Ground Report: ਜਦੋਂ ਕਿਸੇ ਨੂੰ ਡਰਾਉਣ ਲੱਗੇ ਉਸਦਾ ਆਪਣਾ ਹੀ ਘਰ

ਤਸਵੀਰ ਸਰੋਤ, JASBIR SHETRA/BBC
- ਲੇਖਕ, ਜਸਬੀਰ ਸ਼ੇਤਰਾ
- ਰੋਲ, ਬੀਬੀਸੀ ਪੰਜਾਬੀ ਲਈ
ਜਦੋਂ ਕਿਸੇ ਦਾ ਆਪਣੇ ਹੀ ਘਰ ਵਿੱਚ ਜਾਣ ਨੂੰ ਜੀਅ ਨਾ ਕਰੇ, ਆਪਣਾ ਹੀ ਘਰ ਖਾਣ ਨੂੰ ਪਵੇ, ਘਰ ਵਿੱਚੋਂ ਭੈਅ ਆਉਣ ਲੱਗੇ, ਘਰ ਡਰਾਉਣਾ ਲੱਗੇ, ਬੇਗਾਨਾ ਲੱਗਣ ਲੱਗੇ...
ਤਿੰਨ ਦਿਨ ਤੱਕ ਪੂਰਾ ਪਰਿਵਾਰ ਉਧਰ ਨੂੰ ਮੂੰਹ ਹੀ ਨਾ ਕਰੇ...
ਪਰਿਵਾਰ ਵਾਲੇ ਹੱਸਦੇ ਵੱਸਦੇ ਘਰ ਨੂੰ ਬਾਹਰੋਂ ਜਿੰਦਰੇ ਮਾਰ ਕੇ ਕਿਤੇ ਹੋਰ ਰਹਿਣ ਲੱਗ ਜਾਣ ਤਾਂ ਸਮਝ ਲਉ ਕਿਸੇ ਵੱਡੀ 'ਅਣਹੋਣੀ' ਕਾਰਨ ਪਹਾੜ ਜਿੱਡਾ ਜੇਰਾ ਕਰਕੇ ਅਜਿਹਾ ਕੀਤਾ ਹੋਵੇਗਾ।
ਪਿੰਡ ਵਿੱਚ ਕਦੇ ਹਿੰਸਾ ਹੋਈ ਹੀ ਨਹੀਂ
ਇਹ ਫ਼ਿਲਮੀ ਕਹਾਣੀ ਨਹੀਂ ਸਗੋਂ ਪੰਜ ਭੈਣੀਆਂ ਵਾਲੇ ਪੰਜ ਪਿੰਡਾਂ ਵਿੱਚੋਂ ਇੱਕ ਦੋਆਬਾ ਭੈਣੀ ਦੀ ਅਸਲ ਕਹਾਣੀ ਹੈ।
ਸਵਾ ਸੌ ਘਰਾਂ ਅਤੇ ਛੇ ਸੌ ਦੇ ਕਰੀਬ ਵੋਟਾਂ ਵਾਲੇ ਜਿਸ ਛੋਟੇ ਜਿਹੇ ਪਿੰਡ ਵਿੱਚ ਦਹਾਕਿਆਂ ਤੋਂ ਕੋਈ ਖ਼ੂਨੀ ਟਕਰਾਅ ਨਾ ਹੋਇਆ ਹੋਵੇ ਉਥੇ ਪਿੰਡ ਦੀ ਇੱਕ ਲੜਕੀ ਦੇ ਬਾਪ ਹੱਥੋਂ ਹੀ ਹੋਏ ਕਤਲ ਨੇ ਸਾਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਮੁੱਚਾ ਪਿੰਡ ਸੋਗ ਵਿੱਚ ਡੁੱਬਿਆ ਨਜ਼ਰ ਆਉਂਦਾ ਹੈ।

