ਜੱਸੀ ਕਤਲ ਮਾਮਲੇ ’ਚ ਮਾਂ, ਮਾਮਾ ਭਾਰਤ ਨੂੰ ਸਪੁਰਦ: ਜਾਣੋ ਮਿੱਠੂ ਕਿਵੇਂ ਕਰਦਾ ਹੈ ਉਸ ਨੂੰ ਯਾਦ

ਤਸਵੀਰ ਸਰੋਤ, justiceforjassi.com
- ਲੇਖਕ, ਜਸਬੀਰ ਸ਼ੇਤਰਾ
- ਰੋਲ, ਬੀਬੀਸੀ ਪੰਜਾਬੀ ਲਈ
ਬਹੁ-ਚਰਚਿਤ ਜੱਸੀ ਸਿੱਧੂ ਕਤਲ ਕਾਂਡ 'ਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਜੱਸੀ ਦੀ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਭਾਰਤ ਦੇ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਸੀ। ਹੁਣ ਦੋਵਾਂ ਨੂੰ ਭਾਰਤ ਸਰਕਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਮਿੱਠੂ ਸਿੱਧੂ ਨੂੰ 19 ਸਾਲ ਪੁਰਾਣੇ ਇਸ ਮਾਮਲੇ ਵਿੱਚ ਨਿਆਂ ਮਿਲਣ ਦੀ ਆਸ ਬੱਝੀ ਸੀ।
8 ਨਵੰਬਰ ਸਾਲ 2000 'ਚ ਲੁਧਿਆਣਾ ਦੇ ਪਿੰਡ ਕਾਉਂਕੇ ਖੋਸਾ ਦੇ ਨਿਵਾਸੀ ਸੁਖਵਿੰਦਰ ਸਿੱਧੂ ਉਰਫ਼ ਮਿੱਠੂ ਸਿੱਧੂ ਤੇ ਉਸਦੀ ਪਤਨੀ ਜੱਸੀ ਸਿੱਧੂ 'ਤੇ ਜਾਨਲੇਵਾ ਹਮਲਾ ਹੋਇਆ ਸੀ। ਹਮਲੇ 'ਚ ਜੱਸੀ ਸਿੱਧੂ ਦੀ ਤਾਂ ਮੌਤ ਹੋ ਗਈ। ਹਮਲਾਵਰ ਮਿੱਠੂ ਸਿੱਧੂ ਨੂੰ ਮਰਿਆ ਸਮਝ ਕੇ ਛੱਡ ਗਏ।
ਇਹ ਵੀ ਪੜ੍ਹੋ
ਜੱਸੀ ਬਾਰੇ ਮਿੱਠੂ ਸਿੱਧੂ ਨੇ ਬੀਬੀਸੀ ਨੂੰ ਕੁਝ ਮਹੀਨੇ ਪਹਿਲਾਂਇਹ ਦੱਸਿਆ ਸੀ:
“ਮੈਨੂੰ ਅੱਜ ਵੀ ਜਾਨ ਦਾ ਖ਼ਤਰਾ ਹੈ। ਮੈਂ ਮਰਨ ਤੋਂ ਨਹੀਂ ਡਰਦਾ, ਪਰ ਮਰਨ ਤੋਂ ਪਹਿਲਾਂ ਜੱਸੀ ਦੇ ਕਾਤਲਾਂ ਨੂੰ ਸਲਾਖਾਂ ਦੇ ਪਿੱਛੇ ਦੇਖਣਾ ਚਾਹੁੰਦਾ ਹਾਂ।
ਕਿੱਥੇ ਕੈਨੇਡਾ ਦੀ ਜੰਮਪਲ ਕੁੜੀ ਤੇ ਕਿੱਥੇ ਮੈਂ ਪੰਜਾਬ ਦੇ ਸਧਾਰਨ ਗਰੀਬ ਕਿਸਾਨ ਪਰਿਵਾਰ ਦਾ ਮੁੰਡਾ।
