ਭਾਰਤੀਆਂ ਦੇ ਪ੍ਰਦੂਸ਼ਣ ਨਾਲ ਨਜਿੱਠਣ ਦੇ ਨੁਸਖ਼ੇ ਕਿੰਨੇ ਕਾਰਗਰ

ਤਸਵੀਰ ਸਰੋਤ, AFP
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਨਿਊਜ਼ ਦਿੱਲੀ
ਸਰਦੀਆਂ ਵਿੱਚ ਉੱਤਰੀ ਭਾਰਤ 'ਤੇ ਸਮੋਗ ਦੀ ਮੋਟੀ ਚਾਦਰ ਤਣ ਜਾਂਦੀ ਹੈ ਅਤੇ ਖਿੱਤੇ ਵਿੱਚ ਵਧਦਾ ਪ੍ਰਦੂਸ਼ਣ ਸੱਥਾਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।
ਇਸ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਆਮ ਲੋਕਾਂ ਦੀ ਪ੍ਰਦੂਸ਼ਣ ਖਿਲਾਫ਼ ਲੜਾਈ।
ਇਨ੍ਹਾਂ ਦਿਨਾਂ ਦੌਰਾਨ ਹਜ਼ਾਰਾਂ ਲੋਕ ਦਮ ਘੁੱਟਣ ਅਤੇ ਫੇਫੜਿਆਂ ਨਾਲ ਜੁੜੀਆਂ ਸ਼ਿਕਾਇਤਾਂ ਲੈ ਕੇ ਡਾਕਟਰਾਂ ਕੋਲ ਪਹੁੰਚਦੇ ਹਨ। ਕਈਆਂ ਨੂੰ ਆਪਣੇ ਦਫ਼ਤਰੋਂ ਅਤੇ ਸਕੂਲੋਂ ਛੁੱਟੀ ਕਰਨੀ ਪੈਂਦੀ ਹੈ।
ਸਰਕਾਰਾਂ ਵੱਲੋਂ ਪ੍ਰਦੂਸ਼ਣ ਰੋਕਣ ਲਈ ਕੀਤੇ ਇੰਤਜ਼ਾਮ ਵੀ ਨਾਕਾਮ ਸਾਬਤ ਹੋ ਜਾਂਦੇ ਹਨ। ਜਿਸ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਖਿਲਾਫ਼ ਆਪੋ-ਆਪਣੇ ਤਰੀਕੇ ਤਲਾਸ਼ਣੇ ਪੈਂਦੇ ਹਨ।
ਭਾਰਤੀ ਲੋਕਾਂ ਦੇ ਪ੍ਰਦੂਸ਼ਣ ਖਿਲਾਫ਼ ਲੜਾਈ ਵਿੱਚ ਤਰੀਕੇ ਕਿੰਨੇ ਕਾਰਗਰ ਹਨ?
ਹਵਾ ਸਾਫ਼ ਕਰਨ ਵਾਲੇ ਉਪਕਰਨ
ਐਮੇਜ਼ੌਨ 'ਤੇ ਹਵਾ ਸਾਫ਼ ਕਰਨ ਵਾਲੇ ਉਪਕਰਣਾਂ ਬਾਰੇ 2,000 ਤੋਂ ਵਧੇਰੇ ਨਤੀਜੇ ਆ ਜਾਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਮਹਿੰਗੇ ਹਨ।
ਲੋਕਾਂ ਦਾ ਮੰਨਣਾ ਹੈ ਕਿ ਇਹ ਹਵਾ ਸਾਫ਼ ਕਰਦੇ ਹਨ। ਇਸ ਲਈ ਭਾਰਤ ਵਿੱਚ ਇਨ੍ਹਾਂ ਦੀ ਵਿੱਕਰੀ ਵਧੀ ਹੈ।

ਤਸਵੀਰ ਸਰੋਤ, Getty Images
ਮਾਰਚ ਵਿੱਚ ਇੱਕ ਖ਼ਬਰ ਆਈ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਸਮੇਤ ਹੋਰ ਸਰਕਾਰੀ ਦਫ਼ਤਰਾਂ ਵਿੱਚ ਲਾਉਣ ਲਈ 140 ਅਜਿਹੇ ਉਪਕਰਣ ਖਰੀਦੇ ਹਨ।
ਪਰ ਕੀ ਇਹ ਕਾਰਗਰ ਹਨ?
