ਵਰਲਡ ਹੈਪੀਨੈੱਸ ਡੇਅ: ਕੀ ਕਹਿੰਦੀ ਹੈ ਵਿਸ਼ਵ ਦੀ ਸਰਵੇ ਰਿਪੋਰਟ?

    • ਲੇਖਕ, ਅਨਿਲ ਜੈਨ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ

ਭਾਰਤ ਵਿੱਚ ਪਿਛਲੇ ਢਾਈ ਦਹਾਕੇ ਤੋਂ ਯਾਨਿ ਕਿ ਜਦੋਂ ਤੋਂ ਨਵ-ਉਦਾਰੀਕਰਨ ਆਰਥਿਕ ਨੀਤੀਆਂ ਲਾਗੂ ਹੋਈਆਂ ਹਨ, ਉਦੋਂ ਤੋਂ ਸਰਕਾਰਾਂ ਵੱਲੋਂ ਪੇਸ਼ ਕੀਤੇ ਜਾ ਰਹੇ ਅੰਕੜਿਆਂ ਦੇ ਸਹਾਰੇ ਦੇਸ ਦੀ ਅਰਥ-ਵਿਵਸਥਾ ਦੀ ਗੁਲਾਬੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ।

ਆਰਥਿਕ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਕੌਮਾਂਤਰੀ ਪੱਧਰ 'ਤੇ ਹੋਣ ਵਾਲੇ ਸਰਵੇ ਵੀ ਅਕਸਰ ਦੱਸਦੇ ਰਹਿੰਦੇ ਹਨ ਕਿ ਭਾਰਤ ਤੇਜ਼ੀ ਨਾਲ ਆਰਥਿਕ ਵਿਕਾਸ ਕਰ ਰਿਹਾ ਹੈ ਅਤੇ ਦੇਸ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਵੀ ਇਜ਼ਾਫ਼ਾ ਹੋ ਰਿਹਾ ਹੈ।

ਇਸ ਦੇ ਆਧਾਰ 'ਤੇ ਤਾਂ ਤਸਵੀਰ ਇਹ ਬਣਦੀ ਹੈ ਕਿ ਭਾਰਤ ਦੇ ਲੋਕ ਲਗਾਤਾਰ ਖੁਸ਼ਹਾਲੀ ਵੱਲ ਵੱਧ ਰਹੇ ਹਨ। ਪਰ ਅਸਲੀਅਤ ਇਹ ਨਹੀਂ ਹੈ। ਹਾਲ ਹੀ ਵਿੱਚ ਜਾਰੀ 'ਵਰਲਡ ਹੈਪੀਨੈੱਸ ਰਿਪੋਰਟ-2018' ਵਿੱਚ ਭਾਰਤ ਨੂੰ 133ਵਾਂ ਸਥਾਨ ਹਾਸਲ ਹੋਇਆ ਹੈ। ਪਿਛਲੇ ਸਾਲ ਭਾਰਤ 122ਵੇਂ ਸਥਾਨ 'ਤੇ ਸੀ।

ਇਸ ਵਾਰ ਸਰਵੇ ਵਿੱਚ ਸ਼ਾਮਲ 156 ਦੇਸਾਂ ਵਿੱਚ ਭਾਰਤ ਦਾ ਸਥਾਨ ਐਨਾ ਪਛੜ ਗਿਆ ਹੈ, ਜਿੰਨਾ ਅਫ਼ਰੀਕਾ ਦੇ ਕੁਝ ਬੇਹੱਦ ਪੱਛੜੇ ਦੇਸਾਂ ਦਾ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੀਨ ਵਰਗਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ ਹੀ ਨਹੀਂ ਬਲਕਿ ਪਾਕਿਸਤਾਨ, ਭੂਟਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਮਿਆਂਮਾਰ ਵਰਗੇ ਛੋਟੇ-ਛੋਟੇ ਗੁਆਂਢੀ ਮੁਲਕ ਵੀ ਖੁਸ਼ਹਾਲੀ ਦੇ ਮਾਮਲੇ ਵਿੱਚ ਭਾਰਤ ਤੋਂ ਅੱਗੇ ਹਨ।

ਕੀ ਹੁੰਦੀ ਹੈ ਵਰਲਡ ਹੈਪੀਨੈੱਸ ਰਿਪੋਰਟ?

