ਕਿਹੜੀ ਸ਼ਰਤ ਮੰਨ ਕੇ ਸ਼ਾਹਰੁਖ ਬਣੇ ਕਿੰਗ ਖ਼ਾਨ

ਤਸਵੀਰ ਸਰੋਤ, INDRANIL MUKHERJEE/AFP
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
ਲੇਖ ਟੰਡਨ ਨੂੰ ਤੁਸੀਂ 'ਪ੍ਰੋਫ਼ੈਸਰ', 'ਆਮਰਪਾਲੀ', 'ਅਗਰ ਤੁਮ ਨਾ ਹੋਤੇ' ਵਰਗੀਆਂ ਫ਼ਿਲਮਾਂ ਦੇ ਨਿਰਦੇਸ਼ਕ ਦੇ ਤੌਰ 'ਤੇ ਪਛਾਣਦੇ ਹੋ।
ਜਾਂ ਫ਼ੇਰ ਉਸ ਨਿਰਦੇਸ਼ਕ ਦੇ ਤੌਰ 'ਤੇ ਜਿਨ੍ਹਾਂ ਸ਼ਾਹਰੁਖ ਖ਼ਾਨ ਨਾਮ ਦੇ ਇੱਕ ਗੁਮਨਾਮ ਅਦਾਕਾਰ ਨੂੰ ਬ੍ਰੇਕ ਦਿੱਤੀ, ਜਿਸ ਨੂੰ ਦੁਨੀਆਂ ਅੱਜ ਕਿੰਗ ਖ਼ਾਨ ਦੇ ਨਾਮ ਨਾਲ ਜਾਣਦੀ ਹੈ।
13 ਫ਼ਰਵਰੀ 1929 ਨੂੰ ਲਹੌਰ 'ਚ ਪੈਦਾ ਹੋਏ ਲੇਖ ਟੰਡਨ ਦੀ ਐਤਵਾਰ ਨੂੰ ਮੌਤ ਹੋ ਗਈ।
ਰਾਜ ਸਭਾ ਟੀਵੀ ਨੂੰ ਦਿੱਤੇ ਗਏ ਇੱਕ ਇੰਟਰਵੀਊ 'ਚ ਲੇਖ ਟੰਡਨ ਨੇ ਦੱਸਿਆ ਸੀ, ''80 ਦੇ ਦਹਾਕੇ 'ਚ ਮੈਂ ਦਿੱਲੀ 'ਚ ਟੀਵੀ ਸੀਰੀਅਲ ਸ਼ੂਟ ਕਰ ਰਿਹਾ ਸੀ। ਇੱਕ ਦਿਨ ਇੱਕ ਜਵਾਨ ਮੁੰਡਾ ਸੈੱਟ 'ਤੇ ਕਿਸੇ ਨੂੰ ਛੱਡਣ ਆਇਆ। ਉਸਦੇ ਲੰਮ-ਲੰਮੇ ਵਾਲ ਸਨ।"
"ਮੈਂ ਉਸਨੂੰ ਰੋਕਿਆ ਤੇ ਪੁੱਛਿਆ ਕਿ ਮੇਰੇ ਨਾਲ ਕੰਮ ਕਰੋਗੇ ਪਰ ਵਾਲ ਕੱਟਣੇ ਪੈਣਗੇ। ਮੁੰਡੇ ਨੇ ਪੁੱਛਿਆ ਜੇ ਮੈਂ ਵਾਲ ਕਟਵਾ ਲਵਾਂ ਅਤੇ ਤੁਸੀਂ ਕੰਮ ਵੀ ਨਾ ਦਿੱਤਾ ਤਾਂ? ਮੈਂ ਕਿਹਾ ਵਾਲ ਕਟਵਾਓ, ਕੰਮ ਮਿਲੇਗਾ।"
