ਮੁਸਲਮਾਨ ਮੀਟ ਵਪਾਰੀ ਦੇ ਕਤਲ ਲਈ '11 ਗਊ ਰੱਖਿਅਕਾਂ' ਨੂੰ ਸਜ਼ਾ

ਝਾਰਖੰਡ ਦੀ ਇੱਕ ਅਦਾਲਤ ਨੇ ਪਿਛਲੇ ਸਾਲ ਇੱਕ ਮੁਸਲਮਾਨ ਮੀਟ ਦੇ ਵਪਾਰੀ ਦਾ ਕਤਲ ਕਰਨ ਵਾਲੇ ਕਥਿਤ '11 ਗਊ ਰੱਖਿਅਕਾਂ' ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

55 ਸਾਲਾਂ ਦੇ ਅਲੀਮੁਦੀਨ ਅੰਸਾਰੀ ਨੂੰ ਗਊ ਵਪਾਰ ਦੇ ਇਲਜ਼ਾਮ ਹੇਠ ਕੁੱਟ - ਕੁੱਟ ਕੇ ਮਾਰ ਦਿੱਤਾ ਸੀ।

ਭਾਰਤ ਵਿੱਚ ਪਿਛਲੇ ਕੁਝ ਸਾਲਾਂ ਤੋਂ ਮੁਸਲਮਾਨ ਮੀਟ ਵਪਾਰੀਆਂ 'ਤੇ ਹਮਲਿਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਪਹਿਲੀ ਵਾਰ "ਗਊ ਰੱਖਿਅਕ" ਸਮੂਹਾਂ ਦੇ ਨਾਂਅ ਹੇਠ ਹਮਲਾ ਕਰਨ ਵਾਲਿਆਂ ਨੂੰ ਕਿਸੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ।

ਹਿੰਦੂ ਗਊਆਂ ਨੂੰ ਪਵਿੱਤਰ ਮੰਨਦੇ ਹਨ ਅਤੇ ਝਾਰਖੰਡ ਸਣੇ ਹੋਰਨਾਂ ਸੂਬਿਆਂ ਵਿੱਚ ਇਸ ਨੂੰ ਮਾਰਨਾ ਗ਼ੈਰ ਕਾਨੂੰਨੀ ਹੈ।

ਭਾਰਤ ਵਿੱਚ ਗਊ ਰੱਖਿਆ ਦੇ ਨਾਂਅ ਹੇਠ ਹੋ ਰਹੇ ਹਮਲਿਆਂ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ ਪਰ ਪੁਲਿਸ ਜਾਂਚ ਵਿੱਚ ਅਕਸਰ ਕੋਈ ਦੋਸ਼ੀ ਨਹੀਂ ਮਿਲਦਾ।

12 ਲੋਕਾਂ ਨੂੰ ਅੰਸਾਰੀ ਦੇ ਕਤਲ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਅਦਾਲਤ ਨੇ ਕਿਸ਼ੋਰ ਦੱਸੇ ਜਾ ਰਹੇ 12ਵੇਂ ਮੁਲਜ਼ਮ 'ਤੇ ਫੈਸਲਾ ਮੁਲਤਵੀ ਕਰ ਦਿੱਤਾ ਹੈ।

ਇਸਤਗਾਸਾ ਸੁਸ਼ੀਲ ਕੁਮਾਰ ਸ਼ੁਕਲਾ ਨੇ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ, "ਅਸੀਂ ਦੁਆ ਕਰਦੇ ਹਾਂ ਕਿ ਅਦਾਲਤ ਇਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਏ।"

ਉਨ੍ਹਾਂ ਨੇ ਕਿਹਾ ਕਿ ਅਦਾਲਤ ਨੇ 12ਵੇਂ ਮੁਲਜ਼ਮ ਨੂੰ ਇਸ ਫੈਸਲੇ ਤੋਂ ਬਾਹਰ ਰੱਖਿਆ ਹੈ ਕਿਉਂਕਿ ਉਹ 16 ਤੋਂ 18 ਸਾਲ ਦੀ ਉਮਰ ਦਾ ਹੈ।

ਅੰਸਾਰੀ ਦੇ ਪੁੱਤਰ ਸ਼ਭਨ ਅੰਸਾਰੀ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਫੈਸਲੇ ਤੋਂ "ਸੰਤੁਸ਼ਟ" ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਉਨ੍ਹਾਂ ਨੂੰ ਅਜੇ ਤੱਕ ਸੂਬਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਾ ਮਿਲਣ ਦਾ ਅਫਸੋਸ ਵੀ ਹੈ।

ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਅੰਸਾਰੀ ਦੀ ਪਤਨੀ ਮਰੀਅਮ ਖਾਤੂਨ ਨੇ ਕਿਹਾ ਉਸ ਦੇ ਪਤੀ ਦੀ ਮੌਤ ਇੱਕ ਦੁੱਖਦਾਈ ਘਟਨਾ ਹੈ ਪਰ "ਉਹ ਹੋਰ ਖੂਨ ਖਰਾਬਾ ਨਹੀਂ ਚਾਹੁੰਦੇ"।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, "ਉਹ ਸ਼ਾਂਤੀ ਨਾਲ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਰਹਿਣਾ ਚਾਹੁੰਦੇ ਹਨ।"

