ਇਸ਼ਤਿਹਾਰਾਂ ਵਿੱਚ ਕਿਹੋ ਜਿਹੇ ਪਤੀ ਨਜ਼ਰ ਆਉਂਦੇ ਹਨ?- ਬਲਾਗ

ਤਸਵੀਰ ਸਰੋਤ, Getty Images
- ਲੇਖਕ, ਦਿਵਿਆ ਆਰਿਆ
- ਰੋਲ, ਪੱਤਰਕਾਰ, ਬੀਬੀਸੀ
ਦੀਪਿਕਾ ਪਾਦੂਕੋਨ ਨੂੰ ਵਿਆਹ ਦਾ ਸੱਦਾ ਮਿਲਦਾ ਹੈ ਤਾਂ ਉਹ ਕੋਈ ਖੂਬਸੂਰਤ ਲਿਬਾਸ ਖਰੀਦਣ ਬਾਰੇ ਸੋਚਦੀ ਹੈ। ਪੂਰਾ ਵੀ ਆਏਗਾ ਕਿ ਨਹੀਂ, ਇਸ ਖਿਆਲ ਤੋਂ ਘਬਰਾਏ ਬਗੈਰ ਉਹ ਕੈਲਾਗਸ ਦੇ ਕੌਰਨ-ਫਲੇਕਸ ਖਾਂਦੀ ਹੈ, ਤਾਂ ਜੋ ਪਤਲੀ ਹੋ ਸਕੇ।
ਦੋ ਹਫਤਿਆਂ ਵਿਚ ਹੀ ਉਹ ਪਤਲੀ ਹੋ ਵੀ ਜਾਂਦੀ ਹੈ; ਕੈਮਰਾ ਲੱਕ ਦੇ ਨੇੜੇ ਆਉਂਦਾ ਹੈ ਤੇ ਉਹ ਕਹਿੰਦੀ ਹੈ, "ਇਸ ਵੈਡਿੰਗ ਸੀਜ਼ਨ, ਸਿਰਫ ਵਜ਼ਨ ਘਟਾਈਏ, ਕੌਨਫੀਡੈਂਸ ਨਹੀਂ।" ਇਸ ਇਸ਼ਤਿਹਾਰ ਦਾ ਭਾਵ ਹੈ ਕਿ ਸਿਰਫ਼ ਪਤਲੀ ਔਰਤ ਹੀ ਸੋਹਣੀ ਹੁੰਦੀ ਹੈ। ਜੇ ਔਰਤ ਪਤਲੀ ਨਹੀਂ ਤਾਂ ਉਸ 'ਚ ਕੌਨਫੀਡੈਂਸ ਵੀ ਨਹੀਂ।
ਇਹ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ ਕਿ ਔਰਤਾਂ ਨੂੰ ਇਸ਼ਤਿਹਾਰਾਂ 'ਚ ਗੋਰੀ-ਪਤਲੀ, ਘਰੇਲੂ, ਬੱਚਿਆਂ-ਬਜ਼ੁਰਗਾਂ ਨੂੰ ਸਾਂਭਣ ਵਾਲੀ, ਘਰ ਤੇ ਦਫ਼ਤਰ ਦਾ ਸੰਤੁਲਨ ਕਰਨ ਵਾਲੀ ਵਜੋਂ ਪੇਸ਼ ਕੀਤਾ ਜਾਂਦਾ ਹੈ।
ਹੁਣ ਇੱਕ ਰਿਸਰਚ ਵਿੱਚ ਪਤਾ ਲੱਗਾ ਹੈ ਕਿ ਏਸ਼ੀਆ 'ਚ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ 'ਚ ਔਰਤਾਂ ਹੀ ਨਹੀਂ ਸਗੋਂ ਮਰਦਾਂ ਨੂੰ ਵੀ ਸਮਾਜ ਦੀ ਰੂੜ੍ਹੀਵਾਦੀ ਸੋਚ ਦੇ ਮੁਤਾਬਕ ਹੀ ਦਿਖਾਇਆ ਜਾਂਦਾ ਹੈ।
ਇਹ ਵੀ ਪੜ੍ਹੋ:
