ਵਿਸ਼ਵ ਦੇ ਸਭ ਤੋਂ ਵੱਡੇ ਡਰੱਗ ਮਾਫ਼ੀਆ ਪਾਬਲੋ ਐਸਕੋਬਾਰ ਬਾਰੇ 6 ਦਿਲਚਸਪ ਤੱਥ

ਦੁਨੀਆਂ ਨੂੰ ਹਿਲਾਉਣ ਵਾਲੇ ਡਰੱਗ ਮਾਫ਼ੀਆ ਪਾਬਲੋ ਐਸਕੋਬਾਰ ਅੱਜ ਦੇ ਦਿਨ ਹੀ ਪੈਦਾ ਹੋਇਆ ਸੀ। ਆਪਣੇ ਵੇਲੇ 'ਚ ਉਹ ਦੁਨੀਆਂ ਦੇ 10 ਅਮੀਰ ਲੋਕਾਂ 'ਚ ਸ਼ੁਮਾਰ ਹੁੰਦਾ ਸੀ।
ਉਸ ਦੀ ਜ਼ਿੰਦਗੀ ਬਹੁਤ ਨਾਟਕੀ ਸੀ ਅਤੇ ਇਸ ਕਾਰਨ ਉਸ 'ਤੇ ਬਹੁਤ ਸਾਰੀਆਂ ਫਿਲਮਾਂ ਅਤੇ ਨਾਟਕ ਬਣੇ। ਜੋ ਉੱਤਰੀ ਕੋਰੀਆ ਸਣੇ ਦੁਨੀਆਂ ਭਰ ਵਿੱਚ ਕਾਫ਼ੀ ਪ੍ਰਸਿੱਧ ਹੋਇਆ।
ਅਖ਼ਬਾਰਾਂ 'ਚ ਉਸ ਨੂੰ 'ਕਿੰਗ ਆਫ ਕੋਕੇਨ' ਕਿਹਾ ਜਾਂਦਾ ਸੀ। ਮੈਡੇਲੀਨ ਸੂਬੇ 'ਚ ਉਸ ਦੇ ਗਿਰੋਹ 'ਤੇ ਇਲਜ਼ਾਮ ਲੱਗਦੇ ਰਹੇ ਕਿ ਅਮਰੀਕਾ 'ਚ 80 ਫੀਸਦ ਕੋਕੇਨ ਇਸ ਵੱਲੋਂ ਸਪਲਾਈ ਕੀਤਾ ਜਾਂਦਾ ਹੈ।
ਇਹ ਹਨ ਉਸ ਦੀ ਜ਼ਿੰਦਗੀ ਨਾਲ ਜੁੜੇ 6 ਹੈਰਾਨ ਕਰ ਦੇਣ ਵਾਲੇ ਤੱਥ:
1. ਅਧਿਆਪਕ ਦੇ ਮੁੰਡੇ ਤੋਂ ਅਮੀਰ ਗੈਂਗਸਟਰ ਤੱਕ ਦਾ ਸਫ਼ਰ
ਪਾਬਲੋ ਦਾ ਜਨਮ 1 ਦਸੰਬਰ 1949 ਨੂੰ ਦੱਖਣੀ ਅਮਰੀਕਾ ਦੇ ਕੋਲੰਬੀਆ 'ਚ ਹੋਇਆ। ਉਸ ਦੇ ਪਿਤਾ ਕਿਸਾਨ ਸਨ ਅਤੇ ਮਾਤਾ ਇੱਕ ਅਧਿਆਪਕ ਸੀ।
ਵਿਕਾਸਸ਼ੀਲ ਦੇਸ ਦੇ ਮੱਧ ਵਰਗ ਦੇ ਪਰਿਵਾਰ 'ਚ ਜਨਮ ਲੈਣ ਵਾਲਾ ਪਾਬਲੋ 90 ਦੇ ਦਹਾਕੇ 'ਚ ਕਰੀਬ 30 ਬਿਲੀਅਨ ਅਮਰੀਕੀ ਡਾਲਰ ਕਮਾ ਰਿਹਾ ਸੀ। ਜਿਸ ਨਾਲ ਉਹ ਉਸ ਵੇਲੇ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ 'ਚ 7ਵੇਂ ਨੰਬਰ 'ਤੇ ਸੀ।
2.ਡਰੱਗ ਲਈ ਸਮੁੰਦਰੀ ਜਹਾਜ਼ਾਂ ਦੀ ਵਰਤੋਂ
'ਅਕਾਉਂਟੈਂਟ ਸਟੋਰੀ' ਨਾਂ ਦੀ ਕਿਤਾਬ 'ਚ ਦੱਸਿਆ ਗਿਆ ਹੈ ਕਿ ਪਾਬਲੋ ਨੇ ਕੋਲੰਬੀਆਂ 'ਤੇ ਪਨਾਮਾ ਵਿਚਾਲੇ ਡਰੱਗ ਦੇ ਧੰਦੇ ਦੇ ਵਿਸਥਾਰ ਲਈ ਜਹਾਜ਼ਾਂ ਦੀ ਵਰਤੋਂ ਕੀਤੀ।
ਉਸ ਨੇ ਬਾਅਦ ਵਿੱਚ 15 ਵੱਡੇ ਜਹਾਜ਼ ਅਤੇ 6 ਹੈਲੀਕਾਪਟਰ ਖਰੀਦੇ। ਉਹ ਹਰ ਮਹੀਨੇ ਤਕਰੀਬਨ 70 ਤੋਂ 80 ਟਨ ਕੋਕੇਨ ਕੋਲੰਬੀਆ ਤੋਂ ਅਮਰੀਕਾ ਭੇਜਦਾ ਸੀ।