"ਉਹ ਵਾਲ ਕਟਵਾਕੇ ਆਇਆ ਪਰ ਮੈਂ ਕਿਹਾ ਇਸ ਨਾਲ ਨਹੀਂ ਕੰਮ ਚੱਲਣਾ, ਹੋਰ ਕੱਟਣੇ ਪੈਣਗੇ। ਉਹ ਮੰਨ ਗਿਆ ਅਤੇ ਮੇਰੇ ਟੀਵੀ ਸੀਰੀਅਲ 'ਦਿਲ ਦਰਿਆ' 'ਚ ਕੰਮ ਕਰਨ ਲੱਗਿਆ। ਸ਼ਾਹਰੁਖ ਨੇ ਸੀਰੀਅਲ 'ਚ ਬਹੁੰਤ ਚੰਗਾ ਕੰਮ ਕੀਤਾ। ਮੈਂ ਇੱਕ ਹੋਰ ਸੀਰੀਅਲ 'ਚ ਉਸਦਾ ਨਾਮ ਅੱਗੇ ਵਧਾਇਆ - ਫ਼ੌਜੀ। ਫ਼ੌਜੀ ਸੀਰੀਅਲ ਟੀਵੀ 'ਤੇ ਪਹਿਲਾਂ ਪ੍ਰਸਾਰਿਤ ਹੋਇਆ। ਕੁਝ ਸਾਲ ਬਾਅਦ ਉਹ ਆਪਣੀ ਮਿਹਨਤ ਦੇ ਸਿਰ 'ਤੇ ਫ਼ਿਲਮਾਂ ਤੱਕ ਪਹੁੰਚ ਗਏ।''

ਤਸਵੀਰ ਸਰੋਤ, TWITTER/ANUPAM KHER
ਮਤਲਬ ਕੁੰਦਨ ਸ਼ਾਹ ਅਤੇ ਸਈਦ ਮਿਰਜ਼ਾ ਸਣੇ ਲੇਖ ਟੰਡਨ ਉਨ੍ਹਾਂ ਜੌਹਰੀਆਂ 'ਚੋਂ ਸਨ ਜਿੰਨ੍ਹਾਂ ਸ਼ਾਹਰੁਖ ਖ਼ਾਨ ਨੂੰ ਉਸ ਵੇਲੇ ਲੱਭਿਆ ਅਤੇ ਤਰਾਸ਼ਿਆ ਜਦੋਂ ਉਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀ।
ਲਹੌਰ 'ਚ ਰਹਿਣ ਵਾਲੇ ਲੇਖ ਟੰਡਨ ਦਾ ਪਰਿਵਾਰ ਕਪੂਰ ਖ਼ਾਨਦਾਨ ਦੇ ਕਾਫ਼ੀ ਨੇੜੇ ਸੀ।
ਲੇਖ ਟੰਡਨ 60 ਦੇ ਦਹਾਕੇ ਤੋਂ ਲੈ ਕੇ ਨਵੀਂ ਸਦੀ ਤੱਕ ਫ਼ਿਲਮਾਂ ਦੇ ਹਰ ਪੜਾਅ ਦੇ ਗਵਾਹ ਰਹੇ ਹਨ।
60 ਦੇ ਦਹਾਕੇ 'ਚ ਜਿੱਥੇ ਉਨ੍ਹਾਂ ਸ਼ੰਮੀ ਕਪੂਰ ਨਾਲ ਪ੍ਰੋਫ਼ੈਸਰ ਅਤੇ ਪ੍ਰਿੰਸ ਵਰਗੀਆਂ ਕਮਰਸ਼ੀਅਲ ਹਿੱਟ ਫ਼ਿਲਮਾਂ ਬਣਾਈਆਂ ਤਾਂ ਵੈਜੰਤੀਮਾਲਾ ਦੇ ਨਾਲ ਆਮਰਪਾਲੀ ਫ਼ਿਲਮ 'ਤੇ ਵੀ ਕੰਮ ਕੀਤਾ।

