ਹੁਣ ਯੂਕੇ ਜਾਣਾ ਹੋ ਜਾਵੇਗਾ ਔਖਾ, ਵੱਧ ਸਕਦੀ ਹੈ ਵੀਜ਼ਾ ਫ਼ੀਸ - 5 ਅਹਿਮ ਖ਼ਬਰਾਂ

ਭਾਰਤੀਆਂ ਅਤੇ ਹੋਰ ਵਿਦੇਸ਼ੀਆਂ ਲਈ ਹੁਣ ਯੂਕੇ ਜਾਣ ਦੇ ਰਾਹ ਸੁਖਾਲੇ ਨਹੀਂ ਰਹਿਣਗੇ ਕਿਉਂਕਿ ਯੂਕੇ ਵੀਜ਼ਾ ਫੀਸ ਵਿੱਚ ਵਾਧਾ ਕਰਨ ਜਾ ਰਿਹਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਯੂਕੇ ਸਰਕਾਰ ਨੇ ਦਸੰਬਰ ਤੋਂ ਇਮੀਗ੍ਰੇਸ਼ਨ ਹੈਲਥ ਸਰਚਾਰਜ ਦੁਗਣਾ ਕਰਨ ਦਾ ਫ਼ੈਸਲਾ ਲਿਆ ਹੈ।

ਇਸ ਦੇ ਨਾਲ ਹੀ ਗ਼ੈਰ-ਯੂਰਪੀ ਦੇਸਾਂ ਸਣੇ ਭਾਰਤ ਤੋਂ ਆਉਣ ਵਾਲੇ ਲੋਕਾਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਵੀਜ਼ਾ ਫ਼ੀਸ ਵਧ ਜਾਵੇਗੀ।

ਇਹ ਵਾਧਾ ਇਮੀਗ੍ਰੇਸ਼ਨ ਹੈਲਥ ਸਰਚਾਰਜ ਦੇ ਤਹਿਤ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਹੈਲਥ ਸਰਚਾਰਜ ਅਪ੍ਰੈਲ 2015 'ਚ ਲਾਗੂ ਕੀਤਾ ਗਿਆ ਸੀ ਅਤੇ ਇਸ ਵਿੱਚ ਸਾਲਾਨਾ 200 ਤੋਂ 400 ਪੌਂਡ ਤੱਕ ਵਾਧਾ ਹੋਵਗਾ।

ਹਾਲਾਂਕਿ ਵਿਦਿਆਰਥੀਆਂ ਨੂੰ ਇਸ ਵਿੱਚ ਰਿਆਇਤ ਦਿੰਦਿਆ ਵਾਧਾ 150 ਤੋਂ 300 ਪੌਂਡ ਤੱਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਪ੍ਰਕਾਸ਼ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਕੀਤੀ ਮੁਲਾਕਾਤ

ਪ੍ਰਕਾਸ਼ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਦਹਾਕਿਆਂ ਤੋਂ ਪਾਰਟੀ ਦਾ ਸਹਿਯੋਗ ਕਰਨ ਦਾ ਹਵਾਲਾ ਦੇ ਕੇ ਵਾਪਸ ਆਉਣ ਲਈ ਕਿਹਾ ਪਰ ਢੀਂਡਸਾ ਨੇ ਸਪੱਸ਼ਟ ਤੌਰ 'ਤੇ ਇਨਕਾਰ ਕਰ ਦਿੱਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਢੀਂਡਸਾ ਵੱਲੋਂ ਅਸਤੀਫ਼ਾ ਦੇਣ ਦੇ 15 ਦਿਨਾਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਨਿੱਚਰਵਾਰ ਨੂੰ ਮੁਲਾਕਾਤ ਕਰਕੇ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਕਿਹਾ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਮੁਲਾਕਾਤ ਦਾ ਸਮਾਂ 30 ਮਿੰਟ ਦੱਸਿਆ ਹੈ ਜਿਸ ਦੌਰਾਨ ਬਾਦਲ ਨੇ ਢੀਂਡਸਾ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਢੀਂਡਸਾ ਆਪਣੇ ਅਸਤੀਫ਼ੇ 'ਤੇ ਬਾਜ਼ਿੱਦ ਰਹੇ।

ਢੀਂਡਸਾ ਨੇ ਬਾਦਲ ਨੂੰ ਕਿਹਾ ਕਿ ਇਹ ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਜਿਸ ਤਰ੍ਹਾਂ ਸਿਆਸੀ ਅਤੇ ਧਾਰਮਿਕ ਮੁੱਦਿਆਂ ਨਾਲ ਨਜਿੱਠਿਆ ਜਾ ਰਿਹਾ ਹੈ, ਉਹ ਪਾਰਟੀ ਲਈ ਖ਼ਤਰਾ ਹੈ।

ਇਹ ਵੀ ਪੜ੍ਹੋ:

ਸੁਪਰੀਮ ਕੋਰਟ ਨੇ ਹਰਿਆਣਾ ਦੀ ਕੁੜੀ ਦੀ ਫਾਂਸੀ ਦੀ ਸਜ਼ਾ ਰੱਖੀ ਬਰਕਰਾਰ

ਦਿ ਸਟੇਟਸਮੈਨ ਦੀ ਖ਼ਬਰ ਮੁਤਾਬਕ ਸੁਪਰੀਮ ਕੋਰਟ ਨੇ ਹਰਿਣਆਣਾ ਦੇ ਜ਼ਿਲ੍ਹਾ ਰੋਹਤਕ ਦੀ ਸੋਨਮ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਹੈ।

