BBC Exclusive: ਕਿਵੇਂ ਕੁੱਖ 'ਚ ਧੀ ਦੇ 'ਕਤਲ' ਕਾਰਨ ਪੰਜਾਬ 'ਚ ਦੋ ਘਰ ਉੱਜੜੇ?

- ਲੇਖਕ, ਸਰਬਜੀਤ ਧਾਲੀਵਾਲ
- ਰੋਲ, ਬੀਬੀਸੀ ਪੰਜਾਬੀ
ਸ਼ਾਮ ਦੇ ਕਰੀਬ ਚਾਰ ਵੱਜ ਰਹੇ ਸਨ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਸੀ ਕਲਾਂ ਦੀ ਤੰਗ ਜਿਹੀ ਗਲੀ ਵਿੱਚੋਂ ਲੰਘਦਿਆਂ ਜਦੋਂ ਬੀਬੀਸੀ ਦੀ ਟੀਮ ਸਾਬਕਾ ਫ਼ੌਜੀ ਰਵਿੰਦਰ ਸਿੰਘ ਦੇ ਘਰ ਪਹੁੰਚੀ।
ਸਰਦੀਆਂ ਦੇ ਢਲਦੇ ਸੂਰਜ ਦੀ ਠੰਢੀ ਧੁੱਪ ਵਾਂਗ ਡੂੰਘੀ ਸੋਚ ਵਿੱਚ ਡੁੱਬੇ ਸਾਬਕਾ ਸੂਬੇਦਾਰ ਦਾ ਚਿਹਰਾ ਵੀ ਜਖ਼ ਸਰਦ ਅਤੇ ਮੁਰਝਾਇਆ ਹੋਇਆ ਸੀ।
ਧੀ ਨਾਲ ਹੋਈ ਅਣਹੋਈ ਦੀਆਂ ਮੀਡੀਆ ਵਿੱਚ ਦੁਬਾਰਾ ਛਪੀਆਂ ਖ਼ਬਰਾਂ ਨੇ ਉਸ ਨੂੰ ਜੂਨ 2017 ਵਿੱਚ ਸਹੁਰੇ ਘਰ ਹਲਾਕ ਹੋਈ ਧੀ ਦੀ ਮੌਤ ਦਾ ਦਰਦ ਮੁੜ ਤੋਂ ਚੇਤੇ ਕਰਵਾ ਦਿੱਤਾ ਸੀ।
ਮਨਜੀਤ ਕੌਰ ਬਾਰੇ ਜਦੋਂ ਬੀਬੀਸੀ ਦੀ ਟੀਮ ਨੇ ਗੱਲ ਕੀਤੀ ਤਾਂ ਉਸ ਨੇ ਪਹਿਲਾਂ ਤਾਂ ਮਾਮਲਾ ਕੋਰਟ ਵਿੱਚ ਹੋਣ ਦਾ ਹਵਾਲਾ ਦੇ ਕੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਪਰ ਕੁਝ ਸਮੇਂ ਬਾਅਦ ਕੰਬਦੀ ਜਿਹੀ ਆਵਾਜ਼ ਵਿੱਚ ਆਖਿਆ ਕਿ 'ਮੇਰੀ ਕੁੜੀ ਨੂੰ ਮਾਰਿਆ ਨਹੀਂ ਸਗੋਂ ਹਲਾਲ ਕੀਤਾ ਗਿਆ ਸੀ, ਮੈ ਚਾਹੁੰਦਾ ਹਾਂ ਕਿ ਮੇਰੇ ਜਵਾਈ ਨੂੰ ਵੀ ਇਹੀ ਸਜ਼ਾ ਮਿਲੇ'।'

ਪ੍ਰੇਮ ਕਹਾਣੀ ਦੀ ਸ਼ੁਰੂਆਤ
ਲੁਧਿਆਣਾ ਨੇੜਲੇ ਪਿੰਡ ਆਸੀ ਕਲਾਂ ਦੀ ਮਨਜੀਤ ਕੌਰ ਦਾ ਸੁਪਨਾ ਵਿਦੇਸ਼ ਜਾਣ ਦਾ ਸੀ, ਉਸ ਨੇ ਦੋ ਵਾਰ ਕੋਸ਼ਿਸ਼ ਵੀ ਕੀਤੀ ਪਰ ਕਾਮਯਾਬੀ ਨਹੀਂ ਮਿਲੀ।
ਫਿਰ ਮਨਜੀਤ ਨੇ ਮੁੱਲਾਂਪੁਰ ਦੇ ਕਾਲਜ ਵਿੱਚ ਦਾਖ਼ਲਾ ਲੈ ਕੇ ਐਮ ਏ ਪੰਜਾਬੀ ਦੀ ਪੜਾਈ ਸ਼ੁਰੂ ਕਰ ਦਿੱਤੀ।
