ਕੀ MRI ਮਸ਼ੀਨ ਵੀ ਤੁਹਾਡੀ ਜਾਨ ਲੈ ਸਕਦੀ ਹੈ?

ਮੁੰਬਈ ਦੇ ਹਸਪਤਾਲ ਵਿੱਚ ਇੱਕ ਅਜੀਬ ਹਾਦਸਾ ਵਾਪਰਿਆ। ਆਮ ਤੌਰ 'ਤੇ ਸਰੀਰ ਦੀ ਜਾਂਚ ਲਈ ਵਰਤੀ ਜਾਂਦੀ MRI ਮਸ਼ੀਨ ਨੇ ਇੱਕ ਸ਼ਖ਼ਸ ਦੀ ਜਾਨ ਲੈ ਲਈ।

ਹਸਪਤਾਲ ਦੇ MRI ਕਮਰੇ ਵਿੱਚ 32 ਸਾਲਾ ਇੱਕ ਸ਼ਖ਼ਸ ਦੇ ਸਰੀਰ ਵਿੱਚ ਜ਼ਰੂਰਤ ਤੋਂ ਵੱਧ ਲਿਕਵਡ (ਤਰਲ) ਆਕਸੀਜਨ ਜਾਣ ਕਾਰਨ ਉਸਦੀ ਮੌਤ ਹੋ ਗਈ।

ਪੁਲਿਸ ਮੁਤਾਬਕ ਮੱਧ ਮੁੰਬਈ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਰਾਜੇਸ਼ ਮਾਰੂ ਦੇ ਨਾਲ ਇਹ ਹਾਦਸਾ ਹੋਇਆ। ਇਸ ਤੋਂ ਬਾਅਦ ਇੱਕ ਡਾਕਟਰ, ਵਾਰਡ ਕਰਮੀ ਅਤੇ ਮਹਿਲਾ ਸਫ਼ਾਈ ਕਰਮਚਾਰੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਸਮਾਚਾਰ ਏਜੰਸੀ ਪੀਟੀਆਈ ਨੇ ਇੱਕ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਰਾਜੇਸ਼ ਮਾਰੂ ਆਪਣੀ ਇੱਕ ਰਿਸ਼ਤੇਦਾਰ ਦਾ MRI ਸਕੈਨ ਕਰਵਾਉਣ ਲਈ ਹਸਪਤਾਲ ਗਏ ਸੀ।

ਡਾਕਟਰ ਦੇ ਨਿਰਦੇਸ਼ਾਂ ਮੁਤਾਬਕ, ਸਕੈਨ ਲਈ ਉਹ ਮਰੀਜ਼ ਨੂੰ MRI ਕਮਰੇ ਵਿੱਚ ਲੈ ਕੇ ਗਏ ਸੀ ਅਤੇ ਉੱਥੇ ਆਕਸੀਜਨ ਸਿਲੰਡਰ ਲੀਕ ਹੋ ਗਿਆ।

ਇਹ ਆਕਸੀਜਨ ਤਰਲ ਸੀ ਅਤੇ ਉਹ ਜ਼ਹਿਰੀਲੀ ਸਾਬਤ ਹੁੰਦੀ ਹੈ। ਇੱਕ ਪੁਲਿਸ ਅਧਿਕਾਰੀ ਅਨੁਸਾਰ ਮ੍ਰਿਤਕ ਦੇ ਸਰੀਰ ਵਿੱਚ ਵੱਧ ਆਕਸੀਜਨ ਚਲੀ ਗਈ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮਰੀਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਲਾਕਿ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਜਾਂਚ ਜਾਰੀ ਹੈ।

ਪਰ ਰਾਜੇਸ਼ ਦੀ ਮੌਤ ਕਿਵੇਂ ਹੋਈ, ਇਹ ਹੈਰਾਨੀਜਨਕ ਹੈ। ਉਹ ਮਰੀਜ਼ ਲਈ ਆਕਸੀਜਨ ਸਿਲੰਡਰ ਲੈ ਕੇ ਕਮਰੇ ਵਿੱਚ ਦਾਖ਼ਲ ਹੋਏ ਸੀ ਜਿਸ ਕਾਰਨ ਇਹ ਘਟਨਾ ਵਾਪਰੀ।