ਤਸਵੀਰ ਸਰੋਤ, JASBIR SHETRA/BBC
ਜਦੋਂ ਅਸੀਂ ਸਨਅਤੀ ਸ਼ਹਿਰ ਲੁਧਿਆਣਾ ਤੋਂ ਕੋਈ ਵੀਹ ਕਿਲੋਮੀਟਰ ਦੂਰ ਇਸ ਪਿੰਡ ਦੋਆਬਾ ਭੈਣੀ ਵਿੱਚ ਪਹੁੰਚੇ ਤਾਂ ਸੜਕ 'ਤੇ ਪੀਲੇ ਰੰਗ ਦੀ ਟੀ-ਸ਼ਰਟ ਵਿੱਚ ਤੁਰਿਆ ਆਉਂਦਾ ਗੁਰਪ੍ਰੀਤ ਸਿੰਘ ਮਿਲਿਆ।
ਇਹ ਉਸੇ ਬਲਵਿੰਦਰ ਕੌਰ ਦਾ ਛੋਟਾ ਭਰਾ ਹੈ ਜਿਸ ਨੂੰ ਉਸ ਦੇ ਪਿਤਾ ਗੁਰਮੇਲ ਸਿੰਘ ਨੇ ਆਪਣੇ ਹੀ ਘਰ ਵਿੱਚ ਰਾਤ ਸਮੇਂ ਕੁਹਾੜੀ ਦੇ ਕਈ ਵਾਰ ਕਰਕੇ ਕਤਲ ਕਰ ਦਿੱਤਾ ਸੀ।
ਪੂਰੀ ਕਹਾਣੀ
ਇਕੱਲੀ ਬਲਵਿੰਦਰ ਹੀ ਨਹੀਂ ਕੀਤਾ ਸਗੋਂ ਜਿਸ ਵਿਅਕਤੀ ਨਾਲ ਉਹ ਘਰੋਂ ਜਾ ਕੇ ਕਿਧਰੇ ਰਹਿਣ ਲੱਗੀ ਸੀ ਉਸ ਨੂੰ ਵੀ ਨਾਲ ਹੀ ਮਾਰ ਦਿੱਤਾ।
ਲਾਸ਼ਾਂ ਘਰ ਵਿੱਚ ਪੱਠੇ ਲਿਆਉਣ ਵਾਲੀ ਖੜ੍ਹੀ ਪੁਰਾਣੀ ਰੇਹੜੀ ਵਿੱਚ ਲੱਦ ਕੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੇੜਲੇ ਚੋਰਾਹੇ 'ਤੇ ਛੱਡ ਕੇ ਗੁਰਮੇਲ ਸਿੰਘ ਥਾਣਾ ਕੂੰਮ ਕਲਾਂ ਵਿੱਚ ਜਾ ਪੇਸ਼ ਹੋਇਆ।
ਗੁਰਪ੍ਰੀਤ ਸਿੰਘ ਨੂੰ ਘਰ ਚੱਲ ਕੇ ਗੱਲਬਾਤ ਲਈ ਕਿਹਾ ਤਾਂ ਉਹ ਗੱਚ ਭਰ ਆਇਆ ਤੇ ਰੋਂਦਾ ਹੋਇਆ ਕਹਿਣ ਲੱਗਾ ਕਿ ਉਹ ਤਾਂ ਖ਼ੁਦ ਤਿੰਨ ਦਿਨ ਤੋਂ ਆਪਣੇ ਉਸ ਘਰ ਵਿੱਚ ਨਹੀਂ ਗਏ।