23 ਸਾਲਾਂ ਬਾਅਦ ਵੀ ਮੈਂ ਜੱਸੀ ਨਾਲ ਬਿਤਾਏ ਹਰ ਇੱਕ ਪਲ ਨੂੰ ਦਿਲ ਵਿੱਚ ਤਾਜ਼ਾ ਅਹਿਸਾਸ ਵਾਂਗ ਵਸਾਈ ਬੈਠਾ ਹਾਂ।

ਤਸਵੀਰ ਸਰੋਤ, justiceforjassi.com
1994 ਦੇ ਨਵੰਬਰ ਮਹੀਨੇ ਦੀ ਸ਼ਾਮ ਦਾ ਠੰਡਾ ਜਿਹਾ ਦਿਨ ਸੀ। ਜਦੋਂ ਮੈਂ ਜਗਰਾਉਂ ਦੇ ਕਮਲ ਚੌਕ ਨੇੜੇ ਟੈਂਪੂਆਂ ਦੇ ਅੱਡੇ 'ਤੇ ਪਿੰਡ ਜਾਣ ਲਈ ਦੋਸਤਾਂ ਨਾਲ ਸਵਾਰੀ ਟੈਂਪੂ ਦੀ ਉਡੀਕ ਵਿੱਚ ਖੜਾ ਸੀ। ਉਦੋਂ ਮੇਰੀ ਉਮਰ ਵੀਹ ਸਾਲ ਦੀ ਹੋਵੇਗੀ ਤੇ ਇੰਨੇ ਕੁ ਸਾਲ ਦੀ ਇੱਕ ਸੋਹਣੀ ਸੁਨੱਖੀ ਲੰਮੇ ਕੱਦ ਵਾਲੀ ਮੁਟਿਆਰ ਦੂਰੋਂ ਆਉਂਦੀ ਦਿਖੀ।
ਉਸ ਸਫ਼ਰ ਨੇ ਜ਼ਿੰਦਗੀ ਬਦਲ ਦਿੱਤੀ
ਕੁੜੀ ਕੈਨੇਡਾ ਦੀ ਜੰਮਪਲ ਜੱਸੀ ਸਿੱਧੂ ਸੀ। ਉਹ ਆਪਣੀ ਮਾਂ ਤੇ ਮਾਸੀ ਨਾਲ ਤੁਰੀ ਆ ਰਹੀ ਸੀ। ਉਹ ਆਪਣੇ ਨਾਨਕੇ ਪਿੰਡ ਕਾਉਂਕੇ ਕਲਾਂ ਜਾਣ ਲਈ ਟੈਂਪੂ 'ਤੇ ਚੜ੍ਹ ਗਈ। ਮੈਂ ਵੀ ਆਪਣੇ ਪਿੰਡ ਕਾਉਂਕੇ ਖੋਸਾ ਜਾਣ ਲਈ ਟੈਂਪੂ ਦੇ ਪਿੱਛੇ ਖੜਾ ਹੋ ਗਿਆ। ਉਸ ਸਮੇਂ ਜੱਸੀ ਟੈਂਪੂ ਦੀ ਪਿਛਲੀ ਸੀਟ 'ਤੇ ਬੈਠੀ ਹੋਈ ਸੀ, ਜਿਥੇ ਮੈਂ ਖੜਾ ਸੀ। ਛੇ ਕਿੱਲੋਮੀਟਰ ਦੇ ਸਫ਼ਰ 'ਚ ਬਿਨਾਂ ਕੁਝ ਕਹੇ ਸਭ ਕੁਝ ਕਿਹਾ ਗਿਆ।
ਇਹ ਵੀ ਪੜ੍ਹੋ
ਜੱਸੀ ਦੇ ਨਾਨਕੇ ਘਰ ਦੀ ਆਲੀਸ਼ਾਨ ਕੋਠੀ ਦਾ ਪਿਛਲਾ ਦਰਵਾਜ਼ਾ ਮੇਰੇ ਦੋ ਕਮਰਿਆਂ ਦੇ ਕੱਚੇ ਵਿਹੜੇ ਵਾਲੇ ਸਾਧਾਰਨ ਘਰ ਵੱਲ ਖੁੱਲ੍ਹਦਾ ਸੀ। ਆਜ਼ਾਦ ਖਿਆਲਾਂ ਵਾਲੀ ਤੇ ਪੰਜਾਬ ਦੇ ਰੀਤੀ ਰਿਵਾਜ਼ਾਂ ਤੋਂ ਅਣਭਿੱਜ ਜੱਸੀ ਅਗਲੇ ਦਿਨ ਖ਼ੁਦ ਸਕੂਟਰ ਚਲਾ ਕੇ ਮੇਰੇ ਘਰ ਅੱਗੇ ਪਹੁੰਚ ਗਈ।
