ਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?

ਤਸਵੀਰ ਸਰੋਤ, iStock
- ਲੇਖਕ, ਕਮਲੇਸ਼
- ਰੋਲ, ਬੀਬੀਸੀ ਪੱਤਰਕਾਰ
''ਮੈਂ ਹਰ ਸਾਲ ਉਸ ਨੂੰ ਰੱਖੜੀ ਬੰਨ੍ਹਦੀ ਸੀ, ਪਰ ਉਹ ਮੇਰੇ ਬਾਰੇ ਪਤਾ ਨਹੀਂ ਕੀ ਸੋਚ ਕੇ ਬੈਠਾ ਸੀ। ਉਸ ਦਾ ਹਾਸਾ-ਠੱਠਾ ਕਦੋਂ ਛੇੜਛਾੜ ਵਿੱਚ ਬਦਲ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ।''
''ਜਦੋਂ ਵੀ ਅਸੀਂ ਦੋਵੇਂ ਇਕੱਲੇ ਹੁੰਦੇ ਤਾਂ ਉਹ ਫ਼ਾਇਦਾ ਚੁੱਕਣ ਦਾ ਇੱਕ ਵੀ ਮੌਕਾ ਨਹੀਂ ਛੱਡਦੇ ਸਨ। ਮੈਂ ਸਭ ਸਮਝਦੀ ਸੀ, ਪਰ ਕਿਸੇ ਨੂੰ ਕਹਿ ਨਹੀਂ ਪਾਉਂਦੀ ਸੀ।''
ਯੂਪੀ 'ਚ ਰਹਿਣ ਵਾਲੀ ਕੋਮਲ (ਬਦਲਿਆ ਹੋਇਆ ਨਾਂ) ਦੇ ਨਾਲ 14 ਸਾਲ ਦੀ ਉਮਰ ਵਿੱਚ ਹੋਈ ਇਸ ਘਟਨਾ ਨੂੰ ਉਹ ਕਈ ਸਾਲਾਂ ਬਾਅਦ ਵੀ ਆਪਣੇ ਘਰ 'ਚ ਨਹੀਂ ਦੱਸ ਸਕੀ।
ਪਰ, ਪੀੜਤ ਦਾ ਸ਼ਿਕਾਇਤ ਨਾ ਕਰਨਾ ਹੀ ਕਈ ਵਾਰ ਸਵਾਲਾਂ ਦੇ ਦਾਇਰੇ 'ਚ ਆ ਜਾਂਦਾ ਹੈ।
ਜਦੋਂ ਵੀ ਮਹਿਲਾਵਾਂ ਇੱਕ ਲੰਬੇ ਸਮੇਂ ਬਾਅਦ ਬਚਪਨ 'ਚ ਹੋਏ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਰਦੀਆਂ ਹਨ ਤਾਂ ਪਹਿਲਾ ਸਵਾਲ ਆਉਂਦਾ ਹੈ ਕਿ ਉਸ ਸਮੇਂ ਜਾਂ ਇੰਨੇ ਸਾਲਾਂ 'ਚ ਕਿਉਂ ਨਹੀਂ ਕਿਹਾ।
ਇਹ ਵੀ ਪੜ੍ਹੋ:
ਅਜਿਹਾ ਹੀ ਸਵਾਲ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੁੱਛਿਆ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸਦੇ ਖ਼ਿਲਾਫ਼ ਇੱਕ ਮੁਹਿੰਮ ਚੱਲੀ।
