ਨਜ਼ਰੀਆ: 'ਭਗਤ ਸਿੰਘ ਤੇ ਵਿੱਕੀ ਗੌਂਡਰ ਵਿਚਾਲੇ ਫ਼ਰਕ ਸਮਝਣ ਦੀ ਸਮਰੱਥਾ ਖਤਮ ਕਰਦੇ ਗੀਤ'

ਤਸਵੀਰ ਸਰੋਤ, RAUL ARBOLEDA/AFP/Getty Images
- ਲੇਖਕ, ਅਮਨਦੀਪ ਦਿਓਲ
- ਰੋਲ, ਬੀਬੀਸੀ ਪੰਜਾਬੀ ਲਈ
ਗਾਇਕੀ ਵਿਚਲੀ ਲੱਚਰਤਾ ਉੱਤੇ ਦੁਬਾਰਾ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਪੁਲਿਸ ਵੱਲੋਂ ਇਸ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੁਹਿੰਮ ਦੇ ਤਹਿਤ ਇੱਕ ਦੋ ਗਾਇਕਾਂ ਉਪਰ ਪਰਚੇ ਵੀ ਦਰਜ ਹੋਏ ਹਨ ਅਤੇ ਪੈਲੇਸਾਂ ਵਿੱਚ ਚੱਲਦੇ ਅਜਿਹੇ ਗੀਤਾਂ 'ਤੇ ਪਾਬੰਦੀ ਦਾ ਐਲਾਨ ਵੀ ਕੀਤਾ ਗਿਆ ਹੈ।
ਪੰਜਾਬ ਵਿੱਚ ਪਹਿਲੀ ਵਾਰ 2012 ਵਿੱਚ ਗੀਤਾਂ ਵਿਚਲੀ ਲੱਚਰਤਾ, ਗੈਂਗਵਾਦ ਦੀ ਮਹਿਮਾ, ਔਰਤਾਂ ਦੀ ਭੱਦੀ ਪੇਸ਼ਕਾਰੀ ਅਤੇ ਹਥਿਆਰਾਂ ਦੀ ਅੰਨ੍ਹੇਵਾਹ ਵਰਤੋਂ ਉੱਪਰ ਉਂਗਲ ਧਰਦਿਆਂ ਇਸਤਰੀ ਜਾਗ੍ਰਿਤੀ ਮੰਚ ਨੇ ਅਜਿਹੀ ਗਾਇਕੀ ਖ਼ਿਲਾਫ਼ ਮੁਹਿੰਮ ਛੇੜੀ ਸੀ।
ਇਸ ਮੁਹਿੰਮ ਤਹਿਤ ਕੁਝ ਗਾਇਕਾਂ ਅਤੇ ਸੰਗੀਤਕ ਕੰਪਨੀਆਂ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤੇ ਗਏ। ਇਸ ਮੁਹਿੰਮ ਦੌਰਾਨ ਇੰਝ ਮਹਿਸੂਸ ਹੋਇਆ ਜਿਵੇਂ ਸੁਲਘਦੀ ਹੋਈ ਅੱਗ ਨੂੰ ਕਿਸੇ ਨੇ ਹਵਾ ਦੇ ਦਿੱਤੀ ਹੋਵੇ।
ਇਸ ਮੁਹਿੰਮ ਨੇ ਗਾਇਕਾਂ ਦੀਆਂ ਮੁਸ਼ਕਲਾਂ ਵਿੱਚ ਤਾਂ ਵਾਧਾ ਕੀਤਾ ਸੀ, ਨਾਲੋ-ਨਾਲ ਪੰਜਾਬ ਸਰਕਾਰ ਨੂੰ ਵੀ ਬੋਲਣ ਉੱਪਰ ਮਜਬੂਰ ਕੀਤਾ।
ਸਰਕਾਰ ਨੇ ਸੱਭਿਆਚਾਰਕ ਨੀਤੀ ਲਿਆਉਣ ਦਾ ਵਾਅਦਾ ਵੀ ਕੀਤਾ ਪਰ ਵਾਅਦਾ ਵਫ਼ਾ ਨਾ ਹੋਇਆ। ਅੱਜ ਦੁਬਾਰਾ ਇਹ ਮਸਲਾ ਚਰਚਾ ਵਿੱਚ ਆਇਆ ਹੈ। ਉਸ 'ਤੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ।