ਸਿਲੰਡਰ ਧਾਤੂ ਨਾਲ ਬਣਿਆ ਹੁੰਦਾ ਹੈ ਅਤੇ MRI ਮਸ਼ੀਨ ਦੀ ਸਟੋਰਿੰਗ ਮੈਗਨੇਟਕ ਫੀਲਡ ਹੁੰਦੀ ਹੈ ਜਿਸਨੂੰ ਲੈ ਕੇ ਰਿਐਕਸ਼ਨ ਹੋਇਆ। ਇਸੇ ਕਰਕੇ ਮਸ਼ੀਨ ਨੇ ਆਪਣੀ ਤਾਕਤ ਨਾਲ ਰਾਜੇਸ਼ ਨੂੰ ਆਪਣੇ ਵੱਲ ਖਿੱਚਿਆ।

ਉੱਥੇ ਮੌਜੂਦ ਸਟਾਫ਼ ਨੇ ਰਾਜੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਹੱਥ ਅਤੇ ਸਿਲੰਡਰ ਅੰਦਰ ਹੀ ਫਸ ਗਏ ਜਿਸ ਕਾਰਨ ਆਕਸੀਜਨ ਲੀਕ ਹੋ ਗਈ।

ਕੀ ਹੈ MRI ਸਕੈਨ?

ਪਰ ਇਹ MRI ਮਸ਼ੀਨ ਹੈ ਕੀ, ਇਹ ਕਿਸ ਲਈ ਵਰਤੀ ਜਾਂਦੀ ਹੈ ਅਤੇ ਕੀ ਇਹ ਅਸਲ ਵਿੱਚ ਐਨੀ ਖ਼ਤਰਨਾਕ ਹੈ ਕਿ ਕਿਸੇ ਦੀ ਜਾਨ ਲੈ ਸਕਦੀ ਹੈ?

MRI ਦਾ ਮਤਲਬ ਹੈ ਮੈਗਨੇਟਿਕ ਰੈਸੋਨੇਂਸ ਇਮੇਜਿੰਗ ਸਕੈਨ, ਜਿਸ ਵਿੱਚ ਆਮ ਤੌਰ 'ਤੇ 15 ਤੋਂ 90 ਮਿੰਟ ਲੱਗਦੇ ਹਨ।

ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਰੀਰ ਦਾ ਕਿਹੋ ਜਿਹਾ, ਕਿੰਨਾ ਵੱਡਾ ਹਿੱਸਾ ਸਕੈਨ ਕੀਤਾ ਜਾਣਾ ਹੈ, ਕਿੰਨੀਆਂ ਤਸਵੀਰਾਂ ਲਈਆਂ ਜਾਣੀਆਂ ਹਨ।

ਇਹ ਰੇਡੀਏਸ਼ਨ ਦੀ ਬਜਾਏ ਮੈਗਨੇਟਿਕ ਫੀਲਡ 'ਤੇ ਕੰਮ ਕਰਦਾ ਹੈ। ਇਸ ਲਈ ਐਕਸ-ਰੇ ਅਤੇ ਸਿਟੀ ਸਕੈਨ ਤੋਂ ਵੱਖਰਾ ਹੈ।

ਰੇਡੀਓਲੌਜਿਸਟ ਡਾ. ਸੰਦੀਪ ਨੇ ਬੀਬੀਸੀ ਪੱਤਰਕਾਰ ਸਰੋਜ ਸਿੰਘ ਨੂੰ ਦੱਸਿਆ,''ਪੂਰੇ ਸਰੀਰ ਵਿੱਚ ਜਿੱਥੇ ਜਿੱਥੇ ਹਾਈਡ੍ਰੋਜਨ ਹੁੰਦਾ ਹੈ, ਉਸਦੇ ਘੁੰਮਣ ਨਾਲ ਇਕ ਤਸਵੀਰ ਬਣਦੀ ਹੈ।''