ਟਰੰਪ ਨੇ ਉਨ੍ਹਾਂ ਵੱਲੋਂ ਅਮਰੀਕਾ ਦੀ ਸੁਪਰੀਮ ਕੋਰਟ ਲਈ ਨਾਮਜ਼ਦ ਕੀਤੇ ਗਏ ਜੱਜ ਬ੍ਰੈਟ ਕੈਵੌਨ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ 'ਤੇ ਕਿਹਾ ਸੀ ਕਿ ਪੀੜਤ ਨੂੰ ਉਸੇ ਸਮੇਂ ਸ਼ਿਕਾਇਤ ਕਰਨੀ ਚਾਹੀਦੀ ਸੀ।
ਇਸਦਾ ਜਵਾਬ ਦੇਣ ਲਈ ਸੋਸ਼ਲ ਮੀਡੀਆ 'ਤੇ #WhyIDidNotReport ਨਾਂ ਨਾਲ ਇੱਕ ਮੁਹਿੰਮ ਚੱਲੀ, ਜਿਸ 'ਚ ਲੋਕਾਂ ਨੇ ਆਪਣੇ ਨਾਲ ਹੋਈ ਘਟਨਾ ਦਾ ਜ਼ਿਕਰ ਦਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਉਸ ਸਮੇਂ ਕਿਉਂ ਨਹੀਂ ਦੱਸਿਆ ਸੀ।
ਕੋਮਲ ਸਾਹਮਣੇ ਵੀ ਅਜਿਹੇ ਹਾਲਾਤ ਬਣੇ ਜਦੋਂ ਭੂਆ ਦੇ ਮੁੰਡੇ ਨੇ ਹੀ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ।
'ਜਦੋਂ ਮੇਰਾ ਭਰੋਸਾ ਟੁੱਟਿਆ'
ਕੋਮਲ ਦੱਸਦੀ ਹੈ, ''ਮੇਰੀ ਭੂਆ ਦਾ ਮੁੰਡਾ ਸਾਡੇ ਘਰ ਦੇ ਹੀ ਉੱਪਰ ਵਾਲੇ ਕਮਰੇ 'ਚ ਰਹਿੰਦਾ ਸੀ। ਅਸੀਂ ਸਾਰੇ ਉਨ੍ਹਾਂ ਨਾਲ ਘੁਲ-ਮਿਲ ਗਏ ਸੀ ਅਤੇ ਘਰ ਵਾਲਿਆਂ ਨੂੰ ਵੀ ਉਸ 'ਤੇ ਪੂਰਾ ਭਰੋਸਾ ਸੀ।''
''ਸ਼ੁਰੂਆਤ 'ਚ ਤਾਂ ਸਭ ਠੀਕ ਸੀ, ਪਰ ਹੌਲੀ-ਹੌਲੀ ਉਹ ਮੇਰੇ ਨਾਲ ਇਕੱਲਿਆਂ ਹੋਣ ਦੇ ਮੌਕੇ ਲੱਭਣ ਲੱਗਾ।''
''ਸਰਦੀਆਂ 'ਚ ਮੇਰੀ ਮੰਮੀ ਅਤੇ ਗੁਆਂਢੀ ਆਂਟੀ ਖਾਣਾ ਖਾਣ ਤੋਂ ਬਾਅਦ ਛੱਤ 'ਤੇ ਧੁੱਪ ਸੇਕਣ ਜਾਂਦੇ ਸਨ। ਮੈਂ ਪੜ੍ਹਾਈ ਕਰਨੀ ਹੁੰਦੀ ਸੀ, ਇਸ ਲਈ ਕਮਰੇ 'ਚ ਹੀ ਰਹਿੰਦੀ ਸੀ।''
