ਇੱਕ ਕੁੜੀ ਦੇ ਨਾਂ 'ਤੇ ਸੜਕ ਦਾ ਨਾਂ

ਤਸਵੀਰ ਸਰੋਤ, PAL SINGH NAULI
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਨਕੋਦਰ ਸਬ ਡਵੀਜ਼ਨ ਦੀ ਐਸ.ਡੀ.ਐਮ. ਅੰਮ੍ਰਿਤ ਸਿੰਘ ਨੇ ਨਕੋਦਰ ਸ਼ਹਿਰ ਦੀ ਰਹਿਣ ਵਾਲੀ ਕੈਪਟਨ ਸੋਨੀਆ ਅਰੋੜਾ ਦੇ ਨਾਂ 'ਤੇ ਸੜਕ ਦਾ ਨਾਂ ਰੱਖਿਆ ਹੈ।
ਇਹ ਸੜਕ ਸੋਨੀਆ ਅਰੋੜਾ ਦੇ ਘਰ ਤੋਂ ਉਸ ਦੇ ਸਕੂਲ ਤੱਕ ਜਾਂਦੀ ਹੈ।
ਪੰਜਾਬ ਵਿੱਚ ਧੀਆਂ ਦੇ ਨਾਂ 'ਤੇ ਸੜਕਾਂ ਦੇ ਨਾਂ ਰੱਖਣ ਦੀ ਪਹਿਲੀ ਵਾਰੀ ਪਿਰਤ ਪਾ ਕੇ ਸੂਬੇ ਵਿੱਚ ਕੁੜੀਆਂ ਤੇ ਮੁੰਡਿਆਂ ਵਿੱਚ ਸਮਝੇ ਜਾਂਦੇ ਫਰਕ ਦੀ ਲੀਕ ਨੂੰ ਮਿਟਾਉਣ ਦਾ ਸਾਕਾਰਾਤਮਕ ਕਦਮ ਚੁੱਕਿਆ ਗਿਆ।
ਨਕੋਦਰ ਦੀ ਐਸ.ਡੀ.ਐਮ. ਅੰਮ੍ਰਿਤ ਸਿੰਘ ਨੇ 'ਸਾਡੀਆਂ ਧੀਆਂ ਸਾਡਾ ਮਾਣ' ਮੁਹਿੰਮ ਤਹਿਤ ਨਕੋਦਰ ਸ਼ਹਿਰ ਦੀ ਪਹਿਲੀ ਫ਼ੌਜੀ ਅਫ਼ਸਰ ਸੋਨੀਆ ਅਰੋੜਾ ਦੇ ਨਾਂ 'ਤੇ ਸੜਕ ਦਾ ਨਾਂ ਰੱਖਿਆ ਹੈ।

ਤਸਵੀਰ ਸਰੋਤ, PAL SINGH NAULI
ਧੀਆਂ ਦੇ ਨਾਂ 'ਤੇ ਸੜਕਾਂ ਦੇ ਨਾਂ ਰੱਖਣ ਬਾਰੇ ਬਕਾਇਦਾ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਗਮ ਕੀਤਾ ਗਿਆ ਸੀ।
ਲੋਕਲ ਬਾਡੀ ਡਾਇਰੈਕਟਰ ਤੋਂ ਲਈ ਪ੍ਰਵਾਨਗੀ
ਸੜਕਾਂ ਦਾ ਨਾਂ ਲੜਕੀਆਂ ਦੇ ਨਾਂ 'ਤੇ ਰੱਖਣ ਬਾਰੇ ਬਕਾਇਦਾ ਨਕੋਦਰ ਦੀ ਨਗਰ ਕੌਂਸਲ ਨੇ ਮਤਾ ਪਾਸ ਕੀਤਾ ਸੀ ਤੇ ਇਸ ਮਤੇ ਨੂੰ ਲੋਕਲ ਬਾਡੀ ਡਾਇਰੈਕਟਰ ਨੇ ਪ੍ਰਵਾਨਗੀ ਦਿੱਤੀ ਸੀ।
ਸਰਕਾਰੀ ਤੌਰ 'ਤੇ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਇਹ ਨਾਂ ਰੱਖਿਆ ਗਿਆ।
ਐਸ.ਡੀ.ਐਮ ਅੰਮ੍ਰਿਤ ਸਿੰਘ ਵੱਲੋਂ ਕੀਤੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੈਪਟਨ ਸੋਨੀਆਂ ਅਰੋੜਾ ਨੇ ਕਿਹਾ ਕਿ ਉਹ ਇਸ ਮੁਹਿੰਮ ਨਾਲ ਜੁੜਕੇ ਮਾਣ ਮਹਿਸੂਸ ਕਰ ਰਹੇ ਹਨ। ਅਨੁਸਾਸ਼ਨ, ਦ੍ਰਿੜਤਾ, ਪ੍ਰਤੀਬੱਧਤਾ ਅਤੇ ਸਮਰਪਣ ਸਦਕਾ ਹੀ ਉਹ ਇਹ ਪ੍ਰਾਪਤੀ ਕਰ ਸਕੇ ਹਨ। ਕੁੜੀਆਂ ਜੀਵਨ ਵਿੱਚ ਉੱਚੀ ਸੋਚ ਤੇ ਸੁਪਨੇ ਰੱਖਣ ਤਾਂ ਜੋ ਜੀਵਨ 'ਚ ਮੰਜ਼ਿਲ ਦੀ ਪ੍ਰਾਪਤੀ ਹੋ ਸਕੇ।
ਦਸਤਾਵੇਜ਼ੀ ਫਿਲਮ ਬਣੀ ਮੁਹਿੰਮ ਦਾ ਆਧਾਰ
ਐਸ.ਡੀ.ਐਮ. ਅੰਮ੍ਰਿਤ ਸਿੰਘ ਦੇ ਜ਼ਹਿਨ ਵਿਚ ਇਹ ਖਿਆਲ ਕਿਵੇਂ ਆਇਆ ਕਿ ਉਹ ਧੀਆਂ ਨੂੰ ਰੋਲ ਮਾਡਲ ਵਜੋਂ ਦੇਖੇ।

