ਮੈਨੂੰ ਵਿੱਕੀ ਗੌਂਡਰ ਦੇ ਪੁਲਿਸ ਮੁਕਾਬਲੇ ਬਾਰੇ ਪੂਰੀ ਜਾਣਕਾਰੀ ਸੀ- ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, NARINDER NANU/AFP/Getty Images
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੰਜਾਬੀ, ਚੰਡੀਗੜ੍ਹ
ਗੈਂਗਸਟਰ ਵਿੱਕੀ ਗੌਂਡਰ ਦੇ ਕਥਿਤ ਪੁਲਿਸ ਮੁਕਾਬਲੇ 'ਤੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਮੁਕਾਬਲੇ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ।
ਗੈਂਗਸਟਰ ਵਿੱਕੀ ਗੌਂਡਰ ਦੇ ਕਥਿਤ ਪੁਲਿਸ ਮੁਕਾਬਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਇਸ ਮਸਲੇ 'ਤੇ ਪਹਿਲੀ ਬਾਰ ਬੋਲੇ ਹਨ।
ਹਾਲਾਂਕਿ ਉਨ੍ਹਾਂ ਨੇ ਮੁਕਾਬਲੇ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਨੂੰ ਇੱਕ ਟਵੀਟ ਜ਼ਰੀਏ ਵਧਾਈਆਂ ਵੀ ਦਿੱਤੀਆਂ ਸਨ।
ਕੈਪਟਨ ਵੱਲੋਂ ਦਿੱਤੀਆਂ ਗਈਆਂ ਵਧਾਈਆਂ ਦੀ ਸੋਸ਼ਲ ਮੀਡੀਆ 'ਤੇ ਆਲੋਚਨਾ ਵੀ ਹੋਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਇਸ ਨੂੰ ਝੂਠਾ ਮੁਕਾਬਲਾ ਕਹਿਣਾ ਗ਼ਲਤ ਹੈ। ਮੈਨੂੰ ਇਸ ਦੀ ਪੂਰੀ ਜਾਣਕਾਰੀ ਸੀ।"
ਉਨ੍ਹਾਂ ਕਿਹਾ ਕਿ ਉਹ ਵਿੱਕੀ ਗੌਂਡਰ ਦੀ ਮੌਤ ਦੇ ਜਸ਼ਨ ਨਹੀਂ ਮਨਾ ਰਹੇ।

ਤਸਵੀਰ ਸਰੋਤ, FACEBOOK/@VICKYGOUNDERX
ਉਨ੍ਹਾਂ ਅੱਗੇ ਕਿਹਾ, "ਪੁਲਿਸ ਤੋਂ ਕੋਈ ਨਹੀਂ ਬਚ ਸਕਦਾ। ਜੇ ਗੈਂਗਸਟਰ ਇਸ ਤਰ੍ਹਾਂ ਸੋਚ ਰਹੇ ਹਨ ਤਾਂ ਉਹ ਗ਼ਲਤ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰੀਬ 52 ਫ਼ੀਸਦੀ ਕਲਾਸ-A ਅਤੇ ਕਰੀਬ 60 ਫ਼ੀਸਦ ਕਲਾਸ-B ਗੈਂਗਸਟਰਾਂ ਨੇ ਤਾਂ ਹਥਿਆਰ ਛੱਡ ਦਿੱਤੇ ਹਨ ਅਤੇ ਜਿਨ੍ਹਾਂ ਇਸ ਤਰ੍ਹਾਂ ਨਹੀਂ ਕੀਤਾ ਉਹ ਫਿਰ ਮੁਕਾਬਲੇ 'ਚ ਗੋਲੀਆਂ ਦਾ ਸ਼ਿਕਾਰ ਹੋ ਗਏ।
ਮੁੱਖ ਮੰਤਰੀ ਨੇ ਕਿਹਾ, "ਮੈਂ ਅੱਜ ਵੀ ਉਨ੍ਹਾਂ ਨੂੰ ਅਪੀਲ ਕਰਦਾਂ ਹਾਂ ਕਿ ਹਥਿਆਰ ਰੱਖੋ।"
ਇਸ ਤੋਂ ਪਹਿਲਾਂ ਬੀਬੀਸੀ ਪੰਜਾਬੀ ਨਾਲ ਗੱਲ ਕਰਦੇ ਹੋਏ ਪੰਜਾਬ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਸ਼ਸ਼ੀ ਕਾਂਤ ਨੇ ਕਿਹਾ, "ਮੈਨੂੰ ਇਹ ਤਾਂ ਨਹੀਂ ਪਤਾ ਕਿ ਇਹ ਪੁਲਿਸ ਮੁਕਾਬਲਾ ਝੂਠਾ ਹੈ ਜਾਂ ਨਹੀਂ ਪਰ ਇਸ ਪੂਰੀ ਕਾਰਵਾਈ ਵਿੱਚ ਇੱਕ ਉਹ ਪੁਲਿਸ ਅਫ਼ਸਰ ਸ਼ਾਮਿਲ ਹੈ, ਜੋ ਇਸ ਤਰ੍ਹਾਂ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ।"

ਤਸਵੀਰ ਸਰੋਤ, BBC Facebook
ਉਨ੍ਹਾਂ ਅੱਗੇ ਕਿਹਾ ਸੀ, "ਜੇ ਇਸ ਮਾਮਲੇ ਦੀ ਜਾਂਚ ਹੋਵੇਗੀ ਤਾਂ ਸੱਚ ਸਾਹਮਣੇ ਆਵੇਗਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।"
ਸ਼ਸ਼ੀ ਕਾਂਤ ਦੇ ਬਿਆਨ ਬਾਰੇ ਬੀਬੀਸੀ ਨੇ ਓਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (OCCU) ਦੇ ਮੁਖੀ ਏਆਈਜੀ ਗੁਰਮੀਤ ਸਿੰਘ ਚੌਹਾਨ ਨਾਲ ਵੀ ਗੱਲ ਕੀਤੀ ਸੀ।
ਗੁਰਮੀਤ ਚੌਹਾਨ ਨੇ ਕਿਹਾ, "ਇਨ੍ਹਾਂ ਕਿਆਸਾਂ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਪੱਕੇ ਤੌਰ 'ਤੇ ਅਸਲੀ ਮੁਕਾਬਲਾ ਸੀ।"
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਕਿਸੇ ਵੀ ਸਵਾਲ ਦਾ ਸਾਹਮਣਾ ਕਰਨ ਲਈ ਤਿਆਰ ਹਨ।