ਮਨਜੀਤ ਦੇ ਪਿਤਾ ਰਵਿੰਦਰ ਸਿੰਘ ਮੁਤਾਬਕ ਇੱਥੇ ਹੀ ਮਨਜੀਤ ਦਾ ਮੇਲ ਸਿਧਵਾਂ ਬੇਟ ਨੇੜਲੇ ਜੰਡੀ ਪਿੰਡ ਦੇ ਰਵਿੰਦਰ ਸਿੰਘ ਨਾਮ ਦੇ ਨੌਜਵਾਨ ਨਾਲ ਹੋਇਆ।
ਜੱਟ ਸਿੱਖ ਪਰਿਵਾਰ ਨਾਲ ਸਬੰਧਿਤ ਰਵਿੰਦਰ ਪੇਸ਼ੇ ਵਜੋਂ ਡੇਅਰੀ ਫਾਰਮਿੰਗ ਦਾ ਕੰਮ ਕਰਦਾ ਸੀ ਜਦ ਕਿ ਮਨਜੀਤ ਬ੍ਰਾਹਮਣ ਪਰਿਵਾਰ ਤੋਂ ਸੀ।
ਦੋਵਾਂ ਪਰਿਵਾਰਾਂ ਨੇ ਆਪਸੀ ਸਹਿਮਤੀ ਨਾਲ 25 ਮਾਰਚ 2012 ਨੂੰ ਰਵਿੰਦਰ ਅਤੇ ਮਨਜੀਤ ਕੌਰ ਦਾ ਸਾਦੇ ਤਰੀਕੇ ਨਾਲ ਵਿਆਹ ਕਰ ਦਿੱਤਾ।
ਵਿਆਹ ਤੋਂ ਬਾਅਦ ਮਨਜੀਤ ਅਤੇ ਰਵਿੰਦਰ ਨੇ ਮਿਲ ਕੇ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ।
ਕੁਝ ਸਮੇਂ ਬਾਅਦ ਦੋਵਾਂ ਦੇ ਘਰ ਇੱਕ ਬੱਚੀ ਦਾ ਜਨਮ ਹੋਇਆ ਅਤੇ ਪਰਿਵਾਰ ਖ਼ੁਸ਼ੀ ਨਾਲ ਆਪਣੀ ਜ਼ਿੰਦਗੀ ਬਸਰ ਕਰਨ ਲੱਗਾ।
ਕਿੱਥੋਂ ਵਿਗੜੀ ਕਹਾਣੀ
ਮ੍ਰਿਤਕਾ ਦੇ ਪਿਤਾ ਰਵਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਦੋ ਸਾਲ ਤੱਕ ਸਭ ਕੁਝ ਠੀਕ ਰਿਹਾ। ਇਸ ਦੌਰਾਨ ਮਨਜੀਤ ਦੇ ਘਰ ਬੇਟੀ ਦਾ ਜਨਮ ਹੋਇਆ।
ਇਸੇ ਦੌਰਾਨ ਦੋਹਾਂ ਵਿਚਾਲੇ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਰਹਿਣ ਲੱਗ ਪਿਆ। ਮਾਮਲਾ ਦੋ ਵਾਰ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਕੋਲ ਪਹੁੰਚਿਆ ਜਿੱਥੇ ਦੋਵਾਂ ਨੂੰ ਸਮਝਾ ਕੇ ਘਰ ਤੋਰ ਦਿੱਤਾ।
ਪਰ ਫਿਰ ਵੀ ਝਗੜਾ ਨਹੀਂ ਰੁਕਿਆ। 2017 ਵਿੱਚ ਮਨਜੀਤ ਕੌਰ ਫਿਰ ਤੋਂ ਗਰਭਵਤੀ ਹੋ ਗਈ।

ਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਬੇਟੀ ਚਾਰ ਮਹੀਨੇ ਦੀ ਗਰਭਵਤੀ ਸੀ ਤਾਂ ਉਸ ਦੇ ਜਵਾਈ ਨੇ ਜ਼ਬਰਦਸਤੀ ਮਨਜੀਤ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਚੈੱਕਅਪ ਕਰਵਾਇਆ ਤਾਂ ਪਤਾ ਲੱਗਾ ਕਿ ਉਹ ਲੜਕੀ ਹੈ।