''ਦਿਨ 'ਚ ਅਸੀਂ ਟੀਵੀ ਦੇਖਦੇ ਸੀ ਤਾਂ ਮੰਮੀ ਦੇ ਜਾਣ ਤੋਂ ਬਾਅਦ ਉਹ ਮੈਚ ਦੇਖਣਾ ਸ਼ੁਰੂ ਕਰ ਦਿੰਦਾ ਸੀ। ਉਹ ਜ਼ਬਰਦਸਤੀ ਕਮਰੇ 'ਚ ਰੁਕਣ ਦੀ ਕੋਸ਼ਿਸ਼ ਕਰਦਾ੍ ਅਤੇ ਮੈਨੂੰ ਆਪਣੇ ਕੋਲ ਖਿੱਚਣ ਲਗਦਾ। ਕਿਸ ਕਰਨ ਦੀ ਕੋਸ਼ਿਸ਼ ਕਰਦਾ ਸੀ।''

ਤਸਵੀਰ ਸਰੋਤ, Getty Images
ਕੋਮਲ ਅੱਗੇ ਦੱਸਦੀ ਹੈ, ''ਮੇਰਾ ਕੋਈ ਹੋਰ ਭਰਾ ਅਜਿਹਾ ਨਹੀਂ ਕਰਦਾ ਸੀ, ਇਸ ਲਈ ਮੈਨੂੰ ਅਜੀਬ ਲੱਗਦਾ ਸੀ ਕਿ ਉਹ ਅਜਿਹਾ ਕਿਉਂ ਕਰਦਾ ਹੈ। ਮੈਂ ਤਾਂ ਛੋਟੀ ਬੱਚੀ ਵੀ ਨਹੀਂ ਹਾਂ। ਫ਼ਿਲਮਾਂ 'ਚ ਵੀ ਦੇਖਿਆ ਸੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਸਿਰਫ਼ ਹੀਰੋ-ਹੀਰੋਇਨ ਵਿਚਾਲੇ ਹੀ ਹੁੰਦੀਆਂ ਹਨ।''
''ਪਰ ਫ਼ਿਰ ਵੀ ਮੈਂ ਕੁਝ ਨਹੀ ਕਹਿ ਪਾਉਂਦੀ ਸੀ। ਸਿਰਫ਼ ਇਨਕਾਰ ਕਰਦੀ ਜਾਂ ਬਚਣ ਲਈ ਕਿਸੇ ਕੰਮ 'ਚ ਉਲਝੀ ਰਹਿੰਦੀ। ਕਦੇ-ਕਦੇ ਤਾਂ ਸੋਚਦੀ ਕਿ ਕਾਸ਼ ਘਰ 'ਚ ਕੋਈ ਹੋਰ ਆ ਜਾਵੇ।''
ਉਹ ਕਹਿੰਦਾ ਰਹਿੰਦਾ, ''ਮੇਰੇ ਕੋਲ ਬੈਠ, ਥੋੜ੍ਹੀ ਦੇਰ ਤਾਂ ਬੈਠ।''
ਇਹ ਵੀ ਪੜ੍ਹੋ:
''ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਉਸ ਨੂੰ ਕੀ ਕਹਾਂ। ਮੈਨੂੰ ਉਹ ਸਭ ਬਹੁਤ ਬੁਰਾ ਲਗਦਾ ਸੀ, ਪਰ ਉਸ ਬੁਰੇ ਨੂੰ ਜ਼ਾਹਿਰ ਨਹੀਂ ਕਰ ਪਾ ਰਹੀ ਸੀ।''
''ਕਿਵੇਂ ਕਹਾਂ, ਕਿਹੜੇ ਸ਼ਬਦਾਂ 'ਚ ਦੱਸਾਂ ਸਮਝ ਹੀ ਨਹੀਂ ਆਉਂਦੀ ਸੀ। ਇੱਕ ਡਰ ਇਹ ਸੀ ਕਿ ਘਰਵਾਲੇ ਕੀ ਸੋਚਣਗੇ...ਇਹ ਗੱਲ ਤਾਂ ਪਿੰਡ ਵੀ ਪਹੁੰਚ ਜਾਵੇਗੀ ਫ਼ਿਰ ਕੀ ਹੋਵੇਗਾ। ਭੂਆ-ਫੁੱਫੜ ਨਾਲ ਤਾਂ ਲੜਾਈ ਹੀ ਹੋ ਜਾਵੇਗੀ।''
