ਮੋਦੀ ਦਾ ਮੁਕਾਬਲਾ ਮੋਦੀ ਨਾਲ

Narendra Modi

ਤਸਵੀਰ ਸਰੋਤ, AFP/GETTY IMAGES

    • ਲੇਖਕ, ਰਾਜੇਸ਼ ਪ੍ਰਿਆਦਰਸ਼ੀ
    • ਰੋਲ, ਡਿਜ਼ੀਟਲ ਐਡੀਟਰ, ਬੀਬੀਸੀ ਹਿੰਦੀ

'ਮੋਦੀ ਲਈ ਕੋਈ ਬਦਲ ਨਹੀਂ ਹੈ', ਇਸ ਤੁੱਕ ਨੂੰ ਅਸਲ-ਸੱਚਾਈ ਮੰਨਣ ਵਾਲਿਆਂ ਦੀ ਵੱਡੀ ਸੰਖਿਆ ਹੈ ਅਤੇ ਉਨ੍ਹਾਂ

ਨੂੰ ਗ਼ਲਤ ਸਾਬਤ ਕਰਨ ਵਾਲੀ ਕੋਈ ਠੋਸ ਦਲੀਲ ਅਜੇ ਤੱਕ ਸਾਹਮਣੇ ਨਹੀਂ ਆਈ।

ਭਾਜਪਾ ਦੇ ਰਣਨੀਤੀਕਾਰਾਂ ਦੀ ਖ਼ਵਾਇਸ਼ ਹੈ ਕਿ ਮੋਦੀ ਦਾ ਮੁਕਾਬਲਾ ਰਾਹੁਲ ਨਾਲ ਹੋ ਜਾਵੇ ਤਾਂ ਮਜ਼ਾ ਆ ਜਾਵੇ।

ਸਿਆਸੀ ਅਖਾੜੇ ਵਿੱਚ ਦੋਵੇਂ ਹੀ ਵੱਖਰੇ-ਵੱਖਰੇ ਵਜ਼ਨ ਗਰੁੱਪ ਦੇ ਪਹਿਲਵਾਨ ਹਨ। ਮੋਦੀ ਬੇਸ਼ੱਕ ਹੈਵੀਵੇਟ ਹਨ ਜਦ ਕਿ ਰਾਹੁਲ ਦਾ ਵਜ਼ਨ ਵਾਰ ਵਾਰ ਘਟਣ-ਵਧਣ ਦੇ ਬਾਵਜੂਦ ਵੀ ਉਹ ਮੋਦੀ ਦੀ ਸ਼੍ਰੇਣੀ 'ਚ ਨਹੀਂ ਆ ਸਕੇ।

ਲੋਕ ਦੇਖ ਰਹੇ ਹਨ ਕਿ ਰਾਹੁਲ ਗਾਂਧੀ ਵਿਰਾਸਤ 'ਚ ਮਿਲੀ ਪਾਰਟੀ ਦੀ ਕਮਾਂਡ ਸਾਂਭਣ ਲਈ ਹਿੰਮਤ ਨਹੀਂ ਕਰ ਰਹੇ ਜਾਂ ਉਨ੍ਹਾਂ ਦੀ ਮਾਂ ਹੀ ਉਨ੍ਹਾਂ ਨੂੰ ਕਮਾਂਡ ਦੇਣ ਲਈ ਅਜੇ ਤਿਆਰ ਨਹੀਂ ਮੰਨ ਰਹੇ। ਅਜਿਹੇ ਆਗੂ ਨੂੰ ਮੋਦੀ ਲਈ ਕਿਉਂ ਚੁਣੌਤੀ ਮੰਨਿਆ ਜਾਵੇ ?

