ਕੌਣ ਸੀ ਕਥਿਤ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਗੈਂਗਸਟਰ ਵਿੱਕੀ ਗੌਂਡਰ?

Punjab Police

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਦਲੀਪ ਸਿੰਘ
    • ਰੋਲ, ਬੀਬੀਸੀ ਪੰਜਾਬੀ

ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ ਤੇ ਉਸਦੇ ਸਾਥੀ ਪ੍ਰੇਮਾ ਲਾਹੌਰੀਆ ਨੂੰ ਰਾਜਸਥਾਨ-ਪੰਜਾਬ ਦੀ ਸਰਹੱਦ 'ਤੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਹੈ।

27 ਨਵੰਬਰ 2016 ਦੀ ਦੁਪਹਿਰ ਹੁੰਦੇ ਹੁੰਦੇ ਦੇਸ਼-ਵਿਦੇਸ਼ 'ਚ ਪੰਜਾਬ ਦੇ ਕਸਬੇ ਨਾਭਾ ਦਾ ਨਾਂ ਲੋਕਾਂ ਦੀ ਜ਼ੁਬਾਨ 'ਤੇ ਆ ਗਿਆ ਸੀ। ਇਸ ਦਿਨ ਨਾਭਾ ਦੀ ਅਤਿ-ਸੁਰੱਖਿਆ ਜੇਲ੍ਹ ਬਰੇਕ ਹੋਈ ਸੀ।

ਫ਼ਿਲਮੀ ਅੰਦਾਜ਼ 'ਚ ਨਾਭਾ ਜੇਲ੍ਹ ਬਰੇਕ ਕਾਂਡ ਨੂੰ ਅੰਜਾਮ ਦਿੱਤਾ ਗਿਆ। ਕੁਝ ਹੀ ਮਿੰਟਾਂ ਵਿੱਚ ਜੇਲ੍ਹ 'ਚ ਬੰਦ ਚਾਰ 'ਬਦਮਾਸ਼' ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਅਤੇ ਉਸਦਾ ਸਾਥੀ ਫ਼ਰਾਰ ਹੋ ਗਏ।

ਪੁਲਿਸ ਦੀਆਂ ਵਰਦੀਆਂ 'ਚ ਆਏ ਅੱਧਾ ਦਰਜਨ ਤੋਂ ਵੱਧ ਬਦਮਾਸ਼ ਅਤਿ-ਸੁਰੱਖਿਆ ਜੇਲ੍ਹ ਦੇ ਪ੍ਰਸ਼ਾਸ਼ਨ 'ਤੇ ਭਾਰੀ ਪੈ ਗਏ।

ਪੰਜਾਬ 'ਚ ਜੇਲ੍ਹ ਟੁੱਟੀ ਤਾਂ ਦਿੱਲੀ ਸਰਕਾਰ ਵੀ ਹਿੱਲ ਗਈ। ਗ੍ਰਹਿ ਮੰਤਰਾਲੇ ਨੇ ਪੂਰੇ ਮਾਮਲੇ 'ਤੇ ਰਿਪੋਰਟ ਤਲਬ ਕੀਤੀ। ਕਈ ਆਲਾ ਅਫ਼ਸਰ ਮੁਅੱਤਲ ਹੋ ਗਏ।

ਪੁਲਿਸ ਲਈ ਸਿਰ ਦਰਦ ਬਣ ਗਿਆ ਸੀ ਗੌਂਡਰ

ਇਸ ਜੇਲ੍ਹ ਬਰੇਕ ਕਾਂਡ ਦੇ ਮੁੱਖ ਸਾਜ਼ਿਸਘਾੜ੍ਹੇ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਨੇ ਪੁਲਿਸ ਦੇ ਪਸੀਨੇ ਕਢਾ ਦਿੱਤੇ ਸਨ।

ਜਦੋਂ ਵੀ ਪੰਜਾਬ ਵਿੱਚ ਕੋਈ ਗਿਰੋਹਬਾਜ਼ੀ ਦੀ ਵਾਰਦਾਤ ਹੁੰਦੀ ਹੈ ਤਾਂ ਵਿੱਕੀ ਗੌਂਡਰ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਸੀ।

