ਵਿੱਕੀ ਗੌਂਡਰ ਪੁਲਿਸ ਮੁਕਾਬਲੇ ਦੀ ਰਾਜਸਥਾਨ ਪੁਲਿਸ ਨੂੰ ਜਾਂਚ ਦੇ ਹੁਕਮ, ਰਵੀ ਦਿਓਲ ਦਾ ਆਤਮ-ਸਮਰਪਣ ਤੇ ਮਸਤੀ ਫਰਾਰ

ਤਸਵੀਰ ਸਰੋਤ, FACEBOOK/@VickyGounderX
ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਕਥਿਤ ਪੁਲਿਸ ਮੁਕਾਬਲੇ ਦੀ ਰਾਜਸਥਾਨ ਪੁਲਿਸ ਜਾਂਚ ਕਰੇਗੀ।
ਬੀਬੀਸੀ ਦੇ ਸਥਾਨਕ ਪੱਤਰਕਾਰ ਨਰਾਇਣ ਬਾਰੇਟ ਨੂੰ ਗੰਗਾਨਗਰ ਦੇ ਐੱਸਪੀ ਹਰਿੰਦਰ ਕੁਮਾਰ ਦੱਸਿਆ ਕਿ ਇਸ ਮਾਮਲੇ ਚ ਪੁਲਿਸ ਐੱਫ਼ਆਈਆਰ ਦਰਜ ਕੀਤੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਪੁਲਿਸ ਮੁਕਾਬਲਾ ਰਾਜਸਥਾਨ ਵਿੱਚ ਹੋਇਆ ਹੈ, ਇਸ ਲਈ ਇਸ ਬਾਰੇ ਜਾਂਚ ਕਰਨਾ ਰਾਜਸਥਾਨ ਪੁਲਿਸ ਦੀ ਡਿਉਟੀ ਬਣਦੀ ਹੈ।

ਤਸਵੀਰ ਸਰੋਤ, BBC/ Sukhcharan Preet
ਇਸ ਜਾਂਚ ਦੌਰਾਨ ਉਨ੍ਹਾਂ ਪੁਲਿਸ ਅਫ਼ਸਰਾਂ ਦੀ ਜਵਾਬਤਲਬੀ ਕਰਨਗੇ ਜਿਹੜੇ ਇਸ ਮੁਕਾਬਲੇ ਵਿੱਚ ਸ਼ਾਮਲ ਸਨ।
ਕਿਵੇਂ ਹੋਇਆ ਸੀ ਮੁਕਾਬਲਾ
ਪੰਜਾਬ ਪੁਲਿਸ ਦੀ ਓਰਗਨਾਈਜ਼ਡ ਕਰਾਈਮ ਕੰਟਰੋਲ ਯੂਨਿਟ (OCCU) ਇਸ ਮੁਕਾਬਲੇ ਨੂੰ ਅੰਜਾਮ ਦਿੱਤਾ ਸੀ।
ਕੰਟਰੋਲ ਯੂਨਿਟ (OCCU) ਦੀ ਅਗਵਾਈ ਕਰਨ ਵਾਲੇ ਏਆਈਜੀ ਗੁਰਮੀਤ ਚੌਹਾਨ ਨੇ ਕਥਿਤ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ ਸੀ।
·ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਵਿੱਕੀ ਗੌਂਡਰ ਅਤੇ ਉਸ ਦੇ ਸਾਥੀ ਅਬੋਹਰ ਦੇ ਆਲੇ-ਦੁਆਲੇ ਸਰਗਰਮ ਹਨ।
·ਜਾਣਕਾਰੀ ਦੇ ਆਧਾਰ 'ਤੇ ਸ਼ੱਕੀਆਂ ਦੀ ਨਿਸ਼ਾਨਦੇਹੀ ਸ਼ੁਰੂ ਹੋਈ।
·ਉਨ੍ਹਾਂ ਵਿੱਚੋਂ ਖੁਈਆ ਸਰਵਰ ਦੇ ਪਿੰਡ ਪਜਾਬਾ ਦੇ ਇੱਕ ਸ਼ਖਸ 'ਤੇ ਖ਼ਾਸ ਨਜ਼ਰ ਰੱਖੀ ਗਈ ਸੀ।
·ਉਸੇ ਸ਼ੱਕੀ ਦੀ ਢਾਹਣੀ ਵਿੱਚ ਕੁਝ ਲੋਕਾਂ ਦੇ ਰਹਿਣ ਬਾਰੇ ਜਾਣਕਾਰੀ ਮਿਲੀ।

ਤਸਵੀਰ ਸਰੋਤ, Vicky Gounder/Facebook
·ਪੁਲਿਸ ਨੇ ਉਸ ਢਾਹਣੀ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ।
·ਪੱਕੀ ਜਾਣਕਾਰੀ ਮਿਲਣ 'ਤੇ ਪੁਲਿਸ ਵੱਲੋਂ 24 ਜਨਵਰੀ ਤੋਂ ਹੀ ਆਪਰੇਸ਼ਨ ਸ਼ੁਰੂ ਕੀਤਾ ਗਿਆ।
ਕਿਵੇਂ ਹੋਇਆ ਕਥਿਤ ਐਨਕਾਊਂਟਰ?
