ਪੰਜਾਬ ਦਾ ਸੱਭਿਆਚਾਰਕ ਦ੍ਰਿਸ਼ ਪਰੇਸ਼ਾਨ ਕਰਨ ਵਾਲਾ : ਮਦਨ ਗੋਪਾਲ ਸਿੰਘ

ਮਦਨ ਗੋਪਾਲ ਸਿੰਘ

ਤਸਵੀਰ ਸਰੋਤ, fb/madangopal.singh

    • ਲੇਖਕ, ਸੁਨੀਲ ਕਟਾਰੀਆ
    • ਰੋਲ, ਬੀਬੀਸੀ ਪੱਤਰਕਾਰ

'ਕੁੜੀਆਂ ਦੀ ਜੀਨ ਦੀ ਗੱਲ ਕਰਨਾ ਗਾਉਣਾ ਨਹੀਂ ਹੁੰਦਾ'। ਇਹ ਕਹਿਣਾ ਹੈ ਲੇਖਕ ਤੇ ਕਲਾਕਾਰ, ਪ੍ਰੋ. ਮਦਨ ਗੋਪਾਲ ਸਿੰਘ ਦਾ।

42 ਸਾਲ ਤੱਕ ਅੰਗਰੇਜੀ ਪੜ੍ਹਾਉਣ ਵਾਲੇ ਅਤੇ ਹੁਣ ਸੰਗੀਤ ਦੀ ਦੁਨੀਆ 'ਚ ਪੂਰੀ ਤਰ੍ਹਾਂ ਸਰਗਰਮ ਪ੍ਰੋ. ਮਦਨ ਗੋਪਾਲ ਸਿੰਘ ਆਪਣੇ ਅੰਦਰ ਕਈ ਹੁਨਰ ਸਮੋਈ ਬੈਠੇ ਹਨ।

ਉਹ ਗਾਇਕ, ਸੰਗੀਤਕਾਰ, ਨਾਟਕਕਾਰ, ਗੀਤਕਾਰ, ਨਿਰਦੇਸ਼ਕ ਅਤੇ ਸੰਵਾਦ ਲੇਖਕ ਵੀ ਹਨ।

ਉਨ੍ਹਾਂ ਨੂੰ ਕੋਈ 'ਰੂਹ ਦਾ ਬੰਦਾ' ਕਹਿੰਦਾ ਹੈ ਤਾਂ ਕੋਈ 'ਦਿੱਲੀ ਦਾ ਦਰਵੇਸ਼।'

ਸੰਗੀਤਕ ਸਫ਼ਰ, ਸਿਨੇਮਾ, ਸੂਫੀ ਕਵਿਤਾ, ਸਿਆਸਤ ਅਤੇ ਕਲਾ ਤੋਂ ਪਾਰ ਉਨ੍ਹਾਂ ਨਾਲ ਕਈ ਮੁੱਦਿਆਂ 'ਤੇ ਬੀਬੀਸੀ ਨੇ ਖ਼ਾਸ ਗੱਲਬਾਤ ਕੀਤੀ।

ਕਲਾਕਾਰ, ਸਿਆਸਤ ਤੇ ਬੇਬਾਕੀ

ਦੱਖਣੀ ਸਿਨੇਮਾ ਦੇ ਵੱਡੇ ਨਾਵਾਂ ਪਰਕਾਸ਼ ਰਾਜ ਤੇ ਕਮਲ ਹਾਸਨ ਦੀ ਤਰ੍ਹਾਂ ਬਾਲੀਵੁੱਡ ਦੇ ਕਲਾਕਾਰ ਸਿਆਸੀ ਜਾਂ ਸਮਾਜਿਕ ਮੁੱਦਿਆਂ ਨੂੰ ਲੈ ਕੇ ਕਿਉਂ ਨਹੀਂ ਬੋਲਦੇ?

