ਕੀ ਮੋਹਨ ਦਾਸ ਕਰਮ ਚੰਦ ਗਾਂਧੀ ਦੇ ਕਤਲ ਵਿੱਚ ਵੀਰ ਸਾਵਰਕਰ ਦੀ ਕੋਈ ਭੂਮਿਕਾ ਸੀ

ਤਸਵੀਰ ਸਰੋਤ, Getty Images
- ਲੇਖਕ, ਸ਼ਮਸੁਲ ਇਸਲਾਮ
- ਰੋਲ, ਬੀਬੀਸੀ ਹਿੰਦੀ ਦੇ ਲਈ
ਮੋਹਨਦਾਸ ਕਰਮਚੰਦ ਗਾਂਧੀ ਦੇ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅਫ਼ਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੁਪਰੀਮ ਕੋਰਟ ਨੇ ਵੀ ਅਕਤੂਬਰ 2017 ਵਿੱਚ ਗਾਂਧੀ ਦੇ ਕਤਲ ਦੀ ਜਾਂਚ ਮੁੜ ਤੋਂ ਸ਼ੁਰੂ ਕਰਨ ਨੂੰ ਲੈ ਕੇ ਦਰਜ ਕੀਤੀ ਗਈ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਸੀ।
ਗਾਂਧੀ ਦੇ ਕਤਲ ਲਈ ਨੱਥੂਰਾਮ ਵਿਨਾਇਕ ਗੋਡਸੇ ਅਤੇ ਨਾਰਾਇਣ ਆਪਟੇ ਨੂੰ 19 ਨਵੰਬਰ 1949 ਨੂੰ ਫਾਂਸੀ ਦਿੱਤੀ ਗਈ ਸੀ।
ਗਾਂਧੀ ਕਤਲ ਮਾਮਲੇ ਵਿੱਚ ਸਹਿ ਮੁਲਜ਼ਮ ਅਤੇ ਨੱਥੂਰਾਮ ਦੇ ਛੋਟੇ ਭਰਾ ਗੋਪਾਲ ਗੋਡਸੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਗੋਪਾਲ ਨੇ ਆਪਣੀ ਕਿਤਾਬ 'ਗਾਂਧੀ ਵਧ ਅਤੇ ਮੈਂ' ਵਿੱਚ ਲਿਖਿਆ, ''ਗਾਂਧੀ-ਕਤਲ ਪਿਸਤੌਲ ਹੱਥ ਵਿੱਚ ਲੈਣ ਅਤੇ ਗੋਲੀ ਮਾਰ ਦੇਣ ਵਰਗੀ ਘਟਨਾ ਨਹੀਂ ਸੀ ਬਲਕਿ ਇੱਕ ਇਤਿਹਾਸਕ ਘਟਨਾ ਸੀ।''
''ਅਜਿਹੀਆਂ ਘਟਨਾਵਾਂ ਕਦੇ-ਕਦੇ ਹੁੰਦੀਆਂ ਹਨ। ਨਹੀਂ! ਸਦੀਆਂ ਵਿੱਚ ਵੀ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ।''
ਗਾਂਧੀ ਅਤੇ ਉਨ੍ਹਾਂ ਦੇ ਕਾਤਲਾਂ ਦੀ ਸੋਚ ਦਾ ਫ਼ਰਕ