ਇੱਕ ਮੋਦੀ ਹਨ ਜਿਨ੍ਹਾਂ ਨੇ ਸੱਚਮੁਚ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਆਪਣਾ ਰਸਤਾ ਆਪ ਬਣਾਇਆ ਹੈ।

Rahul Gandhi

ਤਸਵੀਰ ਸਰੋਤ, Getty Images

ਬਾਲ ਨਰਿੰਦਰ ਮੋਦੀ ਦੇ ਮਗਰਮੱਛ ਫੜ੍ਹਣ ਵਰਗੇ ਕਿੱਸਿਆ ਨੂੰ ਜੇਕਰ ਨਜ਼ਰ ਅੰਦਾਜ਼ ਕਰ ਦਈਏ ਤਾਂ ਵੀ ਸਿਖਰ ਤੱਕ ਪਹੁੰਚਣ ਦੀ ਉਨ੍ਹਾਂ ਦੀ ਕਹਾਣੀ ਕਿਸੇ ਕਾਲਪਨਿਕ ਰੋਮਾਂਚ ਤੋਂ ਘੱਟ ਨਹੀਂ ਹੈ।

ਦੂਜੇ ਪਾਸੇ ਰਾਹੁਲ ਗਾਂਧੀ ਕਈ ਸਾਲਾਂ ਤੋਂ ਨਾ ਸਿਰਫ਼ ਮੋਦੀ ਨਾਲ ਬਲਕਿ ਖ਼ੁਦ ਨਾਲ ਹੀ ਸੰਘਰਸ਼ ਕਰ ਰਹੇ ਹਨ। ਉਹ ਆਪਣੀ ਅਜਿਹੀ ਕੋਈ ਕਹਾਣੀ ਨਹੀਂ ਬਣਾ ਸਕੇ ਕਿ ਜਿਸ ਬਾਰੇ ਲੋਕ ਗੱਲਾਂ ਕਰ ਸਕਣ ਅਤੇ ਭਰੋਸਾ ਕਰ ਸਕਣ ਕਿ ਇਸ ਬੰਦੇ 'ਚ ਦਮ ਹੈ।

'ਰਾਹੁਲ ਗਾਂਧੀ ਆ ਗਏ, ਰਾਹੁਲ ਗਾਂਧੀ ਛਾ ਗਏ' ਦੀ ਅਵਾਜ਼ ਸੋਸ਼ਲ ਮੀਡੀਆ 'ਤੇ ਕਈ ਵਾਰ ਸੁਣੀ ਗਈ ਪਰ ਉਹ ਇੱਕ ਛੁੱਟੀ ਤੋਂ ਆਏ ਸਨ ਅਤੇ ਦੂਜੀ 'ਤੇ ਚਲੇ ਗਏ।ਇੱਕ ਵਾਰ ਤਾਂ ਤਕਰੀਬਨ ਗੁੰਮਸ਼ੁਦਾ ਹੀ ਐਲਾਨ ਦਿੱਤੇ ਗਏ।

ਹੁਣ ਉਹ ਕਿੰਨੇ ਦਿਨ ਤੱਕ ਬਿਨਾਂ ਛੁੱਟੀ ਲਏ ਸਿਆਸੀ ਮੋਰਚੇ 'ਤੇ ਲੱਗੇ ਰਹਿਣਗੇ, ਇਸ ਬਾਰੇ ਕਿਸੇ ਕਾਂਗਰਸੀ ਨੂੰ ਵੀ ਭਰੋਸਾ ਨਹੀਂ।

ਵੰਸ਼ਵਾਦ ਦੀ ਸਿਆਸਤ

ਭਾਰਤ ਦੀ ਸਿਆਸਤ ਵਿੱਚ ਕਈ ਵੱਡੇ ਨਾਮ ਹਨ, ਜਿਨ੍ਹਾਂ ਨੂੰ ਅੰਗਰੇਜ਼ੀ 'ਚ 'ਰਿਲਕਟੈਂਟ ਪਾਲੀਟੀਸ਼ਿਅਨ' ਕਿਹਾ ਗਿਆ ਹੈ। ਜਿਵੇਂ ਕਿ ਰਾਜੀਵ ਗਾਂਧੀ ਬਾਰੇ ਕਿਹਾ ਜਾਂਦਾ ਸੀ ਕਿ ਉਹ ਬਿਨਾਂ ਮਨ ਦੇ ਸਿਆਸਤ ਕਰ ਰਹੇ ਸਨ ਕਿਉਂਕਿ ਉਨ੍ਹਾਂ ਦੇ ਹਾਲਾਤ ਨੇ ਉਨ੍ਹਾਂ ਨੂੰ ਮਜਬੂਰ ਕੀਤਾ ਸੀ।