ਪਿਤਾ ਦਾ ਦੋਸ਼ ਹੈ ਕਿ ਜਿਸ ਡੇਅਰੀ ਫਾਰਮ ਉੱਤੇ ਉਸ ਦੀ ਬੇਟੀ ਅਤੇ ਜਵਾਈ ਰਹਿੰਦੇ ਸਨ ਉੱਥੇ ਹੀ ਉਸ ਦਾ ਜ਼ਬਰਦਸਤੀ ਗਰਭਪਾਤ ਕੀਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਰਵਿੰਦਰ ਨੇ ਦੱਸਿਆ ਕਿ 26 ਜੂਨ 2017 ਦੀ ਰਾਤ ਨੂੰ ਜੰਡੀ ਪਿੰਡ ਦੇ ਕਿਸੇ ਵਾਸੀ ਨੇ ਫੋਨ ਕਰ ਕੇ ਦੱਸਿਆ ਕਿ ਮਨਜੀਤ ਦੀ ਤਬੀਅਤ ਖ਼ਰਾਬ ਹੋ ਗਈ ਹੈ।
ਪਿੰਡ ਵਾਲਿਆਂ ਨਾਲ ਜਦੋਂ ਉਹ ਬੇਟੀ ਦੇ ਸਹੁਰਾ ਪਿੰਡ ਨੂੰ ਜਾ ਰਿਹਾ ਸੀ ਤਾਂ ਫਿਰ ਤੋਂ ਫ਼ੋਨ ਰਾਹੀਂ ਦੱਸਿਆ ਕਿ ਗਿਆ ਕਿ ਮਨਜੀਤ ਦੀ ਮੌਤ ਹੋ ਗਈ ਹੈ।
ਰਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਜਦੋਂ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਫਰੀਜ਼ਰ ਵਿੱਚ ਉਸ ਦੀ ਲੜਕੀ ਦੀ ਲਾਸ਼ ਪਈ ਸੀ ਅਤੇ ਉਸ ਦੇ ਨੇੜੇ ਹੀ ਭਰੂਣ।
ਰਵਿੰਦਰ ਸਿੰਘ ਜਦੋਂ ਇਹ ਘਟਨਾ ਦੱਸ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਨਮ ਸਨ ਅਤੇ ਉਹ ਗ਼ੁੱਸੇ ਵਿੱਚ ਆਖ ਰਿਹਾ ਸੀ ਕਿ "ਮਨਜੀਤ ਦਾ ਕਤਲ ਨਹੀਂ ਸਗੋਂ ਉਸ ਨੂੰ ਹਲਾਲ ਕੀਤਾ ਗਿਆ ਹੈ।"
ਕੀ ਹੈ ਪੁਲਿਸ ਦੀ ਚਾਰਜਸ਼ੀਟ?
ਸਿੱਧਵਾਂ ਬੇਟ ਪੁਲਿਸ ਨੇ ਰਵਿੰਦਰ ਸਿੰਘ (ਪਤੀ) ਅਤੇ ਉਸ ਦੇ ਵੱਡੇ ਭਰਾ ਮਨਵਿੰਦਰ ਸਿੰਘ (ਮ੍ਰਿਤਕਾ ਦਾ ਜੇਠ) ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ।
ਪੂਰਾ ਮਾਮਲਾ ਫ਼ਿਲਹਾਲ ਲੁਧਿਆਣਾ ਦੀ ਅਦਾਲਤ ਵਿੱਚ ਵਿਚਾਰ-ਅਧੀਨ ਹੈ। ਮਨਜੀਤ ਕੌਰ ਦੀ ਮੌਤ ਸਬੰਧੀ ਜੋ ਚਾਰਜਸ਼ੀਟ ਪੁਲਿਸ ਨੇ ਅਦਾਲਤ ਵਿੱਚ ਦਾਖ਼ਲ ਕਰਵਾਈ ਹੈ ਉਹ ਬਹੁਤ ਹੀ ਹੌਲਨਾਕ ਹੈ।

