ਸੋਸ਼ਲ ਮੀਡੀਆ ਘੱਟ ਵਰਤੋਗੇ ਤਾਂ ਹੋਣਗੇ ਇਹ 5 ਫਾਇਦੇ

'ਕਿਤੇ ਕੁਝ ਰਹਿ ਨਾ ਜਾਵੇ' ਇਸ ਸੋਚ ਨਾਲ ਅਸੀਂ ਸੋਸ਼ਲ ਮੀਡੀਆ ਅਕਾਊਂਟਸ 'ਤੇ ਵਾਰ-ਵਾਰ ਜਾਂਦੇ ਹਾਂ ਅਤੇ ਦਿਨ ਵਿੱਚ ਕਈ ਘੰਟਿਆਂ ਤੱਕ ਸਾਡੀਆਂ ਉਂਗਲਾਂ ਮੋਬਾਈਲ ਫੋਨ ਉੱਤੇ ਚਲਦੀਆਂ ਰਹਿੰਦੀਆਂ ਹਨ। ਖਾਂਦਿਆਂ-ਪੀਂਦਿਆਂ, ਉਠਦਿਆਂ-ਬੈਠਦਿਆਂ, ਸੌਂਦਿਆਂ-ਜਾਗਦਿਆਂ ਅਸੀਂ ਮੋਬਾਈਲ ਦਾ ਖਹਿੜਾ ਨਹੀਂ ਛੱਡਦੇ।

ਪਰ ਕਦੇ ਸੋਚਿਆ ਹੈ ਅਸੀਂ ਅਜਿਹਾ ਕਿਉਂ ਕਰਦੇ ਹਾਂ? ਅਸੀਂ ਆਪਣਾ ਇੰਨਾ ਬੇਹੱਦ ਕੀਮਤੀ ਸਮਾਂ ਬਿਨਾ ਸੋਚੇ ਸਮਝੇ ਬਰਬਾਦ ਕਰ ਦਿੰਦੇ ਹਾਂ।

ਹਾਲ ਹੀ ਵਿੱਚ ਹੋਏ ਅਧਿਅਨ ਮੁਤਾਬਕ ਨੌਜਵਾਨ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ 'ਤੇ ਸਰਗਰਮ ਰਹਿ ਕੇ ਬਿਤਾਉਂਦੇ ਹਨ।

ਜ਼ਰਾ ਸੋਚੋ ਜੇਕਰ ਅਸੀਂ ਇਨ੍ਹਾਂ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਬੰਦ ਕਰ ਦਈਏ ਤਾਂ ਅਸੀਂ ਕਿੰਨੇ ਰਚਨਾਤਮਕ ਹੋ ਸਕਦੇ ਹਾਂ, ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਵੀ ਹਾਸਿਲ ਕਰ ਸਕਦੇ ਹਾਂ।

ਸੋਸ਼ਲ ਮੀਡੀਆ ਤੋਂ ਜੇਕਰ ਥੋੜ੍ਹਾ ਬ੍ਰੇਕ ਲੈ ਲਿਆ ਜਾਵੇ ਤਾਂ ਸਾਨੂੰ ਉਹ 5 ਫਾਇਦੇ ਮਿਲ ਸਕਦੇ ਹਨ ਜਿਨ੍ਹਾਂ ਬਾਰੇ ਅਸੀਂ ਸੋਚਣਾ ਅਕਸਰ ਭੁੱਲ ਜਾਂਦੇ ਹਾਂ।

1. ਵਧੇਰੇ ਸੌਣਾ

ਸਾਨੂੰ ਚੰਗੀ ਸਿਹਤ ਲਈ 8 ਘੰਟੇ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕੀ ਅਸੀਂ 8 ਘੰਟੇ ਸੌਂਦੇ ਹਾਂ?

ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਦੇ ਚੱਕਰ ਵਿੱਚ ਕਈ ਘੰਟੇ ਆਪਣੇ ਮੋਬਾਇਲ 'ਤੇ ਨਜ਼ਰਾਂ ਟਿਕਾਈ ਰੱਖਦੇ ਹਾਂ ਜਾਹਿਰ ਹੈ ਕਿ ਅੱਖਾਂ ਵਿੱਚੋਂ ਨੀਂਦ ਗਾਇਬ ਹੋ ਜਾਂਦੀ ਹੈ।

ਇਸ ਲਈ ਸੋਸ਼ਲ ਮੀਡੀਆ ਨੂੰ ਰੋਜ਼ ਕੁਝ ਦੇਰ ਦੀ ਬ੍ਰੇਕ ਤੁਹਾਡੀ ਗੂੜ੍ਹੀ ਨੀਂਦ ਵਿੱਚ ਸਹਾਈ ਸਾਬਤ ਹੋ ਸਕਦੀ ਹੈ।