ਗਾਂਧੀ ਦਾ ਕਤਲ ਭਾਰਤੀ ਰਾਸ਼ਟਰਵਾਦ ਬਾਰੇ ਦੋ ਵਿਚਾਰਧਾਰਾਵਾਂ ਦੇ ਵਿੱਚ ਸੰਘਰਸ਼ ਦਾ ਨਤੀਜਾ ਸੀ।
ਗਾਂਧੀ ਦਾ ਜ਼ੁਰਮ ਇਹ ਸੀ ਕਿ ਉਹ ਇੱਕ ਅਜਿਹੇ ਆਜ਼ਾਦ ਭਾਰਤ ਦੀ ਕਲਪਨਾ ਕਰਦੇ ਸਨ, ਜਿੱਥੇ ਵੱਖ-ਵੱਖ ਧਰਮਾਂ ਅਤੇ ਜਾਤੀਆਂ ਦੇ ਲੋਕ ਬਿਨਾਂ ਭੇਦਭਾਵ ਦੇ ਰਹਿਣ।
ਦੂਜੇ ਪਾਸੇ ਗਾਂਧੀ ਦੇ ਕਾਤਲਾਂ ਨੇ ਹਿੰਦੂ ਰਾਸ਼ਟਰਵਾਦੀ ਸੰਗਠਨਾਂ, ਖਾਸ ਤੌਰ 'ਤੇ ਵਿਨਾਇਕ ਦਾਮੋਦਰ ਸਾਵਰਕਰ ਦੀ ਅਗਵਾਈ ਵਾਲੀ ਹਿੰਦੂ ਮਹਾਸਭਾ, ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਹਿੰਦੂਤਵ ਦਾ ਪਾਠ ਪੜ੍ਹਿਆ ਸੀ।
ਹਿੰਦੂ ਵੱਖਵਾਦ ਦੀ ਇਸ ਵਿਚਾਰਧਾਰਾ ਅਨੁਸਾਰ, ਸਿਰਫ਼ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਦੇ ਸੀ।
ਹਿੰਦੂਤਵ ਵਿਚਾਰਧਾਰਾ ਦੇਣ ਵਾਲੇ ਸਾਵਰਕਰ ਨੇ ਇਸ ਸਿਧਾਂਤ ਦੀ ਪੇਸ਼ਕਾਰੀ 'ਹਿੰਦੂਤਵ' ਨਾਮਕ ਗ੍ਰੰਥ ਵਿੱਚ ਕੀਤੀ ਸੀ।

ਤਸਵੀਰ ਸਰੋਤ, Public Domain
ਜ਼ਿਕਰਯੋਗ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਵਾਲੀ ਇਹ ਕਿਤਾਬ ਅੰਗ੍ਰੇਜ਼ ਸ਼ਾਸਕਾਂ ਨੇ ਸਾਵਰਕਰ ਨੂੰ ਉਦੋਂ ਲਿਖਣ ਦਾ ਮੌਕਾ ਦਿੱਤਾ ਸੀ, ਜਦੋਂ ਉਹ ਜੇਲ੍ਹ ਵਿੱਚ ਸੀ ਅਤੇ ਉਨ੍ਹਾਂ 'ਤੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਗਤੀਵਿਧੀਆਂ ਕਰਨ 'ਤੇ ਪਾਬੰਦੀ ਸੀ।
ਸਾਵਰਕਰ ਨੂੰ ਮਿਲੀ ਢਿੱਲ ਦਾ ਕਾਰਨ
ਇਸ ਨੂੰ ਸਮਝਣਾ ਬਿਲਕੁਲ ਵੀ ਮੁਸ਼ਕਿਲ ਨਹੀਂ ਹੈ ਕਿ ਅੰਗਰੇਜ਼ਾਂ ਨੇ ਇਹ ਢਿੱਲ ਕਿਉਂ ਦਿੱਤੀ ਸੀ?