'ਵਰਲਡ ਹੈਪੀਨੈੱਸ ਰਿਪੋਰਟ' ਸੰਯੁਕਤ ਰਾਸ਼ਟਰ ਦੀ ਇੱਕ ਸੰਸਥਾ 'ਸਸਟੇਨੇਬਲ ਡਿਵੈਲਪਮੈਂਟ ਸੋਲਿਊਸ਼ਨ ਨੈੱਟਵਰਕ' (ਐਸਡੀਐਸਐਨ) ਹਰ ਸਾਲ ਕੌਮਾਂਤਰੀ ਪੱਧਰ 'ਤੇ ਸਰਵੇ ਕਰਕੇ ਜਾਰੀ ਕਰਦਾ ਹੈ।

ਇਸ ਵਿੱਚ ਅਰਥ ਸ਼ਾਸਤਰੀਆਂ ਦੀ ਇੱਕ ਟੀਮ ਸਮਾਜ ਵਿੱਚ ਸੁਸ਼ਾਸਨ, ਪ੍ਰਤੀ ਵਿਅਕਤੀ ਆਮਦਨ, ਸਿਹਤ, ਜੀਉਂਦੇ ਰਹਿਣ ਦੀ ਉਮਰ, ਭਰੋਸਾ, ਸਮਾਜਿਕ, ਸਹਿਯੋਗ, ਆਜ਼ਾਦੀ, ਉਦਾਰਤਾ ਆਦਿ ਪੈਮਾਨਿਆਂ 'ਤੇ ਦੁਨੀਆ ਦੇ ਸਾਰੇ ਦੇਸਾਂ ਦੇ ਨਾਗਰਿਕਾਂ ਦੇ ਇਸ ਅਹਿਸਾਸ ਨੂੰ ਮਾਪਦੀ ਹੈ ਕਿ ਉਹ ਕਿੰਨੇ ਖੁਸ਼ ਹਨ।

ਇਸ ਸਾਲ ਜਿਹੜੀ 'ਵਰਲਡ ਹੈਪੀਨੈੱਸ ਰਿਪੋਰਟ' ਜਾਰੀ ਹੋਈ ਹੈ, ਉਸਦੇ ਮੁਤਾਬਿਕ ਭਾਰਤ ਉਨ੍ਹਾਂ ਕੁਝ ਦੇਸਾਂ ਵਿੱਚੋਂ ਹੈ, ਜਿਨ੍ਹਾਂ ਦਾ ਗਰਾਫ਼ ਹੇਠਾਂ ਡਿੱਗਿਆ ਹੈ। ਜਦਕਿ ਭਾਰਤ ਦੀ ਇਹ ਸਥਿਤੀ ਆਪਣੇ ਆਪ ਵਿੱਚ ਹੈਰਾਨ ਕਰਨ ਵਾਲੀ ਨਹੀਂ ਹੈ।

ਭਾਰਤ ਤੋਂ ਵੱਧ ਖੁਸ਼ ਹੈ ਪਾਕਿਸਤਾਨ

ਇਹ ਗੁੱਥੀ ਵੀ ਘੱਟ ਦਿਲਚਸਪ ਨਹੀਂ ਹੈ ਕਿ ਪਾਕਿਸਤਾਨ (75), ਨੇਪਾਲ (101) ਅਤੇ ਬੰਗਲਾਦੇਸ਼ (115) ਵਰਗੇ ਦੇਸ ਇਸ ਰਿਪੋਰਟ ਵਿੱਚ ਆਖ਼ਰ ਸਾਡੇ ਤੋਂ ਉੱਤੇ ਕਿਉਂ ਹਨ, ਜਿਨ੍ਹਾਂ ਨੂੰ ਅਸੀਂ ਆਮ ਤੌਰ 'ਤੇ ਕਰੋਪੀ ਦੇ ਸ਼ਿਕਾਰ ਦੇਸ ਦੀ ਸ਼੍ਰੇਣੀ ਵਿੱਚ ਗਿਣਦੇ ਹਾਂ।

ਇੱਥੋਂ ਤੱਕ ਕਿ ਲਗਾਤਾਰ ਯੁੱਧ ਤੋਂ ਪੀੜਤ ਫ਼ਲਸਤੀਨ ਅਤੇ ਅਕਾਲ ਅਤੇ ਭੁੱਖਮਰੀ ਤੋਂ ਪੀੜਤ ਸੋਮਾਲੀਆ ਵੀ ਇਸ ਸੂਚੀ ਵਿੱਚ ਭਾਰਤ ਤੋਂ ਚੰਗੀ ਹਾਲਤ ਵਿੱਚ ਹਨ। ਸਾਰਕ ਦੇਸਾਂ ਵਿੱਚ ਸਿਰਫ਼ ਅਫਗਾਨਿਸਤਾਨ ਹੀ ਖੁਸ਼ਮਿਜਾਜ਼ੀ ਦੇ ਮਾਮਲੇ ਵਿੱਚ ਭਾਰਤ ਤੋਂ ਪਿੱਛੇ ਹੈ।