ਇਸ ਸਵਾਲ ਦੇ ਜਵਾਬ 'ਚ ਪ੍ਰੋ. ਮਦਨ ਗੋਪਾਲ ਸਿੰਘ ਕਹਿੰਦੇ ਹਨ, ''ਸਿੱਧੀ ਜਿਹੀ ਗੱਲ ਤਾਂ ਇਹ ਹੈ ਕਿ ਪੂਰਾ ਫ਼ਿਲਮ ਜਗਤ ਬਹੁਤ ਵੱਡੇ ਸਰਮਾਏ ਦੇ ਨਾਲ ਜੁੜਿਆ ਹੋਇਆ ਹੈ...ਇਸ 'ਚ ਬਗਾਵਤ ਉਹੀ ਕਰੇਗਾ ਜਿਹੜਾ ਇਸਦੀ ਗੁਲਾਮੀ ਤੋਂ ਬਾਹਰ ਨਿਕਲਣ ਦੀ ਸੋਚੇਗਾ।''

''ਵੱਡੇ ਕਲਾਕਾਰ ਅੱਜ ਕਰੋੜਾਂ 'ਚ ਖੇਡ ਰਹੇ ਹਨ ਤੇ ਉਨ੍ਹਾਂ ਦਾ ਮਕਸਦ ਹੈ ਕਿ ਇੱਥੇ ਟਿਕੇ ਕਿਵੇਂ ਰਹੀਏ, ਕੁੱਝ ਨਵਾਂ ਜਾਂ ਵੱਖਰਾਂ ਤਾਂ ਕਰ ਹੀ ਨਹੀਂ ਰਹੇ।''

ਪੰਜਾਬ ਦੇ ਕਲਾਕਾਰੀ ਦ੍ਰਿਸ਼ ਬਾਰੇ ਉਹ ਕਹਿੰਦੇ ਹਨ, ''ਪੰਜਾਬ ਦਾ ਸੱਭਿਆਚਾਰਕ ਦ੍ਰਿਸ਼ ਬੜਾ ਹੀ ਪਰੇਸ਼ਾਨ ਕਰਨ ਵਾਲਾ ਹੈ, ਇਸ 'ਚ ਬਹੁਤ ਘੱਟ ਕਲਾਕਾਰ ਨੇ ਜਿਹੜੇ ਕੁਝ ਨਵਾਂ ਕਰ ਰਹੇ ਹਨ।''

ਪੰਜਾਬ

ਤਸਵੀਰ ਸਰੋਤ, Getty Images

ਸਾਂਝ ਦੀ ਤਾਂਘ ਨਹੀਂ ਰਹੀ

ਮੁਲਕ ਅੰਦਰ ਫ਼ੈਲੀ ਨਫ਼ਰਤ ਦੀ ਸਿਆਸਤ ਬਾਰੇ ਵੀ ਮਦਨ ਗੋਪਾਲ ਸਿੰਘ ਨੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ।

ਉਹ ਕਹਿੰਦੇ ਹਨ, ''ਪਹਿਲਾਂ ਸਾਡੇ ਅੰਦਰ ਇੱਕ-ਦੂਜੇ ਨਾਲ ਚੀਜ਼ ਸਾਂਝੀ ਕਰਨ ਜਾਂ ਵੰਡਣ ਦੀ ਤਾਂਘ ਹੁੰਦੀ ਸੀ ਜਿਹੜੀ ਅੱਜ ਨਹੀਂ ਹੈ।''

ਗੁੱਸਾ, ਨਫ਼ਰਤ, ਇੱਕ-ਦੂਜੇ ਨੂੰ ਢਾਹੁਣ ਦੀ ਭੱਜ-ਦੌੜ ਦੇ ਇਸ ਦੌਰ ਬਾਰੇ ਵੀ ਪ੍ਰੋ. ਮਦਨ ਗੋਪਾਲ ਸਿੰਘ ਗੱਲ ਕਰਦੇ ਹਨ।