ਵਿੱਕੀ ਗੌਂਡਰ

ਤਸਵੀਰ ਸਰੋਤ, facebook/ vicky Gounder

ਤਸਵੀਰ ਕੈਪਸ਼ਨ, ਵਿੱਕੀ ਗੌਂਡਰ ਵਲੋਂ ਆਪਣੀ ਫੇਸਬੁੱਕ ਉੱਤੇ ਪਾਈ ਗਈ ਇੱਕ ਤਸਵੀਰ

ਵਿੱਕੀ ਗੌਂਡਰ ਆਪਣੇ ਕਥਿਤ ਫੇਸਬੁੱਕ ਪੇਜ਼ ਰਾਹੀ ਆਪਣੀ ਗੱਲ ਕਹਿੰਦਾ ਰਹਿੰਦਾ ਸੀ।

ਉਸ ਨੂੰ ਕਈ ਵਾਰ ਘੇਰਨ ਤੇ ਪੁਲਿਸ ਮੁਕਾਬਲਾ ਕਰਨ ਦੇ ਪੁਲਿਸ ਨੇ ਦਾਅਵੇ ਕੀਤੇ ਪਰ ਵਿੱਕੀ ਹੱਥ ਨਹੀਂ ਆਇਆ।

ਨਾਭਾ ਜੇਲ੍ਹ ਬਰੇਕ ਦੌਰਾਨ ਭੱਜੇ ਅਤੇ ਉਨ੍ਹਾਂ ਨੂੰ ਭਜਾਉਣ ਵਾਲੇ ਜ਼ਿਆਦਾਤਰ ਲੋਕੀ ਫੜ੍ਹੇ ਗਏ ਸੀ।

ਵਿੱਕੀ ਗੌਡਰ ਪੰਜਾਬ ਵਿੱਚ ਰਹਿ ਕੇ ਵੀ ਪੰਜਾਬ ਪੁਲਿਸ ਦੀ ਪਹੁੰਚ ਤੋਂ ਦੂਰ ਰਹਿੰਦਾ ਸੀ।

ਉਹ ਇੰਨਾ ਤਾਕਤਵਰ ਹੋ ਗਿਆ ਸੀ ਕਿ ਪੁਲਿਸ ਉਸ ਨੂੰ ਹੱਥ ਨਹੀਂ ਪਾ ਸਕਦੀ ਸੀ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਨੂੰ ਵਧਾਈ।

ਤਸਵੀਰ ਸਰੋਤ, @capt_amarinder

ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਨੂੰ ਵਧਾਈ।

ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ।

ਹਾਲਾਂਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਇਲਾਕੇ 'ਚ ਵਿੱਕੀ ਗੌਂਡਰ ਦੇ ਹੋਣ ਦੀ ਸੂਹ ਮਿਲਣ 'ਤੇ ਪੰਜਾਬ ਪੁਲਿਸ ਨੇ ਕਈ ਪਿੰਡਾਂ ਨੂੰ ਘੇਰਾ ਪਾ ਲਿਆ। ਕਾਮਯਾਬੀ ਫ਼ਿਰ ਵੀ ਨਹੀਂ ਮਿਲੀ।

ਵਿੱਕੀ ਗੌਂਡਰ ਕੌਣ ਹੈ ਅਤੇ ਪਿਛਲੇ ਇੱਕ ਸਾਲ ਦੌਰਾਨ ਕਿਹੜੀਆਂ ਵਾਰਦਾਤਾਂ ਵਿੱਚ ਉਸ ਦਾ ਨਾਂ ਆਇਆ ਆਓ ਮਾਰਦੇ ਹਾਂ ਇੱਕ ਨਜ਼ਰ

ਕੌਣ ਹੈ ਵਿੱਕੀ ਗੌਂਡਰ?

  • ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾ ਦਾ ਰਹਿਣ ਵਾਲਾ ਹੈ ਵਿੱਕੀ ਗੌਂਡਰ।
  • ਗੈਂਗਸਟਰ ਸੁਖਬੀਰ ਸਿੰਘ ਉਰਫ਼ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਚਰਚਾ 'ਚ ਆਇਆ।
  • ਫਗਵਾੜਾ ਕੋਲ ਪੇਸ਼ੀ ਤੋਂ ਪਰਤ ਰਹੇ ਕਾਹਲਵਾਂ ਨੂੰ ਗੋਲੀਆਂ ਨਾਲ ਭੁੰਨ ਕੇ ਲਾਸ਼ 'ਤੇ ਸਾਥੀਆਂ ਨਾਲ ਭੰਗੜਾ ਪਾਇਆ।
  • ਡਿਸਕਸ ਥਰੋਅ ਦਾ ਚੰਗਾ ਖਿਡਾਰੀ ਸੀ ਵਿੱਕੀ ਗੌਂਡਰ।
  • ਚੰਗੇ ਪ੍ਰਦਰਸ਼ਨ ਕਾਰਨ ਜਲੰਧਰ ਸਪੋਰਟਸ ਸਕੂਲ 'ਚ ਦਾਖਲਾ ਮਿਲਿਆ।ਇੱਥੇ ਹੀ ਸੁੱਖਾ ਕਾਹਲਵਾਂ ਨਾਲ ਦੋਸਤੀ ਪਈ।
  • ਸੁੱਖਾ ਕਾਹਲਵਾਂ ਦੇ ਕਤਲ ਤੋਂ ਕਈ ਮਹੀਨੇ ਬਾਅਦ ਜ਼ਿਲ੍ਹਾ ਤਨਤਾਰਨ ਦੇ ਪੱਟੀ ਤੋਂ ਫੜਿਆ ਗਿਆ।