ਤਸਵੀਰ ਸਰੋਤ, TWITTER/RISHI KAPOOR
70 ਦੇ ਦਹਾਕੇ 'ਚ ਉਨ੍ਹਾਂ ਰਾਜੇਸ਼ ਖੰਨਾ ਨੂੰ 'ਅਗਰ ਤੁਮ ਨਾ ਹੋਤੇ' ਦੇ ਰਾਹੀਂ ਉਸ ਸਮੇਂ ਹਿੱਟ ਫ਼ਿਲਮ ਦਿੱਤੀ ਜਦੋਂ ਰਾਜੇਸ਼ ਖੰਨਾ ਦਾ ਸੁਪਰ ਸਟਾਰ ਵਾਲਾ ਦੌਰ ਖ਼ਤਮ ਹੋ ਰਿਹਾ ਸੀ।
ਲਿਖਣ 'ਚ ਵੀ ਲੇਖ ਟੰਡਨ ਖ਼ੂਬ ਮਾਹਿਰ ਸਨ ਅਤੇ ਫ਼ਿਲਮਾਂ ਤੇ ਟੀਵੀ ਦੀਆਂ ਕਹਾਣੀਆਂ ਵੀ ਲਿਖਦੇ ਸਨ।
'ਦੁਲਹਨ ਵਹੀ ਜੋ ਪਿਆ ਮਨ ਭਾਏ' ਦੇ ਸਕਰੀਨ ਪਲੇਅ ਦੇ ਲਈ ਉਨ੍ਹਾਂ ਨੂੰ ਫ਼ਿਲਮ ਫੇਅਰ ਅਵਾਰਡ ਵੀ ਮਿਲਿਆ।
80 ਦੇ ਦਹਾਕੇ 'ਚ ਲੇਖ ਟੰਡਨ ਨੇ ਦਰਸ਼ਕਾਂ ਨੂੰ 'ਫ਼ਰਮਾਨ', 'ਫ਼ਿਰ ਵਹੀ ਤਲਾਸ਼' ਜਿਹੇ ਸੀਰੀਅਲ ਦਿੱਤੇ ਅਤੇ 'ਦੂਸਰਾ ਕੇਵਲ ਭੀ' ਜਿਸ 'ਚ ਫੇਰ ਸ਼ਾਹਰੁਖ ਨੇ ਕੰਮ ਕੀਤਾ।
ਸ਼ਾਹਰੁਖ ਅਤੇ ਲੇਖ ਟੰਡਨ ਵਿਚਾਲੇ ਗੁਰੂ-ਚੇਲੇ ਦਾ ਬਿਹਤਰੀਨ ਰਿਸ਼ਤਾ ਲੰਮਾ ਸਮਾਂ ਰਿਹਾ। ਸ਼ਾਹਰੁਖ ਦੀਆਂ ਕਈ ਫ਼ਿਲਮਾਂ 'ਚ ਉਨ੍ਹਾਂ ਅਦਾਕਾਰੀ ਵੀ ਕੀਤੀ ਜਿਵੇਂ ਕਿ 'ਸਵਦੇਸ' ਅਤੇ 'ਚੇਨੱਈ ਐਕਸਪ੍ਰੈਸ'।

ਤਸਵੀਰ ਸਰੋਤ, TWITTER
ਹਾਲਾਂਕਿ ਇੱਕ ਇੰਟਰਵੀਊ ਦੌਰਾਨ ਬਾਅਦ 'ਚ ਉਨ੍ਹਾਂ ਦੱਸਿਆ ਕਿ ਦੋਹਾਂ ਵਿਚਾਲੇ ਪ੍ਰੋਫੈਸ਼ਨਲ ਮਨ ਮੁਟਾਅ ਹੋ ਗਿਆ ਅਤੇ ਉਹ ਰਿਸ਼ਤਾ ਵਿਗੜ ਗਿਆ। ਰੰਗ ਦੇ ਬਸੰਤੀ 'ਚ ਉਹ ਆਮਿਰ ਖ਼ਾਨ ਨਾਲ ਨਜ਼ਰ ਆਏ ਸਨ।
