲੇ ਦੀ ਜਾਂਚ ਹੋਣ 'ਤੇ ਉਨ੍ਹਾਂ ਦੀ ਭੈਣ ਕਹਿੰਦੀ ਹੈ, ''ਇਹ ਮੈਚ ਆਸਟਰੇਲੀਆ ਦੇ ਖ਼ਿਲਾਫ਼ ਸੀ ਅਤੇ ਉਸ ਸਮੇਂ ਹਰਮਨ ਆਪਣੀ ਟੀਮ ਵਿੱਚ ਸਭ ਤੋਂ ਘੱਟ ਉਮਰ ਦੀ ਸੀ ਇਸ ਨੂੰ ਦੇਖਦੇ ਹੋਏ ਆਸਟਰੇਲੀਆ ਟੀਮ ਨੇ ਕਿਹਾ ਹਰਮਨ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ।''

ਹਰਮਨਪ੍ਰੀਤ ਕੌਰ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਹਰਮਨਪ੍ਰੀਤ ਦਾ ਪਰਿਵਾਰ ਉਨ੍ਹਾਂ ਦੀ ਇਸ ਉਪਲਬਧੀ ਦੀ ਖੁਸ਼ੀ ਮਨਾ ਰਿਹਾ ਹੈ

''ਪਰ ਹਰਮਨ ਦਾ ਉਹ ਟੈਸਟ ਬਿਲਕੁਲ ਠੀਕ ਨਿਕਲਿਆ। ਉਸ ਤੋਂ ਬਾਅਦ ਹਰਮਨ ਨੇ ਆਸਟਰੇਲੀਆ ਦੀ ਟੀਮ ਖ਼ਿਲਾਫ਼ 171 ਦੌੜਾਂ ਬਣਾਈਆਂ। ਪ੍ਰਭਾਵਿਤ ਹੋ ਕੇ ਕਪਤਾਨ ਬਲੇਕ ਵੇਲ ਨੇ ਹਰਮਨ ਨੂੰ ਆਪਣੀ ਜਰਸੀ ਦਿੱਤੀ।''

ਹਰਮਨ ਨੂੰ ਕਾਰਾਂ ਅਤੇ ਮੋਬਾਈਲਾਂ ਦਾ ਸ਼ੌਕ

ਹਰਮਨ ਦੀ ਭੈਣ ਦੱਸਦੀ ਹੈ ਕਿ ਹਰਮਨ ਵਿੱਚ ਕ੍ਰਿਕੇਟ ਨੂੰ ਲੈ ਕੇ ਬਹੁਤ ਜਨੂਨ ਹੈ। ਹਰਮਨ ਨੂੰ ਕਾਰਾਂ, ਮੋਬਾਈਲ ਫ਼ੋਨ ਅਤੇ ਪਲੇਅ ਸਟੇਸ਼ਨ ਦਾ ਬਹੁਤ ਸ਼ੌਕ ਹੈ। ਉਸ ਨੂੰ ਸ਼ੌਕ ਹੈ ਕਿ ਜਿਹੜੀ ਵੀ ਨਵਾਂ ਮੋਬਾਈਲ ਲਾਂਚ ਹੋਵੇ, ਉਹ ਉਸ ਕੋਲ ਹੋਵੇ, ਪਰ ਉਹ ਆਪਣਾ ਵਧੇਰੇ ਸਮਾਂ ਕ੍ਰਿਕੇਟ ਵਿੱਚ ਹੀ ਲਾਉਂਦੀ ਹੈ।

''ਹਰਮਨ ਜਦੋਂ ਵੀ ਘਰ ਆਉਂਦੀ ਹੈ ਤਾਂ ਰਾਤ 2 ਵਜੇ ਤੱਕ ਕ੍ਰਿਕੇਟ ਦੀਆਂ ਗੱਲਾਂ ਕਰਦੀ ਹੈ ਤੇ ਕਈ ਵਾਰ ਅਸੀਂ ਉਸਦੀਆਂ ਗੱਲਾਂ ਸੁਣ ਕੇ ਬੋਰ ਹੋ ਜਾਂਦੇ ਹਾਂ।''

ਹਰਮਨਪ੍ਰੀਤ ਕੌਰ ਦੇ ਪਿਤਾ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਹਰਮਨ ਆਪਣੇ ਪਿਤਾ ਨਾਲ ਹੀ ਰੋਜ਼ਾਨਾ ਗਰਾਊਂਡ ਵਿੱਚ ਪ੍ਰੈਕਟਿਸ ਕਰਨ ਜਾਂਦੀ ਸੀ

ਜਾਅਲੀ ਡਿਗਰੀ ਵਿਵਾਦ

ਪੰਜਾਬ ਪੁਲਿਸ ਵੱਲੋਂ ਵੈਰੀਫਿਕੇਸ਼ਨ ਕਰਨ ਦੌਰਾਨ ਉਨ੍ਹਾਂ ਦੀ ਕਥਿਤ ਤੌਰ 'ਤੇ ਜਾਅਲੀ ਡਿਗਰੀ ਮਿਲੀ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੂੰ ਹਰਮਨਪ੍ਰੀਤ ਕੌਰ ਨੂੰ ਅਹੁਦੇ ਤੋਂ ਹਟਾਉਣ ਦੀ ਸਿਫਾਰਿਸ਼ ਕੀਤੀ ਸੀ।

ਡੀਜੀਪੀ ਸੁਰੇਸ਼ ਅਰੋੜਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਸੀ, "ਵੈਰੀਫਿਕੇਸ਼ਨ ਦੌਰਾਨ ਸਾਨੂੰ ਉਨ੍ਹਾਂ ਦੀ ਗ੍ਰੈਜੂਏਸ਼ਨ ਦੀ ਡਿਗਰੀ "ਜਾਅਲੀ" ਮਿਲੀ ਹੈ ਜਿਸ ਕਾਰਨ ਉਨ੍ਹਾਂ ਨੂੰ ਡੀਐਸਪੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ।"

ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਆਪਣੀ ਸਿੱਖਿਅਕ ਯੋਗਤਾ ਮੁਕੰਮਲ ਕਰਕੇ ਦੁਬਾਰਾ ਅਹੁਦੇ ਨੂੰ ਹਾਸਿਲ ਕਰ ਸਕਦੀ ਹੈ।

ਹਰਮਨਪ੍ਰੀਤ ਕੌਰ ਨੂੰ ਸਪੋਰਟਸ ਕੋਟੇ ਵਿੱਚ ਪੰਜਾਬ ਸਰਕਾਰ ਵੱਲੋਂ ਡੀਐਸਪੀ ਦਾ ਰੈਂਕ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)