Rahul Gandhi

ਤਸਵੀਰ ਸਰੋਤ, Getty Images

ਪਿਉ-ਪੁੱਤਰ 'ਚ ਬਹੁਤ ਵੱਡਾ ਫ਼ਰਕ ਇਹ ਹੈ ਕਿ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਿਸੇ ਖ਼ਾਸ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਜਦ ਕਿ ਚੁਣੌਤੀਆਂ ਵਿਚਾਲੇ ਰਾਹੁਲ ਕਦੀ ਵੀ ਮਜ਼ਬੂਤ ਨਹੀਂ ਦਿਖੇ ਕਿ ਉਨ੍ਹਾਂ ਨੂੰ ਕਾਬਿਲ ਵਾਰਸ ਮੰਨਿਆ ਜਾ ਸਕੇ।

ਵੰਸ਼ਵਾਦ ਦਾ ਇਲਜ਼ਾਮ ਆਪਣੀ ਥਾਂ 'ਤੇ ਹੈ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵੀ ਕਿਸੇ ਖ਼ਾਸ ਵਿਅਕਤੀ ਦੇ ਬੱਚੇ ਹੋਣ ਕਾਰਨ ਹੀ ਸਿਆਸੀ ਸਿਖ਼ਰ ਤੱਕ ਪਹੁੰਚੇ ਸਨ।

ਪਰ ਲੋਕਾਂ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ ਸੀ। ਵੰਸ਼ਵਾਦ ਦਾ ਇਲਜ਼ਾਮ ਰਾਹੁਲ ਗਾਂਧੀ 'ਤੇ ਇਸ ਲਈ ਲੱਗਿਆ ਹੈ ਕਿਉਂਕਿ ਉਹ ਇਹ ਨਹੀਂ ਦੱਸ ਸਕੇ ਕਿ ਜੇਕਰ ਰਾਜੀਵ ਗਾਂਧੀ ਦੇ ਬੇਟੇ ਨਾ ਹੁੰਦੇ ਤਾਂ ਕੀ ਹੁੰਦੇ ?

ਵੰਸ਼ਵਾਦ ਭਾਰਤ ਵਿੱਚ ਕੋਈ ਗੰਭੀਰ ਇਲਜ਼ਾਮ ਨਹੀਂ ਹੈ ਬਲਕਿ ਅਕਸਰ ਇਸ ਦੇ ਵਧੇਰੇ ਅੰਕ ਮਿਲਦੇ ਰਹੇ ਹਨ।

ਦੇਵ ਆਨੰਦ ਅਤੇ ਅਮਿਤਾਭ ਬੱਚਨ ਲੱਖ ਕੋਸ਼ਿਸ਼ ਕਰਨ 'ਤੇ ਵੀ ਆਪਣੇ ਮੁੰਡਿਆਂ ਨੂੰ ਚਲਾ ਨਹੀਂ ਸਕੇ ਕਿਉਂਕਿ ਜਨਤਾ ਨੇ ਉਨ੍ਹਾਂ ਨੂੰ ਕਬੂਲ ਨਹੀਂ ਕੀਤਾ। ਵੰਸ਼ਵਾਦ ਨਾਲ ਮੌਕਾ ਮਿਲ ਸਕਦਾ ਹੈ ਪਰ ਸਫ਼ਲਤਾ ਨਹੀਂ।

Narendra Modi

ਤਸਵੀਰ ਸਰੋਤ, Getty Images

ਹੁਣ ਇਸ ਮੌਕੇ ਨੂੰ ਰਾਹੁਲ ਗਾਂਧੀ ਸਫ਼ਲਤਾ 'ਚ ਬਦਲ ਦੇਣਗੇ ਅਜਿਹਾ ਮੰਨਣ ਦਾ ਕੋਈ ਕਾਰਨ ਹੁਣ ਤੱਕ ਦਿਖਾਈ ਨਹੀਂ ਦਿੰਦਾ ਪਰ ਸਿਆਸੀ ਕ੍ਰਿਕਟ ਤੋਂ ਵੀ ਜ਼ਿਆਦਾ ਅਨਿਸ਼ਚਤਾਵਾਂ ਦਾ ਖੇਡ ਹੈ।