ਸ਼ਾਸਕ ਗਾਂਧੀ ਦੀ ਅਗਵਾਈ ਵਿੱਚ ਚੱਲ ਰਹੇ ਸਾਂਝੇ ਆਜ਼ਾਦੀ ਅੰਦਲੋਨ ਦੇ ਉਭਾਰ ਤੋਂ ਬਹੁਤ ਪਰੇਸ਼ਾਨ ਸੀ ਅਤੇ ਅਜਿਹੇ ਸਮੇਂ ਵਿੱਚ ਸਾਵਰਕਰ ਦਾ ਹਿੰਦੂ-ਰਾਸ਼ਟਰ ਦਾ ਨਾਅਰਾ ਸ਼ਾਸਕਾਂ ਲਈ ਆਸਮਾਨੀ ਬਖ਼ਸ਼ ਸੀ।
ਉਨ੍ਹਾਂ ਨੇ ਹਿੰਦੂਤਵ ਦੇ ਸਿਧਾਂਤ ਦੀ ਵਿਆਖਿਆ ਸ਼ੁਰੂ ਕਰਦੇ ਹੋਏ ਹਿੰਦੂਤਵ ਅਤੇ ਹਿੰਦੂ ਧਰਮ ਵਿੱਚ ਫ਼ਰਕ ਕੀਤਾ।
ਪਰ ਜਦੋਂ ਤੱਕ ਉਹ ਹਿੰਦੂਤਵ ਦੀ ਪਰਿਭਾਸ਼ਾ ਪੂਰੀ ਕਰਦੇ, ਦੋਵਾਂ ਵਿੱਚ ਫ਼ਰਕ ਪੂਰੀ ਤਰ੍ਹਾਂ ਗਾਇਬ ਹੋ ਚੁੱਕਿਆ ਸੀ।
ਹਿੰਦੁਸਤਾਨ ਹੋਰ ਕੁਝ ਨਹੀਂ ਬਲਕਿ ਸਿਆਸੀ ਹਿੰਦੂ ਦਰਸ਼ਨ ਬਣ ਗਿਆ ਸੀ। ਇਹ ਹਿੰਦੂ ਵੱਖਵਾਦ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆ ਗਿਆ।
ਆਪਣਾ ਗ੍ਰੰਥ ਖ਼ਤਮ ਕਰਦੇ ਹੋਏ ਸਾਵਰਕਰ ਹਿੰਦੂਤਵ ਅਤੇ ਹਿੰਦੂਵਾਦ ਦੇ ਵਿੱਚ ਦੇ ਫ਼ਰਕ ਨੂੰ ਪੂਰੀ ਤਰ੍ਹਾਂ ਭੁੱਲ ਗਏ।
'ਸਿਰਫ਼ ਹਿੰਦੂ ਭਾਰਤੀ ਰਾਸ਼ਟਰ ਦਾ ਅੰਗ'
ਉਨ੍ਹਾਂ ਮੁਤਾਬਕ, ਸਿਰਫ਼ ਹਿੰਦੂ ਭਾਰਤੀ ਰਾਸ਼ਟਰ ਦਾ ਅੰਗ ਸੀ ਅਤੇ ਹਿੰਦੂ ਉਹ ਸੀ,
- ਜੋ ਸਿੰਧੂ ਤੋਂ ਸਾਗਰ ਤੱਕ ਫੈਲੀ ਹੋਈ ਇਸ ਜ਼ਮੀਨ ਨੂੰ ਆਪਣੀ ਪੁਰਖਾਂ ਦੀ ਜ਼ਮੀਨ ਮੰਨਦਾ ਹੈ।
- ਜੋ ਖ਼ੂਨ ਸਬੰਧ ਦੀ ਨਜ਼ਰ ਤੋਂ ਉਸੇ ਮਹਾਨ ਨਸਲ ਦਾ ਵੰਸ਼ ਹੈ।
- ਜਿਸ ਦਾ ਪਹਿਲਾ ਉਭਾਰ ਸਪਤ ਸਿੰਧੂਆਂ ਵਿੱਚ ਹੋਇਆ ਸੀ।
- ਜੋ ਉੱਤਰਅਧਿਕਾਰ ਦੀ ਨਜ਼ਰ ਤੋਂ ਆਪਣੇ ਆਪ ਨੂੰ ਉਸੇ ਨਸਲ ਦਾ ਮੰਨਦਾ ਹੈ ਅਤੇ ਇਸ ਨਸਲ ਦੇ ਉਸ ਸੱਭਿਆਚਾਰ ਦੇ ਰੂਪ ਵਿੱਚ ਮਾਨਤਾ ਦਿੰਦਾ ਹੈ, ਜੋ ਸੰਸਕ੍ਰਿਤ ਭਾਸ਼ਾ ਵਿੱਚ ਇਕੱਠੇ ਕੀਤੇ ਹਨ।

ਤਸਵੀਰ ਸਰੋਤ, AFP,BBC