ਗੰਦੇ ਨਾਲੇ ਦੇ ਨਾਲ-ਨਾਲ ਕਈ ਘਰ ਹਨ ਜਿਨ੍ਹਾਂ ਵਿੱਚੋਂ ਇੱਕ ਵਿੱਚ ਉਹ ਲੈ ਕੇ ਜਾਂਦਾ ਹੈ। ਇਹ ਮਰਹੂਮ ਪੰਜਾਬੀ ਗਾਇਕ ਸੰਤੋਖ ਸਿੰਘ ਕਾਕਾ ਭੈਣੀਆਂ ਵਾਲੇ ਦਾ ਘਰ ਹੈ।
ਥੋੜ੍ਹੀ ਦੇਰ ਗੱਲਬਾਤ ਕਰਨ ਤੇ ਹੌਂਸਲਾ ਬੰਨ੍ਹਾਉਣ ਤੋਂ ਬਾਅਦ ਉਹ ਆਪਣੇ ਘਰ ਜਾਣ ਜਾਂ ਕਹਿ ਲਉ ਲਿਜਾਣ ਲਈ ਰਾਜ਼ੀ ਹੁੰਦਾ ਹੈ।

ਤਸਵੀਰ ਸਰੋਤ, JASBIR SHETRA/BBC
ਗਲੀ ਦੇ ਅੰਦਰ ਜਾ ਕੇ ਇੱਕ ਪੁਰਾਣੇ ਘਰ ਦੇ ਬਾਹਰਲੇ ਗੇਟ ਨੂੰ ਬਾਹਰੋਂ ਲੱਗਿਆ ਜਿੰਦਰਾ ਖੋਲ੍ਹਿਆ ਜਾਂਦਾ ਹੈ।
ਵਿਹੜੇ ਵਿੱਚ ਦਾਖਲ ਹੁੰਦਿਆਂ ਹੀ ਖੱਬੇ ਪਾਸੇ ਪਾਣੀ ਭਰ ਕੇ ਰੱਖੀਆਂ ਢੋਲੀਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਹੈ।
ਕਾਲਾ ਪੀਲੀਆ ਜਾਨਲੇਵਾ ਸਾਬਤ ਹੋ ਰਿਹਾ ਹੈ। ਸੱਜੇ ਪਾਸੇ ਦੋ ਛੋਟੇ ਜਿਹੇ ਕਮਰੇ ਹਨ।
ਉਨ੍ਹਾਂ ਵਿੱਚੋਂ ਇਕ ਦਾ ਬਾਹਰੋਂ ਕੁੰਡਾ ਖੋਲ੍ਹ ਕੇ ਅੰਦਰ ਜਾਣ ਲੱਗਿਆ ਗੁਰਪ੍ਰੀਤ ਉਨ੍ਹੀਂ ਪੈਰੀ ਬਾਹਰ ਵੱਲ ਭੱਜ ਆਉਂਦਾ ਹੈ।
ਕਮਰੇ ਦੇ ਅੰਦਰ ਫਰਸ਼ 'ਤੇ ਗੂੜ੍ਹੇ ਲਾਲ ਤੇ ਕਾਲੇ ਰੰਗ ਦੇ ਖ਼ੂਨ ਦੇ ਨਿਸ਼ਾਨ ਹਨ।
ਖੂਨ ਸਾਫ ਨਹੀਂ ਕੀਤਾ ਗਿਆ ਹਾਲੇ
ਬੈੱਡ 'ਤੇ ਪਏ ਗੱਦਿਆਂ 'ਤੇ ਵੀ ਕੁਝ ਖ਼ੂਨ ਲੱਗਿਆ ਹੋਇਆ ਹੈ। ਗੁਰਪ੍ਰੀਤ ਸਿੰਘ ਤੋਂ ਆਪਣੀ ਭੈਣ ਦੇ ਖ਼ੂਨ ਦੇ ਇਹ ਨਿਸ਼ਾਨ ਦੇਖੇ ਨਹੀਂ ਜਾਂਦੇ। ਫਿਰ ਇਹ ਸਾਫ਼ ਕਿਉਂ ਨਹੀਂ ਕੀਤੇ?