8 ਘੰਟਿਆਂ ਦੀ ਨੀਂਦ ਪੂਰੀ ਕਰਨ ਦੇ ਕਈ ਲਾਭ ਹੁੰਦੇ ਹਨ, ਤੁਸੀਂ ਵਧੇਰੇ ਚੁਸਤੀ ਮਹਿਸੂਸ ਕਰਦੇ ਹੋ, ਸਰੀਰਕ ਤੇ ਮਾਨਸਿਕਤਾ ਪੱਖੋਂ ਵਧੇਰੇ ਸਿਹਤਮੰਦ ਮਹਿਸੂਸ ਕਰਦੇ ਹੋ ਅਤੇ ਪੂਰੇ ਦਿਨ ਤਰੋ-ਤਾਜ਼ਾ ਰਹਿੰਦੇ ਹੋ।

2. ਕਰ ਸਕਦੇ ਹੋ ਕੋਈ ਵੀ ਕਸਰਤ

ਫਿਟਨੈੱਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਉਤਸ਼ਾਹਿਤ ਕਰਨ ਵਾਲੀਆਂ ਤਸਵੀਰਾਂ ਅਤੇ ਵੀਡੀਓ ਦੇਖਣ ਨੂੰ ਮਿਲ ਜਾਂਦੇ ਹਨ।

ਜ਼ਾਹਿਰ ਹੈ ਇਹ ਸੋਸ਼ਲ ਅਪਡੇਟਸ ਤੁਹਾਨੂੰ ਪ੍ਰਭਾਵਿਤ ਵੀ ਕਰਦੇ ਹੋਣਗੇ। ਪਰ ਜ਼ਰਾ ਸੋਚੋ ਜਿਨ੍ਹਾਂ ਸਮਾਂ ਤੁਸੀਂ ਇਹ ਤਸਵੀਰਾਂ ਲਾਈਕ, ਕਮੈਂਟ ਜਾਂ ਸ਼ੇਅਰ ਕਰਨ ਵਿੱਚ ਲਗਾਉਂਦੇ ਹੋ ਉਨ੍ਹਾਂ ਸਮਾਂ ਜੇਕਰ ਤੁਸੀਂ ਖ਼ੁਦ ਦੀ ਸਿਹਤ ਨੂੰ ਦੇਵੋ ਤਾਂ ਕਿੰਨਾ ਫਾਇਦਾ ਮਿਲੇਗਾ।

ਤੁਸੀਂ ਕਸਰਤ ਕਰਕੇ, ਸਾਈਕਲ ਚਲਾ ਕੇ, ਯੋਗਾ ਕਰਕੇ ਵਧੇਰੇ ਤੰਦੁਰਤ ਹੋ ਸਕਦੇ ਹੋ। ਬੱਸ ਕਰਨਾ ਇਹ ਹੈ ਕਿ ਰੋਜ਼ਾਨਾ ਕੁਝ ਸਮਾਂ ਆਪਣੀ ਸ਼ੋਸ਼ਲ ਮੀਡੀਆ ਦੀ ਐਕਟੀਵਿਟੀ ਵਿੱਚੋਂ ਘਟਾ ਦਿਓ।

3. ਫੋਨ ਛੱਡੋ ਤੇ ਪੜ੍ਹੋ ਕਿਤਾਬ

ਮੰਨਿਆਂ ਜਾਂਦਾ ਹੈ ਕਿ ਔਸਤਨ ਇੱਕ ਮਿੰਟ ਵਿੱਚ 300 ਸ਼ਬਦ ਪੜ੍ਹੇ ਜਾ ਸਕਦੇ ਹਨ।

ਸੋਚੋ ਜੇਕਰ ਦਿਨ ਵਿੱਚ 2 ਘੰਟੇ ਵੀ ਲਗਾਏ ਜਾਣ ਦਾ ਇੱਕ ਕਿਤਾਬ ਆਰਾਮ ਨਾਲ ਖ਼ਤਮ ਕੀਤੀ ਜਾ ਸਕਦੀ ਹੈ।

ਇਸੇ ਤਰ੍ਹਾਂ ਚੰਗਾ ਸਾਹਿਤ ਅਤੇ ਖੋਜ ਆਧਾਰਿਤ ਕਿਤਾਬਾਂ ਪੜ੍ਹ ਕੇ ਤੁਸੀਂ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹੋ।