ਤਸਵੀਰ ਸਰੋਤ, PAlL SINGH NAULI
ਉਨ੍ਹਾਂ ਦੱਸਿਆ ਕਿ ਉਹ ਇਕ ਦਿਨ ਦਸਤੇਵੇਜ਼ੀ ਫਿਲਮ ਦੇਖ ਰਹੀ ਸੀ ਜਿਹੜੀ ਕਿ ਸਲੱਮ ਬੱਚਿਆਂ ਦੇ ਬਾਰੇ ਸੀ।
ਇਕ ਐਨ.ਜੀ.ਓ. ਵੱਲੋਂ ਬਣਾਈ ਗਈ ਦਸਤੇਵੇਜ਼ੀ ਫਿਲਮ ਬਾਰੇ ਬੱਚਿਆਂ ਨੂੰ ਪੁੱਛਿਆ ਜਾ ਰਿਹਾ ਸੀ ਕਿ ਉਹ ਵੱਡੇ ਹੋ ਕੇ ਕੀ ਬਣਨਗੇ ਤਾਂ ਕੋਈ ਕਹਿ ਰਿਹਾ ਸੀ ਕਿ ਉਹ ਵੱਡਾ ਡੌਨ ਬਣੇਗਾ ਜਾਂ ਵੱਡਾ ਗੁੰਡਾ ਬਣੇਗਾ।
ਇਥੋਂ ਹੀ ਮਨ ਵਿਚ ਖਿਆਲ ਆਇਆ ਕਿ ਬੱਚਿਆਂ ਦੇ ਮਨ ਵਿਚ ਰੋਲ ਮਾਡਲ ਦੀ ਵੱਡੀ ਭੂਮਿਕਾ ਬਣਦੀ ਹੈ।
ਇਸ ਦਾ ਪ੍ਰਭਾਵ ਬੱਚੇ ਕਬੂਲਦੇ ਹਨ। ਇਸੇ ਖਿਆਲ ਨੂੰ ਸੱਚ ਕਰਨ ਲਈ ਉਨ੍ਹਾਂ ਨੇ ਪਾਜ਼ੇਟਿਵ ਰੋਲ ਮਾਡਲਾਂ ਦੀ ਚੋਣ ਕਰਨ ਬਾਰੇ ਸੋਚਿਆ ਕਿ ਕਿਉਂ ਨਾ ਸਧਾਰਨ ਕੁੜੀਆਂ ਦੀਆਂ ਪ੍ਰਾਪਤੀਆਂ ਨੂੰ ਵੱਡੇ ਕਰਕੇ ਦਿਖਾਇਆ ਜਾਵੇ।
ਲੋਕਾਂ 'ਤੇ ਚੰਗਾ ਪ੍ਰਭਾਵ
ਅੰਮ੍ਰਿਤ ਸਿੰਘ ਦੱਸਦੀ ਹੈ ਕਿ ਜਿਹੜੀ ਧੀ ਦੇ ਨਾਂ 'ਤੇ ਸੜਕਾਂ ਦੇ ਨਾਂ ਰੱਖੇ ਗਏ ਹਨ ਜੇ ਉਹ ਵਿਆਹੀ ਵੀ ਜਾਂਦੀ ਹੈ ਤਾਂ ਵੀ ਉਸ ਦਾ ਨਾਂ ਹਮੇਸ਼ਾਂ ਹਮੇਸ਼ਾਂ ਲਈ ਆਪਣੇ ਸ਼ਹਿਰ ਵਿਚ ਤੇ ਲੋਕਾਂ ਦੇ ਮਨਾਂ ਵਿਚ ਰਹੇਗਾ।
ਉਨ੍ਹਾਂ ਦੇ ਇਸ ਯਤਨ ਨੂੰ ਲੋਕਾਂ ਨੇ ਹੁੰਗਾਰਾ ਭਰਿਆ ਤੇ ਇਸ ਦਾ ਪ੍ਰਭਾਵ ਵੀ ਲੋਕਾਂ 'ਤੇ ਚੰਗਾ ਪਿਆ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