ਉਹ ਕਹਿੰਦੇ ਹਨ, ''ਸੂਫੀਆਂ, ਗੁਰੂਆਂ, ਦੇਵਤਿਆਂ ਸਭ ਦਾ ਇੱਕੋ ਸੁਨੇਹਾ ਹੈ ਜਿਸ ਵਿੱਚ ਦੂਜੇ ਨੂੰ ਬੜੇ ਅਦਬ ਨਾਲ ਬਗੈਰ ਕਿਸੇ ਜਾਤ-ਪਾਤ ਦੇ ਦੇਖਿਆ ਜਾਂਦਾ ਹੈ, ਉਸਦੀ ਗੱਲ ਸੁਣੀ ਜਾਂਦੀ ਸੀ ਤੇ ਉਸਨੂੰ ਸਵਾਲ ਨਹੀਂ ਕੀਤਾ ਜਾਂਦਾ ਸੀ।''

ਵੀਡੀਓ ਕੈਪਸ਼ਨ, VIDEO: ਪ੍ਰੋ. ਮਦਨ ਗੋਪਾਲ ਸਿੰਘ ਦਾ ਖ਼ਾਸ ਅੰਦਾਜ਼

ਪੰਜਾਬ ਦੀ ਹਾਲਤ ਤੇ ਕਲਾਕਾਰ

ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਚਰਚਾ ਦਾ ਕੇਂਦਰ ਬਣਿਆ ਰਹਿੰਦਾ ਹੈ। ਗੱਲ ਭਾਵੇਂ ਵਾਤਾਵਰਨ, ਪਾਣੀ, ਨਸ਼ਿਆਂ, ਕਿਸਾਨਾਂ ਜਾਂ ਕਲਾਕਾਰੀ ਦੀ ਹੀ ਕਿਉਂ ਨਾ ਹੋਵੇ।

ਮਦਨ ਗੋਪਾਲ ਸਿੰਘ

ਮਦਨ ਗੋਪਾਲ ਨੇ ਕਿਹਾ, ''ਪੰਜਾਬ 'ਚ ਇੱਕ ਪਾਸੇ ਵਾਤਾਵਰਨ ਤੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਦਾ ਨੌਜਵਾਨ ਬੜਾ ਪਰੇਸ਼ਾਨ ਹੈ ਤੇ ਉਹ ਕੁਝ ਸਮੇਂ ਲਈ ਠੀਕ ਮਹਿਸੂਸ ਕਰਨ ਲਈ 'ਦਵਾਈ' ਦੀ ਤਲਾਸ਼ 'ਚ ਰਹਿੰਦਾ ਹੈ। ਜਿਹੜੀ ਕਲਾਤਮਕ ਚਿਣਗ ਹੈ ਉਹ ਬਹੁਤ ਘੱਟ ਹੈ।''

''ਸਾਡੇ ਕਲਾਕਾਰਾਂ 'ਚ ਘੱਟ ਹੀ ਲੋਕ ਨੇ ਜਿਨ੍ਹਾਂ 'ਚ ਮੁੱਦਿਆਂ ਨੂੰ ਲੈ ਕੇ ਬੇਚੈਨੀ ਹੈ ਤੇ ਉਹ ਆਪਣੇ ਸੰਗੀਤ ਜ਼ਰੀਏ ਗੱਲ ਕਰਦੇ ਹਨ।''

ਸੰਗੀਤ

ਤਸਵੀਰ ਸਰੋਤ, Getty Images

ਨੌਜਵਾਨ ਪੀੜ੍ਹੀ ਤੇ ਸੂਫੀ ਸੰਗੀਤ

ਇਸ ਬਾਰੇ ਮਦਨ ਗੋਪਾਲ ਕਹਿੰਦੇ ਹਨ, ''ਦਰਅਸਲ ਸਾਡਾ ਨੌਜਵਾਨ ਸਿਆਸੀ ਗੁੰਝਲਾਂ ਵਿੱਚ ਪਹਿਲਾਂ ਨਹੀਂ ਸੀ ਫਸਿਆ ਹੋਇਆ, ਪਰ ਅੱਜ ਨੌਜਵਾਨਾਂ ਦਾ ਵੱਡਾ ਹਿੱਸਾ ਵੀ ਇਸ ਸਿਆਸੀ ਜਾਲ ਵਿੱਚ ਫਸਿਆ ਨਜ਼ਰ ਆਉਂਦਾ ਹੈ। ਮੇਰਾ ਮੰਨਣਾ ਹੈ ਕਿ ਸ਼ਾਇਰੀ ਤੇ ਸੰਗੀਤ ਵਿੱਚ ਨਵੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਹਨ।''

