ਕੰਮ-ਧੰਦਾ: ਸੋਸ਼ਲ ਮੀਡੀਆ 'ਤੇ ਆਪਣਾ ਡਾਟਾ ਚੋਰੀ ਹੋਣ ਤੋਂ ਇਸ ਤਰ੍ਹਾਂ ਬਚਾਓ

ਅਸੀਂ ਰੋਜਾਨਾ ਤਕਨੀਕ ਦੇ ਇਸਤੇਮਾਲ ਨਾਲ ਘਰ ਬੈਠੇ ਪੂਰੀ ਦੁਨੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਾਂ। ਸੋਸ਼ਲ ਮੀਡੀਆ ਇਸ ਰਾਬਤੇ ਲਈ ਸਭ ਤੋਂ ਸੌਖਾ ਜ਼ਰੀਆ ਹੈ।

ਪਰ ਬੀਤੇ ਕੁਝ ਸਮੇਂ ਦੌਰਾਨ ਸੋਸ਼ਲ ਮੀਡੀਆ ਅਤੇ ਐਪਸ ਦੀ ਵਰਤੋਂ ਕਾਰਨ ਡਾਟਾ ਚੋਰੀ ਹੋਣ ਦੀਆਂ ਖ਼ਬਰਾਂ ਆਈਆਂ। ਇਸ ਕਰਕੇ ਤਕਨੀਕ ਅਤੇ ਖ਼ਾਸ ਤੌਰ ਉੱਤੇ ਸੋਸ਼ਲ ਮੀਡੀਆ ਸਵਾਲਾਂ ਦੇ ਘੇਰੇ 'ਚ ਹੈ।

ਡਾਟਾ ਚੋਰੀ ਅਤੇ ਸੋਸ਼ਲ ਮੀਡੀਆ

ਚੀਨ ਤੋਂ ਬਾਅਦ ਸਭ ਤੋਂ ਵੱਧ ਇੰਟਰਨੈੱਟ ਯੂਜ਼ਰ ਭਾਰਤ 'ਚ ਹਨ। ਭਾਰਤ ਵਿੱਚ ਇੰਟਰਨੈੱਟ ਰਾਹੀਂ ਵੱਡੇ-ਵੱਡੇ ਘਪਲਿਆਂ ਅਤੇ ਫਰੌਡ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ।

ਕਿਵੇਂ ਹੁੰਦਾ ਹੈ ਡਾਟਾ ਚੋਰੀ?

ਤੁਹਾਡਾ ਡਾਟਾ ਚੋਰੀ ਕਰਨ ਦੇ ਕਈ ਤਰੀਕੇ ਹਨ। ਇਹ ਡਾਟਾ ਸੋਸ਼ਲ ਮੀਡੀਆ, ਤਕਨੀਕ ਅਤੇ ਹੋਰ ਕਈ ਤਰੀਕਿਆਂ ਨਾਲ ਚੋਰੀ ਕੀਤਾ ਜਾਂਦਾ ਹੈ।

ਇਹ ਹਨ ਉਹ ਤਰੀਕੇ:

  • ਤੁਹਾਡੇ ਮੋਬਾਈਲ ਜਾਂ ਸਿਸਟਮ ਨੂੰ ਹੈਕ ਕਰ ਲੈਣਾ
  • ਤੁਹਾਡੀ ਪਛਾਣ ਨੂੰ ਚੋਰੀ ਕਰਨਾ
  • ਫੀਸ਼ਿੰਗ ਸਕੈਮ
  • ਰਿਮੋਟ ਐਕਸੇਸ ਸਕੈਮ (ਜਿੱਥੇ ਤੁਹਾਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਹਾਡੇ ਸਿਸਟਮ 'ਚ ਕੋਈ ਖ਼ਰਾਬੀ ਹੈ ਅਤੇ ਇਸਨੂੰ ਠੀਕ ਕਰਨ ਦਾ ਤਰੀਕਾ ਹੈ ਉਨ੍ਹਾਂ ਦਾ ਨਵਾਂ ਸਾਫ਼ਟਵੇਅਰ)

ਸਾਵਧਾਨ: ਸੋਸ਼ਲ ਮੀਡੀਆ ਸਭ ਜਾਣਦਾ ਹੈ!

ਜਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਕੁਝ ਵੀ ਪੋਸਟ ਕਰ ਰਹੇ ਹੋ ਤਾਂ ਨਿੱਜੀ ਜਾਣਕਾਰੀ ਵੀ ਪਾ ਰਹੇ ਹੋ।

ਜਿਹੜੀ ਵੈੱਬਸਾਈਟ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੈ, ਜਿਸ ਐਪ ਨੂੰ ਤੁਸੀਂ ਡਾਊਨਲੋਡ ਕੀਤਾ ਹੈ ਅਤੇ ਜੇਕਰ ਤੁਸੀਂ ਆਪਣੇ ਗੈਜੇਟਸ 'ਤੇ ਸੋਸ਼ਲ ਮੀਡੀਆ ਸਾਈਟਸ ਰਾਹੀਂ ਗੇਮ ਖੇਡ ਰਹੇ ਹੋ ਤਾਂ ਤੁਹਾਡੀ ਨਿੱਜੀ ਜਾਣਕਾਰੀ ਪੂਰੀ ਤਰ੍ਹਾਂ ਨਾਲ ਤੁਹਾਡੇ ਕੰਟਰੋਲ 'ਚ ਨਹੀਂ ਹੁੰਦੀ।

ਸੋਸ਼ਲ ਮੀਡੀਆ ਕੋਲ ਤੁਹਾਡਾ ਨਾਂ, ਤਸਵੀਰਾਂ ਅਤੇ ਤੁਹਾਡਾ ਅਤਾ-ਪਤਾ ਤੇ ਹੋਰ ਜਾਣਕਾਰੀ ਵੀ ਹੁੰਦੀ ਹੈ।

ਕਹਿਣ ਦਾ ਭਾਵ ਹੈ ਇਹ ਸੋਸ਼ਲ ਮੀਡੀਆ ਸਭ ਜਾਣਦਾ ਹੈ।

ਡਾਟਾ ਲੀਕ ਦੀਆਂ ਹਾਲ ਹੀ 'ਚ ਆਈਆਂ ਖ਼ਬਰਾਂ ਕਾਰਨ ਇੱਕ ਗੱਲ ਤਾਂ ਸਾਫ਼ ਹੈ ਕਿ ਤੁਹਾਡਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ ।

ਤੁਹਾਡੀਆਂ ਤਸਵੀਰਾਂ, ਤੁਹਾਡੇ ਵੱਲੋਂ ਕੀਤੇ ਗਏ ਲਾਈਕਸ, ਤੁਸੀਂ ਕੀ ਸਰਚ ਕਰਦੇ ਹੋ।

ਇਹ ਸਾਰੀ ਜਾਣਕਾਰੀ ਇੱਕ ਥਾਂ 'ਤੇ ਸਟੋਰ ਹੋ ਸਕਦੀ ਹੈ ਅਤੇ ਇਸ ਦਾ ਗਲਤ ਇਸਤੇਮਾਲ ਹੋ ਸਕਦਾ ਹੈ।

ਧਿਆਨ ਨਾਲ ਦੱਬੋ I Agree ਆਪਸ਼ਨ

ਬਹੁਤੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੀ ਨਹੀਂ ਹੈ ਕਿ ਉਨ੍ਹਾਂ ਦੇ ਨਿੱਜੀ ਡਾਟਾ ਦੀ ਗਲਤ ਵਰਤੋਂ ਕਿਵੇਂ ਹੁੰਦੀ ਹੈ।

ਇਧਰ ਤੁਸੀਂ AGREE ਜਾਂ ACCEPT ਦਾ ਬਟਨ ਦਬਾਉਂਦੇ ਹੋ ਤੇ ਉਧਰ ਕੰਮ ਖ਼ਰਾਬ ਹੋ ਜਾਂਦਾ ਹੈ।

ਗੜਬੜ ਪੈਦਾ ਕਰਨ ਵਾਲੇ ਕੋਡ

ਹੈਕਰਜ਼ ਨੂੰ ਸੋਸ਼ਲ ਨੈੱਟਵਰਕਿੰਗ ਸਾਈਟਸ ਬਹੁਤ ਪਸੰਦ ਹਨ ਕਿਉਂਕਿ ਇਹ ਸਾਈਟਸ ਗੜਬੜ ਕਰਨ ਦਾ ਇੱਕ ਸਿੱਧਾ ਤਰੀਕਾ ਹਨ।

ਕਈ ਹੈਕਰਜ਼ ਕੁਝ ਕੋਡ ਤੁਹਾਡੇ ਸਿਸਟਮ 'ਚ ਭੇਜਦੇ ਹਨ ਜਿਸ ਨਾਲ ਤੁਹਾਡੀ ਪਛਾਣ ਅਤੇ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ।

ਜੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਆਨਲਾਈਨ ਸ਼ੌਪਿੰਗ ਕਰ ਰਹੇ ਹੋ ਤਾਂ ਸਾਵਧਾਨ ਰਹੋ।

ਤੁਸੀਂ ਡੇਟਿੰਗ ਐਪ ਰਾਹੀਂ ਵੀ ਠੱਗੇ ਜਾ ਸਕਦੇ ਹੋ। ਤੁਹਾਡਾ ਵਿਸ਼ਵਾਸ ਜਿੱਤ ਕੇ ਤੁਹਾਡੇ ਬਾਰੇ ਜਾਣਕਾਰੀ ਕਢਵਾਈ ਜਾ ਸਕਦੀ ਹੈ ਜਿਸਦਾ ਤੁਹਾਨੂੰ ਗੰਭੀਰ ਨੁਕਸਾਨ ਹੋ ਸਕਦੇ ਹਨ।

ਜੇ ਕੋਈ ਅਣਜਾਨ ਤੁਹਾਡੇ ਬਹੁਤ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰੇ ਅਤੇ ਚੈਟਿੰਗ ਜ਼ਰੀਏ ਜਾਣਕਾਰੀ ਲੈਣਾ ਚਾਹੇ ਤਾਂ ਸਮਝੋ ਕੋਈ ਖ਼ਤਰਾ ਮੰਡਰਾ ਰਿਹਾ ਹੈ।

ਕੀ ਹੈ Identity Theft?