ਉਸ ਨੇ ਰੋਂਦੇ ਹੋਏ ਕਿਹਾ ਕਿ ਉਸ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਕੀ ਕਰੇ ਹਾਲਾਂਕਿ ਪੁਲਿਸ ਵੀ ਕਹਿ ਚੁੱਕੀ ਹੈ ਸਫ਼ਾਈ ਕਰ ਲਉ।
ਦੁੱਧ ਦੀ ਡੇਅਰੀ 'ਤੇ ਛੋਟੇ ਭਰਾ ਹਰਨੇਕ ਸਿੰਘ ਨਾਲ ਕੰਮ ਕਰਦੇ ਗੁਰਪ੍ਰੀਤ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ।
ਸਭ ਤੋਂ ਵੱਡਾ ਭਰਾ ਕੁਲਵਿੰਦਰ ਸਿੰਘ ਲੁਧਿਆਣੇ ਆਟੋ ਚਲਾਉਂਦਾ ਹੈ। ਉਨ੍ਹਾਂ ਵਿੱਚੋਂ ਸਭ ਤੋਂ ਵੱਡੀ ਸੀ ਭੈਣ ਬਲਵਿੰਦਰ ਕੌਰ।

ਤਸਵੀਰ ਸਰੋਤ, JASBIR SHETRA/BBC
ਬਲਵਿੰਦਰ ਕੌਰ ਦਾ ਵਿਆਹ 2001 ਵਿੱਚ ਲਾਡੋਵਾਲ ਦੇ ਆਟੋ ਰਿਕਸ਼ਾ ਚਾਲਕ ਹਰਵਿੰਦਰ ਸਿੰਘ ਨਾਲ ਹੋਇਆ। ਉਨ੍ਹਾਂ ਦੇ ਘਰ ਪਹਿਲਾਂ ਲੜਕੀ ਹੋਈ ਤੇ ਬਾਅਦ ਵਿੱਚ ਲੜਕਾ ਪੈਦਾ ਹੋਇਆ।
ਸਾਢੇ ਕੁ ਚਾਰ ਸਾਲ ਪਹਿਲਾਂ ਬਲਵਿੰਦਰ ਕੌਰ ਲੁਧਿਆਣਾ ਦੇ ਰਹਿਣ ਵਾਲੇ ਹੌਜ਼ਰੀ ਦਾ ਕੰਮ ਕਰਦੇ ਕੁਲਦੀਪ ਕੁਮਾਰ ਨਾਂ ਦੇ ਵਿਅਕਤੀ ਨਾਲ ਘਰੋਂ ਆਪਣੇ ਲੜਕੇ ਨੂੰ ਲੈ ਕੇ ਚਲੀ ਗਈ।
ਧੀ ਦੇ ਜਾਣ ਨਾਲ ਹੀ ਪਿਤਾ ਵੀ ਗਾਇਬ ਹੋ ਗਿਆ ਸੀ
ਕੁਲਦੀਪ ਕੁਮਾਰ ਵੀ ਪਹਿਲਾਂ ਵਿਆਹਿਆ ਹੋਇਆ ਸੀ। ਲੜਕੀ ਵੱਲੋਂ ਇਸ ਤਰ੍ਹਾਂ ਪਤੀ ਦਾ ਘਰਾ ਛੱਡ ਕੇ ਕਿਸੇ ਹੋਰ ਨਾਲ ਚਲੇ ਜਾਣ ਦੀ ਨਮੋਸ਼ੀ ਵਿੱਚ ਉਨ੍ਹਾਂ ਦਾ ਪਿਤਾ ਗੁਰਮੇਲ ਸਿੰਘ ਵੀ ਘਰੋਂ ਚਲਿਆ ਗਿਆ।