''ਪੰਜਾਬੀ ਸੰਗੀਤ 'ਚ ਇਸ ਸਮੇਂ ਇੱਕ ਅਜੀਬ ਜਿਹੇ ਹਾਲਾਤ 'ਚ ਬਣੇ ਹੋਏ ਹਨ, ਇਸ ਵਿੱਚ ਬੇਚੈਨੀ ਜਾਂ ਸੰਜੀਦਗੀ ਨਜ਼ਰ ਨਹੀਂ ਆਉਂਦੀ। ਅਸੀਂ ਸਿਰਫ਼ ਸ਼ਰਾਬ ਜਾਂ ਕੁੜੀ ਦੇ ਹੁਸਨ ਦੀ ਗੱਲ ਕਰਨਾ ਚਾਹੁੰਦੇ ਹਾਂ।''

ਪਾਕਿਸਤਾਨ ਨਾਲ ਸਾਂਝ

ਮਦਨ ਗੋਪਾਲ ਸਿੰਘ ਆਪਣੇ ਪਿਛੋਕੜ ਬਾਰੇ ਦਸਦੇ ਹਨ।

ਉਹ ਕਹਿੰਦੇ ਹਨ, ''ਸਾਡਾ ਪਰਿਵਾਰ ਲਾਹੌਰ ਤੋਂ ਸੀ ਅਤੇ ਪਿਤਾ ਜੀ ਦਾ ਜਨਮ ਅਸਾਮ 'ਚ ਹੋਇਆ ਪਰ ਉਨ੍ਹਾਂ ਦਾ ਬਚਪਨ ਇੱਛਰਾ (ਪਾਕਿਸਤਾਨ) 'ਚ ਗੁਜ਼ਰਿਆ।''

''ਇੱਛਰਾ ਤੇ ਸੈਂਟਰਲ ਜੇਲ੍ਹ, ਲਾਹੌਰ ਬਿਲਕੁਲ ਕੋਲ-ਕੋਲ ਸਨ। ਭਗਤ ਸਿੰਘ ਦਾ ਅਸਰ ਮੇਰੇ ਪਿਤਾ ਜੀ ਦੀ ਜ਼ਿੰਦਗੀ ਉੱਤੇ ਬਹੁਤ ਸੀ।''

''23 ਮਾਰਚ 1931 ਨੂੰ ਜਦੋਂ ਭਗਤ ਸਿੰਘ ਨੂੰ ਫਾਂਸੀ ਹੋਈ ਤਾਂ ਪਿੰਡ ਦੇ ਲੋਕ ਛੱਤਾਂ 'ਤੇ ਚੜ੍ਹ ਗਏ''

ਭਗਤ ਸਿੰਘ

''ਪਿੰਡ 'ਚ ਬੱਤੀ ਨਹੀਂ ਹੁੰਦੀ ਸੀ, ਫਿਰ ਇੱਕ ਦਮ ਜੇਲ੍ਹ 'ਚੋਂ ਆਵਾਜ਼ ਆਈ ਇਨਕਲਾਬ-ਜਿੰਦਾਬਾਦ। ਸਾਰਾ ਪਿੰਡ ਇੱਕ ਵਾਰ ਤਾਂ ਸ਼ਾਂਤ ਹੋ ਗਿਆ। ਪਰ ਇੱਕ ਮਿੰਟ ਬਾਅਦ ਸਾਰੇ ਪਿੰਡ ਨੇ ਜਵਾਬ ਦਿੱਤਾ...ਇਨਕਲਾਬ-ਜਿੰਦਾਬਾਦ...ਫਿਰ ਰਾਤ ਨੂੰ ਪਿੰਡ ਤੇ ਜੇਲ੍ਹ 'ਚ ਇਨਕਲਾਬ-ਜਿੰਦਾਬਾਦ ਦੇ ਨਾਅਰੇ ਹੀ ਚੱਲਦੇ ਰਹੇ।''

