ਤ੍ਰਿਪੁਰਾ ਵਿੱਚ ਕਿਵੇਂ ਭਾਜਪਾ ਦੀ ਜਿੱਤ ਦਾ ਜਸ਼ਨ ਫਿੱਕਾ ਪਿਆ?

ਤਸਵੀਰ ਸਰੋਤ, NARENDRAMODI.IN
- ਲੇਖਕ, ਸਲਮਾਨ ਰਾਵੀ
- ਰੋਲ, ਬੀਬੀਸੀ ਪੱਤਰਕਾਰ, ਅਗਰਤਲਾ ਤੋਂ
ਤ੍ਰਿਪੁਰਾ ਵਿੱਚ ਖੱਬੇ ਪੱਖੀ ਪਾਰਟੀ ਦਾ 25 ਸਾਲ ਪੁਰਾਣਾ ਕਿਲਾ ਢਾਹੁਣ ਦਾ ਜਸ਼ਨ ਭਾਰਤੀ ਜਨਤਾ ਪਾਰਟੀ ਵੱਲੋਂ ਮਨਾਇਆ ਜਾ ਰਿਹਾ ਹੈ।
ਬਿਪਲਬ ਦੇਬ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਹਨ ਅਤੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਭਾਜਪਾ ਵਿੱਚ ਹੁਣ ਉਹ ਉਤਸ਼ਾਹ ਨਜ਼ਰ ਨਹੀਂ ਆ ਰਿਹਾ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ 8 ਮਾਰਚ ਨੂੰ ਸਹੁੰ ਚੁੱਕ ਸਮਾਗਮ ਪੂਰਾ ਹੋ ਸਕੇਗਾ ਜਾਂ ਨਹੀਂ, ਇਸ ਲੈ ਕੇ ਅਜੇ ਦੁਬਿਧਾ ਬਣੀ ਹੋਈ ਹੈ।
ਭਾਜਪਾ ਦੇ ਇਨ੍ਹਾਂ ਮਨਸੂਬਿਆਂ 'ਤੇ ਪਾਣੀ ਫੇਰਨ ਦਾ ਕੰਮ ਖੇਤਰੀ ਦਲ ਇੰਡੀਜੀਨਸ ਪੀਪਲਜ਼ ਫਰੰਟ ਆਫ਼ ਤ੍ਰਿਪੁਰਾ(ਆਈਪੀਐਫਟੀ) ਕਰ ਰਹੀ ਹੈ।
ਆਈਪੀਐਫਟੀ ਨੇ ਭਾਰਤੀ ਜਨਤਾ ਪਾਰਟੀ ਹਾਈਕਮਾਨ ਨੂੰ ਆਪਣੀਆਂ ਮੰਗਾਂ ਨਾਲ ਹੈਰਾਨ ਕਰ ਦਿੱਤਾ ਹੈ।
ਆਈਪੀਐਫਟੀ ਦੇ ਨੇਤਾ ਨੇ ਜਨਤਕ ਤੌਰ 'ਤੇ ਆਪਣੀ ਪਾਰਟੀ ਦੇ ਮੁੱਖ ਮੰਤਰੀ ਬਣਨ ਦੀ ਦਾਅਵੇਦਾਰੀ ਪੇਸ਼ ਕੀਤੀ ਹੈ।
ਅਜਿਹੇ ਵਿੱਚ ਅਚਾਨਕ ਜਸ਼ਨ ਵਿੱਚ ਡੁੱਬੀ ਭਾਜਪਾ ਨੂੰ ਆਈਪੀਐਫਟੀ ਦੀ ਇਸ ਮੰਗ ਨਾਲ ਜ਼ੋਰਦਾਰ ਝਟਕਾ ਲੱਗਿਆ ਹੈ।