ਫੇਰ ਸੋਚ ਕੀ ਰਹੇ ਹੋ, ਚੱਲੋ ਫੋਨ ਛੱਡੋ ਅਤੇ ਪੜ੍ਹੋ ਆਪਣੀ ਮਨਪਸੰਦ ਕਿਤਾਬ।

4. ਸਿਹਤਮੰਦ ਖਾਣਾ ਤੇ ਸਿਹਤਮੰਦ ਰਹਿਣਾ

ਸਾਡੇ 'ਚੋਂ ਜ਼ਿਆਦਾਤਰ ਲੋਕ ਖਾਣਾ ਖਾਂਦੇ ਬਾਅਦ ਵਿੱਚ ਹਨ ਪਰ ਪਹਿਲਾਂ ਉਸ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਨਹੀਂ ਭੁੱਲਦੇ।

ਪਰ ਕਦੇ ਸੋਚਿਆ ਹੈ ਲਜੀਜ਼ ਖਾਣੇ ਦੀ ਫੋਟੋ ਖਿੱਚਣ ਤੋਂ ਇਲਾਵਾ ਇਸ ਨੂੰ ਪਕਾਉਣਾ ਵੀ ਸਿੱਖਿਆ ਜਾਵੇ।

ਯਾਨੀ ਕਿ ਲੋਕ ਖਾਣਾ ਬਣਾਉਣ ਦਾ ਬਜਾਇ ਤਸਵੀਰਾਂ ਖਿੱਚਣ 'ਤੇ ਵਧੇਰੇ ਜ਼ੋਰ ਲਾ ਦਿੰਦੇ ਹਨ।

ਕਿਉਂ ਨਾ ਇਸ ਸਮੇਂ ਵਿੱਚ ਤਸਵੀਰਾਂ ਖਿੱਚਣ ਦੀ ਬਜਾਇ ਸਿਹਤਮੰਦ ਖਾਣਾ ਹੀ ਬਣਾਇਆ ਲਿਆ ਜਾਵੇ।

ਅੱਜ ਕੱਲ੍ਹ ਅਜਿਹੀਆਂ ਕਈ ਕੁਕਰੀ ਕਿਤਾਬਾਂ ਮੌਜੂਦ ਹਨ ਜਿਨ੍ਹਾਂ ਦੀ ਮਦਦ ਨਾਲ ਮਿੰਟਾਂ 'ਚ ਤਿਆਰ ਹੋ ਸਕਦਾ ਹੈ, ਸਿਹਤਮੰਦ ਤੇ ਲਜੀਜ਼ ਖਾਣਾ।

5. ਕੰਮ ਨੂੰ ਟਾਲੋ ਨਾ ਬਸ ਕਰ ਦਿਉ

ਦਿਨ ਵਿੱਚ ਦੋ ਘੰਟੇ ਦੀ ਵਿਹਲ ਵੀ ਦੁਨੀਆਂ ਭਰ ਦੀਆਂ ਸੰਭਾਵਨਵਾਂ ਤੁਹਾਡੇ ਅੱਗੇ ਰੱਖ ਦਿੰਦੀ ਹੈ ਪਰ ਅਸੀਂ ਤਾਂ ਸੋਸ਼ਲ ਮੀਡੀਆ 'ਤੇ ਮਸ਼ਰੂਫ਼ ਹੁੰਦੇ ਹਾਂ ਤੇ ਬਿਨਾਂ ਮਤਲਬ ਕਿੰਨਾਂ ਹੀ ਸਮਾਂ ਬਰਬਾਦ ਕਰਦੇ ਹਾਂ।

ਇਸੇ ਦੇ ਨਾਲ ਹੀ ਸਾਨੂੰ ਕੰਮ ਅੱਗੇ ਪਾਉਣ ਦੀ ਆਦਤ ਪੈਂਦੀ ਜਾਂਦੀ ਹੈ ਅਤੇ ਇਸ ਤਰ੍ਹਾਂ ਸਾਡੇ ਕਈ ਕੰਮ ਇਕੱਠੇ ਹੁੰਦੇ ਜਾਂਦੇ ਹਨ।

ਜੇਕਰ ਉਹੀ ਸਮਾਂ ਬਚਾ ਕੇ ਤੁਸੀਂ ਆਪਣੇ ਪੈਂਡਿੰਗ ਪਏ ਕੰਮ ਨਿਪਟਾ ਲਓ ਤਾਂ ਤੁਸੀਂ ਕਿੰਨਾ ਹੀ ਸਕੂਨ ਮਹਿਸੂਸ ਕਰ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)