ਡਰ ਅਤੇ ਦੁੱਚਿਤੀ
ਮਨੋਰੋਗ ਮਾਹਿਰ ਡਾਕਟਰ ਪ੍ਰਵੀਨ ਤ੍ਰਿਪਾਠੀ ਵੀ ਦੱਸਦੇ ਹਨ, ''ਘੱਟ ਉਮਰ 'ਚ ਜਿਨਸੀ ਸ਼ੋਸ਼ਣ ਦੀ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੁੰਦੀ ਹੈ ਕਿ ਬੱਚਿਆਂ ਨੂੰ ਕੁਝ ਗ਼ਲਤ ਹੋਣ ਦਾ ਪਤਾ ਹੀ ਨਹੀਂ ਚੱਲਦਾ। ਜੇ ਬੱਚਿਆਂ ਨੂੰ ਇਹ ਸਾਫ਼ ਹੋ ਜਾਵੇ ਕਿ ਕੁਝ ਗ਼ਲਤ ਹੋ ਰਿਹਾ ਹੈ ਤਾਂ ਉਹ ਜ਼ਿਆਦਾ ਆਸਾਨੀ ਨਾਲ ਆਪਣੀ ਗੱਲ ਕਹਿ ਪਾਉਣਗੇ। ਸਾਡੇ ਸਮਾਜ ਵਿੱਚ ਵੀ ਸੈਕਸ ਐਜੂਕੇਸ਼ਨ ਵਰਗੀ ਕੋਈ ਪੜ੍ਹਾਈ ਨਹੀਂ ਹੁੰਦੀ।''
''ਨਾਲ ਹੀ ਪੀੜਤ ਨੂੰ ਇਹ ਡਰ ਵੀ ਲਗਦਾ ਹੈ ਕਿ ਘਰਵਾਲੇ ਕੀ ਕਹਿਣਗੇ ਕਿਉਂਕਿ ਜੋ ਅਪਰਾਧੀ ਹੁੰਦਾ ਹੈ ਉਸ 'ਤੇ ਪਰਿਵਾਰ ਭਰੋਸਾ ਕਰਦਾ ਹੈ। ਪੀੜਤ ਇਸ ਦੁਚਿੱਤੀ 'ਚ ਹੁੰਦਾ ਹੈ ਕਿ ਮੇਰੇ 'ਤੇ ਭਰੋਸਾ ਕਰਨਗੇ ਜਾਂ ਨਹੀਂ। ਕਈ ਵਾਰ ਤਾਂ ਸ਼ਿਕਾਇਤ ਕਰਨ 'ਤੇ ਮੰਮੀ-ਪਾਪਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ।''

ਤਸਵੀਰ ਸਰੋਤ, iStock
ਕੋਮਲ ਦੱਸਦੀ ਹੈ, ''ਇਹ ਸਿਲਸਿਲਾ ਇੰਝ ਹੀ ਚੱਲਦਾ ਰਿਹਾ। ਕਦੇ ਕਿਸੇ ਕਮਰੇ 'ਚ ਤਾਂ ਕਦੇ ਕਿਸੇ ਕਮਰੇ 'ਚ, ਉਹ ਬੱਸ ਮੌਕਾ ਹੀ ਲੱਭਦਾ ਸੀ। ਮੈਂ ਪੜ੍ਹਨ ਬੈਠਦੀ ਤਾਂ ਹੱਥ ਖਿੱਚ ਕੇ ਆਪਣੇ ਕੋਲ ਬੁਲਾ ਲੈਂਦਾ। ਹੁਣ ਤਾਂ ਉਸ ਦੀ ਆਹਟ ਨਾਲ ਹੀ ਮੈਨੂੰ ਡਰ ਲੱਗਣ ਲੱਗਿਆ ਸੀ।''