ਜਦੋਂ ਮਾਸਟਰ ਨੇ ਮਾਰਿਆ ਥੱਪੜ

ਉਹ ਕਹਿੰਦੇ ਹਨ, ''ਸ਼ੁਰੂਆਤੀ ਦੌਰ 'ਚ ਮੁਹੰਮਦ ਰਫੀ ਦੇ ਗੀਤ ਸੁਣੇ ਤੇ ਫਿਰ ਅਸੀਂ ਸ਼ੰਮੀ ਕਪੂਰ ਦੀ ਫ਼ਿਲਮ ਤੁਮਸਾ ਨਹੀ ਦੇਖਾ 'ਚੋਂ ਇੱਕ ਗੀਤ ਆਪਣੀ ਸਕੂਲ ਅਸੈਂਬਲੀ 'ਚ ਗਾਇਆ 'ਜਵਾਨੀਆ ਯੇ ਮਸਤ-ਮਸਤ ਬਿਨ ਪੀਏ'। ਉਦੋਂ ਮੈਂ ਮਹਿਜ਼ 6 ਸਾਲ ਦਾ ਬੱਚਾ ਹੋਵਾਂਗਾ।''

''ਸਟੇਜ ਤੋਂ ਉੱਤਰਿਆ ਤਾਂ ਸਕੂਲ ਦੇ ਬੱਚੇ ਤਾਂ ਕਾਫੀ ਖੁਸ਼ ਸਨ ਪਰ ਮਾਸਟਰ ਨੇ ਹਲਕਾ ਜਿਹਾ ਖੱਪੜ ਮਾਰਿਆ ਤੇ ਕਹਿੰਦੇ ਇਹ ਵੀ ਕੋਈ ਗਾਣਾ ਹੈ।''

''ਮੈਨੂੰ ਸਾਸਟਰ ਜੀ ਹੈੱਡ ਮਾਸਟਰ ਕੋਲ ਲੈ ਗਏ ਤੇ ਮੈਂ ਸੋਚਿਆ ਕਿ ਮੈਨੂੰ ਸਕੂਲੋਂ ਕੱਢ ਦੇਣਗੇ, ਪਰ ਉਨ੍ਹਾਂ ਹੈੱਡ ਮਾਸਟਰ ਨੂੰ ਕਿਹਾ ਕਿ ਮੁੰਡੇ ਦੀ ਆਵਾਜ਼ ਬਹੁਤ ਸੋਹਣੀ ਹੈ ਤੇ ਅਸੀਂ ਇਸਨੂੰ ਵਿਸਾਖੀ ਮੇਲੇ 'ਤੇ ਲੈ ਕੇ ਜਾਣਾ ਹੈ।

ਚਾਰ ਯਾਰ

ਮਦਨ ਗੋਪਾਲ ਸਿੰਘ ਸੰਗੀਤਕ ਗਰੁੱਪ ਚਾਰ ਯਾਰ ਦੇ ਬਾਨੀ ਹਨ।

ਇਸ ਗਰੁੱਪ ਬਾਰੇ ਦੇ ਸੰਦਰਭ ਬਾਰੇ ਉਨ੍ਹਾਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ।

ਮਦਨ ਗੋਪਾਲ ਸਿੰਘ, ਚਾਰ ਯਾਰ

ਤਸਵੀਰ ਸਰੋਤ, fb/madangopal.singh

ਉਹ ਦਸਦੇ ਹਨ, ''ਚਾਰ ਯਾਰ ਦਾ ਪੂਰਾ ਸਿਲਸਿਲਾ ਪੰਜਾਬੀ ਸੂਫੀ ਵਿਚਾਰ ਦੇ ਨਾਲ ਜੁੜਿਆ ਹੈ।''