ਗੁਰਪ੍ਰੀਤ ਅਨੁਸਾਰ ਉਨ੍ਹਾਂ ਦੀ ਮਾਂ ਦੀ 2009 ਵਿੱਚ ਮੌਤ ਹੋ ਗਈ ਸੀ ਤੇ ਭੈਣ ਨਾਲ ਉਨ੍ਹਾਂ ਦਾ ਬਹੁਤ ਪਿਆਰ ਸੀ।
ਉਹ ਤਿੰਨੇ ਛੋਟੇ ਸਨ ਤਾਂ ਸਭ ਤੋਂ ਵੱਡੀ ਹੋਣ ਕਰਕੇ ਭੈਣ ਨੇ ਉਨ੍ਹਾਂ ਦੀ ਕਾਫੀ ਸਮਾਂ ਦੇਖਭਾਲ ਕੀਤੀ।
ਪਰ ਉਸ ਦੇ ਘਰੋਂ ਚਲੇ ਜਾਣ ਤੋਂ ਬਾਅਦ ਨਾ ਉਸ ਦਾ ਕੋਈ ਥਹੁ ਪਤਾ ਲੱਗਾ, ਨਾ ਹੀ ਪਿਤਾ ਦਾ।
ਗੁੰਮ ਸੁੰਮ ਹੀ ਰਹਿੰਦਾ ਸੀ ਪਿਤਾ
ਢਾਈ ਸਾਲ ਬਾਅਦ ਜਾ ਕੇ ਪਿਤਾ ਗੁਰਮੇਲ ਸਿੰਘ ਦਾ ਪਤਾ ਲੱਗਾ ਕਿ ਉਹ ਸਮਾਣਾ ਨੇੜਲੇ ਇੱਕ ਗੁਰਦੁਆਰੇ ਵਿੱਚ ਸੇਵਾ ਕਰ ਰਿਹਾ ਸੀ।
ਇਸ ਤੋਂ ਬਾਅਦ ਉਹ ਕਦੇ ਕਦਾਈਂ ਘਰ ਇੱਕ ਅੱਧੇ ਦਿਨ ਲਈ ਆਉਂਦਾ।
ਸ਼ਰਾਬ ਨੂੰ ਹੱਥ ਨਾ ਲਾਉਣ ਵਾਲਾ ਗੁਰਮੇਲ ਸਿੰਘ ਘਰ ਆ ਕੇ ਦਿਨ ਰਾਤ ਸ਼ਰਾਬ ਪੀਂਦਾ ਪਰ ਕਿਸੇ ਨਾਲ ਗੱਲ ਨਾ ਕਰਦਾ।
ਗੁਰਪ੍ਰੀਤ ਅਨੁਸਾਰ, ''ਉਹ ਪੂਰੀ ਤਰ੍ਹਾਂ ਬਦਲ ਗਿਆ ਸੀ, ਚੁੱਪ-ਚੁੱਪ ਅਤੇ ਗੁੰਮ ਸੁੰਮ ਹੀ ਰਹਿੰਦਾ।"

ਤਸਵੀਰ ਸਰੋਤ, JASBIR SHETRA/BBC
ਬਲਵਿੰਦਰ ਕੌਰ ਕਤਲ ਵਾਲੀ ਰਾਤ ਤੋਂ ਕੋਈ ਪੰਜ ਦਿਨ ਪਹਿਲਾਂ ਅਚਨਚੇਤ ਘਰ ਆਈ ਜਿਵੇਂ ਮੌਤ ਹੀ ਉਸ ਨੂੰ ਖਿੱਚ ਲਿਆਈ ਹੋਵੇ।
ਉਸ ਨੇ ਆ ਕੇ ਦੱਸਿਆ ਕਿ ਉਹ ਰੇਵਾੜੀ (ਹਰਿਆਣਾ) ਵਿੱਚ ਰਹਿੰਦੀ ਹੈ ਜਿਥੇ ਪੁੱਤ ਨੂੰ ਸੱਤਵੀਂ ਵਿੱਚ ਪੜ੍ਹਨੇ ਪਾਇਆ ਹੋਇਆ ਹੈ। ਇਸ ਸਮੇਂ ਪਿਤਾ ਗੁਰਮੇਲ ਸਿੰਘ ਵੀ ਘਰ ਸੀ।
ਕਿਸੇ ਨੂੰ ਰਤਾ ਵੀ ਸ਼ੱਕ ਨਹੀਂ ਸੀ ਕਿ...