·ਪੁਲਿਸ ਨੇ ਢਾਹਣੀ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਕੁਝ ਪੁਲਿਸ ਮੁਲਾਜ਼ਮ ਛੱਤ 'ਤੇ ਵੀ ਚੜ੍ਹ ਗਏ।
·ਪੁਲਿਸ ਦੀ ਹਰਕਤ ਨਾਲ ਵਿੱਕੀ ਗੌਂਡਰ ਤੇ ਉਸ ਦੇ ਸਾਥੀ ਚੌਕੰਨੇ ਹੋ ਗਏ।
·ਵਿੱਕੀ ਗੌਂਡਰ ਤੇ ਉਸ ਦਾ ਸਾਥੀ ਪ੍ਰੇਮਾ ਲਾਹੌਰੀਆ ਦੀਵਾਰ ਟੱਪ ਕੇ ਭੱਜਣ ਲੱਗੇ। ਦੋਵੇਂ ਪੁਲਿਸ ਵੱਲੋਂ ਹੁੰਦੀ ਫਾਇਰਿੰਗ ਵਿੱਚ ਮਾਰੇ ਗਏ।
ਰਵੀ ਦਿਓਲ ਦਾ ਆਤਮ-ਸਮਰਪਣ
ਸੰਗਰੂਰ ਤੋਂ ਸੁਖਚਰਨ ਪ੍ਰੀਤ ਮੁਤਾਬਕ ਸੰਗਰੂਰ ਦੇ ਨਾਮੀਂ ਗੈਂਗਸਟਰ ਰਵੀ ਦਿਓਲ ਉਰਫ ਰਵੀਚਰਨ ਸਿੰਘ ਵੱਲੋਂ ਸੰਗਰੂਰ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ ਗਿਆ।
ਰਵੀ ਦਿਓਲ ਸੰਗਰੂਰ ਵਿਖੇ ਅੱਠ ਵੱਖ-2 ਮਾਮਲਿਆਂ ਵਿੱਚ ਲੋੜੀਂਦਾ ਸੀ।ਇਸਤੋਂ ਇਲਾਵਾ ਰਵੀ ਦਿਓਲ ਉੱਤੇ ਫਤਿਹਗੜ ਸਾਹਿਬ ਵਿੱਚ ਵੀ ਚਾਰ ਪਰਚੇ ਦਰਜ ਹਨ।
ਰਵੀ ਦਿਓਲ ਓਦੋਂ ਚਰਚਾ ਵਿੱਚ ਆਇਆ ਸੀ ਜਦੋਂ ਇਸਦਾ ਨਾਂ ਬਹੁਚਰਚਿਤ ਜਗਦੀਸ਼ ਭੋਲਾ ਡਰੱਗਜ਼ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਮਸ਼ਹੂਰ ਭਾਰਤੀ ਬਾਕਸਰ ਵਿਜੇਂਦਰ ਸਿੰਘ ਦਾ ਨਾਂ ਵੀ ਚਰਚਾ ਵਿੱਚ ਰਿਹਾ ਸੀ।
ਇਸ ਕੇਸ ਵਿੱਚ ਨਾਮਜ਼ਦ ਰਾਮ ਸਿੰਘ ਜੋ ਕਿ ਕਥਿਤ ਰੂਪ ਵਿੱਚ ਵਿਜੇਂਦਰ ਸਿੰਘ ਦਾ ਨਜ਼ਦੀਕੀ ਮੰਨਿਆਂ ਜਾਂਦਾ ਹੈ ਰਵੀ ਦਿਓਲ ਦਾ ਨਜ਼ਦੀਕੀ ਰਿਸ਼ਤੇਦਾਰ ਹੈ।

ਤਸਵੀਰ ਸਰੋਤ, BBC/ Sukhcharan Preet
ਰਵੀ ਦਿਓਲ ਉੱਤੇ ਪਹਿਲਾ ਮਾਮਲਾ ਸਾਲ 1998 ਵਿੱਚ ਦਰਜ ਹੋਇਆ ਸੀ ।ਇਹ ਮਹਿਜ਼ ਸਬੱਬ ਨਹੀਂ ਹੈ ਕਿ ਵਿੱਕੀ ਗੌਂਡਰ ਦੇ ਕਥਿਤ ਪੁਲਿਸ ਮੁਕਾਬਲੇ ਤੋਂ ਬਾਅਦ ਰਵੀ ਦਿਓਲ ਨੇ ਆਤਮ-ਸਮਰਪਣ ਕਰ ਦਿੱਤਾ ਹੈ।