ਉਥੇ ਸਕੂਟਰ ਬੰਦ ਕਰਕੇ 'ਹੈਲਪ-ਹੈਲਪ' ਚੀਕੀ ਤਾਂ ਮੈਂ ਘਰੋਂ ਬਾਹਰ ਆ ਗਿਆ। ਮੈਂ ਸਕੂਟਰ ਸਟਾਰਟ ਕਰ ਦਿੱਤਾ। ਨਾਲ ਹੀ ਮੈਂ ਕਿਹਾ ਕਿ ਗੱਲ ਕਰਨੀ ਮੰਗਦਾ ਹਾਂ। ਅੱਗੋਂ ਜਵਾਬ ਹਾਂ ਵਿੱਚ ਮਿਲਿਆ ਤੇ ਜਾਂਦੀ ਹੋਈ ਜੱਸੀ ਦੱਸ ਗਈ ਕਿ ਉਸਨੇ ਭਲਕੇ ਮੁੜ ਜਗਰਾਉਂ ਜਾਣਾ ਤੇ ਮੈਨੂੰ ਵੀ ਆਉਣ ਦਾ ਸੱਦਾ ਦੇ ਗਈ।
ਮੁਲਾਕਾਤ ਹੋਈ ਪਰ ਗੱਲਬਾਤ ਨਹੀਂ
ਅਗਲੇ ਦਿਨ ਅਸੀਂ ਜਗਰਾਉਂ ਮਿਲੇ ਤੇ ਵਾਪਸ ਪਰਤੇ ਪਰ ਗੱਲ ਕੋਈ ਨਾ ਹੋ ਸਕੀ। ਬਾਅਦ ਵਿੱਚ ਅਸੀਂ ਗੁਆਂਢ ਦੇ ਹੀ ਇੱਕ ਘਰ ਵਿੱਚ ਮਿਲਣ ਲੱਗੇ। ਹਫ਼ਤੇ ਦੀਆਂ ਮੁਲਾਕਾਤਾਂ ਤੋਂ ਬਾਅਦ ਜੱਸੀ ਨੇ ਮੈਨੂੰ ਦੱਸਿਆ ਕਿ ਅਗਲੇ ਦਿਨ ਉਹ ਕੈਨੇਡਾ ਵਾਪਸ ਜਾ ਰਹੀ ਹੈ।
ਮੇਰਾ ਦਿਲ ਬੈਠ ਗਿਆ ਤੇ ਜੱਸੀ ਵੀ ਜਾਣਾ ਨਹੀਂ ਸੀ ਚਾਹੁੰਦੀ। ਜੱਸੀ ਨੇ ਆਪਣਾ ਪਾਸਪੋਰਟ ਪਾੜ ਦਿੱਤਾ। ਪਾਸਪੋਰਟ ਨਾ ਮਿਲਣ 'ਤੇ ਉਹ ਪੰਦਰਾਂ ਦਿਨ ਲਈ ਹੋਰ ਰੁਕੀ ਰਹੀ।

ਤਸਵੀਰ ਸਰੋਤ, Sukhwinder Mithu
ਪੜ੍ਹਣ ਵਿੱਚ ਹੁਸ਼ਿਆਰ ਜੱਸੀ ਦਾ ਸੁਪਨਾ ਕੈਨੇਡਾ ਵਿੱਚ ਵਕੀਲ ਬਣਨ ਦਾ ਸੀ। ਉਹ ਵਿਆਹ ਕਰਵਾ ਕੇ ਮੇਰੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ। ਅਕਸਰ ਕੈਨੇਡਾ ਵਿੱਚ ਵੱਖਰਾ ਘਰ ਲੈ ਕੇ ਮੇਰੇ ਨਾਲ ਰਹਿਣ ਦੀਆਂ ਗੱਲਾਂ ਕਰਦੀ ਸੀ।
ਜਦੋਂ ਪੰਦਰਾਂ ਦਿਨਾਂ ਮਗਰੋਂ ਜੱਸੀ ਕੈਨੇਡਾ ਲਈ ਉਡਾਰੀ ਮਾਰ ਗਈ। ਫਿਰ ਚਿੱਠੀਆਂ ਦਾ ਲੰਮਾ ਸਿਲਸਿਲਾ ਸ਼ੁਰੂ ਹੋਇਆ। ਚਿੱਠੀ ਅੰਗਰੇਜ਼ੀ ਵਿੱਚ ਆਉਂਦੀ ਹੋਣ ਕਰਕੇ ਮੈਂਨੂੰ ਕਿਸੇ ਤੋਂ ਪੜ੍ਹਾਉਣੀ ਪੈਂਦੀ ਸੀ। ਮਹੀਨੇ ਵਿੱਚ ਇੱਕ ਵਾਰ ਜਗਰਾਉਂ ਦੇ ਇਕ ਪੀ.ਸੀ.ਓ. 'ਤੇ ਜੱਸੀ ਦਾ ਫੋਨ ਆਉਂਦਾ।