ਮੋਦੀ ਨਾਲ ਮੋਦੀ ਦਾ ਮੁਕਾਬਲਾ

2014 ਦੀਆਂ ਚੋਣਾਂ ਵਿੱਚ ਭਾਜਪਾ ਨਹੀਂ ਜਿੱਤੀ ਬਲਕਿ ਨਰਿੰਦਰ ਮੋਦੀ ਜਿੱਤੇ ਸਨ।

ਯਾਦ ਕਰੋ, ਨਾਅਰਾ 'ਇਸ ਵਾਰ ਭਾਜਪਾ ਸਰਕਾਰ' ਨਹੀਂ ਬਲਕਿ 'ਇਸ ਵਾਰ ਮੋਦੀ ਸਰਕਾਰ' ਸੀ।

ਮੋਦੀ ਦੇਸ਼ ਦੇ ਸੰਸਦੀ ਲੋਕਤੰਤਰ ਨੂੰ ਅਮਰੀਕਾ ਵਰਗੇ ਪ੍ਰੈਸੀਡੈਂਸ਼ਲ ਡੇਮੋਕ੍ਰੇਸੀ ਵਿੱਚ ਬਦਲ ਸਕੇ ਹਨ ਜਾਂ ਨਹੀਂ ਇਸ ਦਾ ਪਤਾ 2019 'ਚ ਲੱਗੇਗਾ।

ਮੋਦੀ ਬਿਨਾਂ ਵਿਵਾਦ ਦੇਸ ਦੇ ਸਭ ਤੋਂ ਵੱਡੇ ਨੇਤਾ ਹਨ ਪਰ ਹੁਣ ਵੀ ਉਨ੍ਹਾਂ ਦਾ ਵਿਸਥਾਰ ਪੂਰੇ ਦੇਸ ਵਿੱਚ ਨਹੀਂ ਹੈ।

Narendra Modi

ਤਸਵੀਰ ਸਰੋਤ, Getty Images

ਇਸ ਲਈ ਭਾਜਪਾ ਸੂਬਿਆਂ 'ਚ ਖ਼ਾਸ ਤੌਰ 'ਤੇ ਦੱਖਣੀ ਅਤੇ ਉੱਤਰ-ਪੂਰਬ ਵਿੱਚ ਮੋਦੀ ਹੈਵੀਵੇਟ ਨਾਲ ਖ਼ੇਤਰੀ ਆਗੂਆਂ ਨੂੰ ਕੁਚਲਣ ਤੋਂ ਬਾਅਦ ਉਨ੍ਹਾਂ ਨੂੰ ਛੋਟੇ ਟੁਕੜਿਆਂ 'ਚ ਵੰਡ ਕੇ ਹਰਾਉਣ ਦੀ ਤਿਆਰੀ ਕਰ ਰਹੀ ਹੈ।

ਇਹੀ ਕਾਰਨ ਹੈ ਕਿ ਅੱਜ ਵੀ ਉਨ੍ਹਾਂ ਨੂੰ ਉਪਿੰਦਰ ਕੁਸ਼ਵਾਹਾ ਅਤੇ ਅਨੁਪ੍ਰਿਆ ਪਟੇਲ ਵਰਗੇ ਲੋਕਾਂ ਨੂੰ ਨਾਲ ਲੈ ਕੇ ਤੁਰਨਾ ਪੈ ਰਿਹਾ ਹੈ।

ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਖ਼ਤਰਾ ਲਿਆ, ਯੂਪੀਏ ਅਤੇ ਐਨਡੀਏ ਦੀ ਗਠਜੋੜ ਦੀ ਰਾਜਨੀਤੀ ਦੇ ਸਾਂਚੇ ਨੂੰ ਤੋੜ ਕੇ ਪਾਰਟੀ ਲਈ ਵੋਟ ਮੰਗਣ ਦੀ ਥਾਂ ਉਨ੍ਹਾਂ ਨੇ ਆਪਣੇ ਨਾ 'ਤੇ ਵੋਟ ਮੰਗੇ।