ਕੋਰਟ ਵਿੱਚ ਪੇਸ਼ ਹੋਣ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਰਵੀ ਦਿਓਲ ਨੇ ਆਤਮ-ਸਮਰਪਣ ਦਾ ਕਾਰਨ ਦੱਸਦਿਆਂ ਕਿਹਾ,"ਵਿੱਕੀ ਗੌਂਡਰ ਹੋਰਾਂ ਵਾਲੀ ਘਟਨਾਂ ਮੇਰੇ ਨਾਲ ਨਾ ਹੋਵੇ,ਕਿਤੇ ਮੇਰਾ ਵੀ ਪੁਲਿਸ ਮੁਕਾਬਲਾ ਨਾ ਕਰ ਦਿੱਤਾ ਜਾਵੇ ਅਤੇ ਪੁਲਿਸ ਵੱਲੋਂ ਮੇਰੇ ਤੇ ਨਜਾਇਜ਼ ਪਰਚੇ ਨਾ ਪਾਏ ਜਾਣ"।
ਸਾਲ 2007 ਤੋਂ ਰਵੀ ਦਿਓਲ ਭਗੌੜਾ ਚੱਲਿਆ ਆ ਰਿਹਾ ਸੀ ਪਰ ਅੱਜ ਅਚਾਨਕ ਸੰਗਰੂਰ ਅਦਾਲਤ ਵਿੱਚ ਪੇਸ਼ ਹੋ ਗਿਆ,ਜਿੱਥੇ ਮਾਨਯੋਗ ਅਦਾਲਤ ਵੱਲੋਂ ਉਸਨੂੰ 3 ਮਾਰਚ ਤੱਕ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ।
ਰਵੀ ਦਿਓਲ ਦੇ ਵਕੀਲ ਅਸ਼ਵਨੀ ਚੌਧਰੀ ਮੁਤਾਬਕ,"1998 ਤੋਂ ਲੈ ਕੇ 2013 ਤੱਕ ਇਸਤੇ ਕੁੱਲ 12 ਪਰਚੇ ਵੱਖ-2 ਦਰਜ ਸਨ ਜਿੰਨ੍ਹਾਂ ਵਿੱਚੋਂ 8 ਪਰਚੇ ਸੰਗਰੂਰ ਵਿੱਚ ਅਤੇ 4 ਪਰਚੇ ਫਤਿਹਗੜ ਸਾਹਿਬ ਵਿੱਚ ਦਰਜ ਕੀਤੇ ਗਏ ਸਨ,ਕੇਸਾਂ ਵਿੱਚੋਂ ਭਗੌੜਾ ਹੋਣ ਤੋਂ ਬਾਅਦ ਰਵੀ ਦਿਓਲ ਮੁੰਬਈ ਚਲਾ ਗਿਆ ਸੀ ਜਿੱਥੇ ਇਹ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਿਹਾ ਸੀ।

ਪਿਛਲੇ ਸਮੇਂ ਵਿੱਚ ਇਸਦੇ ਭਰਾ ਦੀ ਮੌਤ ਹੋ ਜਾਣ ਅਤੇ ਇਸਦੇ ਮਾਪਿਆਂ ਦੇ ਇਕੱਲੇ ਹੋਣ ਕਾਰਨ ਇਹ ਆਮ ਜ਼ਿੰਦਗੀ ਵਿੱਚ ਪਰਤਣਾ ਚਾਹੁੰਦਾ ਸੀ।ਇਸਨੂੰ ਇਹ ਡਰ ਵੀ ਸੀ ਕਿ ਪੁਲਿਸ ਇਸਦਾ ਝੂਠਾ ਮੁਕਾਬਲਾ ਨਾ ਬਣਾ ਦੇਵੇ,ਜਿਸ ਕਰਕੇ ਇਹ ਮੇਰੇ ਕੋਲ ਆਇਆ ਸੀ"।