''ਕਦੋਂ ਮੈਨੂੰ ਕਿੱਥੇ ਛੂਹ ਲਵੇਗਾ ਇਹ ਸੋਚ ਕੇ ਖ਼ੁਦ ਨੂੰ ਬਚਾਉਂਦੀ ਰਹਿੰਦੀ ਸੀ। ਅੱਜ ਵੀ ਉ਼ਨ੍ਹਾਂ ਦਿਨਾਂ ਨੂੰ ਯਾਦ ਕਰਦੀ ਹਾਂ ਤਾਂ ਇੱਕ ਘੁਟਣ ਜਿਹੀ ਮਹਿਸੂਸ ਹੁੰਦੀ ਹੈ। ਮੇਰਾ ਇੱਕ ਕਰੀਬੀ ਰਿਸ਼ਤੇ ਤੋਂ ਭਰੋਸਾ ਹੀ ਨਹੀਂ ਟੁੱਟਿਆ ਸੀ ਸਗੋਂ ਡਰ ਵੀ ਘਰ ਕਰ ਗਿਆ ਸੀ।''
''ਇਹ ਸਭ ਕਰੀਬ ਸਾਲ ਤੱਕ ਚਲਦਾ ਰਿਹਾ। ਇੱਕ ਵਾਰ ਬਹੁਤ ਚਿੜ ਜਾਣ 'ਤੇ ਮੈਂ ਝਟਕੇ ਨਾਲ ਖ਼ੁਦ ਨੂੰ ਛੁੜਾ ਕੇ ਰੋਂਦੇ ਹੋਏ ਘਰੋਂ ਬਾਹਰ ਆ ਗਈ। ਉਸ ਦਿਨ ਤਾਂ ਜਿਵੇਂ ਉਹ ਡਰ ਹੀ ਗਿਆ ਸੀ। ਫ਼ਟਾਫਟ ਘਰੋਂ ਨਿਕਲ ਗਿਆ ਅਤੇ ਉਸਤੋਂ ਬਾਅਦ ਆਪਣੀਆਂ ਹਰਕਤਾਂ ਕੁਝ ਘੱਟ ਕਰ ਦਿੱਤੀਆਂ। ਕੁਝ ਸਮੇਂ ਬਾਅਦ ਉਸ ਦੀ ਨੌਕਰੀ ਬਦਲ ਗਈ ਤਾਂ ਉਸ ਨੂੰ ਕਿਤੇ ਹੋਰ ਜਾਣਾ ਪਿਆ।''
ਸੱਤ ਸਾਲ ਦੀ ਉਮਰ 'ਚ ਮਿਲਿਆ ਦਰਦ
ਅਜਿਹਾ ਹੀ ਇੱਕ ਮਾਮਲਾ ਬਿਹਾਰ ਦੀ ਰਹਿਣ ਵਾਲੀ ਦੀਪਿਕਾ (ਬਦਲਿਆ ਹੋਇਆ ਨਾਂ) ਦਾ ਹੈ। ਦੀਪਿਕਾ ਨੂੰ ਇਸ ਖ਼ਤਰਨਾਕ ਸ਼ੋਸ਼ਣ ਤੋਂ ਉਦੋਂ ਲੰਘਣਾ ਪਿਆ ਜਦੋਂ ਉਹ ਸਿਰਫ਼ ਸੱਤ ਸਾਲ ਦੀ ਸੀ ।
ਦੀਪਿਕਾ ਦੱਸਦੀ ਹੈ, ''ਲੋਕ ਅਕਸਰ ਕਹਿੰਦੇ ਹਨ ਕਿ ਉਹ ਆਪਣੇ ਬਚਪਨ 'ਚ ਮੁੜਨਾ ਚਾਹੁੰਦੇ ਹਨ, ਪਰ ਮੈਨੂੰ ਮੁੜ ਆਪਣਾ ਬਚਪਨ ਨਹੀਂ ਚਾਹੀਦਾ। ਮੈਨੂੰ ਉਸ ਤੋਂ ਡਰ ਲਗਦਾ ਹੈ। ਮੈਨੂੰ ਅੱਜ ਤੱਕ ਅਫ਼ਸੋਸ ਹੈ ਕਿ ਮੈਂ ਕੁਝ ਨਹੀਂ ਕਹਿ ਸਕੀ।''