20 ਫਰਵਰੀ ਤੋਂ ਇੱਕ ਦਿਨ ਪਹਿਲਾਂ ਘਰ ਵਿੱਚ 'ਹਾਲਾਤ ਸੁਖਾਵੇਂ' ਦੇਖ ਕੇ ਬਲਵਿੰਦਰ ਕੌਰ ਨੇ ਕੁਲਦੀਪ ਕੁਮਾਰ, ਜਿਸ ਨੂੰ ਉਹ 'ਬਾਬੂ' ਕਹਿ ਕੇ ਬੁਲਾਉਂਦੀ ਸੀ, ਨੂੰ ਵੀ ਦੋਆਬਾ ਭੈਣੀ ਸੱਦ ਲਿਆ।
ਉਨ੍ਹਾਂ ਦਾ ਲੜਕਾ, ਗੁਰਪ੍ਰੀਤ ਦੇ ਵੱਡੇ ਭਰਾ ਕੁਲਵਿੰਦਰ ਦੇ ਬੇਟੇ ਨਵਜੋਤ ਕੋਲ ਸੌਣ ਚਲਾ ਗਿਆ ਜੋ ਨੇੜੇ ਹੀ ਵੱਖਰੇ ਘਰ ਵਿੱਚ ਰਹਿੰਦੇ ਹਨ।
ਗੁਰਪ੍ਰੀਤ ਦੀ ਪਤਨੀ ਕਰਮਜੀਤ ਕੌਰ ਡੇਢ ਸਾਲ ਦੀ ਲੜਕੀ ਨਵਰੂਪ ਨੂੰ ਲੈ ਕੇ ਆਪਣੇ ਪੇਕੇ ਮੁੰਡੀਆਂ ਗਈ ਹੋਈ ਸੀ।
ਕੁਲਦੀਪ ਕੁਮਾਰ ਦੇ ਆਉਣ ਕਰਕੇ ਦੁਪਹਿਰੇ ਘਰ ਵਿੱਚ ਮਟਰ ਪਨੀਰ ਦੀ ਸਬਜ਼ੀ ਬਣਾਈ ਗਈ ਤੇ ਗੁਰਪ੍ਰੀਤ ਰੋਟੀ ਖਾ ਕੇ ਡਿਊਟੀ 'ਤੇ ਚਲਾ ਗਿਆ।
ਗੁਰਪ੍ਰੀਤ ਅਨੁਸਾਰ, ''ਮੈਂ ਰਾਤੀ ਸਾਢੇ ਗਿਆਰਾਂ ਵਜੇ ਘਰ ਆਇਆ ਤਾਂ ਘਰ ਦਾ ਗੇਟ ਖੁੱਲ੍ਹਾ ਸੀ। ਆਵਾਜ਼ ਮਾਰਨ 'ਤੇ ਕੋਈ ਨਾ ਬੋਲਿਆ। ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਜਿਵੇਂ ਹੀ ਬੱਤੀ ਜਗਾਈ ਤਾਂ ਉਥੇ ਖ਼ੂਨ ਹੀ ਖ਼ੂਨ ਦੇਖ ਕੇ ਮੈਨੂੰ ਇੱਕ ਵਾਰ ਤਾਂ ਚੱਕਰ ਆ ਗਿਆ।"
ਕੇਸ ਦਰਜ ਕਰ ਲਿਆ ਗਿਆ ਹੈ
ਉਸ ਨੇ ਰੌਲਾ ਪਾਇਆ ਤਾਂ ਪਿੰਡ ਇਕੱਠਾ ਹੋਇਆ ਤੇ ਪੁਲਿਸ ਵੀ ਪਹੁੰਚ ਗਈ। ਸਵੇਰ ਤੱਕ ਪਿਤਾ ਥਾਣਾ ਕੂੰਮ ਕਲਾਂ ਵਿੱਚ ਪਹੁੰਚ ਕੇ ਦੋਵੇਂ ਕਤਲ ਕਬੂਲ ਚੁੱਕਾ ਸੀ।
ਥਾਣਾ ਕੂਮ ਕਲਾਂ ਵਿੱਚ ਇਸ ਸਬੰਧੀ ਕੁਲਦੀਪ ਕੁਮਾਰ ਦੇ ਭਰਾ ਸੁਨੀਲ ਕੁਮਾਰ ਦੇ ਬਿਆਨਾਂ 'ਤੇ ਗੁਰਮੇਲ ਸਿੰਘ ਖ਼ਿਲਾਫ਼ ਐਫਆਈਆਰ ਨੰਬਰ 16, ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਹੋਇਆ ਹੈ।