ਚਾਰਜਸ਼ੀਟ (ਕਾਪੀ ਬੀਬੀਸੀ ਪੰਜਾਬੀ ਕੋਲ ਹੈ) ਮੁਤਾਬਕ ਰਵਿੰਦਰ ਸਿੰਘ ਆਪਣੀ ਪਤਨੀ ਮਨਜੀਤ ਕੌਰ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰ ਰਿਹਾ ਸੀ ਕਿਉਂਕਿ ਉਹ ਦੂਜੀ ਔਲਾਦ ਬੇਟਾ ਚਾਹੁੰਦਾ ਸੀ।
ਇਸ ਲਈ ਮਨਜੀਤ ਕੌਰ ਨੂੰ ਘਰ ਵਿੱਚ ਹੀ ਗਰਭਪਾਤ ਲਈ ਦਵਾਈ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੇ ਖ਼ੂਨ ਦਾ ਬਹੁਤ ਜ਼ਿਆਦਾ ਰਿਸਾਅ ਦਾ ਹੋਣਾ ਸ਼ੁਰੂ ਹੋ ਗਿਆ,
ਇਸ ਦੌਰਾਨ ਰਵਿੰਦਰ ਸਿੰਘ ਨੇ ਮਨਜੀਤ ਕੌਰ ਦੇ ਪੇਟ ਉੱਤੇ ਆਪਣੇ ਗੋਡੇ ਨਾਲ ਭਾਰ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਉਹ ਉਸ ਸਮੇਂ ਕਰਦਾ ਗਿਆ ਜਦੋਂ ਤੱਕ ਭਰੂਣ ਪੇਟ ਵਿੱਚੋਂ ਬਾਹਰ ਨਹੀਂ ਆਇਆ।
ਪੇਟ ਉੱਤੇ ਜ਼ਿਆਦਾ ਭਾਰ ਪਾਉਣ ਨਾਲ ਭਰੂਣ ਤਾਂ ਬਾਹਰ ਆ ਗਿਆ ਪਰ ਦਰਦ ਦੀ ਪੀੜਾ ਨਾ ਸਹਿਣ ਕਰਦੀ ਹੋਈ ਮਨਜੀਤ ਕੌਰ ਇਸ ਜਹਾਨ ਤੋਂ ਰੁਖ਼ਸਤ ਹੋ ਗਈ।
ਪੁਲਿਸ ਦੀ ਚਾਰਜਸ਼ੀਟ ਮੁਤਾਬਕ ਰਵਿੰਦਰ ਸਿੰਘ ਦਾ ਵੱਡਾ ਭਰਾ ਵੀ ਇਸ ਮਾਮਲੇ ਵਿੱਚ ਬਰਾਬਰ ਦਾ ਦੋਸ਼ੀ ਹੈ।
ਪੰਜਾਬ ਵਿੱਚ ਮਹਿਲਾ ਅਪਰਾਧ ਦਾ ਅੰਕੜਾ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਮਹਿਲਾਵਾਂ ਨਾਲ ਸਬੰਧਿਤ ਅਪਰਾਧ ਦੇ ਸਾਲ 2016 ਦੇ ਅੰਕੜਿਆਂ ਮੁਤਾਬਕ ਪੰਜਾਬ ਦੂਜਿਆਂ ਸੂਬਿਆਂ ਦੇ ਮੁਕਾਬਲੇ 24ਵੇਂ ਸਥਾਨ 'ਤੇ ਹੈ।
ਮਹਿਲਾ ਅਪਰਾਧ ਦੇ ਸਾਲ 2016 ਵਿੱਚ 5105 ਮਾਮਲੇ ਦਰਜ ਕੀਤਾ ਗਏ ਜਦੋਂ ਕਿ 2015 ਵਿੱਚ ਇਹ ਅੰਕੜਾ 5340 ਸੀ।
