ਕੰਦੀਲ ਬਲੋਚ ਕਤਲ ਕੇਸ 'ਚ ਮੁਫ਼ਤੀ ਅਬਦੁੱਲ ਗ੍ਰਿਫ਼ਤਾਰ

ਤਸਵੀਰ ਸਰੋਤ, QANDEELQUEBEE
- ਲੇਖਕ, ਜ਼ਫ਼ਰ ਸਈਅਦ
- ਰੋਲ, ਬੀਬੀਸੀ ਉਰਦੂ ਪੱਤਰਕਾਰ, ਇਸਲਾਮਾਬਾਦ
ਪਿਛਲੇ ਸਾਲ ਜੁਲਾਈ ਮਹੀਨੇ 'ਚ ਪਾਕਿਸਤਾਨ ਦੀ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ਦੀ ਹੱਤਿਆ ਮੁਲਤਾਨ ਵਿਖੇ ਉਨ੍ਹਾਂ ਦੇ ਘਰ 'ਚ ਕਰ ਦਿੱਤੀ ਗਈ ਸੀ।
ਯੂ-ਟਿਊਬ 'ਤੇ ਬੋਲਡ ਗਾਣੇ ਅਤੇ ਪੋਸਟ ਪਾ ਕੇ ਪਾਕਿਸਤਾਨ ਦੇ ਰੂੜੀਵਾਦੀ ਸਮਾਜ ਨੂੰ ਚੁਣੌਤੀ ਦੇਣ ਵਾਲੀ ਕੰਦੀਲ ਦੀ ਹੱਤਿਆ ਦੇ ਇਲਜ਼ਾਮ 'ਚ ਉਨ੍ਹਾਂ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਤਸਵੀਰ ਸਰੋਤ, Getty Images
ਇਸ ਮਾਮਲੇ 'ਚ ਹੁਣ ਨਵਾਂ ਮੋੜ ਆਇਆ ਹੈ। ਮੁਫ਼ਤੀ ਅਬਦੁੱਲ ਕਵੀ ਨੂੰ ਇਸ ਮਾਮਲੇ ਨਾਲ ਜੁੜੇ ਹੋਣ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਹ ਕੰਦੀਲ ਦੇ ਕਤਲ ਹੋਣ ਤੋਂ ਕੁਝ ਦਿਨ ਪਹਿਲਾਂ ਉਸ ਨਾਲ ਮਿਲੇ ਸਨ।
ਕੌਣ ਸੀ ਕੰਦੀਲ ਬਲੋਚ ?
ਪਾਕਿਸਤਾਨ ਦੇ ਪੰਜਾਬ ਦੇ ਛੋਟੇ ਜਿਹੇ ਪਿੰਡ ਦੀ ਕੁੜੀ ਕੰਦੀਲ ਉਦੋਂ ਚਰਚਾ 'ਚ ਆਈ ਜਦੋਂ ਸਾਲ 2013 'ਚ ਉਸ ਨੇ ਸੋਸ਼ਲ ਮੀਡੀਆ 'ਤੇ ਬੋਲਡ ਵੀਡੀਓ ਅਤੇ ਤਸਵੀਰਾਂ ਪਾਉਣੀਆਂ ਸ਼ੁਰੂ ਕੀਤੀਆਂ ਸਨ।
ਪਾਕਿਸਤਾਨ ਦੇ ਰੂੜੀਵਾਦੀ ਸਮਾਜ ਦੇ ਜਿੱਥੇ ਕੁਝ ਲੋਕ ਇਸ ਦੇ ਵਿਰੋਧੀ ਸਨ, ਉੱਥੇ ਹੀ ਕੁਝ ਲੋਕ ਉਸ ਦੇ ਸਮਰਥਕ ਵੀ ਸਨ।