ਸਾਲ 2014 ਤੋਂ ਜਦੋਂ ਦੀ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਆਈ ਹੈ ਗਊ ਰੱਖਿਅਕ ਸਮੂਹ ਵਧੇਰੇ ਸਰਗਰਮ ਹੋ ਰਹੇ ਹਨ ਅਤੇ ਇਸ ਦੇ ਨਾਲ ਹੀ ਮੁਸਲਮਾਨਾਂ ਅਤੇ ਦਲਿਤਾਂ 'ਤੇ ਹਮਲੇ ਵੀ ਵਧ ਰਹੇ ਹਨ।

ਬੇਹੱਦ ਚਰਚਿਤ ਮਾਮਲਾ ਪਿਛਲੇ ਸਾਲ ਰਾਜਸਥਾਨ ਵਿੱਚ ਸਾਹਮਣੇ ਆਇਆ ਸੀ, ਜਿੱਥੇ ਡੇਅਰੀ ਫਾਰਮਰ ਪਹਿਲੂ ਖਾਨ ਨੂੰ ਹਿੰਦੂ ਗਊ ਰੱਖਿਅਕ ਸਮੂਹ ਦੇ ਕਾਰਕੁਨਾਂ ਨੇ ਕੁੱਟ - ਕੁੱਟ ਕੇ ਮਾਰ ਦਿੱਤਾ।

ਰਾਜਸਥਾਨ ਵਿੱਚ ਸੱਤਾ 'ਤੇ ਕਾਬਜ਼ ਭਾਜਪਾ ਦੀ ਮੁੱਖ ਮੰਤਰੀ ਨੇ ਘਟਨਾ ਦੇ ਤੱਥਾਂ ਦੇ ਉਲੇਖ ਕੀਤੇ ਬਿਨਾਂ ਹੀ ਇਸ ਦੀ ਨਿੰਦਾ ਕੀਤੀ। ਭਾਜਪਾ ਦੇ ਇੱਕ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕਤਲ 'ਤੇ "ਕੋਈ ਪਛਤਾਵਾ ਨਹੀਂ ਹੈ" ਕਿਉਂਕਿ ਪਹਿਲੂ ਖਾਨ ਇੱਕ "ਗਊ ਤਸਕਰ" ਸੀ।

ਪੁਲਿਸ ਨੇ ਕੇਸ ਦਰਜ ਕੀਤਾ ਅਤੇ ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਪਰ ਅਜੇ ਤੱਕ ਕੋਈ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਹੈ।

ਪਿਛਲੇ ਸਾਲ ਭਾਰਤ ਦੇ ਕਈ ਸ਼ਹਿਰਾਂ ਵਿੱਚ ਇਨ੍ਹਾਂ ਗਊ ਰੱਖਿਅਕ ਸਮੂਹਾਂ ਵੱਲੋਂ ਕੀਤੇ ਜਾ ਰਹੇ ਮੁਸਲਮਾਨਾਂ ਅਤੇ ਦਲਿਤਾਂ 'ਤੇ ਹਮਲਿਆਂ ਦੀ ਨਿੰਦਾ ਕਰਦਿਆਂ ਵਿਰੋਧ ਪ੍ਰਦਰਸ਼ਨ ਹੋਏ।

#NotInMyName ਦੇ ਨਾਂਅ ਹੇਠ ਸਬਾ ਦਿਵਾਨ ਨੇ ਫੇਸਬੁੱਕ 'ਤੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਅਤੇ ਜੂਨ ਵਿੱਚ ਦਿੱਲੀ ਵਿੱਚ ਹੋਏ ਇੱਕ ਨੌਜਵਾਨ ਦੇ ਕਤਲ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨ ਵੀ ਕੀਤੇ।

ਅਜਿਹੇ ਹਮਲਿਆਂ ਵਿੱਚ ਹੁਣ ਤੱਕ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਹਮਲਿਆਂ ਨੂੰ ਅੰਜ਼ਾਮ ਅਕਸਰ ਅਫਵਾਹਾਂ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ ਅਤੇ ਮੁਸਲਮਾਨਾਂ ਨੂੰ ਦੁੱਧ ਲਈ ਵੀ ਗਊਆਂ ਦੇ ਵਪਾਰ 'ਤੇ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਹਿਊਮਨ ਰਾਈਟਸ ਵਾਚ ਮੁਤਾਬਕ ਪਿਛਲੇ ਸਾਲ ਘੱਟੋ - ਘੱਟ 38 ਅਜਿਹੇ ਹਮਲੇ ਹੋਏ ਅਤੇ 10 ਲੋਕਾਂ ਮਾਰੇ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)