ਤਸਵੀਰ ਸਰੋਤ, JASBIR SHETRA/BBC
ਗੁਰਮੇਲ ਸਿੰਘ ਦਾ ਵਿਵਹਾਰ ਆਮ ਵਰਗਾ ਹੋ ਜਾਣ ਕਰਕੇ ਪਰਿਵਾਰ ਦਾ ਕੋਈ ਜੀਅ ਸੋਚ ਵੀ ਨਹੀਂ ਸਕਿਆ ਕਿ ਉਹ ਏਨਾ ਵੱਡਾ ਕਦਮ ਚੁੱਕ ਸਕਦਾ ਹੈ।
ਅਸਲ ਵਿੱਚ ਉਸ ਦੀ 'ਚੁੱਪ' ਦਾ ਕਾਰਨ ਦਿਲ ਵਿੱਚ ਪਾਲਿਆ ਗੁੱਸਾ ਹੀ ਸੀ ਜਿਸ ਦਾ ਅਹਿਸਾਸ ਉਸ ਨੇ ਕਿਸੇ ਨੂੰ ਨਹੀਂ ਹੋਣ ਦਿੱਤਾ।
ਗੁਰਪ੍ਰੀਤ ਅਨੁਸਾਰ, ''ਸਾਨੂੰ ਨਹੀਂ ਪਤਾ ਗਲਤੀ ਕਿਸ ਦੀ ਸੀ, ਗਲਤੀ ਉਸ ਦੀ ਭੈਣ ਨੇ ਕੀਤੀ ਜਾਂ ਪਿਤਾ ਨੇ। ਕਈ ਘਰ ਪੱਟੇ ਗਏ ਤੇ ਰਿਸ਼ਤੇ ਵੀ।"
'ਗਲਤੀ ਬਲਵਿੰਦਰ ਦੀ ਸੀ'
ਗੁਰਪ੍ਰੀਤ ਸਿੰਘ ਦੀ ਚਾਚੀ ਪਰਮਜੀਤ ਕੌਰ ਦਾ ਸਪੱਸ਼ਟ ਸਟੈਂਡ ਹੈ ਅਤੇ ਉਹ ਬਲਵਿੰਦਰ ਕੌਰ ਵੱਲੋਂ ਚੁੱਕੇ ਕਦਮ ਨੂੰ ਬੇਬਾਕੀ ਨਾਲ ਗਲਤ ਦੱਸਦੀ ਹੈ।
ਚਾਹ ਫੜਾਉਣ ਆਈ ਪਰਮਜੀਤ ਕੌਰ ਖ਼ੁਦ-ਬ-ਖ਼ੁਦ ਗੱਲਬਾਤ ਦਾ ਹਿੱਸਾ ਬਣ ਜਾਂਦੀ ਹੈ।
ਉਹ ਤਲਖ਼ੀ ਭਰੇ ਲਹਿਜ਼ੇ ਵਿੱਚ ਕਹਿੰਦੀ ਹੈ, ''ਗਲਤੀ ਬਲਵਿੰਦਰ ਦੀ ਸੀ, ਉਸ ਨੂੰ ਸੋਚਣਾ ਚਾਹੀਦਾ ਸੀ। ਜੇ ਉਹ ਗਲਤ ਕਦਮ ਨਾ ਪੁੱਟਦੀ ਤਾਂ ਆਹ ਦਿਨ ਨਾ ਦੇਖਣਾ ਪੈਂਦਾ। ਨਾ ਹੀ ਏਨੀ ਬਦਨਾਮੀ ਹੁੰਦੀ।"
ਗੁਰਪ੍ਰੀਤ ਨੇ ਦੱਸਿਆ ਕਿ ਪੋਸਟ ਮਾਰਟਮ ਦੇ ਬਾਅਦ ਉਨ੍ਹਾਂ ਬਲਵਿੰਦਰ ਕੌਰ ਦੀ ਲਾਸ਼ ਲਿਆ ਕੇ ਪਿੰਡ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਜਦਕਿ ਕੁਲਦੀਪ ਕੁਮਾਰ ਦੀ ਲਾਸ਼ ਉਸ ਦੇ ਪਰਿਵਾਰ ਦੇ ਮੈਂਬਰ ਲੈ ਗਏ ਤੇ ਉਨ੍ਹਾਂ ਨੇ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਹੈ।