ਤਸਵੀਰ ਸਰੋਤ, Getty Images
ਉਨ੍ਹਾਂ ਦੇ ਸਮਰਥਕਾਂ ਦਾ ਮੰਨਣਾ ਸੀ ਕਿ ਕੰਦੀਲ ਸਮਾਜ ਦੀਆਂ ਰੂੜੀਵਾਦੀ ਧਾਰਨਾਵਾਂ ਨੂੰ ਤੋੜ ਰਹੀ ਹੈ।
ਉਸ ਦੇ ਸਮਰਥਕਾਂ ਨੇ ਕਈ ਵਾਰ ਉਸ ਨੂੰ ਚਿਤਾਵਨੀ ਦਿੱਤੀ ਸੀ ਕਿ ਉਸ ਦੀ ਹੱਤਿਆ ਹੋ ਸਕਦੀ ਹੈ।
ਕੌਣ ਹੈ ਮੁਫ਼ਤੀ ਅਬਦੁੱਲ ਤੇ ਕੰਦੀਲ ਨਾਲ ਕੀ ਸੀ ਉਸ ਦਾ ਰਿਸ਼ਤਾ ?
ਮੁਫ਼ਤੀ ਅਬਦੁੱਲ ਪਾਕਿਸਤਾਨ ਦੇ ਮੰਨੇ ਪ੍ਰਮੰਨੇ ਧਾਰਮਿਕ ਵਿਦਵਾਨ ਹਨ। ਉਹ ਪਾਕਿਸਤਾਨ ਸਰਕਾਰ ਦੀ 'ਮੂਨ ਸਾਇਟਿੰਗ' ਕਮੇਟੀ (ਰੋਇਤੇ-ਹਲਾਲ) ਦੇ ਮੈਂਬਰ ਵੀ ਸਨ।
ਇਹ ਕਮੇਟੀ ਚੰਨ ਨੂੰ ਦੇਖ ਕੇ ਇਸਲਾਮਿਕ ਤਿਉਹਾਰਾਂ ਦੀ ਤਰੀਕਾਂ ਤੈਅ ਕਰਦੀ ਹੈ।
ਜੂਨ 2016 'ਚ ਇੱਕ ਟੀਵੀ ਪ੍ਰੋਗਰਾਮ ਵਿੱਚ ਕੰਦੀਲ ਅਤੇ ਉਹ ਦੋਵੇਂ ਮੌਜੂਦ ਸਨ। ਕੰਦੀਲ ਉਸ ਚਰਚਾ ਵਿੱਚ ਵੀਡੀਓ ਲਿੰਕ ਨਾਲ ਜੁੜੀ ਹੋਈ ਸੀ।
ਉਸ ਪ੍ਰੋਗਰਾਮ ਵਿੱਚ ਕੰਦੀਲ ਦੇ ਆਨਲਾਈਨ ਪੋਸਟ ਦੇ ਮੁੱਦੇ 'ਤੇ ਚਰਚਾ ਚੱਲ ਰਹੀ ਸੀ ਅਤੇ ਇਸੇ ਦੌਰਾਨ ਮੁਫ਼ਤੀ ਨੇ ਕੰਦੀਲ ਨੂੰ ਕਰਾਚੀ 'ਚ ਮਿਲਣ ਦਾ ਸੱਦਾ ਦਿੱਤਾ ਸੀ।

ਤਸਵੀਰ ਸਰੋਤ, AFP/Getty Images
ਕੁਝ ਹਫ਼ਤਿਆਂ ਬਾਅਦ 20 ਜੂਨ ਨੂੰ ਕੰਦੀਲ ਨੇ ਮੁਫ਼ਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਕਈ ਸੇਲ਼ਫ਼ੀਆਂ ਸੋਸ਼ਲ ਮੀਡੀਆ 'ਤੇ ਪਾਈਆਂ।
ਜਿਸ ਨਾਲ ਮੁਫ਼ਤੀ ਵੀ ਆਲੋਚਨਾਵਾਂ ਦੇ ਘੇਰੇ ਵਿੱਚ ਆ ਗਏ। ਇਸ ਤੋਂ ਬਾਅਦ ਮੁਫ਼ਤੀ ਨੂੰ ਮੂਨ ਸਾਈਟਿੰਗ ਕਮੇਟੀ ਤੋਂ ਹਟਾ ਦਿੱਤਾ ਗਿਆ ਸੀ।
ਅਦਾਲਤ 'ਚ ਹੈ ਕੇਸ
ਮੁਫ਼ਤੀ ਨਾਲ ਮਿਲਣ ਤੋਂ ਇੱਕ ਮਹੀਨੇ ਬਾਅਦ ਹੀ ਕੰਦੀਲ ਦੀ ਹੱਤਿਆ ਹੋ ਗਈ।
ਕੰਦੀਲ ਦੇ ਭਰਾ ਵਸੀਮ ਨੇ ਹੱਤਿਆ ਦਾ ਜੁਰਮ ਕਬੂਲ ਕੀਤਾ ਅਤੇ ਕਿਹਾ ਕਿ ਉਹ ਪਰਿਵਾਰ ਦਾ ਨਾ ਬਦਨਾਮ ਕਰ ਰਹੀ ਸੀ, ਇਸ ਲਈ ਹੱਤਿਆ ਕਰ ਦਿੱਤੀ।
ਵਸੀਮ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਕਤਲ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਬਾਅਦ ਵਿੱਚ ਤਿੰਨਾਂ ਨੂੰ ਜ਼ਮਾਨਤ ਮਿਲ ਗਈ ਸੀ।
ਕੰਦੀਲ ਦੇ ਪਰਿਵਾਰ ਨੇ ਮੁਫ਼ਤੀ ਅਬਦੁੱਲ 'ਤੇ ਵੀ ਕਤਲ ਲਈ ਉਕਸਾਉਣ ਦੇ ਇਲਜ਼ਾਮ ਲਗਾਏ।
ਪਰਿਵਾਰ ਦਾ ਕਹਿਣਾ ਹੈ ਕਿ ਮੁਫ਼ਤੀ ਰਸੂਖ਼ ਵਾਲੇ ਹਨ ਅਤੇ ਉਨ੍ਹਾਂ ਨੇ ਆਪਣੀ ਤਾਕਤ ਅਤੇ ਅਹੁਦੇ ਦਾ ਇਸਤੇਮਾਲ ਕਰਦੇ ਹੋਏ ਇਹ ਕਹਿ ਕੇ ਕਤਲ ਲਈ ਉਕਸਾਇਆ ਕਿ ਉਹ ਪਰਿਵਾਰ ਨੂੰ ਬੇਇੱਜ਼ਤ ਕਰ ਰਹੀ ਹੈ।