ਦਿਲਚਸਪ ਗੱਲ ਇਹ ਹੈ ਕਿ ਪੰਜ ਸਾਲ ਪਹਿਲਾਂ ਯਾਨਿ 2013 ਦੀ ਰਿਪੋਰਟ ਵਿੱਚ ਭਾਰਤ 111ਵੇਂ ਨੰਬਰ 'ਤੇ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਸ਼ੇਅਰ ਬਾਜ਼ਾਰ ਲਗਾਤਾਰ ਹੀ ਚੜ੍ਹਦੇ ਜਾ ਰਹੇ ਹਨ, ਫਿਰ ਵੀ ਇਸ ਦੌਰਾਨ ਸਾਡੀ ਖੁਸ਼ੀ ਦਾ ਪੱਧਰ ਹੇਠਾਂ ਖਿਸਕ ਆਉਣ ਦਾ ਕਾਰਨ ਕੀ ਹੋ ਸਕਦਾ ਹੈ?

ਇਹ ਰਿਪੋਰਟ ਇਸ ਹਕੀਕਤ ਨੂੰ ਵੀ ਸਾਫ਼ ਤੌਰ 'ਤੇ ਦਰਸਾਉਂਦੀ ਹੈ ਕਿ ਸਿਰਫ਼ ਆਰਥਿਕ ਸਫਲਤਾ ਹੀ ਕਿਸੇ ਦੇਸ ਵਿੱਚ ਖੁਸ਼ਹਾਲੀ ਨਹੀਂ ਲਿਆ ਸਕਦੀ।

ਇਸ ਲਈ ਆਰਥਿਕ ਸਫ਼ਲਤਾ ਦੇ ਪ੍ਰਤੀਕ ਮੰਨੇ ਜਾਣ ਵਾਲੇ ਅਮਰੀਕਾ(18), ਬ੍ਰਿਟੇਨ (19) ਅਤੇ ਸਯੁੰਕਤ ਅਰਬ ਅਮੀਰਾਤ (20) ਵੀ ਦੁਨੀਆਂ ਦੇ ਸਭ ਤੋਂ ਖੁਸ਼ਹਾਲ 10 ਦੇਸਾਂ ਵਿੱਚ ਆਪਣੀ ਥਾਂ ਨਹੀਂ ਬਣਾ ਸਕੇ ਹਨ।

ਆਰਥਿਕ ਤਰੱਕੀ ਖੁਸ਼ੀ ਦਾ ਪੈਮਾਨਾ

ਜੇਕਰ ਇਸ ਰਿਪੋਰਟ ਨੂੰ ਤਿਆਰ ਕਰਨ ਦੇ ਤਰੀਕਿਆਂ ਅਤੇ ਪੈਮਾਨਿਆਂ 'ਤੇ ਸਵਾਲ ਖੜ੍ਹਾ ਕੀਤਾ ਜਾਵੇ, ਤਾਂ ਵੀ ਕੁਝ ਸੋਚਣ ਦਾ ਮਸਾਲਾ ਤਾਂ ਇਸ ਰਿਪੋਰਟ ਤੋਂ ਹੀ ਮਿਲਦਾ ਹੈ।

ਕਿਸੇ ਵੀ ਦੇਸ ਦੀ ਤਰੱਕੀ ਨੂੰ ਮਾਪਣ ਦਾ ਸਭ ਤੋਂ ਪ੍ਰਚਲਿਤ ਪੈਮਾਨਾ ਜੀਡੀਪੀ ਜਾਂ ਵਿਕਾਸ ਦਰ ਹੈ ਪਰ ਇਸ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੁੰਦੇ ਰਹੇ ਹਨ।

ਇੱਕ ਤਾਂ ਇਹ ਕਿ ਇਹ ਕਿਸੇ ਦੇਸ ਦੀ ਕੁੱਲ ਅਰਥ-ਵਿਵਸਥਾ ਦੀ ਗਤੀ ਨੂੰ ਤਾਂ ਸੂਚਿਤ ਕਰਦਾ ਹੈ, ਪਰ ਇਸ ਨਾਲ ਇਹ ਪਤਾ ਨਹੀਂ ਲਗਦਾ ਕਿ ਆਮ ਲੋਕਾਂ ਤੱਕ ਇਸਦਾ ਫਾਇਦਾ ਪਹੁੰਚ ਰਿਹਾ ਹੈ ਜਾਂ ਨਹੀਂ।

ਭਾਰਤ ਦੇ ਖੁਸ਼ ਨਾ ਹੋਣ ਦਾ ਕੀ ਹੈ ਕਾਰਨ?