ਦਰਅਸਲ ਸੋਨਮ 'ਤੇ ਦੋਸ਼ ਹਨ ਕਿ ਉਸ ਨੇ ਸਤੰਬਰ 2009 ਵਿੱਚ ਆਪਣੇ ਪ੍ਰੇਮੀ ਨਵੀਨ ਨਾਲ ਮਿਲ ਕੇ ਆਪਣੇ ਪਰਿਵਾਰ ਦੇ 7 ਲੋਕਾਂ ਦਾ ਕਤਲ ਕੀਤਾ ਸੀ।

ਸੋਨਮ ਨੂੰ 16 ਅਕਤੂਬਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਸੀ।

17 ਜੁਲਾਈ 2018 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਨਮ ਅਤੇ ਨਵੀਨ ਨੂੰ "ਰਾਖ਼ਸ਼ਸ" ਦੱਸਦਿਆਂ ਇਨ੍ਹਾਂ ਲਈ ਫਾਂਸੀ ਦੀ ਸਜ਼ਾ ਮੁਕੱਰਰ ਕੀਤੀ ਸੀ।

ਕੇਰਲਾ 'ਚ ਭਖਿਆ ਸਬਰੀਮਲਾ 'ਤੇ ਪ੍ਰਦਰਸ਼ਨ ਦਾ ਦੌਰ

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕੇਰਲਾ ਵਿੱਚ ਸਬਰੀਮਲਾ ਮੰਦਿਰ 'ਚ ਔਰਤਾਂ ਨੂੰ ਜਾਣ ਦੀ ਇਜਾਜ਼ਤ ਵਾਲੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਹੈ।

ਇਸ ਦੌਰਾਨ ਕੋਚੀ ਵਿੱਚ ਹਜ਼ਾਰਾਂ ਲੋਕ ਸ਼ਨਿੱਚਰਵਾਰ ਨੂੰ ਸੜਕਾਂ 'ਤੇ ਆਏ ਤੇ ਰੋਸ ਪ੍ਰਦਰਸ਼ਨ ਕੀਤਾ।

ਇਸ ਦੇ ਤਹਿਤ ਕੇਰਲਾ ਪੁਲਿਸ ਨੇ ਅਦਾਕਾਰ ਕੋਲਮ ਥੁਲਸੀ ਦੇ ਖ਼ਿਲਾਫ਼ ਵਿਵਾਦਤ ਬਿਆਨ ਦੇਣ ਕਾਰਨ ਕੇਸ ਵੀ ਦਰਜ ਕਰ ਲਿਆ ਹੈ।

ਦਰਅਸਲ ਕੋਲਮ ਥੁਲਸੀ ਨੇ ਕਿਹਾ ਸੀ, "ਜੋ ਵੀ ਔਰਤ ਸਬਰੀਮਲਾ ਮੰਦਿਰ ਜਾਣ ਦੀ ਹਿੰਮਤ ਕਰਦੀ ਹੈ, ਉਸ ਦੇ ਦੋ ਟੁੱਕੜੇ ਕਰ ਦੇਣੇ ਚਾਹੀਦੇ ਹਨ।"

ਟਰੰਪ ਦੀ ਚਿਤਾਵਨੀ, ਲਾਪਤਾ ਪੱਤਰਕਾਰ 'ਤੇ 'ਸਾਊਦੀ ਨੂੰ ਸਖ਼ਤ ਸਜ਼ਾ'

ਇਸਤਾਨਬੁਲ ਵਿੱਚ ਸਾਊਦੀ ਦੂਤਾਵਾਸ ਤੋਂ ਲਾਪਤਾ ਹੋਏ ਪੱਤਰਕਾਰ ਜਮਾਲ ਖਸ਼ੋਜ਼ੀ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੌਲਨਡ ਟਰੰਪ ਨੇ ਕਿਹਾ ਹੈ ਕਿ ਜੇਕਰ ਪੱਤਰਕਾਰ ਦੇ ਕਤਲ 'ਚ ਸਾਊਦੀ ਅਰਬ ਦਾ ਹੱਥ ਸਾਬਿਤ ਹੋਇਆ ਤਾਂ ਅਮਰੀਕਾ ਸਖ਼ਤ ਕਾਰਵਾਈ ਕਰੇਗਾ।

ਇਹ ਵੀ ਪੜ੍ਹੋ:

ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਆਲੋਚਕ ਪੱਤਰਕਾਰ ਜਮਾਲ 2 ਅਕਤੂਬਰ ਨੂੰ ਇਸਤਾਨਬੁਲ ਵਿੱਚ ਸਾਊਦੀ ਅਰਬ ਦੂਤਾਵਾਸ ਵਿੱਚ ਗਏ ਸਨ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏ।

ਤੁਰਕੀ ਦੇ ਜਾਂਚ ਅਧਿਕਾਰੀਆਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦਾ ਕਤਲ ਦੂਤਾਵਾਸ ਦੇ ਅੰਦਰ ਹੀ ਕਰਕੇ ਲਾਸ਼ ਟਿਕਾਣੇ ਲਗਾ ਦਿੱਤੀ ਗਈ ਹੈ। ਪਰ ਸਾਊਦੀ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)