ਏਮਜ਼, ਦਿੱਲੀ ਵਿੱਚ ਫੇਫੜਿਆਂ ਦੇ ਮਾਹਿਰ ਡਾ਼ ਕਰਨ ਮਦਾਨ ਨੇ ਦੱਸਿਆ,"ਏਅਰ ਪਿਓਰੀਫਾਇਰ ਸਿਰਫ਼ ਪੂਰੀ ਤਰ੍ਹਾਂ ਬੰਦ ਵਾਤਾਵਰਣ ਵਿੱਚ ਹੀ ਕੰਮ ਕਰਦੇ ਹਨ"
ਇਹ ਵੀ ਪੜ੍ਹੋ:
ਇਸ ਲਈ ਜਿਵੇਂ ਹੀ ਤੁਸੀਂ ਕੋਈ ਦਰਵਾਜ਼ਾ-ਖਿੜਕੀ ਖੋਲ੍ਹੀ ਕਮਰੇ ਦੇ ਅੰਦਰਲੀ ਹਵਾ ਬਾਹਰਲੀ ਵਰਗੀ ਹੀ ਹੋ ਜਾਂਦੀ ਹੈ। ਸੌਖੇ ਸ਼ਬਦਾਂ ਵਿੱਚ ਜੇ ਬਾਹਰ ਪ੍ਰਦੂਸ਼ਣ ਹੈ ਤਾਂ ਅੰਦਰ ਵੀ ਪ੍ਰਦੂਸ਼ਣ ਦਾ ਉੰਨਾ ਹੀ ਪੱਧਰ ਰਹੇਗਾ।ਡਾ਼ ਮਦਾਨ ਮੁਤਾਬਕ ਬੂਹੇ-ਬਾਰੀਆਂ ਢੋਅ ਕੇ ਅੰਦਰ ਹੀ ਬੈਠੇ ਰਹਿਣਾ ਵੀ "ਅਮਲੀ ਤੌਰ ਤੇ ਸੰਭਵ ਨਹੀਂ ਹੈ।"
ਮੂੰਹ 'ਤੇ ਬੰਨ੍ਹਣ ਵਾਲੇ ਮਾਸਕ
ਦਵਾਈਆਂ ਵਾਲਿਆਂ ਤੋਂ ਲੈ ਕੇ ਔਨਲਾਈਨ ਖਰੀਦਦਾਰੀ ਸਾਈਟਾਂ ਤੱਕ ਤੁਹਾਨੂੰ ਕਈ ਮਹਿੰਗੇ-ਸਸਤੇ ਮਾਸਕ ਮਿਲ ਜਾਣਗੇ।
ਇਨ੍ਹਾਂ ਵਿੱਚੋਂ ਕੁਝ ਸਿਰਫ਼ ਸਾਦੇ ਕੱਪੜੇ ਦੇ ਅਤੇ ਕਈ ਪ੍ਰਦੂਸ਼ਣ ਰੋਕਣ ਲਈ ਫਿਲਟਰਾਂ ਵਾਲੇ ਵੀ ਹੁੰਦੇ ਹਨ।
ਪਰ ਕੀ ਇਹ ਮਾਸਕ ਖੂਨ ਵਿੱਚ ਘੁਲ ਸਕਣ ਵਾਲੇ ਸੂਖਮ ਕਣਾਂ ਨੂੰ ਬਾਹਰ ਰੋਕ ਸਕਦੇ ਹਨ।

ਤਸਵੀਰ ਸਰੋਤ, AFP
ਡਾ਼ ਮਦਾਨ ਦਾ ਕਹਿਣਾ ਹੈ ਕਿ ਇਸ ਲਈ ਜਰੂਰੀ ਹੈ ਕਿ ਮਾਸਕ ਹਰ ਸਮੇਂ ਪਹਿਨ ਕੇ ਰੱਖਿਆ ਜਾਵੇ ਅਤੇ ਨੱਕ ਅਤੇ ਮੂੰਹ ਦੁਆਲਿਓਂ ਪੂਰੀ ਤਰ੍ਹਾਂ ਬੰਦ ਹੋਵੇ।
"ਪਰ ਇਨ੍ਹਾਂ ਨਾਲ ਕਸਰਤ ਕਰਨ ਸਮੇਂ ਸਾਹ ਲੈਣ ਵਿੱਚ ਦਿੱਕਤ ਖੜ੍ਹੀ ਹੋ ਸਕਦੀ ਹੈ। ਅਤੇ ਤੁਸੀਂ ਬਾਹਰ ਖੇਡਦੇ ਬੱਚਿਆਂ ਨੂੰ ਇਹ ਕਿਵੇਂ ਪਹਿਨਾਓਗੇ?
