ਪੁਲਿਸ ਨੇ ਦੱਸਿਆ ਕਿਵੇਂ ਮਾਰਿਆ ਗਿਆ ਗੈਂਗਸਟਰ ਵਿੱਕੀ ਗੌਂਡਰ?

ਪੰਜਾਬ ਪੁਲਿਸ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ
    • ਲੇਖਕ, ਸਰਬਜੀਤ ਧਾਲੀਵਾਲ
    • ਰੋਲ, ਬੀਬੀਸੀ ਪੰਜਾਬੀ, ਚੰਡੀਗੜ੍ਹ

ਸ਼ੁੱਕਰਵਾਰ ਨੂੰ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਦੇ ਪਿੰਡ ਪੱਕੀ ਵਿੱਚ ਹੋਏ ਗੈਂਗਸਟਰ ਵਿੱਕੀ ਗੌਂਡਰ ਦੇ ਕਥਿਤ ਪੁਲਿਸ ਮੁਕਾਬਲੇ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ।

ਇਸ ਪ੍ਰੈੱਸ ਕਾਨਫਰੰਸ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਸੰਬੋਧਨ ਕੀਤਾ।

ਇਸ ਦੇ ਨਾਲ ਹੀ ਏਆਈਜੀ ਗੁਰਮੀਤ ਚੌਹਾਨ ਵੀ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਸਨ।

ਪੰਜਾਬ ਪੁਲਿਸ ਮੁਤਾਬਕ ਵਿੱਕੀ ਗੌਂਡਰ 'ਤੇ 7 ਲੱਖ ਰੁਪਏ ਇਨਾਮ ਸੀ ਅਤੇ ਪ੍ਰੇਮਾ ਲਾਹੌਰੀਆ 'ਤੇ 2 ਲੱਖ ਰੁਪਏ ਇਨਾਮ ਸੀ।

ਡੀਜੀਪੀ ਸੁਰੇਸ਼ ਅਰੋੜਾ ਮੁਤਾਬਕ ਹੁਣ ਵੀ ਪੰਜਾਬ ਵਿੱਚ A ਕੈਟਾਗਰੀ ਦੇ 8 ਅਤੇ B ਕੈਟਾਗਰੀ ਦੇ 9 ਗੈਂਗ ਸਰਗਰਮ ਹਨ।

ਪੰਜਾਬ ਪੁਲਿਸ ਦੀ ਓਰਗਨਾਈਜ਼ਡ ਕਰਾਈਮ ਕੰਟਰੋਲ ਯੂਨਿਟ (OCCU) ਇਸ ਮੁਕਾਬਲੇ ਨੂੰ ਅੰਜਾਮ ਦਿੱਤਾ ਰਹੀ ਸੀ।

ਕਿਵੇਂ ਮਿਲੀ ਸੂਹ?

ਕੰਟਰੋਲ ਯੂਨਿਟ (OCCU) ਦੀ ਅਗਵਾਈ ਕਰਨ ਵਾਲੇ ਏਆਈਜੀ ਗੁਰਮੀਤ ਚੌਹਾਨ ਨੇ ਕਥਿਤ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ।:

  • ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਵਿੱਕੀ ਗੌਂਡਰ ਅਤੇ ਉਸ ਦੇ ਸਾਥੀ ਅਬੋਹਰ ਦੇ ਆਲੇ-ਦੁਆਲੇ ਸਰਗਰਮ ਹਨ।
  • ਜਾਣਕਾਰੀ ਦੇ ਆਧਾਰ 'ਤੇ ਸ਼ੱਕੀਆਂ ਦੀ ਨਿਸ਼ਾਨਦੇਹੀ ਸ਼ੁਰੂ ਹੋਈ।
  • ਉਨ੍ਹਾਂ ਵਿੱਚੋਂ ਖੁਈਆ ਸਰਵਰ ਦੇ ਪਿੰਡ ਪਜਾਬਾ ਦੇ ਇੱਕ ਸ਼ਖਸ 'ਤੇ ਖ਼ਾਸ ਨਜ਼ਰ ਰੱਖੀ ਗਈ ਸੀ।
ਵਿੱਕੀ ਗੌਂਡਰ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, facebook/vicky gonder