ਸਿਰਫ਼ 9 ਫ਼ੀਸਦ ਇਸ਼ਤਿਹਾਰ ਹੀ ਮਰਦਾਂ ਨੂੰ ਘਰ ਦਾ ਕੰਮ ਜਾਂ ਬੱਚਿਆਂ ਦੀ ਸੰਭਾਲ ਕਰਦੇ ਦਿਖਾਉਂਦੇ ਹਨ। ਸਿਰਫ਼ 3 ਫ਼ੀਸਦ ਇਸ਼ਤਿਹਾਰ ਹੀ ਅਜਿਹੇ ਹਨ, ਜਿਨ੍ਹਾਂ ਵਿਚ ਮਰਦ ਇੱਕ ਜ਼ਿੰਮੇਵਾਰ ਪਿਤਾ ਵਜੋਂ ਨਜ਼ਰ ਆਉਂਦੇ ਹਨ।
ਇਸ਼ਤਿਹਾਰਾਂ ਵਿੱਚ ਮਰਦਾਂ ਦੀ ਪੇਸ਼ਕਾਰੀ
ਚੀਨ, ਭਾਰਤ ਅਤੇ ਇੰਡੋਨੇਸ਼ੀਆ ਵਿੱਚ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ 'ਚ ਦਿਖਾਏ ਗਏ 500 ਤੋਂ ਵੱਧ ਇਸ਼ਤਿਹਾਰਾਂ ਦੇ ਇਸ ਅਧਿਐਨ ਨੂੰ ਅੰਤਰਰਾਸ਼ਟਰੀ ਮੀਡੀਆ ਸਲਾਹਕਾਰ ਕੰਪਨੀ 'ਇਬੀਕਵਿਟੀ' ਅਤੇ ਅੰਤਰ ਰਾਸ਼ਟਰੀ ਕੰਪਨੀ 'ਯੂਨੀਲੀਵਰ' ਨੇ ਕਰਾਇਆ ਹੈ।

ਤਸਵੀਰ ਸਰੋਤ, Getty Images
ਪਤਾ ਲੱਗਾ ਕਿ ਸਿਰਫ਼ ਦੋ ਫ਼ੀਸਦ ਇਸ਼ਤਿਹਾਰਾਂ 'ਚ 40 ਸਾਲਾਂ ਤੋਂ ਵੱਧ ਉਮਰ ਦੇ ਮਰਦ ਨਜ਼ਰ ਆਉਂਦੇ ਹਨ ਅਤੇ ਸਿਰਫ ਇੱਕ ਫ਼ੀਸਦ ਵਿੱਚ ਹੀ ਅਜਿਹੇ ਕਲਾਕਾਰ ਹੁੰਦੇ ਹਨ ਜੋ ਕਿ 'ਖੂਬਸੂਰਤੀ' ਦੇ ਸਾਂਚੇ ਤੋਂ ਬਾਹਰ ਹੁੰਦੇ ਹਨ।
ਇਹ ਹੈਰਾਨ ਕਰ ਦੇਣ ਵਾਲੇ ਅੰਕੜੇ ਉਦੋਂ ਦੇ ਹਨ, ਜਦੋਂ ਕੰਪਨੀਆਂ ਪਿਛਲੇ ਕੁਝ ਸਾਲਾਂ ਤੋਂ ਆਪਣੇ ਇਸ਼ਤਿਹਾਰਾਂ ਰਾਹੀਂ ਹਵਾ ਬਦਲਣ ਦੀਆਂ ਕੋਸ਼ਿਸ਼ਾਂ ਕਰਦੀਆਂ ਨਜ਼ਰ ਆ ਰਹੀਆਂ ਹਨ।
ਹੈਵਲ ਕੰਪਨੀ ਦੇ ਪੱਖੇ ਦੇ ਇਸ਼ਤਿਹਾਰ 'ਹਵਾ ਬਦਲੇਗੀ' ਵਿੱਚ ਇੱਕ ਨੌਜਵਾਨ ਜੋੜਾ ਜਦੋਂ ਆਪਣੇ ਵਿਆਹ ਨੂੰ ਰਜਿਸਟਰ ਕਰਾਉਂਦਾ ਹੈ ਤਾਂ ਪਤੀ ਕਹਿੰਦਾ ਹੈ ਕਿ ਉਸਦੀ ਪਤਨੀ ਆਪਣਾ ਨਾਂ ਨਹੀਂ ਬਦਲੇਗੀ, ਸਗੋਂ ਉਹ ਆਪਣੇ ਨਾਂ ਨਾਲ ਉਸਦਾ ਨਾਂ ਜੋੜੇਗਾ।