''ਮੈਂ ਸੱਤ ਸਾਲ ਦੀ ਸੀ ਜਦੋਂ ਮੇਰੇ ਨਾਲ ਉਹ ਸਭ ਸ਼ੁਰੂ ਹੋਇਆ। ਉਹ ਸਾਡੇ ਘਰ ਅਤੇ ਦੁਕਾਨ 'ਤੇ ਕਈ ਸਾਲਾਂ ਤੋਂ ਕੰਮ ਕਰਦਾ ਸੀ, ਮੇਰੇ ਜਨਮ ਤੋਂ ਵੀ ਪਹਿਲਾਂ। ਘਰ ਵਾਲਿਆਂ ਨੂੰ ਉਸ 'ਤੇ ਪੂਰਾ ਭਰੋਸਾ ਸੀ। ਦੁਕਾਨ 'ਚ ਜਦੋਂ ਕੋਈ ਨਹੀਂ ਹੁੰਦਾ ਸੀ ਤਾਂ ਉਹ ਮੈਨੂੰ ਆਪਣੀ ਗੋਦ 'ਚ ਬਿਠਾਉਂਦੇ ਸਨ। ਮੈਨੂੰ ਚੰਗਾ ਨਹੀਂ ਲਗਦਾ ਸੀ, ਪਰ ਸਮਝ ਹੀ ਨਹੀਂ ਆਉਂਦਾ ਸੀ ਕਿ ਉਹ ਕੀ ਕਰ ਰਹੇ ਹਨ।''
''ਉਸ ਨੂੰ ਲੈ ਕੇ ਮੇਰਾ ਡਰ ਹੋਰ ਵਧਦਾ ਗਿਆ। ਮੈਂ ਉਸ ਕੋਲ ਨਹੀਂ ਆਉਣਾ ਚਾਹੁੰਦੀ ਸੀ। ਪਰ, ਮੰਮੀ ਕਦੀ ਖਾਣਾ ਦੇਣ ਤਾਂ ਕਦੇ ਉਸ ਨੂੰ ਬੁਲਾਉਣ, ਉਸ ਦੇ ਕਮਰੇ 'ਚ ਭੇਜ ਦਿੰਦੀ।''
''ਮੈਂ ਕਹਿੰਦੀ ਸੀ ਕਿ ਅੰਕਲ ਕੋਲ ਨਹੀਂ ਜਾਣਾ, ਪਰ ਘਰਵਾਲਿਆਂ ਨੂੰ ਕਾਰਨ ਸਮਝ ਨਹੀਂ ਆਉਂਦਾ ਸੀ। ਉਨ੍ਹਾਂ ਨੂੰ ਲਗਦਾ ਕਿ ਬੱਚੀ ਹਾਂ ਤਾਂ ਇੰਝ ਹੀ ਕੁਝ ਵੀ ਬੋਲ ਦਿੰਦੀ ਹਾਂ, ਪਰ ਮੈਂ ਲੱਖ ਵਾਰੀ ਚਾਹ ਕੇ ਵੀ ਇਹ ਪੂਰੀ ਗੱਲ ਨਹੀਂ ਬੋਲ ਪਾਉਂਦੀ ਸੀ। ਸਹੀ ਸ਼ਬਦ, ਸਹੀ ਤਰੀਕਾ ਮੈਂ ਕਦੇ ਲੱਭ ਨਹੀਂ ਪਾਉਂਦੀ ਸੀ।''
ਸਹੀ ਸ਼ਬਦਾਂ ਦੀ ਕਮੀ ਅਤੇ ਸ਼ਰਮ
ਡਾਕਟਰ ਪ੍ਰਵੀਨ ਤ੍ਰਿਪਾਠੀ ਵੀ ਦੱਸਦੇ ਹਨ ਕਿ ਬੱਚਿਆਂ ਦੇ ਮਾਮਲੇ ਵੱਡਿਆਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਿਲ ਹੁੰਦੇ ਹਨ। ਉਨ੍ਹਾਂ ਨੂੰ ਸਰੀਰਕ ਅੰਗਾਂ ਦੇ ਨਾਂ, ਸੈਕਸ਼ੁਅਲ ਐਕਟਿਵਿਟੀ ਨਾਲ ਜੁੜੇ ਸ਼ਬਦ ਨਹੀਂ ਪਤਾ ਹੁੰਦੇ। ਇਸ ਲਈ ਬੱਚੇ ਕਹਿੰਦੇ ਹਨ ਕਿ ਉਹ ਅੰਕਲ ਚੰਗੇ ਨਹੀਂ ਹਨ, ਉਨ੍ਹਾਂ ਕੋਲ ਨਹੀਂ ਜਾਣਾ, ਉਹ ਗੰਦੇ ਹਨ। ਮਾਪਿਆਂ ਨੂੰ ਅਜਿਹੇ ਇਸ਼ਾਰਿਆਂ ਨੂੰ ਸਮਝਣਾ ਚਾਹੀਦਾ ਹੈ।