ਪਾਰਟੀ ਦੀ ਅੰਦਰੂਨੀ ਸਿਆਸਤ 'ਚ ਆਪਣੇ ਸੀਨੀਅਰਾਂ ਨੂੰ ਮਾਰਗ ਦਰਸ਼ਕ ਮੰਡਲ ਦਾ ਮਾਰਗ ਦਿਖਾਇਆ।

ਵਿਵਾਦਾਂ ਦੇ ਬਾਵਜੂਦ ਮੋਦੀ ਗੁਜਰਾਤ ਦੇ ਸਫ਼ਲ ਮੁੱਖ ਮੰਤਰੀ ਸਨ। ਇਸ ਨਜ਼ਰੀਏ ਤੋਂ ਦੇਖੀਏ ਤਾਂ ਰਾਹੁਲ ਗਾਂਧੀ ਦੀ ਸਿਆਸੀ ਯਾਤਰਾ ਵਿੱਚ ਮੀਲ ਦਾ ਕੋਈ ਵੀ ਪੱਥਰ ਦਿਖਾਈ ਨਹੀਂ ਦਿੰਦਾ।

ਬਲਕਿ ਉਹ ਆਪਣੇ ਗੜ੍ਹ ਅਮੇਠੀ ਵਿੱਚ ਵੀ ਕਈ ਵਾਰ ਕਮਜ਼ੋਰ ਦਿਖੇ।

Rahul Gandhi

ਤਸਵੀਰ ਸਰੋਤ, Getty Images

ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਬਿਹਾਰ ਅਤੇ ਦਿੱਲੀ ਵਿੱਚ ਹੋਈ ਹਾਰ ਦਾ ਜਵਾਬ ਮੋਦੀ ਨੇ ਉੱਤਰ ਪ੍ਰਦੇਸ਼ ਦੀ ਜਿੱਤ ਨਾਲ ਦਿੱਤਾ।

ਨੋਟਬੰਦੀ, ਸਰਜੀਕਲ ਸਟ੍ਰਾਈਕ ਅਤੇ ਚੀਨ ਨਾਲ ਵਿਵਾਦ ਦੌਰਾਨ ਇਹ ਸਾਬਤ ਕੀਤਾ ਕਿ ਉਹ ਕੱਚੇ ਖਿਡਾਰੀ ਨਹੀਂ ਹਨ।

ਦੂਜੇ ਪਾਸੇ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੀ ਜਿੱਤ ਨੂੰ ਅਮਰਿੰਦਰ ਦੀ ਸਫ਼ਲਤਾ ਵਜੋਂ ਦੇਖਿਆ ਗਿਆ।

ਗੋਆ ਅਤੇ ਮਣੀਪੁਰ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਉਣ ਤੋਂ ਬਾਅਦ ਵੀ ਸਰਕਾਰ ਨਾ ਬਣਾ ਪਾਉਣ ਨੂੰ ਰਾਹੁਲ ਗਾਂਧੀ ਦੀ ਅਗਵਾਈ ਨੂੰ ਕਮਜ਼ੋਰੀ ਵਜੋਂ ਮੰਨਿਆ ਗਿਆ।

ਅਯੁੱਧਿਆ ਤੋਂ ਗੁਜਰਾਤ ਤੱਕ ਮੰਦਿਰਾਂ ਦੇ ਦਰਸ਼ਨ ਅਤੇ ਵਿਦੇਸ਼ਾਂ ਵਿੱਚ ਯਾਤਰਾ ਕਰ ਕੇ ਰਾਹੁਲ ਗਾਂਧੀ ਮੋਦੀ ਵਾਂਗ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਪੁਰਾਣੇ ਮੋਦੀ ਦੀ ਬਰਾਬਰੀ ਨਹੀਂ ਕਰ ਪਾ ਰਹੇ।