ਲੁਧਿਆਣਾ ਪੁਲਿਸ ਦੇ ਕਮਿਸ਼ਨਰ ਆਰਐਨ ਢੋਕੇ ਨੇ ਬੀਬੀਸੀ ਪੰਜਾਬੀ ਨੂੰ ਫ਼ੋਨ 'ਤੇ ਦੱਸਿਆ ਕਿ ਮਹਿਲਾ ਨਾਲ ਸਬੰਧਿਤ ਅਪਰਾਧ ਨੂੰ ਸਖ਼ਤੀ ਨਾਲ ਨਜਿੱਠਣ ਦੀ ਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਪੁਲਿਸ ਦੀ ਨੀਤੀ ਜ਼ੀਰੋ ਟੋਲਰੈਂਸ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸਮੇਂ- ਸਮੇਂ 'ਤੇ ਮਹਿਲਾ ਸੇਫ਼ਟੀ ਸਬੰਧੀ ਜਾਗਰੂਕਤਾ ਅਭਿਆਨ ਵੀ ਚਲਾਇਆ ਜਾਂਦਾ ਹੈ।

ਇਸ ਮੁੱਦੇ ਉੱਤੇ ਪੰਜਾਬ ਵੁਮੈਨ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ ਔਰਤਾਂ ਨਾਲ ਅਪਰਾਧ ਕੋਈ ਨਵਾਂ ਨਹੀਂ ਹੋ ਸਗੋਂ ਇਹ ਪਹਿਲਾਂ ਵੀ ਸੀ।
ਫ਼ਰਕ ਸਿਰਫ਼ ਇਹ ਸੀ ਕਿ ਪਹਿਲਾਂ ਇਹ ਮੀਡੀਆ ਵਿੱਚ ਨਹੀਂ ਸੀ ਆਉਂਦਾ ਅਤੇ ਹੁਣ ਆਉਣ ਲੱਗ ਪਿਆ ਹੈ।
ਮਹਿਲਾਵਾਂ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਜਾਗਰੂਕ ਹੋਈਆਂ ਹਨ ਜੋ ਇੱਕ ਚੰਗਾ ਪੱਖ ਹੈ।
ਉਨ੍ਹਾਂ ਦੱਸਿਆ ਕਿ ਮੁੰਡੇ-ਕੁੜੀ ਪ੍ਰਤੀ ਸੋਚ ਨੂੰ ਲੈ ਕੇ ਹੁਣ ਸਮਾਜ ਬਦਲ ਰਿਹਾ ਹੈ ਜਿਸ ਦੀ ਨਿਸ਼ਾਨੀ ਪੇਂਡੂ ਇਲਾਕਿਆਂ ਵਿੱਚ ਕੁੜੀਆਂ ਦੀ ਮਨਾਈ ਜਾ ਰਹੀ ਲੋਹੜੀ ਹੈ।
ਪਰਮਜੀਤ ਕੌਰ ਲਾਂਡਰਾਂ ਮੁਤਾਬਕ ਇਹ ਰੁਝਾਨ ਕੁੜੀਆਂ ਪ੍ਰਤੀ ਸਮਾਜ ਦੇ ਬਦਲ ਰਹੇ ਨਜ਼ਰੀਏ ਵੱਲ ਜਾਂਦਾ ਹੈ।
ਕੀ ਕਹਿੰਦੇ ਨੇ ਰਵਿੰਦਰ ਦੇ ਪਰਿਵਾਰਕ ਮੈਂਬਰ?
ਬੀਬੀਸੀ ਦੀ ਟੀਮ ਮ੍ਰਿਤਕਾ ਮਨਜੀਤ ਦੇ ਸਹੁਰਾ ਪਰਿਵਾਰ ਦੇ ਘਰ ਜੰਡੀ ਵੀ ਗਈ। ਵਿਹੜੇ ਵਿੱਚ ਮਨਜੀਤ ਦੀ ਤਿੰਨ ਸਾਲ ਦੀ ਧੀ ਸੁਖ ਸਿਮਰਨ ਕੌਰ ਖੇਡ ਰਹੀ ਸੀ।
ਘਰ ਵਿੱਚ ਰਵਿੰਦਰ ਦੀ ਮਾਂ ਅਤੇ ਮਨਜੀਤ ਦੀ ਸੱਸ ਹਰਦੇਵ ਕੌਰ ਮੰਜੇ ਉੱਤੇ ਪਈ ਸੀ।
ਚੱਲਣ ਫਿਰਨ ਤੋਂ ਅਸਮਰਥ, ਹਰਦੇਵ ਕੌਰ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਪੜ੍ਹਿਆ ਲਿਖਿਆ ਹੈ ਅਤੇ ਉਹ ਖ਼ੁਦ ਵੀ ਸਾਬਕਾ ਅਧਿਆਪਕ ਹੈ।