ਤਸਵੀਰ ਸਰੋਤ, Thinkstock
ਉਹ ਦੱਸਦੇ ਹਨ ਕਿ ਵੱਡੀਆਂ ਕੁੜੀਆਂ ਨੂੰ ਇਨ੍ਹਾਂ ਮਾਮਲਿਆਂ 'ਚ ਸ਼ਰਮ ਵੀ ਮਹਿਸੂਸ ਹੁੰਦੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਕਿਰਦਾਰ 'ਤੇ ਸਵਾਲ ਉੱਠਣ ਲੱਗਣਗੇ।
ਕੀ ਹੁੰਦਾ ਹੈ ਅਸਰ
ਜੇ ਬੱਚਿਆਂ ਦੀ ਗੱਲ ਨਾ ਸਮਝੀ ਜਾਵੇ ਤਾਂ ਇਸਦਾ ਅਸਰ ਪੂਰੀ ਜ਼ਿੰਦਗੀ 'ਤੇ ਪੈ ਸਕਦਾ ਹੈ।
ਡਾਕਟਰ ਪ੍ਰਵੀਨ ਨੇ ਦੱਸਿਆ, ''ਜਿਨਸੀ ਸੋਸ਼ਣ ਦੇ ਸ਼ਿਕਾਰ ਲੋਕ ਡਿਪਰੈਸ਼ਨ 'ਚ ਜਾ ਸਕਦੇ ਹਨ। ਕਈ ਵਾਰ ਉਹ ਜ਼ਿੰਦਗੀ ਭਰ ਉਸ ਘਟਨਾ ਨੂੰ ਭੁੱਲ ਨਹੀਂ ਸਕਦੇ। ਉਨ੍ਹਾਂ ਨੂੰ ਸੈਕਸ਼ੁਅਲ ਡਿਸਆਰਡਰ ਹੋ ਸਕਦਾ ਹੈ। ਆਤਮ ਵਿਸ਼ਵਾਸ ਖ਼ਤਮ ਹੋ ਜਾਂਦਾ ਹੈ।''

ਤਸਵੀਰ ਸਰੋਤ, Getty Images
ਦੀਪਿਕਾ ਨੇ ਵੀ ਹੌਲੀ-ਹੌਲੀ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਘੱਟ ਕਰ ਦਿੱਤਾ।
ਉਸ ਨੇ ਦੱਸਿਆ, ''ਹੌਲੀ-ਹੌਲੀ ਮੈਂ ਘਰ ਆਉਣ ਵਾਲੇ ਮਹਿਮਾਨਾਂ ਤੋਂ ਦੂਰੀ ਬਣਾਉਣ ਲੱਗੀ। ਕੋਈ ਅੰਕਲ ਜਾਂ ਮਾਮਾ-ਚਾਚਾ ਵੀ ਆਉਂਦੇ ਹਨ ਤਾਂ ਮੈਂ ਉਨ੍ਹਾਂ ਤੋਂ ਦੂਰ ਰਹਿੰਦੀ। ਉਨ੍ਹਾਂ ਦੇ ਛੂਹਣ ਜਾਂ ਗੋਦ 'ਚ ਲੈਣ ਨਾਲ ਹੀ ਮੈਨੂੰ ਉਹ ਅੰਕਲ ਯਾਦ ਆ ਜਾਂਦੇ। ਹਰ ਛੂਹਣ ਗ਼ਲਤ ਲੱਗਣ ਲੱਗ ਗਈ ਸੀ।''
''ਇਸਦਾ ਨਤੀਜਾ ਇਹ ਹੋਇਆ ਕਿ ਮੰਮੀ-ਪਾਪਾ ਮੈਨੂੰ ਝਿੜਕਣ ਲੱਗੇ। ਮੈਂ ਇੱਕ ਗੰਦੀ ਬੱਚੀ ਬਣ ਗਈ ਜੋ ਵੱਡਿਆਂ ਦੀ ਇੱਜ਼ਤ ਨਹੀਂ ਕਰਦੀ। ਉਨ੍ਹਾਂ ਨੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਬੱਚਿਆਂ ਦੇ ਨਾਲ ਵੀ ਅਜਿਹਾ ਹੋ ਸਕਦਾ ਹੈ। ਉਹ ਹਰ ਵਿਵਹਾਰ ਨੂੰ ਬਚਪਨਾ ਸਮਝ ਲੈਂਦੇ ਹਨ।''
