ਨਰਾਤਿਆਂ ਕਰਕੇ ਜਬਰਨ ਮੀਟ ਦੀਆਂ ਦੁਕਾਨਾਂ ਬੰਦ ਕਰਵਾਈਆਂ - 5 ਅਹਿਮ ਖ਼ਬਰਾਂ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਾ ਗੁਰੂਗ੍ਰਾਮ ਵਿੱਚ ਸੰਯੁਕਤ ਹਿੰਦੂ ਸੰਘਰਸ਼ ਸਮਿਤੀ ਨੇ ਨਰਾਤਿਆਂ ਦੇ ਪਹਿਲੇ ਦਿਨ "ਜਬਰਨ" ਮੀਟ ਦੀਆਂ ਦੁਕਾਨਾਂ ਅਤੇ ਮਾਸਾਹਾਰੀ ਭੋਜਨ ਵਾਲੇ ਢਾਬਿਆਂ ਨੂੰ ਬੰਦ ਕਰਵਾਇਆ।

ਇਹ ਸਮਿਤੀ 22 ਹਿੰਦੂ ਗਰੁੱਪਾਂ ਦੀ ਹੈ, ਜਿਸ ਵਿੱਚ ਸ਼ਿਵ ਸੈਨਾ ਅਤੇ ਵਿਸ਼ਵ ਹਿੰਦੂ ਪਰੀਸ਼ਦ ਵੀ ਸ਼ਾਮਿਲ ਹੈ।

ਸਥਾਨਕ ਪੁਲਿਸ ਦਾ ਦਾਅਵਾ ਹੈ ਸਿਰਫ਼ ਸੈਕਟਰ 14 ਵਿੱਚ ਹੀ ਦੁਕਾਨਾਂ ਬੰਦ ਹੋਈਆਂ ਅਤੇ ਇੱਥੇ 2 ਵਰਕਰਾਂ ਨੂੰ ਦੰਗੇ ਲਈ ਕਾਬੂ ਵੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਖ਼ਬਰ ਮੁਤਾਬਕ ਸਮਿਤੀ ਨੇ ਦੁਕਾਨਾਂ ਬੰਦ ਕਰਵਾ ਕੇ ਆਪਣੀ "ਜਿੱਤ" ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ:

ਰਫਾਇਲ ਸੌਦੇ ਬਾਰੇ ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਕੋਲੋਂ ਵੇਰਵਾ

ਸੁਪਰੀਮ ਕੋਰਟ ਨੇ ਰਫਾਇਲ ਸੌਦੇ 'ਤੇ ਕੇਂਦਰ ਸਰਕਾਰ ਕੋਲੋਂ "ਫੈਸਲਾ ਲੈਣ ਦੀ ਪ੍ਰਕਿਰਿਆ" ਬਾਰੇ ਵੇਰਵਾ ਮੰਗਿਆ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅਦਾਲਤ ਨੇ ਲੜਾਕੂ ਜਹਾਜ਼ਾਂ ਵਾਲੇ ਸੌਦੇ ਦੀ "ਕੀਮਤ" ਅਤੇ "ਤਕਨੀਕੀ ਜਾਣਕਾਰੀ" ਨੂੰ ਛੱਡ ਕੇ ਬਾਕੀ ਸਾਰੀ ਜਾਣਕਾਰੀ ਮੰਗੀ ਹੈ।

ਚੀਫ ਜਸਟਿਸ ਆਫ ਇੰਡੀਆ ਰੰਜਨ ਗਗੋਈ ਦੀ ਆਗਵਾਈ ਵਾਲੀ ਬੈਂਚ ਨੇ ਕਿਹਾ, "ਅਸੀਂ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਅਜੇ ਕੋਈ ਨੋਟਿਸ ਜਾਰੀ ਨਹੀਂ ਕਰ ਰਹੇ। ਬਲਿਕ ਫੈਸਲਾ ਲੈਣ ਦੀ ਪ੍ਰਕਿਰਿਆ ਬਾਰੇ ਸੰਤੁਸ਼ਟ ਹੋਣਾ ਚਾਹੁੰਦੇ ਹਾਂ।"

ਅਦਾਲਤ ਨੇ ਇਹ ਜਾਣਕਾਰੀ 29 ਅਕਤੂਬਰ ਤੱਕ ਤਲਬ ਕੀਤੀ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੈ।

ਕਤਲ ਕੇਸਾਂ 'ਚ ਰਾਮਪਾਲ ਦੇ ਖ਼ਿਲਾਫ਼ ਫੈਸਲੇ ਦਾ ਦਿਨ, ਭਾਰੀ ਪੁਲਿਸ ਸੁਰੱਖਿਆ ਤਾਇਨਾਤ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਰਾਮਪਾਲ ਅਤੇ 2 ਹੋਰ ਖ਼ਿਲਾਫ਼ ਦੋ ਕਤਲ ਕੇਸਾਂ 'ਤੇ ਫ਼ੈਸਲੇ ਬਾਰੇ ਅੱਜ ਅਦਾਲਤ ਦਾ ਫ਼ੈਸਲਾ ਆ ਸਕਦਾ ਹੈ।