ਗਾਇਕੀ ਵਿੱਚ ਲੱਚਰਤਾ ਕੋਈ ਅੱਜ ਦਾ ਵਰਤਾਰਾ ਨਹੀਂ ਬਲਕਿ ਗਾਇਕੀ ਦੇ ਹੋਂਦ 'ਚ ਆਉਣ ਜਿੰਨਾ ਹੀ ਪੁਰਾਣਾ ਹੈ, ਪਰ ਅੱਜ ਸਾਡੀ ਚਿੰਤਾ ਦਾ ਸਬੱਬ ਇਹ ਹੈ ਕਿ ਗੀਤ ਸੁਣਨ ਦੀ ਥਾਂ ਵੇਖਣ ਵਾਲੀ ਸ਼ੈਅ ਬਣ ਚੁੱਕੇ ਹਨ।

ਤਸਵੀਰ ਸਰੋਤ, Getty Images
ਪੰਜਾਬੀ ਤੋਂ ਬਿਨਾਂ ਹਰਿਆਣਵੀ ਜਾਂ ਹੋਰ ਕਿਸੇ ਵੀ ਰਾਜ ਦੇ ਗੀਤ ਜੇਕਰ ਦੇਖੀਏ ਤਾਂ ਭਾਸ਼ਾ ਜ਼ਰੂਰ ਵੱਖਰੀ ਹੈ ਪਰ ਤੱਤ ਸਭ ਦਾ ਇਕੋ ਹੈ।
ਔਰਤ ਨੂੰ ਲਿੰਗਕ ਵਸਤੂ ਅਤੇ ਸਜਾਵਟੀ ਸਾਮਾਨ ਵਾਂਗ ਪੇਸ਼ ਕਰਨਾ ਮੱਧਯੁਗੀ ਸੜ੍ਹਾਂਦ ਹੀ ਹੈ। ਹਥਿਆਰਾਂ ਦੀ ਵਰਤੋਂ ਕਰਕੇ ਤਾਕਤ ਦਿਖਾਉਣਾ, ਗੈਂਗਸਟਰਾਂ ਨੂੰ ਨਾਇਕਾਂ ਵਾਂਗ ਸਿਰਜਣਾ, ਲਗਜ਼ਰੀ ਵਸਤਾਂ ਦੀ ਪ੍ਰਦਰਸ਼ਨੀ ਸਭ ਅਜੋਕੀ ਗਾਇਕੀ ਦੇ ਭਾਰੂ ਸੁਰ ਹਨ।
ਇਸ ਵਿਚੋਂ ਕਿਸੇ ਸੰਜੀਦਾ ਬੰਦੇ ਦੇ ਦਰਸ਼ਨ ਨਹੀਂ ਹੁੰਦੇ ਬਲਕਿ ਕੁਰਾਹੇ ਪਏ ਬੰਦੇ ਦੇ ਦਰਸ਼ਨ ਹੀ ਹੁੰਦੇ ਹਨ। ਅਜਿਹੀ ਗਾਇਕੀ ਦਾ ਐੱਮਟੀਵੀ ਦੇ ਪ੍ਰੋਗਰਾਮਾਂ ਨਾਲੋਂ ਰਤਾ ਵੀ ਫ਼ਰਕ ਨਹੀਂ।
ਹਰੀ ਕ੍ਰਾਂਤੀ ਖੇਤੀ ਮਾਡਲ ਨੇ ਬਦਲੀ ਤਸਵੀਰ
ਪੰਜਾਬ ਵਿੱਚ ਹਰੀ ਕ੍ਰਾਂਤੀ ਖੇਤੀ ਮਾਡਲ ਨੇ ਇੱਥੋਂ ਦੀ ਰਵਾਇਤੀ ਖੇਤੀ, ਕਿਸਾਨ, ਸਿਹਤ ਅਤੇ ਵਾਤਾਵਰਨ ਨੂੰ ਤਬਾਹ ਕਰ ਕੇ ਰੱਖ ਦਿੱਤਾ ਅਤੇ ਦੂਜੇ ਪਾਸੇ 1991 ਦੀ ਨਵੀਂ ਆਰਥਿਕ ਨੀਤੀ ਤਹਿਤ ਖਪਤ ਸੱਭਿਆਚਾਰ ਨੂੰ ਵਿਸਥਾਰਨ ਲਈ ਕੇਬਲ ਡਿਸ਼ ਟੀਵੀ ਦਾ ਆਗਮਨ ਹੋਇਆ।