ਜੱਸੀ ਨੇ ਅਦਾਲਤ 'ਚ ਪੇਸ਼ ਹੋ ਕੇ ਸਾਡੇ ਹੱਕ 'ਚ ਗਵਾਹੀ ਦਿੱਤੀ
ਇਸ ਤਰ੍ਹਾਂ ਪੰਜ ਸਾਲ ਬੀਤੇ ਗਏ। 1999 ਵਿੱਚ ਜੱਸੀ ਮੁੜ ਪੰਜਾਬ ਆਈ ਤੇ ਦੋ ਮਹੀਨੇ ਇੱਥੇ ਰਹੀ। ਇਸ ਦੌਰਾਨ ਅਸੀਂ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਵਾਉਣ ਪਿੱਛੋਂ ਵਿਆਹ ਰਜਿਸਟਰਡ ਕਰਵਾ ਲਿਆ।
ਕਹਾਣੀ ਵਿੱਚ ਖ਼ਤਰਨਾਕ ਮੋੜ ਉਦੋਂ ਆਇਆ ਜਦੋਂ ਕੈਨੇਡਾ ਪਰਤ ਕੇ ਜੱਸੀ ਨੇ ਮੈਨੂੰ ਉੱਥੇ ਸੱਦਣ ਲਈ ਪੇਪਰ ਅਪਲਾਈ ਕੀਤੇ। ਇਹ ਗੱਲ ਉਸਦੇ ਪਰਿਵਾਰ ਨੂੰ ਪਤਾ ਲੱਗ ਗਈ। ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੇਰੇ ਅਤੇ ਮੇਰੇ ਦੋ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਹੋਇਆ।
ਇਹ ਵੀ ਪੜ੍ਹੋ
ਜੱਸੀ ਇੰਨੀ ਦਲੇਰ ਕੁੜੀ ਸੀ ਕਿ ਮਾਮਲੇ ਦਾ ਪਤਾ ਲੱਗਣ 'ਤੇ ਮਈ 2000 ਵਿੱਚ ਪੰਜਾਬ ਆ ਗਈ। ਉਸ ਨੇ ਲੁਧਿਆਣਾ 'ਚ ਜੱਜ ਸਾਹਮਣੇ ਪੇਸ਼ ਹੋ ਕੇ ਮੇਰੇ ਤੇ ਮੇਰੇ ਦੋਸਤਾਂ ਨੂੰ ਕੇਸ ਵਿੱਚੋਂ ਬਰੀ ਕਰਵਾਇਆ।
ਇਸ ਪਿੱਛੋਂ ਜੱਸੀ ਤੇ ਮੈਂ ਰਿਸ਼ਤੇਦਾਰੀਆਂ ਵਿੱਚ ਲੁਕ ਛਿਪ ਕੇ ਰਹਿਣ ਲੱਗੇ। 12 ਜੂਨ ਨੂੰ ਰਾਏਕੋਟ 'ਚ ਵਿਆਹ ਦੀ ਪਾਰਟੀ ਰੱਖੀ ਸੀ। ਇਸ ਤੋਂ ਚਾਰ ਦਿਨ ਪਹਿਲਾਂ ਹੀ ਥਾਣਾ ਅਮਰਗੜ੍ਹ ਨੇੜੇ ਪਿੰਡ ਨਾਰੀਕੇ ਕੋਲ ਮੇਰੇ ਤੇ ਜੱਸੀ 'ਤੇ ਹਮਲਾ ਹੋ ਗਿਆ।”
ਇਹ ਵੀਡੀਓ ਵੀ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