ਇਸ ਦੇ ਮੱਦੇਨਜ਼ਰ ਹਿਸਾਰ ਅਤੇ ਨੇੜਲੇ ਇਲਾਕਿਆਂ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਪਿਡ ਐਕਸ਼ਨ ਫੋਰਸ ਅਤੇ ਅਰਧ ਸੈਨਿਕ ਬਲਾਂ ਤੋਂ ਇਲਾਵਾ 4 ਹਜ਼ਾਰ ਤੋਂ ਵੱਧ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

ਇਸ ਦੌਰਾਨ ਪ੍ਰਸ਼ਾਸਨ ਨੂੰ ਖਦਸ਼ਾ ਹੈ ਕਿ ਰਾਮਪਾਲ ਦੇ ਸਮਰਥਕ ਭਾਰੀ ਗਿਣਤੀ 'ਚ ਇਕੱਠੇ ਹੋ ਸਕਦੇ ਹਨ।

ਇਨ੍ਹਾਂ 'ਚੋਂ ਇੱਕ ਕੇਸ ਰਾਮਪਾਲ ਦੇ ਸਮਰਥਕਾਂ ਦੀ ਸਥਾਨਕ ਨਿਵਾਸੀਆਂ ਨਾਲ ਝੜਪ ਕਰਕੇ ਅਤੇ ਦੂਜਾ ਆਸ਼ਰਮ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਦੇ ਮਾਮਲੇ 'ਤੇ ਚੱਲ ਰਿਹਾ ਹੈ।

ਇਹ ਵੀ ਪੜ੍ਹੋ:

ਓਡੀਸ਼ਾ 'ਚ ਤੂਫਾਨ ਦੇ ਖਦਸ਼ੇ ਕਰਕੇ 3 ਲੱਖ ਲੋਕਾਂ ਨੂੰ ਹਟਾਇਆ ਗਿਆ

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਤਿਤਲੀ ਤੂਫ਼ਾਨ ਕਰਕੇ ਓਡੀਸ਼ਾ ਦੇ 5 ਸਮੁੰਦਰ ਕੰਢੇ ਵੱਸੇ ਜ਼ਿਲ੍ਹਿਆ ਦੇ 3 ਲੱਖ ਲੋਕਾਂ ਨੂੰ ਉੱਥੋਂ ਹਟਾ ਦਿੱਤਾ ਹੈ।

ਤਿਤਲੀ ਤੂਫ਼ਾਨ ਬੰਗਾਲ ਦੀ ਖਾੜੀ ਅਤੇ ਸਮੰਦਰੀ ਤੱਟ ਵੱਲ 165 ਕਿਲੋਮੀਟਰ ਦੀ ਰਫਤਾਰ ਨਾਲ ਵਧ ਰਿਹਾ ਹੈ।

ਜਿਤਲੀ ਓਡੀਸ਼ਾ ਦੇ ਗੋਪਾਲੁਪਰ 'ਚ ਆ ਗਿਆ ਹੈ ਅਤੇ ਵੀਰਵਾਰ ਤੱਕ ਇਸ ਦੇ ਆਂਧਰਾ ਪ੍ਰਦੇਸ਼ ਦੇ ਕਾਲਿੰਗਾਪਟਨਮ ਤੱਕ ਪਹੁੰਚਣ ਦੀ ਉਮੀਦ ਹੈ।

ਖਾਲਿਦਾ ਜ਼ੀਆ ਦੇ ਬੇਟੇ ਨੂੰ ਉਮਰ ਕੈਦ ਸਣੇ 19 ਨੂੰ ਮੌਤ ਦੀ ਸਜ਼ਾ

ਨੈਸ਼ਨਲ ਹੈਰਾਲਡ ਦੀ ਖ਼ਬਰ ਮੁਤਾਬਕ ਬੰਗਲਾਦੇਸ਼ ਦੀ ਇੱਕ ਅਦਾਲਤ ਵੱਲੋਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਭਗੌੜੇ ਪੁੱਤਰ ਤਾਰਿਕ ਰਹਿਮਾਨ ਨੂੰ ਉਮਰ ਕੈਦ ਦੀ ਸਜ਼ਾ ਅਤੇ 19 ਹੋਰਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।

ਇਹ ਸਜ਼ਾ 14 ਸਾਲ ਪਹਿਲਾਂ ਸਾਲ 2004 ਵਿੱਚ ਸ਼ੇਖ਼ ਹਸੀਨਾ 'ਤੇ ਗ੍ਰੈਨੇਡ ਹਮਲੇ ਕਾਰਨ ਹੋਈ ਹੈ, ਜਿਸ ਵਿੱਚ 24 ਲੋਕ ਮਾਰੇ ਗਏ ਸਨ ਅਤੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਸਣੇ 500 ਜਖ਼ਮੀ ਹੋਏ ਸਨ।

ਇਹ ਹਮਲਾ ਉਸ ਵੇਲੇ ਵਿਰੋਧੀ ਧਿਰ ਆਗੂ ਵਜੋਂ ਸ਼ੇਖ਼ ਹਸੀਨਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਸ ਹਾਦਸੇ 'ਚ ਸ਼ੇਖ਼ ਹਸੀਨਾ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੋ ਗਈ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)