ਉਸ ਨੇ ਦੱਸਿਆ ਕਿ ਮਨਜੀਤ ਅਤੇ ਰਵਿੰਦਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਵੱਖਰੇ ਤੌਰ 'ਤੇ ਡੇਅਰੀ ਫਾਰਮ ਉੱਤੇ ਰਹਿਣ ਲੱਗ ਪਏ ਸਨ ਅਤੇ ਦੋਹਾਂ ਵਿਚਾਲੇ ਕੀ ਕੁਝ ਹੋਇਆ ਇਸ ਦਾ ਉਸ ਨੂੰ ਕੁਝ ਨਹੀਂ ਪਤਾ।
ਹਰਦੇਵ ਕੌਰ ਮੁਤਾਬਕ ਉਸ ਦਾ ਵੱਡਾ ਬੇਟਾ ਮਨਵਿੰਦਰ ਸਿੰਘ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਸੀ ਅਤੇ ਇਸ ਕੇਸ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਸੀ।
ਬੇਟੇ ਦੀ ਲਾਲਸਾ ਕਾਰਨ ਉਸ ਦੇ ਦੋਵਾਂ ਮੁੰਡਿਆਂ ਨੇ ਨੂੰਹ ਨੂੰ ਮਾਰਿਆ ਹੈ, ਇਸ ਗੱਲ ਨੂੰ ਹਰਦੇਵ ਕੌਰ ਨੇ ਸਿਰੇ ਤੋਂ ਖ਼ਾਰਜ ਕੀਤਾ।
ਹਰਦੇਵ ਕੌਰ ਨੇ ਦੱਸਿਆ ਕਿ ਰਵਿੰਦਰ ਦਾ ਆਪਣੀ ਧੀ ਨਾਲ ਬਹੁਤ ਪਿਆਰ ਹੈ ਅਤੇ ਹੁਣ ਵੀ ਜੇਲ੍ਹ ਵਿੱਚੋਂ ਵੀ ਉਸ ਨੂੰ ਉਸੇ ਦਾ ਫ਼ਿਕਰ ਹੈ।

ਹਰਦੇਵ ਕੌਰ ਮੁਤਾਬਕ ਜੇਕਰ ਰਵਿੰਦਰ ਸਿੰਘ ਨੇ ਕੁੜੀ ਨੂੰ ਮਾਰਨਾ ਹੀ ਹੁੰਦਾ ਤਾਂ ਉਹ ਆਪਣੀ ਪਹਿਲੀ ਕੁੜੀ (ਸੁੱਖ ਸਿਮਰਨ) ਨੂੰ ਵੀ ਕੁੱਖ ਵਿੱਚ ਹੀ ਮਾਰ ਦਿੰਦਾ।
ਹਰਦੇਵ ਕੌਰ ਨੇ ਭਰੇ ਮੰਨ ਨਾਲ ਦੱਸਿਆ ਕਿ ਉਸ ਦਾ ਘਰ ਬਰਬਾਦ ਹੋ ਗਿਆ ਹੈ ਅਤੇ ਕੇਸ ਦੀ ਪੈਰਵੀ ਕਰਨ ਵਾਲਾ ਵੀ ਕੋਈ ਨਹੀਂ ਹੈ।
ਕੁਝ ਅਣਸੁਲਝੇ ਸਵਾਲ
ਪੂਰੇ ਮਾਮਲੇ ਵਿੱਚ ਅਜੇ ਵੀ ਕੁਝ ਸਵਾਲ ਅਣਸੁਲਝੇ ਹਨ ਜਿਸ ਦਾ ਜਵਾਬ ਨਾ ਪੀੜਤ ਦੇ ਮਾਪਿਆਂ ਨੇ ਦਿੱਤਾ ਅਤੇ ਨਾ ਹੀ ਲੜਕਾ ਪੱਖ ਦੇ ਪਰਿਵਾਰ ਨੇ।
ਚਾਰਜ ਸ਼ੀਟ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਮਿਲਦਾ ਕਿ ਰਵਿੰਦਰ ਸਿੰਘ ਕਿਸ ਡਾਕਟਰ ਕੋਲੋਂ ਮਨਜੀਤ ਕੌਰ ਦੀ ਕੁੱਖ ਵਿੱਚ ਪਲ ਰਹੇ ਬੱਚੇ ਦਾ ਲਿੰਗ ਜਾਂਚ ਕਰਵਾਇਆ?
ਇਸ ਤੋਂ ਇਲਾਵਾ ਗਰਭਪਾਤ ਲਈ ਦਵਾਈਆਂ ਕਿਸ ਮੈਡੀਕਲ ਸਟੋਰ ਤੋਂ ਖ਼ਰੀਦੀਆਂ ਗਈਆਂ?