ਏਰੀਅਲ ਕੰਪਨੀ ਦੇ ਡਿਟਰਜੈਂਟ ਦੇ ਇਸ਼ਤਿਹਾਰ ਵਿੱਚ ਇੱਕ ਪਿਤਾ ਆਪਣੀ ਧੀ ਨੂੰ ਘਰ ਅਤੇ ਦਫਤਰ ਦੇ ਸਾਰੇ ਕੰਮ ਨਾਲ-ਨਾਲ ਕਰਦੇ ਦੇਖਦਾ ਹੈ ਤਾਂ ਖੁਦ ਨੂੰ ਤੇ ਆਪਣੇ ਵਰਗੇ ਹੋਰਾਂ ਨੂੰ ਜ਼ਿੰਮੇਵਾਰ ਮੰਨਦਾ ਹੈ, ਜਿਨ੍ਹਾਂ ਨੇ ਪੁੱਤਰਾਂ ਨੂੰ ਘਰ ਦੇ ਕੰਮ ਕਰਨ ਦਾ ਸਬਕ ਨਹੀਂ ਦਿੱਤਾ। ਉਹ ਉਸਨੂੰ ਚਿੱਠੀ ਲਿਖ ਕੇ ਦੱਸਦਾ ਹੈ ਕਿ ਹੁਣ ਉਹ ਵੀ ਘਰ ਦੇ ਕੰਮ ਵਿੱਚ ਮਾਂ ਦੀ ਮਦਦ ਕਰੇਗਾ, ਕੱਪੜੇ ਧੋਣ ਤੋਂ ਸ਼ੁਰੂਆਤ ਕਰੇਗਾ।
ਘਰ ਦੇ ਕੰਮਾਂ ਵਿੱਚ ਮਰਦਾਂ ਦੀ ਕਿੰਨੀ ਹਿੱਸੇਦਾਰੀ?
ਇੱਕ ਹੋਰ ਖੋਜ ਵਿੱਚ ਪਤਾ ਲੱਗਾ ਕਿ ਭਾਰਤ ਵਿੱਚ ਮਰਦ ਇੱਕ ਦਿਨ 'ਚ ਸਿਰਫ 19 ਮਿੰਟ ਘਰ ਦੇ ਕੰਮ ਨੂੰ ਦਿੰਦੇ ਹਨ, ਜਦਕਿ ਔਰਤਾਂ 298 ਮਿੰਟ, ਕਰੀਬ ਪੰਜ ਘੰਟੇ। ਭਾਰਤੀ ਮਰਦਾਂ ਬਾਰੇ ਇਹ ਅੰਕੜਾ ਦੁਨੀਆਂ ਵਿੱਚ ਇਸ ਮਾਮਲੇ ਵਿੱਚ ਸਭ ਤੋਂ ਘੱਟ ਅੰਕੜਿਆਂ ਵਿਚੋਂ ਇੱਕ ਹੈ।

ਤਸਵੀਰ ਸਰੋਤ, Getty Images
ਅਜਿਹੇ ਸਮੇਂ ਇਸ਼ਤਿਹਾਰਾਂ ਵਿੱਚ ਨਵੀਂ ਸੋਚ ਦਿਖਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।
ਸਕਾਚ-ਬ੍ਰਾਈਟ ਕੰਪਨੀ ਦੇ ਇਸ਼ਤਿਹਾਰ ਵਿੱਚ ਇੱਕ ਮਰਦ ਭਾਂਡੇ ਮਾਂਜ ਰਿਹਾ ਹੈ। ਉਹ ਕਹਿੰਦਾ ਹੈ ਘਰ ਦਾ ਕੰਮ ਸਭ ਦਾ ਕੰਮ ਹੈ।
ਇਹ ਵੀ ਪੜ੍ਹੋ:
ਕੱਪੜਿਆਂ ਦੀ ਕੰਪਨੀ ਰੇਮੰਡ ਨੇ ਆਪਣੇ ਪੁਰਾਣੇ ਸਲੋਗਨ 'ਦਿ ਕੰਪਲੀਟ ਮੈਨ' ਨੂੰ ਨਵੇਂ ਮਾਅਨੇ ਦਿੱਤੇ ਹਨ। ਇਸ ਦੇ ਇਸ਼ਤਿਹਾਰ ਵਿੱਚ ਪਤੀ ਬੱਚੇ ਨੂੰ ਸਾਂਭਣ ਲਈ ਘਰ ਰਹਿਣ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਕਿ ਪਤਨੀ ਆਰਾਮ ਨਾਲ ਨੌਕਰੀ ਕਰ ਸਕੇ।
ਸਿਰਫ਼ ਘਰ ਦੇ ਕੰਮਾਂ ਜਾਂ ਬੱਚਿਆਂ ਦੀ ਸਾਂਭ-ਸੰਭਾਲ ਹੀ ਨਹੀਂ, ਸਗੋਂ ਹੋਰ ਵੀ ਰਿਸ਼ਤਿਆਂ ਵਿੱਚ ਮਰਦਾਂ ਦੀ ਭੂਮਿਕਾ ਨੂੰ ਬਦਲਦੇ ਹੋਏ ਦਿਖਾਇਆ ਜਾ ਰਿਹਾ ਹੈ।
ਕਈ ਰਿਸ਼ਤਿਆਂ ਵਿੱਚ ਮਰਦਾਂ ਦੀ ਭੂਮਿਕਾ ਬਦਲੀ
ਫ਼ੋਨ ਕੰਪਨੀ ਮਾਈਕ੍ਰੋਮੈਕਸ ਨੇ ਰੱਖੜੀ ਦੇ ਤਿਉਹਾਰ ਵੇਲੇ ਇਸ਼ਤਿਹਾਰ ਵਿੱਚ ਇੱਕ ਭਰਾ ਨੂੰ ਭੈਣ ਦੇ ਗੁੱਟ ਉੱਤੇ ਰੱਖੜੀ ਬੰਨ੍ਹਦੇ ਦਿਖਾਇਆ। ਇਸ ਵਿੱਚ ਭਰਾ ਆਪਣੀ ਭੈਣ ਦਾ ਧੰਨਵਾਦ ਕਰਦਾ ਹੈ ਕਿਉਂਕਿ ਭੈਣ ਨੇ ਉਸ ਦਾ ਬਿਲਕੁਲ ਉਸੇ ਤਰ੍ਹਾਂ ਖਿਆਲ ਰੱਖਿਆ ਸੀ ਜਿਵੇਂ ਭਰਾਵਾਂ ਤੋਂ ਉਮੀਦ ਕੀਤੀ ਜਾਂਦੀ ਹੈ।
ਬੀਬਾ ਨਾਂ ਦੀ ਕੱਪੜਿਆਂ ਦੀ ਕੰਪਨੀ ਦੇ ਇਸ਼ਤਿਹਾਰ ਵਿੱਚ ਇੱਕ ਮੁੰਡੇ ਦੇ ਪਿਤਾ ਦਾਜ ਲੈਣ ਤੋਂ ਨਾਂਹ ਕਰਦੇ ਹਨ।

ਤਸਵੀਰ ਸਰੋਤ, Getty Images
ਪਰ ਬਦਲਾਅ ਕੱਛੂਕੁੰਮੇ ਵਾਂਗ ਹੌਲੀ ਤੁਰ ਰਿਹਾ ਹੈ। ਇਸ ਨੂੰ ਤੇਜ਼ ਕਰਨ ਲਈ ਸਾਲ 2017 ਵਿੱਚ ਯੂ.ਐਨ. ਵੁਮੈਨ, 'ਵਰਲਡ ਫੈਡਰੇਸ਼ਨ ਆਫ ਐਡਵਰਟਾਈਜ਼ਰਜ਼' (ਡਬਲਯੂ.ਐਫ.ਏ.) ਅਤੇ ਕਈ ਕੰਪਨੀਆਂ ਨੇ ਇੱਕ ਗਠਜੋੜ ਬਣਾਇਆ, ਜਿਸਦਾ ਨਾਂ ਹੈ 'ਅਨ-ਸਟੀਰੀਓਟਾਈਪ ਐਲਾਇੰਸ' ਭਾਵ ਅਜਿਹੀਆਂ ਮਿੱਥਾਂ ਤੋੜਨਾ ਜਿਹੜੀਆਂ ਚੀਜ਼ਾਂ ਨੂੰ ਸੰਕੀਰਣ ਪਰਿਭਾਸ਼ਾ ਦਿੰਦੀਆਂ ਹਨ।