ਸਰੀਰ ਵਿੱਚ 70 ਫ਼ੀਸਦ ਪਾਣੀ ਹੁੰਦਾ ਹੈ, ਇਸ ਲਈ ਹਾਈਡ੍ਰੋਜਨ ਸਪਿਨ ਦੇ ਜ਼ਰੀਏ ਬਣੀ ਤਸਵੀਰ ਤੋਂ ਸਰੀਰ ਦੀਆਂ ਕਾਫ਼ੀ ਦਿੱਕਤਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

ਦਿਮਾਗ, ਗੋਡੇ, ਰੀੜ੍ਹ ਦੀ ਹੱਡੀ ਵਰਗੇ ਸਰੀਰ ਦੇ ਵੱਖ-ਵੱਖ ਹਿੱਸਿਆ ਵਿੱਚ ਜਿੱਥੇ ਕਿਤੇ ਵੀ ਨਰਮ ਟਿਸ਼ੂ ਹੁੰਦਾ ਹੈ ਉਨ੍ਹਾਂ ਦਾ ਜੇਕਰ ਐਮਆਈਆਰ ਸਕੈਨ ਹੁੰਦਾ ਹੈ ਤਾਂ ਹਾਈਡ੍ਰੋਜਨ ਸਪਿਨ ਨਾਲ ਈਮੇਜ ਬਣਨ ਦੇ ਬਾਅਦ ਇਹ ਪਤਾ ਲਗਾਇਆ ਜਾਂਦਾ ਹੈ ਕਿ ਸਰੀਰ ਦੇ ਇਨ੍ਹਾਂ ਹਿੱਸਿਆ ਵਿੱਚ ਕੋਈ ਦਿੱਕਤ ਤਾਂ ਨਹੀਂ ਹੈ।

MRI ਸਕੈਨ ਤੋਂ ਪਹਿਲਾਂ

ਆਮ ਤੌਰ 'ਤੇ MRI ਸਕੈਨ ਵਾਲੇ ਦਿਨ ਤੁਸੀਂ ਖਾ-ਪੀ ਸਕਦੇ ਹੋ ਅਤੇ ਦਵਾਈ ਵੀ ਲੈ ਸਕਦੇ ਹੋ। ਕੁਝ ਮਾਮਲਿਆਂ ਵਿੱਚ ਸਕੈਨ ਤੋਂ ਚਾਰ ਘੰਟੇ ਪਹਿਲਾਂ ਤੱਕ ਹੀ ਖਾਣ ਲਈ ਕਿਹਾ ਜਾਂਦਾ ਹੈ ਤਾਂਕਿ ਚਾਰ ਘੰਟਿਆਂ ਦਾ ਫ਼ਰਕ ਹੋਵੇ। ਕੁਝ ਲੋਕਾਂ ਨੂੰ ਜ਼ਿਆਦਾ ਪਾਣੀ ਵੀ ਪੀਣ ਲਈ ਕਿਹਾ ਜਾ ਸਕਦਾ ਹੈ।

ਹਸਪਤਾਲ ਪਹੁੰਚਣ 'ਤੇ ਜਿਸਦਾ ਸਕੈਨ ਹੋਣਾ ਹੈ, ਉਸਦੀ ਸਿਹਤ ਅਤੇ ਮੈਡੀਕਲ ਜਾਣਕਾਰੀ ਮੰਗੀ ਜਾਂਦੀ ਹੈ ਜਿਸ ਨਾਲ ਮੈਡੀਕਲ ਸਟਾਫ਼ ਨੂੰ ਇਹ ਪਤਾ ਲੱਗਦਾ ਹੈ ਕਿ ਸਕੈਨ ਕਰਨਾ ਸੁਰੱਖਿਅਤ ਹੈ ਜਾਂ ਨਹੀਂ।

ਇਹ ਜਾਣਕਾਰੀ ਦੇਣ ਤੋਂ ਬਾਅਦ ਮੰਨਜ਼ੂਰੀ ਵੀ ਮੰਗੀ ਜਾਂਦੀ ਹੈ ਕਿ ਤੁਹਾਡਾ ਸਕੈਨ ਕੀਤਾ ਜਾਵੇ ਜਾਂ ਨਹੀਂ। ਕਿਉਂਕਿ MRI ਸਕੈਨਰ ਤਾਕਤਵਾਰ ਮੈਗਨੈਟਿਕ ਫੀਲਡ ਪੈਦਾ ਕਰਦਾ ਹੈ, ਅਜਿਹੇ ਵਿੱਚ ਉਸਦੇ ਅੰਦਰ ਜਾਂਦੇ ਸਮੇਂ ਸਰੀਰ 'ਤੇ ਕੋਈ ਮੈਟਲ ਆਬਜੈਕਟ ਨਹੀਂ ਹੋਣਾ ਚਾਹੀਦਾ।