ਕਿਤਾਬ 'ਚ ਦਾਅਵਾ ਕੀਤਾ ਗਿਆ ਹੈ ਕਿ ਪਾਬਲੋ ਸਮੁੰਦਰ ਦੇ ਨਾਲ-ਨਾਲ 2 ਛੋਟੀਆਂ ਸਬਮਰੀਨਾਂ ਦੀ ਵੀ ਵਰਤੋਂ ਕਰਦਾ ਸੀ। ਉਸ ਨੇ ਆਪਣੇ ਮਹਿਲ 'ਚ ਚਿੜੀਆ ਘਰ ਬਣਾਇਆ ਸੀ।

ਤਸਵੀਰ ਸਰੋਤ, Getty AFP
3. ਆਪਣੇ ਮਹਿਲ ਅੰਦਰ ਹੀ ਬਣਾਇਆ ਚਿੜਿਆਘਰ
ਅਮੀਰ ਡਰੱਗ ਮਾਫੀਆ ਨੇ ਕੋਲੰਬੀਆ 'ਚ ਇੱਕ ਵਿਸ਼ਾਲ ਜਾਇਦਾਦ ਬਣਾਈ ਜੋ ਕਿ 20 ਵਰਗ ਕਿਲੋਮੀਟਰ ਖੇਤਰ 'ਚ ਫੈਲੀ ਸੀ। ਇਸ ਵਿੱਚ ਵੱਖ-ਵੱਖ ਮਹਾਂਦੀਪਾਂ ਤੋਂ ਲਿਆਂਦੇ ਕਈ ਕਿਸਮਾਂ ਦੇ ਪਸ਼ੂ ਜਿਵੇਂ ਐਂਟੇਲੋਪ, ਹਾਥੀ, ਪੰਛੀ, ਜਿਰਾਫ, ਦਰਿਆਈ ਘੋੜੇ ਅਤੇ ਸ਼ਤੁਰਮੁਰਗ ਸ਼ਾਮਲ ਸਨ।
ਇਸ ਘਰ ਵਿੱਚ ਇੱਕ ਹਵਾਈ ਅੱਡਾ ਅਤੇ ਪੁਰਾਣੀਆਂ ਕਾਰਾਂ ਅਤੇ ਮੋਟਰਸਾਈਕਲਾਂ ਦਾ ਸੰਗ੍ਰਹਿ ਵੀ ਸੀ। ਇਸ ਦੀ ਜਾਇਦਾਦ ਵਿੱਚ ਥਾਵਾਂ, ਨਕਦੀ ਅਤੇ ਗਹਿਣਿਆਂ ਦੇ ਲੁਕਵੇਂ ਭੰਡਾਰ ਵੀ ਸਨ।
4. ਕਤਲ ਦੀ ਰਾਜਧਾਨੀ
ਉਸ ਦਾ ਗਿਰੋਹ ਨਾ ਸਿਰਫ ਨਸ਼ਿਆਂ ਦੀ ਤਸਕਰੀ ਕਰਦਾ ਸੀ ਬਲਕਿ ਉਸ ਨੇ ਰਿਸ਼ਵਤਖੋਰੀ, ਅਗਵਾਹਕਾਰੀ ਅਤੇ ਆਪਣੇ ਰਾਹ ਵਿੱਚ ਰੋੜਾ ਬਣਨ ਵਾਲਿਆਂ ਨੂੰ ਮਾਰ ਕੇ 1980 ਅਤੇ 1990 ਦੌਰਾਨ ਕੋਲੰਬੀਆ ਨੂੰ ਕੰਬਾ ਦਿੱਤਾ ਸੀ।
ਬੀਬੀਸੀ ਮੁੰਡੋ ਦੀ ਖ਼ਬਰ ਮੁਤਾਬਕ ਉਸ ਨੂੰ ਲਗਭਗ 4000 ਹਜ਼ਾਰ ਮੌਤਾਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਹੋਰ ਰਿਪੋਰਟਾਂ ਦਾ ਕਹਿਣਾ ਹੈ ਅਸਲ ਅੰਕੜਾ 5000 ਦੇ ਕਰੀਬ ਹੈ।
ਜਦੋਂ ਪਾਬਲੋ ਅਤੇ ਦੂਜੇ ਨਸ਼ਾ ਤਸਕਰੀ ਦੇ ਗਿਰੋਹ ਅਮਰੀਕਾ ਦੀ ਨਸ਼ਾ ਮੰਡੀ ਵਿੱਚ ਸਰਬਉੱਚਤਾ ਲਈ ਲੜ ਰਹੇ ਸਨ ਤਾਂ 90ਵਿਆਂ ਦੀ ਸ਼ੁਰੂਆਤ ਵਿੱਚ ਗੈਂਗਵਾਰ ਹੋਈ।
1991 'ਚ 25100 ਅਤੇ 1992 'ਚ 27100 ਮੌਤਾਂ ਦੱਖਣੀ ਅਮਰੀਕਾ ਦੇ ਇਸ ਦੇਸ ਵਿੱਚ ਦਰਜ ਹੋਈਆਂ।
5. ਕੀ ਉਹ ਰੋਬਿਨਹੁੱਡ ਸੀ ?