ਰਾਸ਼ਟਰ ਦੀ ਪਰਿਭਾਸ਼ਾ ਦੇ ਨਾਲ ਸਾਵਰਕਰ ਦਾ ਸਿੱਟਾ ਸੀ ਕਿ ਈਸਾਈ ਅਤੇ ਮੁਸਲਮਾਨ ਭਾਈਚਾਰਾ, ਜੋ ਜ਼ਿਆਦਾ ਗਿਣਤੀ ਵਿੱਚ ਅਜੇ ਤੱਕ ਹਿੰਦੂ ਸੀ ਅਤੇ ਜਿਹੜੇ ਆਪਣੀ ਪਹਿਲੀ ਹੀ ਪੀੜ੍ਹੀ ਵਿੱਚ ਨਵੇਂ ਧਰਮ ਦੇ ਪੈਰੋਕਾਰ ਬਣੇ ਹਨ, ਭਾਵੇਂ ਸਾਂਝੇ ਪੁਰਖਾਂ ਦੀ ਜ਼ਮੀਨ ਦਾ ਦਾਅਵਾ ਕਰਨ ਅਤੇ ਲਗਭਗ ਸ਼ੁੱਧ ਹਿੰਦੂ ਖ਼ੂਨ ਅਤੇ ਮੂਲ ਦਾ ਦਾਅਵਾ ਕਰਨ ਪਰ ਉਨ੍ਹਾਂ ਨੂੰ ਹਿੰਦੂ ਦੇ ਰੂਪ ਵਿੱਚ ਮਾਨਤਾ ਨਹੀਂ ਦਿੱਤੀ ਜਾ ਸਕਦੀ।
ਕਿਉਂਕਿ ਨਵੇਂ ਪੰਥ ਨੂੰ ਅਪਣਾ ਕੇ ਉਨ੍ਹਾਂ ਨੇ ਕੁੱਲ ਮਿਲਾ ਕੇ ਹਿੰਦੂ ਸੰਸਕ੍ਰਿਤੀ ਦਾ ਹੋਣ ਦਾ ਦਾਅਵਾ ਗੁਆ ਦਿੱਤਾ ਹੈ।

ਤਸਵੀਰ ਸਰੋਤ, BC
- ਗਾਂਧੀ ਦਾ ਕਤਲ ਭਾਰਤੀ ਰਾਸ਼ਟਰਵਾਦ ਬਾਰੇ ਦੋ ਵਿਚਾਰਧਾਰਾਵਾਂ ਦੇ ਵਿੱਚ ਸੰਘਰਸ਼ ਦਾ ਨਤੀਜਾ ਸੀ
- ਗਾਂਧੀ ਦੇ ਕਤਲ ਲਈ ਨੱਥੂਰਾਮ ਵਿਨਾਇਕ ਗੋਡਸੇ ਅਤੇ ਨਾਰਾਇਣ ਆਪਟੇ ਨੂੰ 19 ਨਵੰਬਰ 1949 ਨੂੰ ਫਾਂਸੀ ਦਿੱਤੀ ਗਈ ਸੀ।
- ਹਿੰਦੂ ਵੱਖਵਾਦ ਦੀ ਇਸ ਵਿਚਾਰਧਾਰਾ ਅਨੁਸਾਰ, ਸਿਰਫ਼ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਦੇ ਸੀ।
- ਹਿੰਦੂਤਵ ਵਿਚਾਰਧਾਰਾ ਦੇਣ ਵਾਲੇ ਸਾਵਰਕਰ ਨੇ ਇਸ ਸਿਧਾਂਤ ਦੀ ਪੇਸ਼ਕਾਰੀ 'ਹਿੰਦੂਤਵ' ਨਾਮਕ ਗ੍ਰੰਥ ਵਿੱਚ ਕੀਤੀ ਸੀ।
- ਆਪਣਾ ਗ੍ਰੰਥ ਖ਼ਤਮ ਕਰਦੇ ਹੋਏ ਸਾਵਰਕਰ ਹਿੰਦੂਤਵ ਅਤੇ ਹਿੰਦੂਵਾਦ ਦੇ ਵਿੱਚ ਦੇ ਫ਼ਰਕ ਨੂੰ ਪੂਰੀ ਤਰ੍ਹਾਂ ਭੁੱਲ ਗਏ।
- ਇਹ ਭਾਰਤੀ ਰਾਸ਼ਟਰ ਦੀ ਸੰਮਲਿਤ ਕਲਪਨਾ ਅਤੇ ਵਿਸ਼ਵਾਸ ਸੀ ਜਿਸ ਲਈ ਗਾਂਧੀ ਦਾ ਕਤਲ ਕੀਤਾ ਗਿਆ।

ਤਸਵੀਰ ਸਰੋਤ, BC
ਗਾਂਧੀ ਦਾ ਕਤਲ ਕਿਉਂ?