"ਇਨ੍ਹਾਂ ਸਾਰੇ ਹੱਲਾਂ ਦੀ ਵਰਤੋਂ ਕਰਨਾਂ ਬਹੁਤ ਮੁਸ਼ਕਿਲ ਹੈ।"
ਆਂਵਲਾ ਤੇ ਹਲਦੀ
ਪਿਛਲੇ ਹਫ਼ਤੇ ਜਦੋਂ ਦਿੱਲੀ ਵਿੱਚ ਪ੍ਰਦੂਸ਼ਣ ਵਧਣ ਲੱਗਿਆ ਤਾਂ ਸਕੂਲਾਂ ਨੇ ਵੀ— ਸਵੇਰ ਦੀਆਂ ਸਭਾਵਾਂ ਬੰਦ ਕਰ ਦਿੱਤੀਆਂ, ਬੱਚਿਆਂ ਦੇ ਖੇਡਣ ਦੇ ਪੀਰੀਅਡ ਬੰਦ ਕਰ ਦਿੱਤੇ। ਉੱਥੇ ਹੀ ਇੱਕ ਸਕੂਲ ਨੇ ਵਿਦਿਆਰਥੀਆਂ ਨੂੰ ਆਂਵਲੇ ਵੰਡੇ।
ਮੰਨਿਆ ਜਾਂਦਾ ਹੈ ਕਿ ਆਂਵਲੇ ਦੇ ਐਂਟੀ-ਆਕਸੀਡੈਂਟ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਸੁਧਾਰ ਕੇ ਪ੍ਰਦੂਸ਼ਣ ਦਾ ਅਸਰ ਘਟਾਉਣ ਵਿੱਚ ਅਸਰਦਾਰ ਹੁੰਦਾ ਹੈ।
ਇਹ ਵੀ ਪੜ੍ਹੋ:
ਖੁਰਾਕ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹਲਦੀ, ਅਦਰਕ ਅਤੇ ਤੁਲਸੀ ਦਾ ਕਾਹਵਾ ਜਾਂ ਗੁੜ ਖਾਣ ਨਾਲ ਵੀ ਪ੍ਰਦੂਸ਼ਣ ਤੋਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ।
ਡਾ਼ ਮਦਾਨ ਇਨ੍ਹਾਂ ਦਾਅਵਿਆਂ ਦੇ ਵਿਗਿਆਨਕ ਪ੍ਰਮਾਣਾਂ ਬਾਰੇ ਹਾਲਾਂ ਕਿ ਬਹੁਤੇ ਸੰਤੁਸ਼ਟ ਨਹੀਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਖ਼ੁਰਾਕ ਨਾਲ ਸਮੁੱਚੀ ਸਿਹਤ ਵਿੱਚ ਸੁਧਾਰ ਤਾਂ ਹੁੰਦਾ ਹੈ ਪਰ ਇਸ ਨਾਲ ਪ੍ਰਦੂਸ਼ਣ ਨੂੰ ਕੋਈ ਫਰਕ ਨਹੀਂ ਪੈਂਦਾ।

ਤਸਵੀਰ ਸਰੋਤ, Getty Images
ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਦੌਰਾਨ ਉਨ੍ਹਾਂ ਕੋਲ ਸਾਹ,ਅਤੇ ਨੱਕ ਤੇ ਗਲੇ ਦੀ ਪ੍ਰੇਸ਼ਾਨੀ ਲੈ ਕੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਉਨ੍ਹਾਂ ਮੁਤਾਬਕ ਇਹ 'ਗੰਭੀਰ ਸਿਹਤ ਐਮਰਜੈਂਸੀ ਹੈ' ਜਿਸ ਤੋਂ ਸਭ ਤੋਂ ਵੱਡ ਖ਼ਤਰਾ ਬੱਚਿਆਂ, ਬਜ਼ੁਰਗਾਂ ਅਤੇ ਦਮੇ ਦੇ ਮਰੀਜ਼ਾਂ ਨੂੰ ਹੈ। ਉਨ੍ਹਾਂ ਨੂੰ ਜਿੱਥੋਂ ਤੱਕ ਹੋ ਸਕੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਅਤੇ ਸਖ਼ਤ ਮਿਹਨਤ ਤੋਂ ਬਚਣਾ ਚਾਹੀਦਾ ਹੈ।
ਪ੍ਰਦੂਸ਼ਣ ਦੇ ਫੇਫੜਿਆਂ ਤੇ ਦਿਲ ਉੱਪਰ ਤਾਂ ਮਾੜੇ ਅਸਰਾਂ ਤੋਂ ਇਲਾਵਾ ਕੁਝ ਅਧਿਐਨ ਬੌਧਿਕਤਾ ਉੱਪਰ ਵੀ ਇਸਦੇ ਅਸਰ ਵੱਲ ਵੀ ਸੰਕੇਤ ਕਰਦੇ ਹਨ। ਇੱਕ ਤਾਜ਼ਾ ਅਧਿਐਨ ਮੁਤਾਬਕ ਇਸ ਨਾਲ ਬੁੱਧੀ ਘਟਦੀ ਹੈ।
ਘੀ ਕੁਆਰ, ਸਨੇਕ ਪਲਾਂਟ...