ਬੇਸ਼ੱਕ ਕੋਲੰਬੀਆ ਅਤੇ ਅਮਰੀਕਾ ਦੀਆਂ ਸਰਕਾਰਾਂ ਉਸ ਨੂੰ ਮੁਜਰਮ ਮੰਨਦੀਆਂ ਹਨ ਪਰ ਪਾਬਲੋ ਕਈ ਗਰੀਬ ਲੋਕਾਂ ਲਈ ਨਾਇਕ ਵੀ ਸੀ। ਪਾਬਲੋ ਉਮਰ ਭਰ ਖੇਡਾਂ ਦਾ ਪ੍ਰਸ਼ੰਸਕ ਰਿਹਾ।

ਤਸਵੀਰ ਸਰੋਤ, Getty AFP
ਉਸ ਨੇ ਫੁੱਟਬਾਲ ਦੇ ਮੈਦਾਨ ਅਤੇ ਬਹੁਮੰਤਵੀ ਖੇਡ ਮੈਦਾਨ ਬਣਵਾਏ ਅਤੇ ਬੱਚਿਆਂ ਦੀਆਂ ਫੁੱਟਬਾਲ ਟੀਮਾਂ ਲਈ ਪੈਸਾ ਦਿੱਤਾ।
ਬੀਬੀਸੀ ਮੁੰਡੋ ਦੀ 2013 ਦੀ ਖ਼ਬਰ ਮੁਤਾਬਕ ਉਹ ਹਾਲੇ ਵੀ ਇੱਕ ਸਿਰਕੱਢ ਸ਼ਖ਼ਸੀਅਤ ਹੈ ਕਿਉਂਕਿ ਉਸ ਦੇ ਸਟੀਕਰ ਹਾਲੇ ਵੀ ਧੜੱਲੇ ਨਾਲ ਵਿਕਦੇ ਹਨ।
6. ਉਸ ਦੀ ਲਾਸ਼ ਕਬਰ 'ਚੋਂ ਕੱਢੀ ਗਈ
ਪਾਬਲੋ ਦੀ 2 ਦਸੰਬਰ 1993 ਨੂੰ ਇੱਕ ਮੁਕਾਬਲੇ 'ਚ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਮਾਪਿਆਂ ਦਾ ਪਤਾ ਲਗਾਉਣ ਲਈ ਡੀਐੱਨਏ ਟੈਸਟ ਦੀ ਜ਼ਰੂਰਤ ਸੀ।
ਇਸ ਲਈ ਉਸ ਦੀ ਲਾਸ਼ ਡੀਐੱਨਏ ਸੈਂਪਲ ਲੈਣ ਲਈ ਕਬਰ 'ਚੋਂ ਬਾਹਰ ਕੱਢੀ ਗਈ ਸੀ।
ਉਸ ਦੀ ਜ਼ਿੰਦਗੀ 'ਤੇ ਬਣਿਆ ਟੀਵੀ ਸੀਰੀਅਲ ਨਾਰਕੋਸ ਅਮਰੀਕਾ 'ਚ ਪਿਛਲੇ ਤਿੰਨ ਸਾਲਾਂ ਦੌਰਾਨ ਸਭ ਤੋਂ ਵੱਧ ਦੇਖਿਆ ਗਿਆ ਟੀਵੀ ਪ੍ਰੋਗਰਾਮ ਹੈ।












