ਡੌਨਲਡ ਟਰੰਪ ਤੇ ਈਰਾਨ ਦੀ ਭਖਦੀ ਬਹਿਸ 'ਚ ਆਇਆ ਹਾਸਾ

trump at UN

ਤਸਵੀਰ ਸਰੋਤ, Getty Images

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੁਸ਼ਮਣੀ ਨੂੰ ਹਵਾ ਦਿੰਦਿਆਂ ਈਰਾਨ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਹ ਮੱਧ-ਪੂਰਬ ਵਿੱਚ "ਮੌਤ ਤੇ ਤਬਾਹੀ" ਦੇ ਬੀਜ ਬੋ ਰਿਹਾ ਹੈ। ਨਿਊ ਯਾਰਕ 'ਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਈਰਾਨ ਨਾਲ ਐਟਮੀ ਹਥਿਆਰਾਂ ਦੇ ਖ਼ਿਲਾਫ਼ ਹੋਏ ਕਰਾਰ ਨੂੰ ਖਾਰਜ ਕਰਨ ਦੇ ਆਪਣੇ ਫੈਸਲੇ ਨੂੰ ਵੀ ਸਹੀ ਦੱਸਿਆ ਹੈ।

ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਟਰੰਪ ਤੋਂ ਪਹਿਲਾਂ ਆਪਣੇ ਭਾਸ਼ਣ 'ਚ ਟਰੰਪ ਸਰਕਾਰ ਵੱਲੋਂ ਇਸ ਦੁਸ਼ਮਣੀ ਭਰੇ ਵਰਤਾਰੇ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਗੱਲਬਾਤ ਦੀ ਵੀ ਪੇਸ਼ਕਸ਼ ਕੀਤੀ, ਹਾਲਾਂਕਿ ਨਾਲ ਹੀ ਆਖਿਆ ਕਿ ਕਿਸੇ ਦੇਸ਼ ਨੂੰ ਜ਼ਬਰਦਸਤੀ ਗੱਲਬਾਤ ਲਈ ਤਿਆਰ ਨਹੀਂ ਕੀਤਾ ਜਾ ਸਕਦਾ।

ਪਰਲੇ ਪਾਸਿਓਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਨਿਊ ਯਾਰਕ 'ਚ ਹੀ ਇੱਕ ਭਾਸ਼ਣ 'ਚ ਈਰਾਨ ਦੀ ਸਰਕਾਰ ਨੂੰ "ਮੌਲਵੀਆਂ" ਦਾ "ਕਾਤਲ ਰਾਜ" ਆਖਿਆ। ਬੋਲਟਨ ਨੇ ਧਮਕੀ ਵਜੋਂ ਕਿਹਾ ਕਿ ਜੇ ਕੋਈ ਅਮਰੀਕਾ, ਉਸਦੇ ਲੋਕਾਂ ਜਾਂ ਸਾਥੀਆਂ ਨੂੰ ਨੁਕਸਾਨ ਪਹੁੰਚਾਵੇਗਾ ਤਾਂ "ਉਸ ਦੀ ਕੀਮਤ ਨਰਕ ਹੋਵੇਗੀ"।

ਇਹ ਵੀ ਪੜ੍ਹੋ:

ਟਰੰਪ ਦੇ ਭਾਸ਼ਣ ਦੌਰਾਨ...

ਟਰੰਪ ਨੇ ਆਪਣੇ ਭਾਸ਼ਣ 'ਚ ਆਪਣੀ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਨੂੰ ਅਮਰੀਕਾ ਦੀਆਂ ਹੁਣ ਤਕ ਦੀਆਂ ਸਾਰੀਆਂ ਸਰਕਾਰਾਂ ਤੋਂ ਚੰਗਾ ਦੱਸਿਆ।

ਇਹ ਸੁਣਦਿਆਂ ਹੀ ਮੀਟਿੰਗ ਹਾਲ 'ਚ ਪਹਿਲਾਂ ਤਾਂ ਕੁਝ ਲੋਕ ਹੱਸੇ ਤੇ ਫਿਰ ਠਹਾਕੇ ਹੀ ਵੱਜਣ ਲੱਗੇ।

trump at UN

ਤਸਵੀਰ ਸਰੋਤ, Getty Images

ਟਰੰਪ ਵੀ ਮੁਸਕੁਰਾਏ ਤੇ ਆਖਿਆ, "ਮੈਨੂੰ ਇਸ ਪ੍ਰਤੀਕਿਰਿਆ ਦੀ ਉਮੀਦ ਨਹੀਂ ਸੀ।", ਜਿਸ ਤੋਂ ਬਾਅਦ ਹਾਸਾ ਹੋਰ ਉੱਚਾ ਹੋ ਗਿਆ।