  • ਉਸੇ ਸ਼ੱਕੀ ਦੀ ਢਾਹਣੀ ਵਿੱਚ ਕੁਝ ਲੋਕਾਂ ਦੇ ਰਹਿਣ ਬਾਰੇ ਜਾਣਕਾਰੀ ਮਿਲੀ।
  • ਪੁਲਿਸ ਨੇ ਉਸ ਢਾਹਣੀ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ।
  • ਪੱਕੀ ਜਾਣਕਾਰੀ ਮਿਲਣ 'ਤੇ ਪੁਲਿਸ ਵੱਲੋਂ 24 ਜਨਵਰੀ ਤੋਂ ਹੀ ਆਪਰੇਸ਼ਨ ਸ਼ੁਰੂ ਕੀਤਾ ਗਿਆ।

ਕਿਵੇਂ ਹੋਇਆ ਕਥਿਤ ਐਨਕਾਊਂਟਰ?

  • ਪੁਲਿਸ ਨੇ ਢਾਹਣੀ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਕੁਝ ਪੁਲਿਸ ਮੁਲਾਜ਼ਮ ਛੱਤ 'ਤੇ ਵੀ ਚੜ੍ਹ ਗਏ।
  • ਪੁਲਿਸ ਦੀ ਹਰਕਤ ਨਾਲ ਵਿੱਕੀ ਗੌਂਡਰ ਤੇ ਉਸ ਦੇ ਸਾਥੀ ਚੌਕੰਨੇ ਹੋ ਗਏ।
  • ਵਿੱਕੀ ਗੌਂਡਰ ਤੇ ਉਸ ਦਾ ਸਾਥੀ ਪ੍ਰੇਮਾ ਲਾਹੌਰੀਆ ਦੀਵਾਰ ਟੱਪ ਕੇ ਭੱਜਣ ਲੱਗੇ। ਦੋਵੇਂ ਪੁਲਿਸ ਵੱਲੋਂ ਹੁੰਦੀ ਫਾਇਰਿੰਗ ਵਿੱਚ ਮਾਰੇ ਗਏ।
ਪੰਜਾਬ ਪੁਲਿਸ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਦੀ ਪੁਰਾਣੀ ਤਸਵੀਰ
  • ਵਿੱਕੀ ਗੌਂਡਰ ਦੇ ਇੱਕ ਹੋਰ ਸਾਥੀ ਵੱਲੋਂ ਵੀ ਪੁਲਿਸ 'ਤੇ ਫਾਇਰਿੰਗ ਕੀਤੀ ਗਈ ਤਾਂ ਜੋ ਵਿੱਕੀ ਗੌਂਡਰ ਨੂੰ ਕਵਰ ਫਾਇਰ ਮਿਲ ਸਕੇ।
  • ਉਹ ਪੁਲਿਸ ਨਾਲ ਮੁਠਭੇੜ ਵਿੱਚ ਜ਼ਖ਼ਮੀ ਹੋ ਗਿਆ, ਉਸਨੇ ਬਾਅਦ ਵਿੱਚ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ।
  • ਕਥਿਤ ਪੁਲਿਸ ਮੁਕਾਬਲੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ ਅਤੇ ਉਹ ਜੇਰੇ ਇਲਾਜ ਹਨ।

ਰਾਜਸਥਾਨ ਪੁਲਿਸ ਨੂੰ ਨਹੀਂ ਸੀ ਜਾਣਕਾਰੀ

ਪੰਜਾਬ ਪੁਲਿਸ ਦੇ ਏਆਈਜੀ ਗੁਰਮੀਤ ਚੌਹਾਨ ਨੇ ਕਿਹਾ, ''ਮੁਕਾਬਲੇ ਵਾਲੀ ਥਾਂ ਪੰਜਾਬ-ਰਾਜਸਥਾਨ ਸਰਹੱਦ 'ਤੇ ਹੈ। ਸਾਨੂੰ ਲੱਗਿਆ ਕਿ ਜੋ ਘਟਨਾ ਵਾਲੀ ਥਾਂ ਹੈ ਉਹ ਪੰਜਾਬ ਦੀ ਹੱਦ ਵਿੱਚ ਆਉਂਦੀ ਹੈ।