ਪਾਰਟੀ ਹੁਣ ਤਾਜ਼ਾ ਹਾਲਾਤ ਦੇ ਆਧਾਰ 'ਤੇ ਆਪਣੀ ਰਣਨੀਤੀ ਤਿਆਰ ਕਰਨ ਵਿੱਚ ਜੁਟੀ ਹੋਈ ਹੈ। ਹਾਲਾਂਕਿ ਪਾਰਟੀ ਦੇ ਵੱਡੇ ਆਗੂ ਇਸ ਤੋਂ ਪ੍ਰੇਸ਼ਾਨ ਹਨ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਇਸ 'ਤੇ ਫ਼ੈਸਲਾ ਲੈਣ ਲਈ ਬੇਨਤੀ ਕੀਤੀ ਹੈ।
ਸਾਵਧਾਨੀ ਤੋਂ ਕੰਮ ਲੈ ਰਹੀ ਹੈ ਭਾਜਪਾ
ਭਾਜਪਾ ਦੇ ਵੱਡੇ ਵਰਕਰਾਂ ਨਾਲ ਗੱਲ ਕਰਨ 'ਤੇ ਪਤਾ ਲੱਗਿਆ ਕਿ ਸਹੁੰ ਚੁੱਕ ਸਮਾਗਮ 'ਤੇ ਇੱਕ ਕਿਸਮ ਦਾ ਗ੍ਰਹਿਣ ਲੱਗ ਚੁੱਕਿਆ ਹੈ। ਹਾਲਾਂਕਿ ਭਾਜਪਾ ਇਸ 'ਤੇ ਬਹੁਤ ਹੀ ਸਾਵਧਾਨੀ ਤੋਂ ਕੰਮ ਲੈ ਰਹੀ ਹੈ ਰਹੀ ਹੈ।

ਤਸਵੀਰ ਸਰੋਤ, TWITTER/SHIVRAJ
ਤ੍ਰਿਪੁਰਾ ਵਿੱਚ ਪਾਰਟੀ ਦੇ ਇੰਚਾਰਜ ਨੇ ਬੀਬੀਸੀ ਨੂੰ ਕਿਹਾ ਕਿ ਸਹੁੰ ਚੁੱਕ ਸਮਾਗਮ ਹਾਲ ਦੀ ਘੜੀ ਟਲ ਵੀ ਸਕਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਉਸ ਦਿਨ ਸਮਾਗਮ ਵਿੱਚ ਸ਼ਾਮਲ ਹੋਣ ਦਾ ਸਮਾਂ ਨਹੀਂ ਹੈ।
ਸਿਆਸੀ ਮਾਹਿਰ ਮੰਨਦੇ ਹਨ ਕਿ ਆਈਪੀਐਫਟੀ ਦੇ ਨਾਲ ਭਾਜਪਾ ਦਾ ਗਠਜੋੜ ਸੁਭਾਵਿਕ ਨਹੀਂ ਸੀ ਅਤੇ ਚੋਣਾਂ ਤੋਂ ਬਾਅਦ ਤਾਂ ਅਜਿਹਾ ਹੋਣਾ ਹੀ ਸੀ।
ਆਈਪੀਐਫਟੀ ਦੇ ਪ੍ਰਧਾਨ ਐਨਸੀ ਦੇਬ ਬਰਮਾ ਨੇ ਭਾਜਪਾ ਨਾਲ ਗੱਲਬਾਤ ਕੀਤੇ ਬਿਨਾਂ ਖ਼ੁਦ ਹੀ ਐਲਾਨ ਕਰ ਦਿੱਤਾ ਕਿ ਤ੍ਰਿਪੁਰਾ ਦਾ ਅਗਲਾ ਮੁੱਖ ਮੰਤਰੀ ਆਦਿਵਾਸੀ ਹੋਣਾ ਚਾਹੀਦਾ ਹੈ।
ਦੇਬ ਬਰਮਾ ਦੇ ਇਸ ਬਿਆਨ ਨਾਲ ਭਾਜਪਾ ਬੈਕਫੁੱਟ 'ਤੇ ਆ ਗਈ ਹੈ। ਹਾਲਾਂਕਿ ਸੰਗਠਨ ਦੇ ਆਗੂ ਦੇਬ ਬਰਮਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ, ਪਰ ਦੇਬ ਵਰਮਾ ਆਪਣੀ ਜ਼ਿੱਦ 'ਤੇ ਅੜੇ ਹੋਏ ਹਨ।