ਟਰੰਪ ਮੁਤਾਬਕ ਅਮਰੀਕਾ ਹੁਣ ਪਹਿਲਾਂ ਤੋਂ ਵੱਧ ਤਾਕਤਵਰ, ਅਮੀਰ ਤੇ ਸੁਰੱਖਿਅਤ ਹੈ।

ਭਾਰਤ, ਸਊਦੀ ਅਰਬ, ਉੱਤਰੀ ਕੋਰੀਆ ਦੇ ਕਿਮ ਦੀ ਸ਼ਲਾਘਾ

ਟਰੰਪ ਨੇ ਮੰਗਲਵਾਰ ਨੂੰ ਦਿੱਤੇ 35 ਮਿੰਟਾਂ ਦੇ ਆਪਣੇ ਭਾਸ਼ਣ 'ਚ ਭਾਰਤ ਨੂੰ "ਇੱਕ ਅਰਬ ਤੋਂ ਵੱਧ ਲੋਕਾਂ ਦਾ ਆਜ਼ਾਦ ਸਮਾਜ" ਆਖਿਆ ਅਤੇ ਕਿਹਾ ਕਿ ਭਾਰਤ ਨੇ ਕਰੋੜਾਂ ਲੋਕਾਂ ਨੂੰ ਗ਼ਰੀਬੀ 'ਚੋਂ ਕੱਢ ਕੇ "ਮੱਧ ਵਰਗ" ਵਿੱਚ ਲਿਆਂਦਾ ਹੈ।

ਸਊਦੀ ਅਰਬ ਦੇ "ਦਲੇਰ, ਨਵੇਂ" ਸਮਾਜਿਕ ਸੁਧਾਰਾਂ ਦੀ ਵੀ ਉਨ੍ਹਾਂ ਸ਼ਲਾਘਾ ਕੀਤੀ, ਨਾਲ ਹੀ ਇਜ਼ਰਾਈਲ ਨੂੰ ਇੱਕ "ਸੰਪੰਨ ਲੋਕਤੰਤਰ" ਆਖਿਆ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨਾਲ ਜੂਨ 'ਚ ਹੋਈ ਵਾਰਤਾ ਨੂੰ ਸਫਲ ਦੱਸਦਿਆਂ ਆਖਿਆ ਕਿ ਉਸ ਤੋਂ ਬਾਅਦ ਉੱਤਰੀ ਕੋਰੀਆ ਦੀਆਂ ਮਿਸਾਇਲਾਂ ਤੇ ਰਾਕੇਟਾਂ ਦਾ ਇੱਧਰ-ਉੱਧਰ ਉੱਡਣਾ ਬੰਦ ਹੋਇਆ ਹੈ। ਉਨ੍ਹਾਂ ਨੇ "ਚੇਅਰਮੈਨ ਕਿਮ" ਦਾ ਧੰਨਵਾਦ ਵੀ ਕੀਤਾ।

ਹੋਰ ਕੀ ਬੋਲੇ ਟਰੰਪ?