"ਬਾਅਦ ਵਿੱਚ ਇਹ ਰਾਜਸਥਾਨ ਪੁਲਿਸ ਦੇ ਆਉਣ ਤੋਂ ਬਾਅਦ ਸਾਫ਼ ਹੋਇਆ ਕਿ ਉਹ ਇਲਾਕਾ ਰਾਜਸਥਾਨ ਦੀ ਹੱਦ ਵਿੱਚ ਹੈ।''

ਚੌਹਾਨ ਨੇ ਦੱਸਿਆ ਕਿ ਰਾਜਸਥਾਨ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਜਾਰੀ ਹੈ।

ਰਾਜਸਥਾਨ ਪੁਲਿਸ ਦੇ ਡੀਜੀਪੀ ਓ.ਪੀ ਗਲਹੋਤਰਾ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ ਸੀ ਕਿ ਪੰਜਾਬ ਪੁਲਿਸ ਵੱਲੋਂ ਰਾਜਸਥਾਨ ਪੁਲਿਸ ਨੂੰ ਮੁਕਾਬਲੇ ਬਾਰੇ ਕੋਈ ਵੀ ਆਗਾਊਂ ਸੂਚਨਾ ਨਹੀਂ ਦਿੱਤੀ ਗਈ ਸੀ।

ਕਥਿਤ ਪੁਲਿਸ ਮੁਕਾਬਲੇ ਨੂੰ ਲੈ ਕੇ ਕੁਝ ਸਵਾਲ

  • ਪੁਲਿਸ ਮੁਤਾਬਕ ਵਿੱਕੀ ਦੀ ਪੈੜ ਨੱਪਣ ਲਈ ਖ਼ਾਸ ਅਪਰੇਸ਼ਨ ਸ਼ੁਰੂ ਕੀਤਾ ਗਿਆ। ਜਦੋਂ ਵਿੱਕੀ ਦੇ ਟਿਕਾਣੇ ਬਾਰੇ ਪੁਲੀਸ ਨੂੰ ਪਹਿਲਾਂ ਹੀ ਜਾਣਕਾਰੀ ਸੀ ਤਾਂ ਰਾਜਸਥਾਨ ਪੁਲਿਸ ਨੂੰ ਇਸ ਤੋਂ ਦੂਰ ਕਿਉਂ ਰੱਖਿਆ ਗਿਆ?
  • ਵਿੱਕੀ ਦੇ ਟਿਕਾਣੇ ਤੱਕ ਪੰਜਾਬ ਪੁਲਿਸ ਦੀ ਟੀਮ ਕਿਵੇਂ ਪਹੁੰਚੀ? ਕਿਸੇ ਨੇ ਵਿੱਕੀ ਬਾਰੇ ਸਟੀਕ ਜਾਣਕਾਰੀ ਦਿੱਤੀ? ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਅੱਗੇ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ।
  • ਲਖਵਿੰਦਰ ਸਿੰਘ ਕੌਣ ਹੈ ਜਿਸਦੇ ਘਰ 'ਚ ਗੌਂਡਰ ਲੁਕਿਆ ਸੀ? ਕੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ।
  • ਪੁਲਿਸ ਲਖਵਿੰਦਰ ਸਿੰਘ ਤੱਕ ਕਿਵੇਂ ਪਹੁੰਚੀ? ਕੀ ਉਸ ਨੇ ਹੀ ਵਿੱਕੀ ਬਾਰੇ ਮੁਖ਼ਬਰੀ ਕੀਤੀ ਸੀ? ਇਸ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)