ਵਿੱਕੀ ਗੌਂਡਰ ਦੇ ਭੱਜਣ ਤੋਂ ਬਾਅਦ ਵਾਰਦਾਤਾਂ

ਚੰਡੀਗੜ੍ਹ-ਪਟਿਆਲਾ ਹਾਈਵੇ 'ਤੇ ਬਨੂੜ 'ਚ ਕੈਸ਼ ਵੈਨ ਤੋਂ ਇੱਕ ਕਰੋੜ 33 ਲੱਖ ਦੀ ਲੁੱਟ ਅਤੇ ਗੌਂਡਰ ਦੇ ਜੱਦੀ ਪਿੰਡ ਸਰਾਵਾਂ ਬੋਦਲਾ 'ਚ ਬੈਂਕ ਡਕੈਤੀ। ਇਨ੍ਹਾਂ ਮਾਮਲਿਆਂ 'ਚ ਉਸਦਾ ਨਾਮ ਆਇਆ।

ਉਹ ਗੱਲ ਵੱਖਰੀ ਹੈ ਕਿ ਗੌਂਡਰ ਨੇ ਆਪਣੇ ਕਥਿਤ ਫੇਸਬੁੱਕ ਪੇਜ ਤੋਂ ਇਨ੍ਹਾਂ ਵਾਰਦਾਤਾਂ 'ਚ ਸ਼ਾਮਲ ਹੋਣ ਤੋਂ ਇਨਕਾਰ ਦਿੱਤਾ।

ਪੰਜਾਬ ਪੁਲਿਸ
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਗੁਰਦਾਸਪੁਰ ਦੇ ਕਾਹਨੂੰਵਾਨ 'ਚ ਇੱਕ ਗੈਂਗਵਾਰ ਹੋਈ। ਵਿਰੋਧੀ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਸ਼ਰੇਆਮ ਘੇਰ ਕੇ ਮਾਰ ਦਿੱਤਾ ਗਿਆ।

ਪੰਜਾਬ ਪੁਲਿਸ ਨੇ ਇਸ ਗੈਂਗਵਾਰ 'ਚ ਵਿੱਕੀ ਗੌਂਡਰ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਕਿਹਾ ਗਿਆ ਕਿ ਗੋਲੀਬਾਰੀ ਵੇਲੇ ਗੌਂਡਰ ਮੌਜੂਦ ਸੀ।

ਇਸਤੋਂ ਪਹਿਲਾਂ ਚੰਡੀਗੜ੍ਹ 'ਚ ਦਿਨ ਦਿਹਾੜੇ ਹੁਸ਼ਿਆਰਪੁਰ ਦੇ ਇੱਕ ਸਰਪੰਚ ਨੂੰ ਗੁਰਦੁਆਰੇ ਦੇ ਬਾਹਰ ਕਤਲ ਕਰ ਦਿੱਤਾ ਗਿਆ।

ਰੋਪੜ ਦੇ ਨੂਰਪੁਰ ਬੇਦੀ ਦੇ ਪਿੰਡ ਬਾਹਮਣ ਮਾਜਰਾ 'ਚ ਤੜਕੇ ਇੱਕ ਸ਼ਖਸ ਨੂੰ ਉਸਦੇ ਘਰ 'ਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਮਈ 2017 'ਚ ਪੰਚਕੂਲਾ ਦੇ ਸਕੇਤੜੀ ਕੋਲ ਗੈਂਗਵਾਰ 'ਚ ਬਾਉਂਸਰ ਦਾ ਕਤਲ ਕੀਤਾ ਗਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)