''ਅੱਲ੍ਹਾ ਮੁਹੰਮਦ ਚਾਰ ਯਾਰ - ਹਾਜੀ, ਖ਼ਵਾਜਾ, ਕੁਤੁਬ, ਫ਼ਰੀਦ। ਹਾਜੀ ਲਾਹੌਰ ਤੋਂ ਫਿਰ ਖ਼ਵਾਜਾ ਚਿਸ਼ਤੀ ਅਜਮੇਰ ਤੋਂ ਕੁਤੁਬਦੀਨ ਮਹਿਰੌਲੀ ਵਾਲੇ ਤੇ ਫ਼ਰੀਦ ਪਾਕ ਪਟਨ ਵਾਲੇ।''

''ਇਨ੍ਹਾਂ ਚਾਰਾਂ ਨੂੰ ਲੈ ਕੇ ਹੀ ਚਾਹ ਯਾਰ ਦਾ ਇੱਕ ਤਸੱਵੁਰ ਸੀ, ਪਰ ਚਾਰ ਯਾਰ ਸਮੇਂ-ਸਮੇਂ 'ਤੇ ਬਦਲਦੇ ਗਏ।''

ਉਨ੍ਹਾਂ ਦਸਿਆ, ''ਸਾਡੀ ਟੀਮ ਵਿੱਚ ਚਾਰ ਯਾਰ ਹਿੰਦੂ, ਸਿੱਖ, ਮੁਸਲਿਮ ਤੇ ਇਸਾਈ ਹਨ।''

ਸੂਫ਼ੀ ਹੋਣਾ ਤੇ ਸੂਫ਼ੀਵਾਦ

ਮਦਨ ਗੋਪਾਲ ਸਿੰਘ ਆਪਣੇ ਨਾਂ ਨਾਲ ਸੂਫ਼ੀ ਗਾਇਕ ਦਾ ਟੈਗ ਨਾ ਲਾਉਣ ਦੀ ਵਕਾਲਤ ਕਰਦੇ ਦਿਖਦੇ ਹਨ।

ਸੂਫ਼ੀਵਾਦ ਤੇ ਸੂਫ਼ੀ ਹੋਣ ਸਬੰਧੀ ਉਨ੍ਹਾਂ ਨੇ ਆਪਣੇ ਵਿਚਾਰ ਰੱਖੇ।

ਉਹ ਕਹਿੰਦੇ ਹਨ, ''ਅੱਜ ਦੀ ਤਾਰੀਖ਼ 'ਚ ਸੂਫੀ ਹੋਣਾ ਮੁਮਕਿਨ ਨਹੀਂ ਹੈ, ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਦੁਨੀਆਂ ਤੋਂ ਵੱਖਰਾ ਕਰ ਲਓਗੇ।''

ਮਦਨ ਗੋਪਾਲ ਸਿੰਘ

ਤਸਵੀਰ ਸਰੋਤ, fb/madangopal.singh

ਮਾਂ ਤੇ ਜਰਮਨ ਰੀਡ ਦਾ ਹਾਰਮੋਨੀਅਮ

ਮਦਨ ਗੋਪਾਲ ਸਿੰਘ ਦੀ ਮਾਤਾ ਜੀ ਦੇ ਵਿਆਹ ਸਮੇਂ ਉਨ੍ਹਾਂ ਨੂੰ ਦਾਜ ਵਿੱਚ ਜਰਮਨ ਰੀਡ ਦਾ ਇੱਕ ਹਾਰਮੋਨੀਅਮ ਮਿਲਿਆ ਸੀ।

ਉਸ ਹਾਰਮੋਨੀਅਮ ਬਾਰੇ ਆਪਣੀ ਯਾਦ ਸਾਂਝੀ ਕਰਦਿਆਂ ਦਸਦੇ ਹਨ ਕਿ ਅਜੇ ਵੀ ਉਸਨੂੰ ਸਾਂਭ ਕੇ ਰੱਖਿਆ ਹੈ।