ਉਹ ਇਹ ਦੱਸਣ ਜਾਂ ਜਤਾਉਣ ਦੀ ਹਿੰਮਤ ਨਹੀਂ ਕਰ ਰਹੇ ਕਿ ਅਯੁੱਧਿਆ ਦਾ ਤਾਲਾ ਉਨ੍ਹਾਂ ਦੇ ਮਰਹੂਮ ਪਿਤਾ ਨੇ ਖੁਲ੍ਹਵਾਇਆ ਸੀ ਅਤੇ ਤਿਲਕ-ਆਰਤੀ ਨਾਲ ਗੰਗਾ ਮਾਂ ਦੀ ਜੈ-ਜੈ ਕਾਰ ਰਾਜੀਵ ਗਾਂਧੀ ਨੇ ਖੂਬ ਜ਼ੋਰ ਸ਼ੋਰ ਨਾਲ ਕੀਤੀ ਸੀ।

ਖ਼ੈਰ ਗੰਗਾ ਦੀ ਸਫ਼ਾਈ ਨਾ ਉਦੋਂ ਹੋਈ ਸੀ ਤੇ ਨਾ ਅੱਜ।

ਬਦਲੇ ਮੌਸਮ 'ਚ ਮੋਦੀ ਤੇ ਰਾਹੁਲ

ਪਿਛਲੇ ਦੋ ਮਹੀਨਿਆਂ 'ਚ ਘਟੀ ਵਿਕਾਸ ਦਰ, ਵੱਧਦੀ ਬੇਰੁਜ਼ਗਾਰੀ, ਨੋਟਬੰਦੀ ਦੀ ਨਾਕਾਮੀ ਵਰਗੀਆਂ ਬਥੇਰੀਆਂ ਗੱਲਾਂ ਹੋਈਆਂ ਹਨ। ਜਿਨ੍ਹਾਂ ਦੇ ਕਾਰਨ ਚਰਚਾ ਤੇਜ਼ ਹੋਈ ਹੈ ਕਿ ਮੋਦੀ ਦੀ ਮਕਬੂਲੀਅਤ ਵਿੱਚ ਘਾਟ ਆਈ ਹੈ ਅਤੇ ਲੋਕ ਉਨ੍ਹਾਂ ਤੋਂ ਖੁਸ਼ ਨਹੀਂ ਹਨ।

Narendra Modi

ਤਸਵੀਰ ਸਰੋਤ, AFP/Getty Images

ਜੇਕਰ ਸੋਸ਼ਲ ਮੀਡੀਆ ਨੂੰ ਅਧਾਰ ਮੰਨਿਆ ਜਾਵੇ ਤਾਂ 'ਮੋਦੀ ਮੋਦੀ ਦੇ ਨਾਅਰੇ ਫਿੱਕੇ ਪਏ ਹਨ।

'ਮੋਦੀ ਦਾ ਕੋਈ ਬਦਲ ਨਹੀਂ ਹੈ' ਕਹਿਣ ਵਾਲੇ ਭਾਜਪਾ ਸਮਰਥਕਾਂ ਦਾ ਸੁਰ ਬਦਲ ਗਿਆ ਹੈ। ਉਹ ਪੁੱਛਣ ਲੱਗੇ ਹਨ ਕਿ ਮੋਦੀ ਨਹੀਂ, ਤਾਂ ਕੀ ਰਾਹੁਲ ?

ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੋਦੀ ਦੇ ਕੋਲ ਗੁਆਉਣ ਲਈ ਜ਼ਿਆਦਾ ਕੁਝ ਨਹੀਂ ਸੀ ਅਤੇ ਹੁਣ ਜੋ ਵੀ ਹੈ ਉਹ ਸਾਰਾ ਕੁਝ ਗਆਉਣ ਲਈ ਹੀ ਹੈ। ਪਾਉਣ ਲਈ ਕੀ ਬਚਿਆ ਹੈ ?

ਦੂਜੇ ਪਾਸੇ ਰਾਹੁਲ ਨੇ ਅਜੇ ਪਾਇਆ ਹੀ ਕੀ ਹੈ ?