ਭਾਰਤ ਦੀ ਹਾਲਤ ਇਨ੍ਹਾਂ ਸਾਰੇ ਪੈਮਾਨਿਆਂ 'ਤੇ ਬਹੁਤ ਚੰਗੀ ਨਹੀਂ ਹੈ। ਫਿਰ ਵੀ ਅਸੀਂ ਪਾਕਿਸਤਾਨ, ਬੰਗਲਾਦੇਸ਼ ਅਤੇ ਇਰਾਨ ਤੋਂ ਵੀ ਮਾੜੀ ਹਾਲਤ ਵਿੱਚ ਹੈ, ਇਹ ਗੱਲ ਹੈਰਾਨ ਕਰਨ ਵਾਲੀ ਹੈ।

ਪਰ ਇਸ ਹਕੀਰਕ ਦਾ ਕਾਰਨ ਸ਼ਾਇਦ ਇਹ ਹੈ ਕਿ ਭਾਰਤ ਵਿੱਚ ਬਦਲ ਤਾਂ ਬਹੁਤ ਹਨ ਪਰ ਸਾਰੇ ਲੋਕਾਂ ਦੀ ਉਨ੍ਹਾਂ ਤੱਕ ਪਹੁੰਚ ਨਹੀਂ ਹੈ ਜਿਸ ਕਾਰਨ ਲੋਕ ਅਸੰਤੁਸ਼ਟ ਹਨ।

ਅਜਿਹੇ ਹਾਲਾਤਾਂ ਵਿੱਚ ਕਈ ਦੇਸਾਂ ਵਿੱਚ ਜੋ ਸੀਮਤ ਬਦਲ ਉਪਲੱਬਧ ਹਨ, ਉਨ੍ਹਾਂ ਬਾਰੇ ਵੀ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਹੈ, ਇਸ ਲਈ ਉਹ ਆਪਣੇ ਸੀਮਤ ਦਾਇਰੇ ਵਿੱਚ ਹੀ ਖੁਸ਼ ਅਤੇ ਸੰਤੁਸ਼ਟ ਹਨ।

ਭਾਰਤ ਵਿੱਚ ਜਿੰਨੀ ਆਰਥਿਕ ਅਸਮਾਨਤਾ ਹੈ, ਉਹ ਵੀ ਲੋਕਾਂ ਵਿੱਚ ਅਸੰਤੁਸ਼ਟੀ ਅਤੇ ਮਾਯੂਸੀ ਪੈਦਾ ਕਰਦੀ ਹੈ।

ਭਾਵੇਂ ਭਾਰਤ ਵਿੱਚ ਸਿਹਤ ਸੇਵਾਵਾਂ 'ਤੇ ਖ਼ਰਚਾ ਜ਼ਿਆਦਾ ਹੁੰਦਾ ਹੈ, ਪਰ ਇਸ ਮਾਮਲੇ ਵਿੱਚ ਵੀ ਪਾਕਿਸਤਾਨ ਅਤੇ ਬੰਗਲਾਦੇਸ਼ ਸਾਡੇ ਤੋਂ ਚੰਗੀ ਹਾਲਤ ਵਿੱਚ ਹਨ।

'ਸਾਈਂ ਐਨਾ ਦਿਓ'...ਜਾਂ...'ਯੇ ਦਿਲ ਮਾਂਗੇ ਮੋਰ'

ਇਸੇ ਭਾਰਤ ਦੀ ਭੂਮੀ ਤੋਂ ਵਰਧਮਾਨ ਮਹਾਂਵੀਰ ਨੇ ਅਪਰੀਗ੍ਰਹਿ ਦਾ ਸੰਦੇਸ਼ ਦਿੱਤਾ ਹੈ ਅਤੇ ਇਸੇ ਧਰਤੀ 'ਤੇ ਬਾਬਾ ਕਬੀਰ ਵੀ ਹੋਏ ਹਨ, ਜਿਨ੍ਹਾਂ ਨੇ ਐਨਾ ਹੀ ਚਾਹਿਆ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ ਤੇ ਆਉਣ ਵਾਲਾ ਕੋਈ ਫਕੀਰ ਭੁੱਖਾ ਨਾ ਜਾਵੇ।

