ਕੀ ਟ੍ਰੈਕਟਰ ਵਾਲੇ ਮਹਿੰਦਰਾ ਬਣਨਗੇ ਫੇਸਬੁੱਕ ਦੇ ਸ਼ਰੀਕ?

ਭਾਰਤ ਦੇ ਨਾਮੀਂ ਕਾਰੋਬਾਰੀ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ਅਤੇ ਖ਼ਾਸ ਤੌਰ 'ਤੇ ਫੇਸਬੁੱਕ ਦੇ ਭਾਰਤੀ ਵਿਕਲਪ ਬਾਬਤ ਆਪਣੇ ਵਿਚਾਰ ਰੱਖੇ ਹਨ।

ਫੇਸਬੁੱਕ ਅਤੇ ਕੈਂਬਰਿਜ ਐਨਾਲਿਟਿਕਾ ਦਰਮਿਆਨ ਚੱਲ ਰਹੇ ਵਿਵਾਦ ਵਿਚਾਲੇ ਆਨੰਦ ਮਹਿੰਦਰਾ ਨੇ ਟਵਿੱਟਰ 'ਤੇ ਵੱਖਰੇ ਸੋਸ਼ਲ ਮੀਡੀਆ ਮੰਚ ਦੀ ਗੱਲ ਕੀਤੀ ਹੈ।

ਕੀ ਹੈ ਫੇਸਬੁੱਕ ਵਿਵਾਦ?

ਬਰਤਾਨੀਆ ਦੀ ਇੱਕ ਫ਼ਰਮ ਕੈਂਬਰਿਜ ਐਨਾਲਿਟਿਕਾ 'ਤੇ ਫੇਸਬੁੱਕ ਡਾਟਾ ਚੋਰੀ ਦੇ ਇਲਜ਼ਾਮ ਲੱਗੇ ਹਨ। ਇਸ ਤੋਂ ਬਾਅਦ ਕੈਂਬਰਿਜ ਐਨਾਲਿਟਿਕਾ ਦੇ ਸੀਈਓ ਅਲੈਗਜ਼ੈਂਡਰ ਨੀਕਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਡਾਟਾ ਅਧਿਐਨ ਕਰਨ ਵਾਲੀ ਇਸ ਫ਼ਰਮ ਕੈਂਬਰਿਜ ਐਨਲਿਟਿਕਾ 'ਤੇ ਇਲਜ਼ਾਮ ਲੱਗੇ ਹਨ ਕਿ ਉਸ ਨੇ 5 ਕਰੋੜ ਫੇਸਬੁੱਕ ਵਰਤਣ ਵਾਲਿਆਂ ਦਾ ਡਾਟਾ 2016 ਵਿੱਚ ਚੋਰੀ ਕੀਤਾ ਸੀ।

ਇਸ ਸਬੰਧੀ ਜਵਾਬ ਦੇਣ ਲਈ ਬਰਤਾਨਵੀ ਸੰਸਦੀ ਕਮੇਟੀ ਨੇ ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਨੂੰ ਤਲਬ ਵੀ ਕੀਤਾ।

ਕੈਂਬਰਿਜ ਐਨਲਿਟਿਕਾ ਉਹੀ ਕੰਪਨੀ ਹੈ ਜਿਸ ਦੀਆਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੋਣਾਂ ਦੌਰਾਨ ਸੇਵਾਵਾਂ ਲਈਆਂ ਸਨ।

ਮਹਿੰਦਰਾ ਦਾ ਟਵੀਟ

ਆਨੰਦ ਮਹਿੰਦਰਾ ਨੇ ਆਪਣੇ ਟਵੀਟ 'ਚ ਲਿਖਿਆ, ''ਇਹ ਸੋਚ ਰਿਹਾਂ ਹਾਂ, ਕੀ ਇਹ ਸਮਾਂ ਹੈ ਕਿ ਸਾਡੇ ਕੋਲ ਆਪਣੀ ਹੀ ਸੋਸ਼ਲ ਨੈਟਵਰਕਿੰਗ ਕੰਪਨੀ ਹੋਵੇ, ਜਿਹੜੀ ਪੇਸ਼ੇਵਰ ਤਰੀਕੇ ਨਾਲ ਵਧੀਆ ਢੰਗ ਅਤੇ ਇੱਛਾ ਨਾਲ ਚੱਲੇ।''

"ਕੋਈ ਭਾਰਤੀ ਸਟਾਰਟ-ਅੱਪ ਹਨ? ਜੇ ਨੌਜਵਾਨਾਂ ਦੀਆਂ ਟੀਮਾਂ ਦੀ ਕੋਈ ਅਜਿਹੀ ਯੋਜਨਾ ਹੈ ਤਾਂ ਮੈਂ ਦੇਖਣਾ ਚਾਹਾਂਗਾ ਤੇ ਮਦਦ ਕਰਨੀ ਚਾਹਾਂਗਾ।''

ਆਨੰਦ ਮਹਿੰਦਰਾ, ਮਹਿੰਦਰਾ ਗਰੁੱਪ ਦੇ ਚੇਅਰਮੈਨ ਹਨ। ਆਪਣੇ ਟਵੀਟ ਨਾਲ ਉਨ੍ਹਾਂ 'ਦਿ ਇਕਨੌਮਿਸਟ' ਮੈਗਜ਼ੀਨ ਦਾ ਕਵਰ ਵੀ ਸਾਂਝਾ ਕੀਤਾ।

ਆਨੰਦ ਮਹਿੰਦਰਾ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੇ ਇਸ ਟਵੀਟ 'ਤੇ ਕਈ ਤਰ੍ਹਾਂ ਦੇ ਪ੍ਰਤੀਕਰਮ ਵੀ ਨਜ਼ਰ ਆਏ।

ਪਿਯੂਸ਼ ਕੁਲਸ਼ਰੇਸ਼ਠਾ ਲਿਖਦੇ ਹਨ, ''ਸਰ, ਇਸ 'ਤੇ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਹਾਂ, ਪਲੇਟਫਾਰਮ ਟੈਸਟ ਕਰ ਲਿਆ ਗਿਆ ਹੈ ਅਤੇ ਆਉਂਦੇ ਕੁਝ ਮਹੀਨਿਆਂ 'ਚ ਲਾਂਚਿੰਗ ਲਈ ਤਿਆਰ ਹੋਵੇਗਾ।''

ਲੇਖਕ ਦੀਪਾ ਨਾਰਾਇਣ ਲਿਖਦੇ ਹਨ, ''ਸ਼ਾਨਦਾਰ ਵਿਚਾਰ ਹੈ ਪਰ ਆਓ ਔਰਤਾਂ ਤੇ ਮਰਦਾਂ ਦੀ ਦੁਨੀਆਂ ਲਈ ਇਸ ਨੂੰ ਤਿਆਰ ਕਰੀਏ ਅਤੇ ਇੱਕ ਪੱਖਪਾਤੀ ਸੰਸਾਰ ਦੀ ਨਕਲ ਨਾ ਕਰੀਏ।''

ਜੇ ਆਨੰਦ ਮਹਿੰਦਰਾ ਆਪਣੀ ਸੋਸ਼ਲ ਮੀਡੀਆ ਯੋਜਨਾਵਾਂ ਨਾਲ ਅੱਗੇ ਵਧਣ ਦੀ ਯੋਜਨਾ ਬਣਾਉਂਦੇ ਹਨ ਤਾਂ ਇਸ ਲਈ ਉਨ੍ਹਾਂ ਦੇ ਮਜ਼ਬੂਤ ਸਰੋਤ ਵੀ ਹਨ।

ਮਹਿੰਦਰਾ ਗਰੁੱਪ ਦੀ ਆਈਟੀ ਇਕਾਈ, 'ਟੈਕ ਮਹਿੰਦਰਾ' ਭਾਰਤ ਦੇ ਚੋਟੀ ਦਿਆਂ ਪੰਜ ਸਾਫਟਵੇਅਰ ਨਿਰਮਾਤਾਵਾਂ 'ਚੋਂ ਇੱਕ ਹੈ।

ਕੰਪਨੀ ਦੀ ਆਖ਼ਰੀ ਤਿਮਾਹੀ 'ਚ ਮਜ਼ਬੂਤ ਵਿੱਤੀ ਰਿਪੋਰਟ ਰਹੀ ਹੈ। ਇਹ ਰਿਪੋਰਟ ਤੀਜੀ-ਤਿਮਾਹੀ ਦੇ ਮੁਨਾਫ਼ੇ 'ਚ ਇਸ ਸਾਲ ਜਨਵਰੀ ਵਿੱਚ 10.2 ਫੀਸਦੀ ਦੇ ਵਾਧੇ ਨਾਲ ਰਹੀ ਹੈ।

ਪਿਛਲੇ ਸਾਲ 856 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਇਹ 943 ਕਰੋੜ ਰੁਪਏ ਤੱਕ ਪਹੁੰਚਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)