ਸੋਸ਼ਲ: 'ਇਹ ਬੇਰੁਖ਼ੀ ਸਿੱਖਾਂ ਨਾਲ ਹੈ ਟਰੂਡੋ ਨਾਲ ਨਹੀਂ'

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਸੋਮਵਾਰ ਨੂੰ ਬਨਾਰਸ ਵਿੱਚ ਸਨ ਅਤੇ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਆਪਣਾ ਸੰਸਦੀ ਖੇਤਰ ਬੜੇ ਚਾਅ ਨਾਲ ਦਿਖਾਇਆ ਸੀ।

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਦੇ ਸੁਆਗਤ ਦੇ ਢੰਗ 'ਤੇ ਚਰਚਾ ਛਿੜੀ ਹੋਈ ਹੈ।

ਇਹ ਚਰਚਾ ਸੋਸ਼ਲ ਮੀਡੀਆ 'ਤੇ ਵੀ ਜਾਰੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਭਾਰਤ ਫੇਰੀ 'ਤੇ ਆਏ ਸਨ ਤਾਂ ਉਨ੍ਹਾਂ ਦੇ ਸੁਆਗਤ ਦੇ ਢੰਗ ਨੂੰ ਲੈ ਕੇ ਵੱਡੇ ਪੱਧਰ 'ਤੇ ਚਰਚਾ ਛਿੜੀ ਸੀ।

ਫਰਾਂਸੀਸੀ ਰਾਸ਼ਟਰਪਤੀ ਦੇ ਸੁਆਗਤ ਲਈ ਪੀਐੱਮ ਮੋਦੀ ਖ਼ੁਦ ਹਵਾਈ ਅੱਡੇ 'ਤੇ ਪਹੁੰਚੇ ਸਨ।

ਟਰੂਡੋ ਦੇ ਸਵਾਗਤ ਲਈ ਮੋਦੀ ਦੀ ਥਾਂ ਭਾਰਤੀ ਅਫ਼ਸਰਾਂ ਤੇ ਕੁਝ ਆਗੂਆਂ ਦਾ ਇੱਕ ਵਫ਼ਦ ਗਿਆ ਸੀ।

ਫਰਾਂਸੀਸੀ ਰਾਸ਼ਟਰਪਤੀ ਦਾ ਸੁਆਗਤ ਪੀਐੱਮ ਨੇ ਜਾਪਾਨ ਦੇ ਪ੍ਰਧਾਨਮੰਤਰੀ ਸ਼ਿੰਜੋ ਆਬੇ ਦੀ ਤਰਜ਼ 'ਤੇ ਕੀਤਾ।

ਇਮੈਨੁਅਲ ਮੈਕਰੋਂ ਨੂੰ ਵੀ ਆਪਣੇ ਸੰਸਦੀ ਖੇਤਰ ਵਾਰਾਣਸੀ ਦੀ ਸੈਰ ਪ੍ਰਧਾਨਮੰਤਰੀ ਨੇ ਕਰਵਾਈ। ਗੰਗਾ ਨਦੀ ਦਾ ਵੀ ਦੀਦਾਰ ਕਰਵਾਇਆ।

ਸੋਸ਼ਲ ਮੀਡੀਆ 'ਤੇ ਇਸ ਸੁਆਗਤ ਦੇ ਢੰਗ ਤਰੀਕੇ ਨੂੰ ਲੈ ਕੇ ਕਈ ਲੋਕਾਂ ਨੇ ਆਪਣੀ ਰਾਇ ਜ਼ਾਹਿਰ ਕੀਤੀ।

ਸਰਦਾਰ ਅਵਤਾਰ ਸਿੰਘ ਲਿਖਦੇ ਹਨ, ''ਟਰੂਡੋ ਨੇ ਆਪਣੀ ਸਰਕਾਰ ਵਿੱਚ ਸਿੱਖਾਂ ਨੂੰ ਜ਼ਿਆਦਾ ਲਿਆ। ਜਿਹੜੇ ਸਿੱਖਾਂ ਦੇ ਸਾਥੀ ਉਹ ਮੋਦੀ ਦੇ ਦੁਸ਼ਮਣ ਹਨ।''

ਪਰਮਿੰਦਰ ਸੀਕਰੀ ਲਿਖਦੇ ਹਨ, ''ਇਸ ਦਾ ਕਾਰਨ ਹੈ ਈਰਖਾ, ਜਲ਼ਣ, ਬਦਲਾਖੋਰੀ ਤੇ ਛੋਟੀ ਸੋਚ।''

ਇੰਦਰਜੀਤ ਗਰੇਵਾਲ ਨੇ ਲਿਖਿਆ, ''ਇਹ ਬੇਰੁਖ਼ੀ ਸਿੱਖਾਂ ਨਾਲ ਹੈ ਨਾ ਕੇ ਟਰੂਡੋ ਨਾਲ''।

ਰਮਿੰਦਰ ਸਿੰਘ ਨੇ ਲਿਖਿਆ, ''ਧਾਰਮਿਕ ਕੱਟੜਤਾ ਅਤੇ ਸੌੜੀ ਈਰਖਾ ਵਾਲੀ ਸੋਚ ਕਰਕੇ ਹੀ ਇਹ ਵਿਤਕਰਾ ਹੈ ਕੈਨੇਡਾ ਨਾਲ!!''

ਕੁਝ ਲੋਕਾਂ ਦੀ ਰਾਇ ਬਾਕੀਆਂ ਨਾਲੋਂ ਵੱਖ ਸੀ। ਇੱਕ ਨੇ ਲਿਖਿਆ ਕਿ ਫਰਾਂਸ ਵਿੱਚ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਮੋਦੀ ਨੇ ਮੈਕਰੋਂ ਨਾਲ ਗੱਲਬਾਤ ਕੀਤੀ।

ਸੈੱਬੀ ਸਰਬਜੀਤ ਲਿਖਦੇ ਹਨ, ''ਉਹ ਭਰਾਓ ਮੋਦੀ ਨੇ ਅਪੀਲ ਕੀਤੀ ਹੈ ਕਿ ਪੱਗ ਤੋਂ ਬੈਨ ਹਟਾ ਲਵੋ, ਗੂਗਲ 'ਤੇ ਸਰਚ ਕਰ ਲਓ।''

ਸਿਕੰਦਰ ਗਿੱਲ ਲਿਖਦੇ ਹਨ, ''ਲੋਕ ਸਭ ਕੁਝ ਜਾਣਦੇ ਹਨ ਸਮਾਂ ਆਉਣ 'ਤੇ ਜਵਾਬ ਮਿਲੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)