ਰਵੀ ਦਿਓਲ ਨੂੰ ਮੰਗਲਵਾਰ ਨੂੰ ਸੰਗਰੂਰ ਵਿੱਚ 12.30 ਵਜੇ, ਜੇ.ਐਸ. ਮਹਿੰਦੀ ਰੱਤਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਵੱਲੋਂ ਉਸਦਾ ਤਿੰਨ ਫਰਵਰੀ ਤੱਕ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ।
ਸੰਗਰੂਰ ਪੁਲਿਸ ਦੇ ਅਧਿਕਾਰੀ ਸੰਦੀਪ ਵਡੇਰਾ (ਡੀ.ਐਸ.ਪੀ. ਰੂਰਲ) ਮੁਤਾਬਕ, " ਰਵੀ ਦਿਓਲ ਹਾਰਡਕੋਰ ਕਰਿਮੀਨਲ ਹੈ,ਸਾਡੀ ਗੈਂਗਸਟਰਜ਼ ਦੀ ਲਿਸਟ ਵਿੱਚ ਵੀ ਇਸਦਾ ਨਾਂ ਸ਼ਾਮਲ ਹੈ।
ਇਹ ਬਹੁਤੇ ਕੇਸਾਂ ਵਿੱਚ ਭਗੌੜਾ ਚੱਲਿਆ ਆ ਰਿਹਾ ਸੀ।ਇਸ ਉੱਪਰ ਹੋਰ ਜ਼ਿਲਿਆਂ ਵਿੱਚ ਵੀ ਮੁਕੱਦਮੇਂ ਦਰਜ ਹਨ,ਉਹ ਸਾਰਾ ਰਿਕਾਰਡ ਇਕੱਠਾ ਕਰਕੇ ਪੜਤਾਲ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪਤਾ ਲੱਗਿਆ ਹੈ ਕਿ ਇਹ ਸੰਗੀਤ ਦੀ ਦੁਨੀਆਂ ਵਿੱਚ ਵੀ ਇਨਵਾਲਵ ਹੈ,ਇਹਨੇ ਕੁਛ ਗਾਣੇ ਵੀ ਪਿਛਲੇ ਸਮੇਂ ਵਿੱਚ ਰਿਕਾਰਡ ਕਰਵਾਏ ਹਨ।ਅਸੀਂ ਇਸ ਸਭ ਦੀ ਵੀ ਜਾਂਚ ਕਰਾਂਗੇ"।
ਕਰਣ ਮਸਤੀ ਫਰਾਰ
ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੋਬਿਨ ਮੁਤਾਬਕ ਸਥਾਨਕ ਬਾਜ਼ਾਰ ਗੁਜਰਾਂ ਮਜੀਠ ਮੰਡੀ ਨਿਵਾਸੀ ਅਤੇ ਕਈ ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਨਾਮੀ ਗੈਂਗਸਟਰ ਰਜਤ ਮਲਹੋਤਰਾ ਉਰਫ ਕਰਣ ਮਸਤੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਪੁਲਿਸ ਵਲੋਂ ਕਰਨ ਮਸਤੀ ਨੂੰ ਅਦਾਲਤ ਵਿੱਚ ਪੇਸ਼ੀ ਭੁਗਤਨ ਲਈ ਲਿਆਂਦਾ ਗਿਆ ਸੀ ।
ਜਿਵੇਂ ਹੀ ਹੈਡ ਕਾਂਸਟੇਬਲ ਕੁਲਵਿੰਦਰ ਸਿੰਘ ਕਰਣ ਮਸਤੀ ਤੇ ਤਿੰਨ ਹੋਰ ਦੋਸ਼ੀਆਂ ਨੂੰ ਜੁਡੀਸ਼ੀਅਲ ਕੰਮਪਲਕਸ ਦੀ ਚੋਥੀ ਮੰਜ਼ਿਲ ਤੇ ਬਣੇ ਬਖਸ਼ੀਖਾਨੇ ਵੱਲ ਲੈ ਕਿ ਜਾ ਰਿਹਾ ਸੀ ਤਾਂ ਇਕ ਦੋਸ਼ੀ ਹੱਥਕੜੀ ਚੋਂ ਆਪਣਾ ਹੱਥ ਕੱਢ ਕਿ ਫਰਾਰ ਹੋ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਜਿਵੇਂ ਹੀ ਪੁਲਿਸ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਜੁਡੀਸ਼ੀਅਲ ਕੰਪਲੈਕਸ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ।
ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ। ਤਿੰਨ ਘੰਟੇ ਪੁਲਿਸ ਵਲੋਂ ਸਰਚ ਅਪ੍ਰੇਸ਼ਨ ਚਲਾਇਆ ਗਿਆ ,ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ।

ਤਸਵੀਰ ਸਰੋਤ, BBC/sukhcharanpreet
ਪੁਲਿਸ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਫਰਾਰ ਹੋਇਆ ਗੈਂਗਸਟਰ ਰਜਤ ਮਲਹੋਤਰਾ ਉਰਫ ਕਰਣ ਮਸਤੀ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਖਾਸ ਦੋਸਤ ਸੀ।
ਉਨ੍ਹਾਂ ਦੱਸੀਆ ਕਿ ਉਸ ਦੇ ਖਿਲਾਫ ਲੁੱਟਾਂ ,ਡਕੈਤੀਆਂ ,ਹਥਿਆਵਾਂ ,ਵਰਗੇ ਕਈ ਗੰਭੀਰ ਮਾਮਲੇ ਵੀ ਦਰਜ਼ ਨੇ।ਇਸ ਮਾਮਲੇ ਸਬੰਧੀ ਐਡੀਸ਼ਨਲ ਡਿਪਟੀ ਕਮਿਸ਼ਨਰ ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧ ਵਿੱਚ ਥਾਂ ਥਾਂ ਤੇ ਨਾਕੇ ਲੱਗਾ ਕਿ ਛਾਪੇ ਮਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਨਾਮੀ ਗੈਂਗਸਟਰ ਰਜਤ ਮਲਹੋਤਰਾ ਉਰਫ ਕਰਣ ਮਸਤੀ ਤੇ ਕਈ ਅਪਰਾਧਿਕ ਮਾਮਲੇ ਦਰਜ ਨੇ। ਓਥੇ ਹੀ ਪੁਲਿਸ ਨੇ ਅਣਗਹਿਲੀ ਵਰਤਣ ਵਾਲੇ ਹੈਡ ਕਾਂਸਟੇਬਲ ਕੁਲਵਿੰਦਰ ਸਿੰਘ ਨੂੰ ਸਸਪੈਂਡ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।