ਪਰ ਦੁਨੀਆਂ ਨੂੰ ਯੋਗ ਅਤੇ ਅਧਿਆਤਮ ਤੋਂ ਜਾਣੂ ਕਰਵਾਉਣ ਵਾਲੇ ਇਸ ਦੇਸ ਦੀ ਹਾਲਤ ਵਿੱਚ ਜੇਕਰ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ ਅਤੇ ਲੋਕਾਂ ਦੀ ਖੁਸ਼ੀ ਦਾ ਪੱਧਰ ਡਿੱਗ ਰਿਹਾ ਹੈ ਤਾਂ ਇਸਦਾ ਕਾਰਨ ਸਮਾਜਿਕ ਮੂਲ ਵਿੱਚ ਬਦਲਾਅ, ਭੋਗਵਾਦੀ ਜੀਵਨ ਸ਼ੈਲੀ ਅਪਨਾਉਣ ਅਤੇ ਸਾਦਗੀ ਦੇ ਪਰਤਿਆਗ ਨਾਲ ਜੁੜੀ ਹੋਈ ਹੈ।

ਹੁਣ ਅਜਿਹੇ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਨ੍ਹਾਂ ਦਾ ਯਕੀਨ ''ਸਾਈਂ ਐਨਾ ਦਿਓ'…ਦੇ ਗੌਰਵਮਈ ਕਬੀਰ ਦਰਸ਼ਨ ਦੀ ਬਜਾਇ 'ਯੇ ਦਿਲ ਮਾਂਗੇ ਮੋਰ' ਵਰਗੇ ਸ਼ਬਦ ਸਲੋਗਨ ਵਿੱਚ ਦਰਜ ਹਨ।

ਗ਼ਰੀਬੀ ਅਤੇ ਬਦਹਾਲੀ

ਇਸ ਵਿੱਚ ਜਿਹੜਾ ਪਛੜਦਾ ਹੈ ਉਹ ਨਿਰਾਸ਼ਾ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ, ਪਰ ਜਿਹੜਾ ਸਫਲ ਹੁੰਦਾ ਹੈ, ਉਹ ਵੀ ਆਪਣੀ ਮਾਨਸਿਕ ਸ਼ਾਂਤੀ ਗੁਆ ਬੈਠਦਾ ਹੈ।

ਇਕਹਿਰੇ ਅਤੇ ਡਿਜ਼ਾਇਨਰ ਪਰਿਵਾਰਾਂ ਨੇ ਲੋਕਾਂ ਨੂੰ ਵੱਡੇ-ਬਜ਼ੁਰਗਾਂ ਦੀ ਛਤਰ-ਛਾਇਆ ਤੋਂ ਵੀ ਦੂਰ ਕਰ ਦਿੱਤਾ ਹੈ ਜੋ ਆਪਣੇ ਤਜ਼ਰਬੇ ਦੀ ਰੌਸ਼ਨੀ ਨਾਲ ਇਹ ਦਸ ਸਕਦੇ ਸੀ ਕਿ ਜ਼ਿੰਦਗੀ ਦਾ ਮਤਲਬ ਸਿਰਫ਼ 'ਸਫਲ' ਹੋਣਾ ਨਹੀਂ, ਬਲਕਿ ਧੀਰਜ ਨਾਲ ਉਸ ਨੂੰ ਜੀਉਣਾ ਹੈ।

ਜ਼ਾਹਰ ਹੈ ਇਸਦਾ ਅਸਰ ਵਧਦੀਆਂ ਖੁਦਕੁਸ਼ੀਆਂ, ਨਸ਼ਾਖੋਰੀ, ਘਰੇਲੂ ਲੜਾਈ, ਰੋਡਰੇਜ ਅਤੇ ਹੋਰ ਜ਼ੁਰਮ ਦੀਆਂ ਘਟਨਾਵਾਂ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ।

ਕੁਲ ਮਿਲਾ ਕੇ ਸੰਯੁਕਤ ਰਾਸ਼ਟਰ ਦੀ ਤਾਜ਼ਾ 'ਹੈਪੀਨੈੱਸ ਰਿਪੋਰਟ' ਵਿੱਚ ਭਾਰਤ ਦੀ ਸਾਲ ਦਰ ਸਾਲ ਡਿੱਗਦੀ ਹਾਲਤ ਇਸ ਹਕੀਕਤ ਵੱਲ ਇਸ਼ਾਰਾ ਕਰਦੀ ਹੈ ਕਿ ਗ਼ਰੀਬੀ ਅਤੇ ਬਦਹਾਲੀ ਦੇ ਮਹਾਸਾਗਰ ਵਿੱਚ ਖੁਸ਼ਹਾਲੀ ਦੇ ਕੁਝ ਟਾਪੂ ਖੜ੍ਹੇ ਹੋਣ ਨਾਲ ਪੂਰਾ ਮਹਾਸਾਗਰ ਖੁਸ਼ਹਾਲ ਨਹੀਂ ਹੋ ਜਾਂਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)