ਇਹ ਭਾਰਤੀ ਰਾਸ਼ਟਰ ਦੀ ਸੰਮਲਿਤ ਕਲਪਨਾ ਅਤੇ ਵਿਸ਼ਵਾਸ ਸੀ ਜਿਸ ਲਈ ਗਾਂਧੀ ਦਾ ਕਤਲ ਕੀਤਾ ਗਿਆ। ਗਾਂਧੀ ਦਾ ਸਭ ਤੋਂ ਵੱਡਾ ਜ਼ੁਰਮ ਸੀ ਕਿ ਉਹ ਸਾਵਰਕਰ ਦੀ ਹਿੰਦੂ ਰਾਸ਼ਟਰਵਾਦੀ ਰਥ ਯਾਤਰਾ ਲਈ ਸਭ ਤੋਂ ਵੱਡਾ ਰੋੜਾ ਬਣ ਗਏ ਸੀ।
ਗਾਂਧੀ ਦੇ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਦੇ ਬਾਰੇ ਅੱਜ ਭਾਵੇਂ ਜਿੰਨੀਆਂ ਵੀ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹੋਣ ਪਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਜਿਨ੍ਹਾਂ ਤੋਂ ਹਿੰਦੂਤਵ ਜੁੰਡਲੀ ਡੂੰਘੇ ਸਬੰਧ ਦੀ ਗੱਲ ਕਰਦੀ ਹੈ, ਉਸ ਦੀ ਰਾਏ ਸਾਫ਼ ਸੀ।

ਤਸਵੀਰ ਸਰੋਤ, Getty Images
ਪਟੇਲ ਦਾ ਮੰਨਣਾ ਸੀ ਕਿ ਆਰਐਸਐਸ, ਖ਼ਾਸ ਤੌਰ 'ਤੇ ਸਾਵਰਕਰ ਅਤੇ ਹਿੰਦੂ ਮਹਾਂਸਭਾ ਦਾ ਵੱਡੇ ਜ਼ੁਰਮ ਵਿੱਚ ਸਿੱਧਾ ਹੱਥ ਸੀ।
ਉਨ੍ਹਾਂ ਨੇ ਹਿੰਦੂ ਮਹਾਂਸਭਾ ਦੇ ਸੀਨੀਅਰ ਨੇਤਾ ਸ਼ਾਮਾ ਪ੍ਰਸਾਦ ਮੁਖਰਜੀ ਨੂੰ 18 ਜੁਲਾਈ 1948 ਨੂੰ ਲਿਖੀ ਚਿੱਠੀ ਵਿੱਚ ਬਿਨਾਂ ਕਿਸੇ ਝਿਜਕ ਦੇ ਲਿਖਿਆ ਸੀ:
- ''ਜਿੱਥੋਂ ਤੱਕ ਆਰਐੱਸਐੱਸ ਅਤੇ ਹਿੰਦੂ ਮਹਾਂਸਭਾ ਦੀ ਗੱਲ ਹੈ, ਗਾਂਧੀ ਜੀ ਦੇ ਕਤਲ ਦਾ ਮਾਮਲਾ ਅਦਾਲਤ ਵਿੱਚ ਹੈ ਅਤੇ ਮੈਂ ਇਸ ਵਿੱਚ ਇਨ੍ਹਾਂ ਦੋਵਾਂ ਸੰਗਠਨਾਂ ਦੀ ਸਾਂਝ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ।''