ਇਹ ਤਾਂ ਸਭ ਜਾਣਦੇ ਹਨ ਕਿ ਪੌਦੇ ਹਵਾ ਸਾਫ਼ ਕਰਦੇ ਹਨ ਪਰ ਅੱਜ ਕੱਲ੍ਹ ਕਈ ਅਖ਼ਬਾਰ ਅਤੇ ਵੈਬਸਾਈਟਾਂ ਘਰਾਂ ਦੇ ਅੰਦਰ ਰੱਖੇ ਜਾ ਸਕਣ ਵਾਲੇ ਪੌਦਿਆਂ ਦਾ ਪ੍ਰਚਾਰ ਕਰ ਰਹੇ ਹਨ।
ਸਭ ਤੋਂ ਮਸ਼ਹੂਰ ਘੀ ਕੁਆਰ, ਸਪਾਈਡਰ ਪਲਾਂਟ ਅਤੇ ਸਨੇਕ ਪਲਾਂਟ ਹਨ।
ਡਾ਼ ਮਦਾਨ ਦਾ ਕਹਿਣਾ ਹੈ ਕਿ ਇਨ੍ਹਾਂ ਦਾਅਵਿਆਂ ਦੀ ਵਿਗਿਆਨਕ ਪੜਚੋਲ ਕੀਤੀ ਜਾਣੀ ਚਾਹੀਦੀ ਹੈ
"ਕੋਈ ਮਿਹਰਬਾਨੀ ਕਰਕੇ ਇਹ ਅਧਿਐਨ ਕਰੇ, ਜਿਸ ਵਿੱਚ ਇਨ੍ਹਾਂ ਪੌਦਿਆਂ ਤੋਂ ਬਿਨਾਂ ਅਤੇ ਸਮੇਤ ਘਰਾਂ ਦੇ ਪ੍ਰਦੂਸ਼ਣ ਦੀ ਤੁਲਨਾ ਕੀਤੀ ਜਾਵੇ। ਸਾਨੂੰ ਇਸ ਬਾਰੇ ਵਾਕਈ ਵਧੀਆ ਡਾਟਾ ਚਾਹੀਦਾ ਹੈ ਕਿ ਕੀ ਇਹ ਵਾਕਈ ਕਾਰਗਰ ਹਨ।"
ਡਾ਼ ਮਦਾਨ ਮੁਤਾਬਕ ਹਾਲਾਤ ਬਹੁਤ ਖ਼ਰਾਬ ਹਨ ਅਤੇ ਇਸ ਦਾ ਇੱਕੋ-ਇੱਕ ਹੱਲ ਹੈ, ਪ੍ਰਦੂਸ਼ਣ ਨਾਲ ਨਜਿੱਠਣਾ।
"ਇਸ ਦੇ ਕੋਈ ਸ਼ੌਰਟਕੱਟ ਨਹੀਂ ਹਨ। ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਪ੍ਰਦੂਸ਼ਣ ਦੇ ਸਰੋਤ ਨੂੰ ਕਾਬੂ ਕੀਤਾ ਜਾਵੇ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