ਫ਼ਿਲਮਾਂ ਦੀ ਗੱਲ ਕਰੀਏ ਤਾਂ ਇੱਥੇ ਉਨ੍ਹਾਂ ਦੀ ਫ਼ਿਲਮ 'ਦੂਸਰੀ ਦੁਲਹਨ' ਦਾ ਜ਼ਿਕਰ ਜਰੂਰੀ ਹੈ ਜਿਹੜੀ ਇੱਕ ਅਜਿਹੇ ਜੋੜੇ ਦੀ ਕਹਾਣੀ ਹੈ ਜਿਸਦੀ ਔਲਾਦ ਨਹੀਂ ਹੈ ਅਤੇ ਉਹ ਇੱਕ ਵੇਸਵਾ ਨੂੰ ਸਰੋਗੇਟ ਮਾਂ ਲਈ ਇਸਤੇਮਾਲ ਕਰਦੇ ਹਨ। ਇਸ 'ਚ ਸ਼ਬਾਨਾ ਆਜ਼ਮੀ ਨੇ ਕੰਮ ਕੀਤਾ ਸੀ।
ਲੇਖ ਟੰਡਨ ਆਪਣੀ ਜ਼ਿੰਦਗੀ 'ਚ ਜ਼ਿਆਦਾਤਰ ਸੁਰਖ਼ੀਆਂ ਤੋਂ ਦੂਰ ਹੀ ਰਹੇ ਪਰ ਹਿੰਦੀ ਫਿਲਮਾਂ ਦੇ ਸਫ਼ਰ 'ਚ ਉਨ੍ਹਾਂ ਦਾ ਆਪਣਾ ਵੱਖਰਾ ਯੋਗਦਾਨ ਰਿਹਾ। ਖ਼ਾਸ ਤੌਰ 'ਤੇ ਅਜਿਹੇ ਮੁੱਦਿਆਂ 'ਤੇ ਜਿੰਨ੍ਹਾਂ 'ਤੇ ਘੱਟ ਹੀ ਗੱਲ ਹੁੰਦੀ ਹੈ।
ਮਰਹੂਮ ਅਦਾਕਾਰ ਤੇ ਨਿਰਦੇਸ਼ਕ ਲੇਖ ਟੰਡਨ ਨਾਲ ਜੁੜੇ 5 ਤੱਥ
- ਲੇਖ ਟੰਡਨ ਨੂੰ ਫ਼ਿਲਮਾਂ 'ਚ ਆਉਣ ਲਈ ਪ੍ਰਿਥਵੀਰਾਜ ਕਪੂਰ ਤੋਂ ਪ੍ਰੇਰਣਾ ਮਿਲੀ।
- ਸ਼ਾਹਰੁਖ ਖ਼ਾਨ ਨੂੰ ਉਨ੍ਹਾਂ ਆਪਣੇ ਟੀਵੀ ਸੀਰੀਅਲ ਦਿਲ ਦਰਿਆ ਲਈ ਚੁਣਿਆ ਸੀ।
- ਹਾਲ ਹੀ 'ਚ ਆਈ ਲਘੂ ਫ਼ਿਲਮ 'ਪਾਪਾ ਵੀ ਲਵ ਯੂ ਟੂ' 'ਚ ਜਿੰਮੀ ਸ਼ੇਰਗਿੱਲ ਨਾਲ ਮੁੱਖ ਕਿਰਦਾਰ 'ਚ ਨਜ਼ਰ ਆਏ ਸਨ।
- ਰਾਜੇਸ਼ ਖੰਨਾ ਦਾ ਸੁਪਰ ਸਟਾਰ ਵਾਲਾ ਦੌਰ ਖ਼ਤਮ ਹੋਣ ਵੇਲੇ ਦਿੱਤੀ ਹਿੱਟ ਫ਼ਿਲਮ।
- ਦੁਲਹਨ ਵਹੀ ਜੋ ਪਿਆ ਮਨ ਭਾਏ' ਦੇ ਸਕਰੀਨ ਪਲੇਅ ਲਈ ਫ਼ਿਲਮ ਫੇਅਰ ਅਵਾਰਡ ਮਿਲਿਆ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