'ਇਕੱਲੇ ਵਾਹ-ਵਾਹ ਨਾ ਖੱਟ ਲਵੇ ਭਾਜਪਾ'
ਦੇਬ ਬਰਮਾ ਦਾ ਕਹਿਣਾ ਹੈ ਕਿ ਭਾਜਪਾ ਅਤੇ ਗਠਜੋੜ ਨੂੰ ਜਿੱਤ ਸਿਰਫ਼ ਆਈਪੀਐਫਟੀ ਦੇ ਭਰੋਸੇ ਮਿਲੀ ਹੈ ਅਤੇ ਭਾਜਪਾ ਇਕੱਲੇ ਵਾਹ-ਵਾਹ ਨਾ ਖੱਟ ਲਵੇ।

ਤਸਵੀਰ ਸਰੋਤ, TWITTER/AMIT SHAH
ਬੀਬੀਸੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਤ੍ਰਿਪੁਰਾ ਵਿੱਚ ਭਾਜਪਾ ਦੇ ਇੰਚਾਰਜ ਸੁਨੀਲ ਦੇਵਧਰ ਨੇ ਇਹ ਤਾਂ ਸਪੱਸ਼ਟ ਕਰ ਦਿੱਤਾ ਹੈ ਕਿ ਆਈਪੀਐਫਟੀ ਦੀ ਵੱਖਰੀ ਤ੍ਰਿਪੁਰਾਲੈਂਡ ਦੀ ਮੰਗ ਭਾਜਪਾ ਨੂੰ ਬਿਲਕੁਲ ਮੰਨਣਯੋਗ ਨਹੀਂ ਹੈ।
ਅੱਗੇ ਉਹ ਕਹਿੰਦੇ ਹਨ ਕਿ ਦੇਬ ਬਰਮਾ ਦੇ ਇਸ ਬਿਆਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਜਿੱਥੇ ਸੂਬਾ ਪ੍ਰਧਾਨ ਬਿਪਲਬ ਦੇਬ ਨੂੰ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਦੇ ਰੂਪ ਵਿੱਚ ਸਾਹਮਣੇ ਲਿਆਉਣ ਦਾ ਫ਼ੈਸਲਾ ਲਿਆ ਹੈ ਪਰ ਆਈਏਐਫਟੀ ਨੂੰ ਇਹ ਸਵੀਕਾਰ ਨਹੀਂ ਹੈ।
ਪੂਰੀ ਚੋਣ ਮੁਹਿੰਮ ਦੌਰਾਨ ਆਈਪੀਐਫਟੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਆਦਿਵਾਸੀਆਂ ਲਈ ਵੱਖਰੇ ਸੂਬੇ ਦੀ ਮੰਗ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰੇ ਹਨ।
ਇਸ ਮੰਗ ਨੂੰ ਚੋਣਾਂ ਤੋਂ ਬਾਅਦ ਭਾਜਪਾ ਨੇ ਖ਼ਾਰਜ ਕਰ ਦਿੱਤਾ ਹੈ, ਜਿਸ ਨੇ ਦੋਵਾਂ ਪਾਰਟੀਆਂ ਵਿੱਚ ਕੁੜੱਤਣ ਪੈਦਾ ਕਰ ਦਿੱਤੀ ਹੈ।
ਭਾਜਪਾ ਕਰ ਰਹੀ ਹੈ ਡੈਮੇਜ ਕੰਟਰੋਲ!