ਤਸਵੀਰ ਸਰੋਤ, Getty Images
ਹਾਲਾਂਕਿ ਮੁਫ਼ਤੀ ਨੇ ਹਮੇਸ਼ਾ ਹੀ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਅਤੇ ਜਾਂਚ 'ਚ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਇਨਕਾਰ ਕੀਤਾ।
12 ਅਕਤੂਬਰ ਨੂੰ ਮੁਲਤਾਨ ਦੀ ਇੱਕ ਅਦਾਲਤ ਵੱਲੋਂ ਉਨ੍ਹਾਂ ਨੂੰ ਪੇਸ਼ ਹੋਣ ਦੇ ਆਦੇਸ਼ ਜਾਰੀ ਹੋਏ।
ਇਸ ਨਾਟਕੀ ਘਟਨਾਕ੍ਰਮ 'ਚ ਜਦੋਂ ਮੁਫ਼ਤੀ ਨੂੰ ਜ਼ਮਾਨਤ ਨਹੀਂ ਮਿਲੀ ਤਾਂ ਉਹ ਅਦਾਲਤ 'ਚੋਂ ਭੱਜ ਗਏ ਪਰ ਬਾਅਦ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਕੀ ਸੋਚਦੇ ਹਨ ਪਾਕਿਸਤਾਨ ਦੇ ਲੋਕ ?
ਕੰਦੀਲ ਦੇ ਕਤਲ ਨੂੰ ਇੱਕ ਸਾਲ ਤੋਂ ਉੱਤੇ ਹੋ ਗਿਆ ਹੈ ਪਰ ਅੱਜ ਵੀ ਪਾਕਿਸਤਾਨੀ ਮੀਡੀਆ ਵਿੱਚ ਕੰਦੀਲ ਦੀ ਚਰਚਾ ਹੁੰਦੀ ਰਹਿੰਦੀ ਹੈ।
ਦੋ ਵਾਰ ਔਸਕਰ ਜੇਤੂ ਰਹੇ ਸ਼ਰਮੀਨ ਓਬੇਦ ਚਿਨੌਏ ਕੰਦੀਲ ਦੀ ਜ਼ਿੰਦਗੀ 'ਤੇ ਇੱਕ ਦਸਤਾਵੇਜ਼ੀ ਫ਼ਿਲਮ ਬਣਾ ਰਹੇ ਹਨ।

ਤਸਵੀਰ ਸਰੋਤ, Reuters
ਟੀਵੀ ਚੈਨਲ 'ਤੇ ਵੀ ਕੰਦੀਲ ਨਾਲ ਜੁੜਿਆ ਇੱਕ ਪ੍ਰੋਗਰਾਮ 'ਦੀ ਰਿਬੇਲ' ਚਲਾਇਆ ਜਾ ਰਿਹਾ ਹੈ।
ਇਸ ਪੂਰੇ ਮਾਮਲੇ ਵਿੱਚ ਅਦਾਲਤ ਦੇ ਫ਼ੈਸਲੇ 'ਚ ਸਮਾਂ ਲੱਗੇਗਾ ਪਰ ਮੁਫ਼ਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਵਿੱਚ ਨਵਾਂ ਮੋੜ ਜਰੂਰ ਆ ਗਿਆ ਹੈ।
ਕੰਦੀਲ ਦੇ ਸਮਰਥਕ ਉਸ ਨੂੰ ਉਦਾਰਵਾਦ ਲਈ ਇੱਕ 'ਸ਼ਹੀਦ' ਵਜੋਂ ਦੇਖਦੇ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)