ਬੀਤੇ ਕੁਝ ਸਾਲਾਂ 'ਚ ਸੋਸ਼ਲ ਮੀਡੀਆ ਦੇ ਆਟੋਮੇਟਿਡ ਡੰਮੀ ਅਕਾਊਂਟ ਸਾਹਮਣੇ ਆਏ ਹਨ, ਇਨ੍ਹਾਂ ਨੂੰ ਬੋਟਸ ਵੀ ਕਹਿੰਦੇ ਹਨ।

ਇਹ ਸਿਸਟਮ ਆਮ ਇਨਸਾਨ ਵਾਂਗ ਹੀ ਵਿਵਹਾਰ ਕਰਦਾ ਹੈ, ਮੈਸੇਜ ਭੇਜਦਾ ਹੈ, ਲਾਈਕ ਦਾ ਬਟਨ ਦਬਾਉਂਦਾ ਹੈ ਤੇ ਹੋਰ ਵੀ ਕਈ ਕੰਮ ਕਰਦਾ ਹੈ।

ਇਹ ਸਿਸਟਮ ਲੋਕਾਂ ਦੇ ਨਾਂ 'ਤੇ ਇੱਕ ਨਵਾਂ ਅਕਾਊਂਟ ਬਣਾ ਕੇ ਜਾਣਕਾਰੀ ਦਾ ਗਲਤ ਇਸਤੇਮਾਲ ਕਰਦਾ ਹੈ।

ਇਸਦੇ ਨਾਲ ਹੀ ਕੁਝ ਐਪਸ ਤੁਹਾਡਾ ਡਾਟਾ ਥਰਡ ਪਾਰਟੀ ਨੂੰ ਵੀ ਦੇ ਸਕਦੀਆਂ ਹਨ।

ਕਿਵੇਂ ਰਹੀਏ ਸੁਰੱਖਿਅਤ?

ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਦੀ ਫਰੈਂਡ ਲਿਸਟ 'ਚ ਹਨ, ਉਨ੍ਹਾਂ ਬਾਰੇ ਜ਼ਰੂਰ ਜਾਣਕਾਰੀ ਰੱਖੋ।

ਇਸ ਤੋਂ ਇਲਾਵਾ ਇਨ੍ਹਾਂ ਗੱਲਾਂ 'ਤੇ ਧਿਆਨ ਜ਼ਰੂਰ ਦਿਓ:

  • Quiz ਮੁਕਾਬਲਿਆਂ ਨੂੰ ਸਕਿੱਪ ਕਰ ਦਿਓ
  • ਐਪਸ 'ਤੇ ਘੱਟ ਜਾਣਕਾਰੀ ਦਿਓ
  • ਮਜ਼ਬੂਤ ਪਾਸਵਰਡ ਦੀ ਵਰਤੋਂ ਕਰੋ ਤੇ ਕਿਸੇ ਨਾਲ ਸਾਂਝਾ ਨਾ ਕਰੋ
  • ਸੋਸ਼ਲ ਮੀਡੀਆ Facial Recognition ਨਾ ਅਪਣਾਓ
  • ਭਰੋਸੇਯੋਗ ਸਰੋਤ ਤੋਂ ਐਪ ਡਾਊਨਲੋਡ ਕਰੋ

ਕੀ ਹੈ ਹੱਲ?

ਭਾਰਤ ਵਿੱਚ ਇਨ੍ਹਾਂ ਸਾਰੇ ਮਾਮਲਿਆਂ ਨਾਲ ਨਜਿੱਠਣ ਦੇ ਲਈ ਕਾਨੂੰਨ ਤਾਂ ਹਨ ਪਰ ਕਾਨੂੰਨੀ ਢਾਂਚਾ ਪੂਰੀ ਤਰ੍ਹਾਂ ਨਾਲ ਇਸ ਸਮੱਸਿਆ ਨੂੰ ਹੱਲ ਕਰਨ 'ਚ ਸਮਰੱਥ ਨਹੀਂ ਹੈ।

ਹਾਲਾਂਕਿ ਪਰ ਸਰਕਾਰ ਹੁਣ ਇਸ ਵੱਲ ਕੋਸ਼ਿਸ਼ ਕਰ ਰਹੀ ਹੈ ਤੇ ਬਹੁਤ ਸਾਰੇ ਬਦਲਾਅ ਵੀ ਲਿਆ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)