ਗੀਤਾਂ, ਫਿਲਮਾਂ ਰਾਹੀਂ ਖੇਤੀ ਖੇਤਰ ਵਿਚੋਂ ਵਿਹਲੇ ਅਤੇ ਬੇਰੁਜ਼ਗਾਰ ਨੌਜਵਾਨ ਦੇ ਦਿਮਾਗ ਨੂੰ ਕੰਟ੍ਰੋਲ ਕਰਨਾ ਸ਼ੁਰੂ ਕੀਤਾ। ਸਾਡੀਆਂ ਧਾਰਨਾਵਾਂ ਦੀ ਪੁਨਰ-ਸਿਰਜਨਾ ਹੋਈ। ਮੌਤ ਨੂੰ ਮਖੌਲਾਂ ਕਰਨ ਵਾਲੇ ਪੰਜਾਬੀ ਅੱਜ ਮੌਤ ਨੂੰ ਖ਼ੁਦ ਗਲੇ ਲਾ ਰਹੇ ਹਨ।

ਤਸਵੀਰ ਸਰੋਤ, Getty Images
ਪੰਮੀ ਬਾਈ ਵਰਗੇ ਗਾਇਕ ਜੋ ਸੱਭਿਆਚਾਰ ਵਰਗੇ ਵਿਸ਼ਾਲ ਖੇਤਰ ਨੂੰ ਸਿਰਫ ਘੱਗਰੇ, ਫੁਲਕਾਰੀ ਤੱਕ ਹੀ ਸੀਮਤ ਕਰਦੇ ਹਨ। ਉਹ ਵੀ ਆਪਣੇ ਗੀਤ ਵਿਚਲੇ ਜੱਟ ਨੂੰ 'ਨਸ਼ੇੜੀ ਤੇ ਡਾਕੂ' ਹੀ ਦਿਖਾਉਂਦੇ ਹਨ।
ਅਖੇ 'ਦਾਰੂ ਘਰ ਦੀ ਬੰਦੂਕ 12 ਬੋਰ ਦੀ ਦੋ ਚੀਜ਼ਾਂ ਜੱਟ ਮੰਗਦਾ', ਬੱਬੂ ਮਾਨ ਤੋਂ ਜੈਜ਼ੀ ਬੈਂਸ, ਹਨੀ ਸਿੰਘ ਤੋਂ ਮਨਕੀਰਤ ਔਲਖ ਤੱਕ ਸਭ ਗਾਇਕਾਂ ਦੇ ਗੀਤਾਂ ਵਿੱਚ ਔਰਤਾਂ ਦੀ ਬੇਤੁਕੀ ਅਤੇ ਭੱਦੀ ਪੇਸ਼ਕਾਰੀ ਹੈ।
ਨਾਇਕ ਅਤੇ ਗੈਂਗਸਟਰ ਵਿਚਲਾ ਫਰਕ ਮੇਟ ਰਹੇ ਗੀਤ
ਇਹ ਸੈਂਕੜੇ ਹੀ ਗਾਇਕ ਸਾਡੇ ਭਗਤ, ਸਰਾਭਿਆਂ ਵਰਗੇ ਨਾਇਕਾਂ ਅਤੇ ਅਜੋਕੇ ਗੈਂਗਸਟਰ ਵਿੱਕੀ ਗੌਂਡਰ ਵਿਚਲੇ ਫਰਕ ਨੂੰ ਮਿਟਾਉਣ ਦਾ ਕੰਮ ਕਰ ਰਹੇ ਹਨ।
ਨੌਜਵਾਨ ਪੀੜ੍ਹੀ ਨੂੰ ਅਜਿਹਾ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਹੈ ਕਿ ਉਹ ਇਸ ਕਾਬਲੀਅਤ ਦੇ ਮਾਲਕ ਹੀ ਨਾ ਰਹਿਣ ਕਿ ਉਹ ਇਹ ਸਮਝਣ ਦੇ ਸਮਰੱਥ ਹੋ ਸਕਣ ਕਿ ਭਗਤ ਸਿੰਘ ਅਤੇ ਵਿੱਕੀ ਗੌਂਡਰ ਹੋਣ ਦੇ ਮਾਅਨੇ ਕੀ ਹਨ।
ਦੋਹਾਂ 'ਚ ਕੀ ਫਰਕ ਹੈ ਅਤੇ ਸਾਡਾ ਨਾਇਕ ਕੌਣ ਹੈ? ਨੌਜਵਾਨ ਇਸ ਕਾਬਲ ਹੀ ਨਾ ਰਹਿਣ ਕਿ ਔਰਤ ਦੀ ਆਜ਼ਾਦੀ ਦਾ ਮਤਲਬ ਸਿਰਫ ਸੈਕਸੂਅਲ ਆਜ਼ਾਦੀ ਨਹੀਂ।
ਇਸ ਲਈ ਅਜੋਕਾ ਸਮੁੱਚਾ ਗੀਤ ਸੰਗੀਤ ਹਾਕਮ ਜਮਾਤ ਦੀ ਨੀਤੀ ਦਾ ਹੀ ਸਿੱਟਾ ਹੈ। ਇਹ ਗੀਤ ਸੰਗੀਤ ਸਮੁੱਚੇ ਪੰਜਾਬ ਨੂੰ ਇੱਕ ਡੂੰਘੇ ਸੰਕਟ ਵੱਲ ਧੱਕ ਰਿਹਾ ਹੈ। ਇਸ ਦੇ ਖ਼ਿਲਾਫ਼ ਵੱਡੀ ਲੋਕ ਲਾਮਬੰਦੀ ਦੀ ਲੋੜ ਹੈ।