ਭਾਜਪਾ ਦੇ ਸੀਨੀਅਰ ਆਗੂ ਡੈਮੇਜ ਕੰਟਰੋਲ ਵਿੱਚ ਲੱਗੇ ਹੋਏ ਹਨ।

ਤਸਵੀਰ ਸਰੋਤ, NITI DEB
ਦੇਬ ਬਰਮਾ ਦੇ ਰਵੱਈਏ ਤੋਂ ਲੱਗਦਾ ਹੈ ਕਿ ਅਦਿਵਾਸੀ ਮੁੱਖ ਮੰਤਰੀ ਤੋਂ ਇਲਾਵਾ ਉਨ੍ਹਾਂ ਦੇ ਸੰਗਠਨ ਨੂੰ ਕੁਝ ਹੋਰ ਸਵੀਕਾਰ ਨਹੀਂ ਹੈ। ਅਜਿਹੇ ਹਾਲਾਤ ਵਿੱਚ ਬਿਪਲਬ ਦੇਬ ਦੇ ਮੁੱਖ ਮੰਤਰੀ ਬਣਨ 'ਤੇ ਦੁਬਿਧਾ ਪੈਦਾ ਹੋ ਗਈ ਹੈ।
ਸੋਮਵਾਰ ਨੂੰ ਤ੍ਰਿਪੁਰਾ ਦੀਆਂ ਸੜਕਾਂ 'ਤੇ ਭਾਜਪਾ ਦੇ ਜੇਤੂ ਜਲੂਸ ਨਹੀਂ ਕੱਢੇ ਗਏ, ਜਿਸ ਨਾਲ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ।
ਕਾਂਗਰਸ ਪਾਰਟੀ ਦੇ ਪ੍ਰਧਾਨ ਤਾਪਸ ਡੇਅ ਨੇ ਅਗਰਤਲਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੂੰ ਪਹਿਲਾਂ ਹੀ ਲੱਗ ਰਿਹਾ ਸੀ ਕਿ ਭਾਜਪਾ ਅਤੇ ਆਈਪੀਐਫਟੀ ਦਾ ਗਠਜੋੜ ਅਸੁਭਾਵਿਕ ਹੈ ਜਿਹੜਾ ਬਹੁਤੀ ਦੇਰ ਤੱਕ ਚੱਲਣ ਵਾਲਾ ਨਹੀਂ ਹੈ।
ਹੁਣ ਨਜ਼ਰਾਂ ਭਾਜਪਾ ਦੇ ਕੋਰ ਮੈਨੇਜਮੈਂਟ ਗਰੁੱਪ ਤੇ ਟਿਕੀਆਂ ਹਨ ਕਿ ਉਹ ਇਸ ਸਮੱਸਿਆ ਦਾ ਹੱਲ ਕਿਵੇਂ ਕੱਢਦੇ ਹਨ।
ਹਾਲਾਂਕਿ ਦੇਬ ਬਰਮਾ ਦੇ ਕੌੜੇ ਸੁਰ ਤੋਂ ਲੱਗ ਰਿਹਾ ਹੈ ਕਿ ਗਠਜੋੜ ਵਿੱਚ ਮੁਸ਼ਕਲਾਂ ਆਉਣ ਵਾਲੀਆਂ ਹਨ।
ਭਾਜਪਾ ਦਾ ਮੈਨੇਜਮੈਂਟ ਗਰੁੱਪ ਹਰ ਤਰ੍ਹਾਂ ਨਾਲ ਮਾਮਲੇ ਦਾ ਨਿਪਟਾਰਾ ਕਰਨਾ ਚਾਹੁੰਦਾ ਹੈ। ਪਰ ਉਹ ਇਹ ਵੀ ਕਹਿੰਦਾ ਹੈ ਕਿ ਆਈਪੀਐਫਟੀ ਦੀ ਵੱਖਰੇ ਸੂਬੇ ਦੀ ਮੰਗ ਸਵੀਕਾਰ ਨਹੀਂ ਹੈ।