ਮੋਦੀ ਨੇ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਜਿੰਨੇ ਵਾਅਦੇ ਕੀਤੇ ਹਨ, ਜਿੰਨੀਆਂ ਉਮੀਦਾਂ ਜਗਾਈਆਂ ਹਨ। ਉਨ੍ਹਾਂ ਦੀ ਸੂਚੀ ਹੀ ਮੋਦੀ ਨੂੰ ਪਰੇਸ਼ਾਨ ਕਰਨ ਲਈ ਬਹੁਤ ਹੈ

ਬੇਸ਼ੱਕ ਦੇਸ ਨੂੰ ਚਮਕਾਉਣ ਦੇ, ਰੋਜ਼ਗਾਰ ਦੇ, ਕਾਲਾ ਧਨ ਵਾਪਸ ਲਿਆਉਣ ਦੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ, ਮੇਕ ਇਨ ਇੰਡੀਆ ਦੇ, ਸਮਾਰਟ ਸਿਟੀ ਵਸਾਉਣ ਦੇ ਸਾਰੇ ਵਾਅਦੇ ਅਧੂਰੇ ਪਏ ਹਨ।

2014 ਵਾਲੇ ਮੋਦੀ ਨੂੰ ਦੇਸ ਨੂੰ ਦੱਸਣਾ ਪਏਗਾ ਕਿ ਇਹ ਸਾਰੇ ਕੰਮ ਪੂਰਾ ਬਹੁਮਤ ਮਿਲਣ ਦੇ ਬਾਵਜੂਦ ਵੀ ਕਿਉਂ ਨਹੀਂ ਹੋਏ ਅਤੇ 2019 ਵਿੱਚ ਮੋਦੀ ਇਹ ਸਾਰੇ ਕੰਮ ਕਿਵੇਂ ਕਰ ਲੈਣਗੇ?

ਮੋਦੀ-2 ਦੇ ਲਈ ਸਭ ਤੋਂ ਵੱਡੀ ਚੁਣੌਤੀ ਮੋਦੀ-1 ਤੋਂ ਉਪਜੀ ਨਿਰਾਸ਼ਾ ਹੈ।

Narendra Modi

ਤਸਵੀਰ ਸਰੋਤ, Reuters

ਲੋਕ ਅਕਸਰ ਭੁੱਲ ਜਾਂਦੇ ਹਨ ਕਿ ਲੋਕ ਵੱਖ-ਵੱਖ ਚੋਣਾਂ 'ਚ ਵੱਖ-ਵੱਖ ਕਾਰਨਾਂ ਕਰਕੇ ਵੋਟ ਦਿੰਦੇ ਹਨ। ਲੋਕ ਰਾਹੁਲ ਗਾਂਧੀ ਨੂੰ ਜਿਤਾਉਣ ਲਈ ਬੇਸ਼ੱਕ ਵੋਟ ਨਾ ਦੇਣ ਪਰ ਕਈ ਵਾਰ ਲੋਕ ਹਰਾਉਣ ਲਈ ਵੀ ਵੋਟ ਦਿੰਦੇ ਹਨ।

ਯਾਦ ਕਰੋ, 2004 'ਚ ਇਹ ਭਵਿੱਖਬਾਣੀ ਕਿਸੇ ਨੇ ਨਹੀਂ ਕੀਤੀ ਸੀ ਕਿ ਚਮਕਦੇ ਹੋਏ ਹੋਏ ਭਾਰਤ ਦੇ ਲੋਕ ਅਟਲ ਬਿਹਾਰੀ ਵਾਜਪਈ ਨੂੰ ਹਰਾਉਣ ਲਈ ਵੋਟ ਕਰਨਗੇ।

ਉਦੋਂ ਕਿੰਨੇ ਲੋਕ ਸੋਨੀਆ ਗਾਂਧੀ ਨੂੰ ਵਾਜਪਈ ਦੀ ਬਦਲ ਮੰਨ ਰਹੇ ਸਨ ?