ਡਬਲਯੂ.ਐਫ.ਏ. ਦੇ ਪ੍ਰਧਾਨ ਮੁਤਾਬਕ ਵਿਗਿਆਪਨ ਉਦਯੋਗ ਨੂੰ ਵੀ ਸਮਾਜ ਦਾ ਅਸਲ ਚਿਹਰਾ ਵਿਖਾਉਣ ਦੀ ਹਿੰਮਤ ਕਰਨੀ ਚਾਹੀਦੀ ਹੈ, ਜਿਸ ਰਾਹੀਂ ਚੰਗੇ ਬਦਲਾਅ ਨਜ਼ਰ ਆਉਣ।
ਇਸ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਹੀ ਯੂਨੀਲੀਵਰ ਨੇ ਯਸ਼ਰਾਜ ਫ਼ਿਲਮਜ਼ ਨਾਲ ਮਿਲ ਕੇ ਕਿੰਨਰ ਜਾਂ ਟਰਾਂਸਜੈਂਡਰ ਲੋਕਾਂ ਦਾ ਇੱਕ ਮਿਊਜ਼ਿਕ ਬੈਂਡ ਲਾਂਚ ਕੀਤਾ ਹੈ। 'ਹਮ ਹੈਂ ਹੈੱਪੀ' ਨਾਂ ਦੀ ਇਸ ਕੈਂਪੇਨ ਦਾ ਮਕਸਦ ਟਰਾਂਸਜੈਂਡਰ ਲੋਕਾਂ ਬਾਰੇ ਬਣੀ ਹੋਈ ਆਮ ਸੋਚ ਨੂੰ ਬਦਲਣਾ ਹੈ।
ਇਹ ਵੀ ਪੜ੍ਹੋ:
ਡਬਲਯੂ.ਐਫ.ਏ. ਦੇ ਮੁੱਖ ਪ੍ਰਬੰਧਕ ਸਟੀਫ਼ਨ ਲੋਰਕ ਮੁਤਾਬਕ ਵਿਗਿਆਪਨ ਬਣਾਉਣ ਵੇਲੇ ਖੁਲ੍ਹੀ ਸੋਚ ਰੱਖਣਾ ਇੱਕ ਚੰਗਾ ਤੇ ਜ਼ਿੰਮੇਵਾਰੀ ਵਾਲਾ ਕੰਮ ਹੀ ਨਹੀਂ ਹੈ, ਸਗੋਂ ਇਸ ਨਾਲ ਕਾਰੋਬਾਰ ਨੂੰ ਵੀ ਲਾਭ ਮਿਲ ਸਕਦਾ ਹੈ।
ਇੰਟਰਨੈੱਟ ਉੱਪਰ ਕਈ ਤਰ੍ਹਾਂ ਦਾ ਸਾਮਾਨ ਵੇਚਣ ਵਾਲੀ ਵੈਬਸਾਈਟ ਈ-ਬੇ ਦਾ ਇੱਕ ਵਿਗਿਆਪਨ ਕੁਝ ਅਜਿਹਾ ਹੀ ਕਹਿੰਦਾ ਹੈ। ਮੁੰਦਰੀ ਨੂੰ ਨਹੀਂ ਪਤਾ ਕਿ ਉਸ ਦੀ ਵਰਤੋਂ ਕੋਈ ਮਰਦ ਕਿਸੇ ਹੋਰ ਮਰਦ ਨਾਲ ਹੀ ਪਿਆਰ ਦੇ ਇਜ਼ਹਾਰ ਲਈ ਕਰੇਗਾ; ਆਰਾਮਦਾਇਕ ਸੋਫੇ ਉੱਤੇ ਕੋਈ ਤੀਂਵੀਂ ਬੈਠੇਗੀ; ਦੀਵਾਲੀ ਦਾ ਦੀਵਾ ਕੋਈ ਮੁਸਲਮਾਨ ਔਰਤ ਆਪਣੇ ਘਰ ਬਾਲ਼ੇਗੀ ਜਾਂ ਮੋਬਾਈਲ ਫ਼ੋਨ ਦੇ ਕੈਮਰੇ ਤੋਂ, ਬੁੱਲ੍ਹ ਦੱਬ ਕੇ, ਸੈਲਫ਼ੀ ਮਰਦ ਹੀ ਖਿੱਚਣਗੇ।