  • ਕੌਮਾਂਤਰੀ ਕਾਰੋਬਾਰ ਬਾਰੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹੁਣ ਉਹ ਹੋਰ "ਬਦਸਲੂਕੀਆਂ" ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਚੀਨ ਉੱਪਰ ਸਨਅਤ 'ਚ ਗਲਤ ਹਥਕੰਡੇ ਅਪਨਾਉਣ ਦਾ ਇਲਜ਼ਾਮ ਲਗਾਇਆ।
  • ਉਨ੍ਹਾਂ ਨੇ ਤੇਲ ਉਤਪਾਦਾਂ ਕਰਨ ਵਾਲੇ ਦੇਸ਼ਾਂ ਉੱਤੇ ਇਲਜ਼ਾਮ ਲਗਾਇਆ ਕਿ ਇਹ ਦੇਸ਼ ਦੁਨੀਆਂ ਤੋਂ ਲੁੱਟ-ਖੋਹ ਕਰਦੇ ਹਨ ਜਦਕਿ ਇਹ ਉਂਝ ਅਮਰੀਕਾ ਦੀ ਫੌਜੀ ਮਦਦ ਲੈਂਦੇ ਹਨ।
  • ਦੇਸ਼ਭਗਤੀ ਦੇ ਭਾਵ ਨੂੰ ਉੱਪਰ ਮੰਨਦਿਆਂ ਗਲੋਬਲਿਜ਼ਮ ਜਾਂ ਆਲਮੀਵਾਦ ਨੂੰ ਨਕਾਰ ਦਿੱਤਾ।
  • ਗੈਰਕਾਨੂੰਨੀ ਪਰਵਾਸੀਆਂ ਉੱਤੇ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਹ ਅਪਰਾਧੀਆਂ ਨੂੰ ਪੈਸੇ ਦਿੰਦੇ ਹਨ ਅਤੇ ਸਥਾਨਕਾਂ ਦੀ ਜ਼ਿੰਦਗੀ ਉੱਤੇ ਮਾੜਾ ਅਸਰ ਪਾਉਂਦੇ ਹਨ। ਉਨ੍ਹਾਂ ਮੁਤਾਬਕ ਪਰਵਾਸ ਦਾ ਮੁੱਦਾ ਕੌਮਾਂਤਰੀ ਅਦਾਰਿਆਂ ਵੱਲੋਂ ਨਹੀਂ ਵੇਖਿਆ ਜਾਣਾ ਚਾਹੀਦਾ।

ਕਿੱਥੋਂ ਮਿਲਿਆ ਜਵਾਬ?

ਈਰਾਨ ਦੇ ਰਾਸ਼ਟਰਪਤੀ ਨੇ ਤਾਂ ਟਰੰਪ ਨੂੰ ਜਵਾਬ ਦਿੱਤਾ ਹੀ, ਸਗੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਵੀ ਆਪਣੇ ਤਰੀਕੇ ਨਾਲ ਟਰੰਪ ਦੀਆਂ ਦਲੀਲਾਂ ਨੂੰ ਭੰਨਣ ਦੀ ਕੋਸ਼ਿਸ਼ ਕੀਤੀ।

France's President, Emmanuel Macron, at the UN, 25 September

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਆਪਣੀ ਸਰਬਸੱਤਾ ਦੀ ਦਲੀਲ ਨੂੰ ਹਥਿਆਰ ਵਜੋਂ ਨਹੀਂ ਵਰਤਣਾ ਚਾਹੀਦਾ

ਉਨ੍ਹਾਂ ਨੇ ਕਿਹਾ ਕਿ ਆਪਣੀ ਸਰਬਸੱਤਾ ਦੀ ਦਲੀਲ ਨੂੰ ਹਥਿਆਰ ਵਜੋਂ ਨਹੀਂ ਵਰਤਣਾ ਚਾਹੀਦਾ।

ਉਨ੍ਹਾਂ ਮੁਤਾਬਕ ਸਰਬਸੱਤਾ ਦੇ ਸਿਧਾਂਤ ਨੂੰ ਅਜਿਹੇ ਰਾਸ਼ਟਰਵਾਦੀਆਂ ਦੇ ਹੱਥਾਂ ਵਿਚ ਨਹੀਂ ਦੇਣਾ ਚਾਹੀਦਾ ਜੋਕਿ ਦੁਨੀਆਂ ਦੇ ਮੂਲ ਮੁੱਲਾਂ ਉੱਤੇ ਹਮਲਾ ਕਰਦੇ ਹਨ।

ਮੈਕਰੋਨ ਨੇ ਹ ਵੀ ਕਿਹਾ ਕਿ ਉਹ "ਸਭ ਤੋਂ ਤਾਕਤਵਰ ਦੇ ਬਣਾਏ ਕਾਨੂੰਨ" ਦੇ ਸਿਧਾਂਤ ਨੂੰ ਨਹੀਂ ਮੰਨਦੇ ਸਗੋਂ ਇੱਕ "ਤੀਜੇ ਰਾਹ" ਦੇ ਹਮਾਇਤੀ ਹਨ ਜਿਸ ਰਾਹੀਂ ਇੱਕ ਨਵਾਂ "ਕੌਮਾਂਤਰੀ ਸੰਤੁਲਨ" ਕਾਇਮ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਬਹੁਪੱਖਤਾਵਾਦ ਨੂੰ ਅਪਣਾਏ ਬਗੈਰ ਇੱਕੀਵੀਂ ਸਦੀ ਵਿਚ ਅਗਾਂਹ ਨਹੀਂ ਵਧਿਆ ਜਾ ਸਕਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)