''ਮੈਂ ਚੁੱਪ ਰਹੀ ਅਤੇ ਦੋ ਸਾਲ ਤੱਕ ਇਹ ਝੱਲਦੀ ਰਹੀ। ਫ਼ਿਰ ਜਦੋਂ ਅੰਕਲ ਨੂੰ ਆਪਣੇ ਪਿੰਡ ਮੁੜਨਾ ਪਿਆ ਤਾਂ ਜਿਵੇਂ ਮੈਨੂੰ ਕੈਦ ਤੋਂ ਆਜ਼ਾਦੀ ਮਿਲ ਗਈ। ਹੁਣ ਵੀ ਲਗਦਾ ਹੈ ਕਿ ਮੰਮੀ-ਪਾਪਾ ਨੂੰ ਕੁਝ ਦੱਸਾਂਗੀ ਤਾਂ ਉਨ੍ਹਾਂ ਨੂੰ ਬੁਰਾ ਲੱਗੇਗਾ ਅਤੇ ਹੁਣ ਉਹ ਕੁਝ ਕਰ ਵੀ ਨਹੀਂ ਸਕਦੇ।''
ਕੀ ਕਰਨ ਮਾਪੇ
ਡਾਕਟਰ ਪ੍ਰਵੀਨ ਕਹਿੰਦੇ ਹਨ, ''ਸਾਡੇ ਸਮਾਜ 'ਚ ਸਮੱਸਿਆ ਇਹ ਹੈ ਕਿ ਸੈਕਸ ਵਰਗੇ ਮਸਲਿਆਂ 'ਤੇ ਗੱਲ ਨਹੀਂ ਹੁੰਦੀ। ਮਾਪੇ ਖ਼ੁਦ ਇਨ੍ਹਾਂ ਗੱਲਾਂ ਨੂੰ ਬਹੁਤ ਘੱਟ ਸਮਝ ਪਾਉਂਦੇ ਹਨ। ਬੱਚਿਆਂ ਨੂੰ ਸਭ ਤੋਂ ਪਹਿਲਾਂ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਸ਼ਿਕਾਇਤ ਕਰਨਾ ਕਿੰਨਾ ਸੁਰੱਖਿਅਤ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਝਿੜਕਾਂ ਨਹੀਂ ਪੈਣਗੀਆਂ। ਇਸ ਲਈ ਹਮੇਸ਼ਾ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਜਿਸ ਨਾਲ ਬੱਚੇ ਆਪਣੀ ਪਰੇਸ਼ਾਨੀ ਆਸਾਨੀ ਨਾਲ ਜ਼ਾਹਿਰ ਕਰ ਸਕਣ।''
''ਇਹ ਗੱਲ ਹਰ ਉਮਰ ਦੇ ਬੱਚੇ ਲਈ ਲਾਗੂ ਹੁੰਦੀ ਹੈ। ਇਸ ਸਭ 'ਚ ਸੈਕਸ ਐਜੂਕੇਸ਼ਨ ਸਭ ਤੋਂ ਵੱਧ ਜ਼ਰੂਰੀ ਹੈ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