- ''ਪਰ ਸਾਨੂੰ ਮਿਲੀ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਨ੍ਹਾਂ ਦੋਵਾਂ ਸੰਸਥਾਵਾਂ ਦਾ, ਖ਼ਾਸ ਕਰਕੇ ਆਰਐਸਐਸ ਦੀਆਂ ਗਤੀਵਿਧੀਆਂ ਦੇ ਫਲਸਰੂਪ ਦੇਸ ਵਿੱਚ ਅਜਿਹਾ ਮਾਹੌਲ ਬਣ ਗਿਆ ਕਿ ਅਜਿਹਾ ਮਾੜਾ ਕਾਂਡ ਸੰਭਵ ਹੋ ਸਕਿਆ। ਮੇਰੇ ਦਿਮਾਗ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਿੰਦੂ ਮਹਾਂਸਭਾ ਦਾ ਵੱਡਾ ਹਿੱਸਾ ਸਾਜ਼ਿਸ਼ ਵਿੱਚ ਸ਼ਾਮਲ ਸੀ।''

ਤਸਵੀਰ ਸਰੋਤ, BC
ਇਹ ਵੀ ਪੜ੍ਹੋ-

ਤਸਵੀਰ ਸਰੋਤ, BC
ਸਰਦਾਰ ਨੇ ਗਾਂਧੀ ਦੇ ਕਤਲ ਦੇ 8 ਮਹੀਨੇ ਬਾਅਦ 19 ਸਤੰਬਰ 1948 ਨੂੰ ਆਰਐੱਸਐੱਸ ਦੇ ਮੁਖੀਆ ਐਮਐਸ ਗੋਲਵਾਲਕਰ ਨੂੰ ਸਖ਼ਤ ਸ਼ਬਦਾਂ ਵਿੱਚ ਲਿਖਿਆ:
''ਹਿੰਦੂਆਂ ਦਾ ਸੰਗਠਨ ਬਣਾਉਣਾ, ਉਸ ਦੀ ਮਦਦ ਕਰਨਾ ਇੱਕ ਸਵਾਲ ਹੈ 'ਤੇ ਉਨ੍ਹਾਂ ਦੀਆਂ ਮੁਸੀਬਤਾਂ ਦਾ ਬਦਲਾ ਲਾਚਾਰ ਔਰਤਾਂ, ਬੱਚਿਆਂ, ਆਦਮੀਆਂ ਤੋਂ ਲੈਣਾ ਦੂਜਾ ਸਵਾਲ ਹੈ।"

ਤਸਵੀਰ ਸਰੋਤ, Photo Division
ਇਸ ਤੋਂ ਇਲਾਵਾ ਇਹ ਵੀ ਸੀ ਕਿ ਉਨ੍ਹਾਂ ਨੇ ਕਾਂਗਰਸ ਦਾ ਇੰਨੀ ਸਖ਼ਤੀ ਨਾਲ ਵਿਰੋਧ ਕਰਦਿਆਂ ਨਾ ਵਿਅਕਤੀਤਵ ਦਾ ਖ਼ਿਆਲ, ਨਾ ਸੱਭਿਅਤਾ ਦਾ ਧਿਆਨ ਕੀਤਾ ਅਤੇ ਇਸ ਨੇ ਜਨਤਾ ਵਿੱਚ ਇੱਕ ਪ੍ਰਕਾਰ ਦੀ ਬੇਚੈਨੀ ਪੈਦਾ ਕਰ ਦਿੱਤੀ ਸੀ। ਇਨ੍ਹਾਂ ਦੀਆਂ ਸਾਰੀਆਂ ਤਕਰੀਰਾਂ ਸੰਪਰਦਾਇਕ ਜ਼ਹਿਰ ਨਾਲ ਭਰ ਦਿੱਤੀਆਂ ਸਨ।
ਹਿੰਦੂਆਂ ਵਿੱਚ ਜੋਸ਼ ਪੈਦਾ ਕਰਨਾ ਅਤੇ ਉਨ੍ਹਾਂ ਦੀ ਰੱਖਿਆ ਦਾ ਪ੍ਰਬੰਧ ਕਰਨ ਲਈ ਇਹ ਜ਼ਰੂਰੀ ਨਹੀਂ ਸੀ ਕਿ ਜ਼ਹਿਰ ਫੈਲੇ।