ਤਸਵੀਰ ਸਰੋਤ, Facebook/Ranjit Bawa
ਇਸ ਸਮੇਂ ਪੰਜਾਬ ਪੁਲਿਸ ਦੀ ਇਸ ਦੇ ਖ਼ਿਲਾਫ਼ ਮੁਹਿੰਮ ਪੰਜਾਬ ਪੁਲਿਸ ਦੀ ਦਿੱਖ ਸੁਧਾਰਨ ਅਤੇ ਦਬਦਬਾ ਕਾਇਮ ਰੱਖਣ ਦੀ ਕੋਸ਼ਿਸ਼ ਹੈ।
ਦੂਜਾ ਅਜਿਹੀ ਗਾਇਕੀ ਸਿਰਫ਼ ਲਾਅ ਐਂਡ ਆਰਡਰ ਦਾ ਮਾਮਲਾ ਨਹੀਂ ਬਲਕਿ ਸਮਾਜਕ ਸੱਭਿਆਚਾਰ ਅਤੇ ਰਾਜਨੀਤਕ ਮਸਲਾ ਹੈ।
ਸੱਭਿਆਚਾਰਕ ਨੀਤੀ ਦੀ ਲੋੜ
ਇਸ ਉੱਪਰ ਸਰਕਾਰ ਨੂੰ ਇੱਕ ਸਮਰੱਥ ਸੱਭਿਆਚਾਰਕ ਨੀਤੀ ਉਸਾਰਦਿਆਂ ਇਨ੍ਹਾਂ ਗੀਤਾਂ ਉੱਪਰ ਇੱਕ ਸੈਂਸਰ ਬੋਰਡ ਵੀ ਬਿਠਾਉਣਾ ਚਾਹੀਦਾ ਹੈ।
ਔਰਤਾਂ ਦੀ ਭੱਦੀ ਪੇਸ਼ਕਾਰੀ ਕਰਨ ਵਾਲੇ ਗਾਇਕਾਂ ਉੱਪਰ ਇਨਡੀਸੈਂਟ ਰਿਪ੍ਰੈਜ਼ਨਟੇਸ਼ਨ ਆਫ ਵੂਮੈੱਨ 1984 ਐਕਟ ਦੇ ਤਹਿਤ ਪਰਚਾ ਦਰਜ ਕਰਨਾ ਚਾਹੀਦਾ ਹੈ।
ਗੀਤਾਂ ਵਿੱਚ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਉੱਪਰ ਵੀ ਕੋਈ ਕਾਨੂੰਨ ਬਣਾ ਕੇ ਪਰਚੇ ਦਰਜ ਕਰਨੇ ਚਾਹੀਦੇ ਹਨ ਅਤੇ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ।
ਇਸ ਤੋਂ ਬਿਨਾਂ ਸਭ ਤੋਂ ਮੂਲ ਇੱਕ ਅਗਾਂਹਵਧੂ ਸੱਭਿਆਚਾਰ ਸਿਰਜਣ ਵਾਲੀ ਲੋਕ ਲਹਿਰ ਦੀ ਜ਼ਰੂਰਤ ਹੈ ਤਾਂ ਹੀ ਅਜਿਹੀ ਗਾਇਕੀ ਨੂੰ ਠੱਲ੍ਹਿਆ ਜਾ ਸਕਦਾ ਹੈ।
(ਪੰਜਾਬੀ ਗੀਤਾਂ ਵਿੱਚ ਲੱਚਰਤਾ ਅਤੇ ਹਿੰਸਾਂ ਖ਼ਿਲਾਫ਼ ਕਈ ਸਾਲਾਂ ਤੋਂ ਮੁਹਿੰਮ ਚਲਾਉਣ ਵਾਲੀ ਜਥੇਬੰਦੀ ਇਸਤਰੀ ਜਾਗ੍ਰਿਤੀ ਮੰਚ ਦੀ ਅਮਨਦੀਪ ਦਿਓਲ ਸਰਗਰਮ ਕਾਰਕੁਨ ਹੈ ਅਤੇ ਇਹ ਲੇਖਕ ਦੇ ਨਿੱਜੀ ਵਿਚਾਰ ਹਨ।)