ਮੋਦੀ ਨਹੀਂ ਤਾਂ ਫਿਰ ਕੌਣ ? ਇਹ ਸਵਾਲ ਪੁੱਛਣ ਵਾਲੇ ਭੁੱਲ ਰਹੇ ਹਨ ਕਿ ਦੇਸ 'ਚ ਅਜੇ ਵੀ ਸੰਸਦੀ ਜਮਹੂਰੀ ਪ੍ਰਬੰਧ ਹੈ। ਸੂਬਿਆਂ 'ਚ 50 ਸਿਆਸੀ ਪਾਰਟੀਆਂ ਸਰਗਰਮ ਹਨ।

ਭਾਵੇਂ ਮੋਦੀ ਵਾਂਗ ਇੱਕ ਇੱਕ ਚਿਹਰਾ ਨਾ ਦਿਖ ਰਿਹਾ ਹੋਵੇ ਪਰ ਮੋਦੀ ਵਿਰੋਧੀ ਗਠਜੋੜ ਦੇ ਉਭਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਦੇਸ ਦੀਆਂ ਚੋਣਾਂ ਜਿੱਤਣ ਵਾਲੇ ਮੋਦੀ ਪੂਰੀ ਤਰ੍ਹਾਂ ਤਾਕਤ ਲਾ ਕੇ ਵੀ ਕੁਝ ਹੀ ਮਹੀਨਿਆਂ ਵਿੱਚ ਦਿੱਲੀ ਦੀਆਂ ਚੋਣਾਂ ਸ਼ਰਮਨਾਕ ਢੰਗ ਨਾਲ ਹਾਰ ਗਏ ਸਨ।

ਇਸ ਲਈ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ 2019 ਦਾ ਅੰਦਾਜ਼ਾ ਪੱਕਾ ਲੱਗ ਜਾਵੇਗਾ।

Narendra Modi

ਤਸਵੀਰ ਸਰੋਤ, Getty Images

ਗੁਜਰਾਤ 'ਚ ਭਾਜਪਾ ਲੰਮੇ ਸਮੇਂ ਤੋਂ ਸੱਤਾ ਵਿੱਚ ਹੈ ਅਤੇ ਉਥੋਂ ਦੇ ਹਾਲਾਤ ਬਾਕੀ ਦੇਸ ਨਾਲੋਂ ਬਹੁਤ ਵੱਖਰੀ ਹੈ।

ਗੁਜਰਾਤ ਵਿੱਚ ਵੀ ਕੋਈ ਵਿਰੋਧੀ ਧਿਰ ਨਹੀਂ ਹੈ। ਵਿਕਾਸ ਅਤੇ ਹਿੰਦੂਵਾਦ ਦੀ ਵਿਰਾਸਤ ਛੱਡ ਕੇ ਪ੍ਰਧਾਨ ਮੰਤਰੀ ਬਣੇ ਮੋਦੀ ਦਾ ਮੁਕਾਬਲਾ ਹੁਣ ਉਸ ਮੋਦੀ ਨਾਲ ਹੈ, ਜਿੰਨੇ ਨੋਟਬੰਦੀ ਅਤੇ ਜੀਐਸਟੀ ਵਰਗੇ ਫ਼ੈਸਲੇ ਲਏ ਹਨ।

2019 ਵਿੱਚ ਅਜੇ ਕਾਫ਼ੀ ਸਮਾਂ ਹੈ, ਸਿਆਸੀ ਮਾਹਰ ਕਹਿ ਰਹੇ ਹਨ ਕਿ ਉਹਨਾਂ ਚੋਣ ਵਿੱਚ ਇੱਕ ਪਾਸੇ ਮੋਦੀ ਹੋਣਗੇ ਅਤੇ ਦੂਜੇ ਪਾਸੇ ਬਾਕੀ ਸਾਰੇ ਨੇਤਾ।

ਅਜੇ ਤਾਂ ਰਾਹੁਲ ਦੀ ਚੁਣੌਤੀ ਉਨ੍ਹਾਂ ਬਾਕੀ ਆਗੂਆਂ ਦਾ ਆਗੂ ਬਣਨ ਦੀ ਹੈ, ਉਸ ਤੋਂ ਬਾਅਦ ਵੀ ਮੋਦੀ ਦਾ ਮੁਕਾਬਲਾ ਮੋਦੀ ਨਾਲ ਹੀ ਹੋਵੇਗਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)