ਉਸ ਜ਼ਹਿਰ ਦਾ ਫ਼ਲ ਆਖ਼ਰ ਵਿੱਚ ਇਹੀ ਹੋਇਆ ਕਿ ਗਾਂਧੀ ਦੀ ਜਾਨ ਦੀ ਕੁਰਬਾਨੀ ਦੇਸ ਨੂੰ ਸਹਿਣੀ ਪਈ ਅਤੇ ਸਰਕਾਰ ਤੇ ਜਨਤਾ ਦੀ ਹਮਦਰਦੀ ਬਿਲਕੁਲ ਵੀ ਆਰਐਸਐਸ ਦੇ ਨਾਲ ਨਾ ਰਹੀ, ਬਲਕਿ ਉਨ੍ਹਾਂ ਦੇ ਖ਼ਿਲਾਫ਼ ਹੋ ਗਈ।

ਤਸਵੀਰ ਸਰੋਤ, PRAMOD KAPOOR
ਉਨ੍ਹਾਂ ਦੀ ਮੌਤ 'ਤੇ ਆਰਐਸਐਸ ਵਾਲਿਆਂ ਨੇ ਜੋ ਖੁਸ਼ੀ ਜ਼ਾਹਿਰ ਕੀਤੀ ਅਤੇ ਮਿਠਾਈ ਵੰਡੀ, ਉਸ ਨਾਲ ਇਹ ਵਿਰੋਧ ਹੋਰ ਵੀ ਵੱਧ ਗਿਆ। ਸਰਕਾਰ ਨੂੰ ਇਸ ਹਾਲਤ ਵਿੱਚ ਆਰਐਸਐਸ ਖਿਲਾਫ਼ ਕਾਰਵਾਈ ਕਰਨੀ ਜ਼ਰੂਰੀ ਹੀ ਸੀ।''
ਸਾਵਰਕਰ ਹੋਏ ਸੀ ਬਰੀ
ਇਹ ਸੱਚ ਹੈ ਕਿ ਗਾਂਧੀ ਦੇ ਕਤਲ ਦੇ ਮਾਮਲੇ ਵਿੱਚ ਸਾਵਰਕਰ ਰਿਹਾ ਕਰ ਦਿੱਤੇ ਗਏ ਸੀ। ਗਾਂਧੀ ਕਤਲ ਕੇਸ ਵਿੱਚ ਦਿਗੰਬਰ ਬਾਗੜੇ ਦੇ ਬਿਆਨ (ਮਹਾਤਮਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਰਚਣ ਵਿੱਚ ਸਾਵਰਕਰ ਦੀ ਅਹਿਮ ਭੂਮਿਕਾ ਸੀ) ਦੇ ਬਾਵਜੂਦ ਉਹ ਇਸ ਲਈ ਰਿਹਾਅ ਕਰ ਦਿੱਤੇ ਗਏ ਕਿ ਇਨ੍ਹਾਂ ਸਾਜ਼ਿਸ਼ਾਂ ਨੂੰ ਸਾਬਤ ਕਰਨ ਲਈ ਕੋਈ 'ਆਜ਼ਾਦ ਗਵਾਹ' ਨਹੀਂ ਸੀ।
ਕਾਨੂੰਨ ਕਹਿੰਦਾ ਹੈ ਕਿ ਰਚੀ ਗਈ ਸਾਜ਼ਿਸ਼ ਨੂੰ ਅਦਾਲਤ ਵਿੱਚ ਸਾਬਤ ਕਰਨਾ ਹੋਵੇ, ਤਾਂ ਇਸ ਦੀ ਪੁਸ਼ਟੀ ਅਜ਼ਾਦ ਗਵਾਹਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ।
ਬਹੁਤ ਘੱਟ ਸੰਭਵ ਹੁੰਦਾ ਹੈ ਕਿ ਗੁਪਤ ਤਰੀਕੇ ਨਾਲ ਰਚੀ ਗਈ ਸਾਜ਼ਿਸ਼ਾਂ ਦਾ ਕੋਈ 'ਅਜ਼ਾਦ ਗਵਾਹ' ਮੌਜੂਦ ਹੋਵੇ।