ਉਹ ਕਹਿੰਦੇ ਹਨ, ''ਮਾਂ ਨੂੰ ਹਾਰਮੋਨੀਅਮ ਵਜਾਉਣਾ ਤਾਂ ਨਹੀਂ ਆਉਂਦਾ ਸੀ ਪਰ ਨਾਨਾ ਜੀ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਗਾਉਣ ਦਾ ਸ਼ੌਕ ਹੈ। ਨਾਨਾ ਜੀ ਨੇ ਫਿਰ ਜਰਮਨ ਰੀਡ ਦਾ ਇੱਕ ਸਪੈਸ਼ਲ ਹਾਰਮੋਨੀਅਮ ਬਣਾ ਕੇ ਮਾਂ ਨੂੰ ਦਿੱਤਾ।''

''ਉਸ ਹਾਰਮੋਨੀਅਮ ਉੱਤੇ ਮਾਤਾ ਜੀ ਸਾਡੇ ਲਈ ਕੇ ਐਲ ਸਹਿਗਲ ਦਾ ਗਾਣਾ ਗਾਉਂਦੇ ਸੀ ਤੇ ਸਾਨੂੰ ਵੀ ਸਿਖਾਇਆ।''

ਮਦਨ ਗੋਪਾਲ ਸਿੰਘ ਤੇ ਫਿਲਮਾਂ

ਮਕਬੂਲ ਫਿਲਮਾਂ 'ਖਾਮੋਸ਼ ਪਾਣੀ' ਤੇ 'ਕਿੱਸਾ' ਲਈ ਸੰਗੀਤ ਤੇ ਸੰਵਾਦ ਦੇਣ ਵਾਲੇ ਪ੍ਰੋ. ਮੋਦਾਨ ਗੋਪਾਲ ਸਿੰਘ ਦੀ ਫ਼ਿਲਮਾਂ ਨਾਲ ਗੂੜ੍ਹੀ ਸਾਂਝ ਹੈ। ਉਨ੍ਹਾਂ ਪੀਐਚ.ਡੀ ਵੀ ਸਿਨੇਮਾ ਵਿਸ਼ੇ 'ਤੇ ਹੀ ਕੀਤੀ ਹੈ।

ਉਨ੍ਹਾਂ ਦਸਿਆ, ''ਫ਼ਿਲਮ ਖਾਮੋਸ਼ ਪਾਣੀ ਲਈ ਅਸੀਂ ਸੂਫੀ ਸੰਗੀਤ 'ਤੇ ਕੰਮ ਕੀਤਾ, ਪੰਜਾਬੀ ਫਿਲਮਾਂ ਦੇ ਹਵਾਲੇ ਨਾਲ ਕੰਮ ਥੋੜਾ ਦੇਰੀ ਨਾਲ ਸ਼ੁਰੂ ਹੋਇਆ।''

ਕਿੱਸਾ

ਤਸਵੀਰ ਸਰੋਤ, fb/anupsingh

''ਪਹਿਲੀ ਫ਼ਿਲਮ, ਨਿਰਦੇਸ਼ਕ ਅਨੂਪ ਸਿੰਘ ਨਾਲ 'ਕਿੱਸਾ' ਸੀ, ਜਿਸਦੇ ਮੈਂ ਸੰਵਾਦ ਅਤੇ ਗੀਤ ਲਿਖੇ।''

ਗੌਰਤਲਬ ਹੈ ਕਿ 1984 ਦੰਗਿਆਂ 'ਤੇ ਬਣੀ ਫ਼ਿਲਮ 'ਕਾਇਆ ਤਰਨ' ਦੇ ਸੰਵਾਦ ਵੀ ਉਨ੍ਹਾਂ ਲਿਖੇ ਸਨ।

ਉਨ੍ਹਾਂ ਵੱਲੋਂ ਲਿਖੀ ਫ਼ਿਲਮ 'ਰਸ ਯਾਤਰਾ' ਨੂੰ 1995 ਵਿੱਚ ਕੌਮੀ ਫਿਲਮ ਪੁਰਸਕਾਰ ਵੀ ਮਿਲ ਚੁੱਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)