ਕਾਨੂੰਨੀ ਤੌਰ 'ਤੇ ਇਹੀ ਸੀ ਅਤੇ ਗਾਂਧੀ ਦੇ ਕਤਲ ਕੇਸ ਵਿੱਚ ਸਾਵਰਕਰ ਸਜ਼ਾ ਤੋਂ ਬੱਚ ਗਿਆ।

ਤਸਵੀਰ ਸਰੋਤ, Getty Images
ਅਜਿਹਾ ਹੀ ਕੁਝ ਅੱਲਾਹ ਬਖ਼ਸ਼ ਦੇ ਮਾਮਲੇ ਵਿੱਚ ਦੇਖਣ ਨੂੰ ਮਿਲਿਆ। ਅੱਲਾਹ ਬਖ਼ਸ਼ ਨੇ ਮੁਸਲਿਮ ਲੀਗ ਦੀ ਪਾਕਿਸਤਾਨ ਮੰਗ ਦੇ ਖ਼ਿਲਾਫ਼ ਦੇਸ ਦੇ ਮੁਸਲਮਾਨਾਂ ਦਾ ਇੱਕ ਵੱਡਾ ਅੰਦੋਲਨ 1940 ਵਿੱਚ ਖੜ੍ਹਾ ਕੀਤਾ ਸੀ।
ਅੱਲਾਹ ਬਖ਼ਸ਼ ਦੇ ਮੁਸਲਿਮ ਲੀਗ ਕਾਤਲ/ਸਾਜ਼ਿਸ਼ਕਰਤਾ ਸਜ਼ਾ ਤੋਂ ਬਚ ਗਏ। ਉਨ੍ਹਾਂ ਦਾ ਕਤਲ 1943 ਵਿੱਚ ਕੀਤਾ ਗਿਆ ਸੀ।
ਸਾਵਰਕਰ ਦੇ ਖ਼ਿਲਾਫ਼ ਅਪੀਲ ਕਿਉਂ ਨਹੀਂ ਕੀਤੀ ਗਈ?
ਹਾਲਾਂਕਿ ਇਹ ਗੱਲ ਅੱਜ ਤੱਕ ਸਮਝ ਤੋਂ ਬਾਹਰ ਹੈ ਕਿ ਹੇਠਲੀ ਅਦਾਲਤ ਨੇ ਸਾਵਰਕਰ ਨੂੰ ਦੋਸ਼ ਮੁਕਤ ਕੀਤਾ ਸੀ, ਉਸ ਦੇ ਫ਼ੈਸਲੇ ਖ਼ਿਲਾਫ਼ ਸਰਕਾਰ ਨੇ ਹਾਈ ਕੋਰਟ ਵਿੱਚ ਅਪੀਲ ਕਿਉਂ ਨਹੀਂ ਕੀਤੀ।
ਸਾਵਰਕਰ ਦੇ ਗਾਂਧੀ ਦੇ ਕਤਲ ਵਿੱਚ ਸ਼ਾਮਲ ਹੋਣ ਬਾਰੇ ਜੱਜ ਕਪੂਰ ਕਮਿਸ਼ਨ ਨੇ 1969 ਵਿੱਚ ਆਪਣੀ ਰਿਪੋਰਟ ਵਿੱਚ ਸਾਫ਼ ਲਿਖਿਆ ਸੀ ਕਿ ਉਹ ਇਸ ਵਿੱਚ ਸ਼ਾਮਲ ਸੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਸਾਵਰਕਰ ਦੀ 26 ਫਰਵਰੀ 1966 ਨੂੰ ਮੌਤ ਹੋ ਗਈ ਸੀ। ਇਹ ਵੱਖਰੀ ਗੱਲ ਹੈ ਕਿ ਇਸ ਦੇ ਬਾਵਜੂਦ ਸਾਵਰਕਰ ਦੀਆਂ ਫੋਟੋਆਂ ਮਹਾਰਾਸ਼ਟਰ ਵਿਧਾਨ ਸਭਾ ਅਤੇ ਭਾਰਤ ਦੀ ਸੰਸਦ ਦੀਆਂ ਕੰਧਾਂ 'ਤੇ ਸਜਾਈਆਂ ਗਈਆਂ ਅਤੇ ਇਨ੍ਹਾਂ ਤਸਵੀਰਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