ਇਸ ਵਿੱਚ ਇਹ ਚੀਜ਼ਾਂ ਸ਼ਾਮਲ ਹਨ:

  • ਘੜੀ
  • ਗਹਿਣੇ, ਜਿਵੇਂ ਨੈਕਲੈਸ ਜਾਂ ਝੁਮਕੇ
  • ਪਿਅਸਰਿੰਗ
  • ਨਕਲੀ ਦੰਦ , ਜਿਸ ਵਿੱਚ ਧਾਤੂ ਦੀ ਵਰਤੋਂ ਕੀਤੀ ਗਈ ਹੋਵੇ
  • ਸੁਣਨ ਦੀ ਮਸ਼ੀਨ
  • ਵਿਗ, ਕਿਉਂਕਿ ਕਈਆਂ ਵਿੱਚ ਧਾਤੂ ਦੇ ਟੁੱਕੜੇ ਹੁੰਦੇ ਹਨ

ਮਸ਼ੀਨ ਕਿੰਨੀ ਤਰ੍ਹਾਂ ਦੀ?

ਐਮਆਰਆਈ ਦੀ ਮਸ਼ੀਨ ਤਿੰਨ ਤਰ੍ਹਾਂ ਦੀ ਹੁੰਦੀ ਹੈ। 1 ਟੇਸਲਾ, 1.5 ਟੇਸਲਾ ਅਤੇ 3 ਟੇਸਲਾ।

ਟੇਸਲਾ ਉਹ ਯੂਨੇਟ ਹੈ ਜਿਸ ਵਿੱਚ ਮਸ਼ੀਨ ਦੀ ਤਾਕਤ ਨੂੰ ਮਾਪਿਆਂ ਜਾਂਦਾ ਹੈ।

3 ਟੇਸਲਾ ਯੂਨੇਟ ਵਾਲੀ ਐਮਆਰਆਈ ਮਸ਼ੀਨ ਲੋਹੇ ਦੀ ਪੂਰੀ ਅਲਮਾਰੀ ਨੂੰ ਆਪਣੇ ਵੱਲ ਖਿੱਚਣ ਦੀ ਤਾਕਤ ਰੱਖਦਾ ਹੈ।

ਮਸ਼ੀਨ ਜਿੰਨੀ ਜ਼ਿਆਦਾ ਟੇਸਲਾ ਵਾਲੀ ਹੋਵੇਗੀ, ਓਨਾ ਹੀ ਜ਼ਿਆਦਾ ਹੋਵੇਗਾ ਉਸਦਾ ਮੈਗਨੇਟਿਕ ਫੀਲਡ।

ਡਾ. ਸੰਦੀਪ ਮੁਤਾਬਕ ਐਮਆਰਆਈ ਕਰਾਉਣ ਵਾਲੇ ਕਮਰੇ ਦੇ ਬਾਹਰ ਤੁਹਾਨੂੰ ਇਹ ਲਿਖਿਆ ਮਿਲੇਗਾ ਕਿ ਦਿਲ ਵਿੱਚ ਪੇਸ ਮੇਕਰ ਲੱਗਿਆ ਹੋਵੇਗਾ, ਜਾਂ ਫਿਰ ਸਰੀਰ ਵਿੱਚ ਕਿਤੇ ਵੀ ਨਿਊਰੋ ਸਿਟਮੁਲੇਟਰ ਲੱਗਿਆ ਹੋਵੇ ਤਾਂ ਸਕੈਨ ਨਾ ਕਰਾਓ।

ਡਾ. ਸੰਦੀਪ ਮੁਤਾਬਕ ਸੋਨਾ ਚਾਂਦੀ ਪਾ ਕੇ ਸਕੈਨ ਕਰਵਾਇਆ ਜਾ ਸਕਦਾ ਹੈ।

''ਸੋਨੇ ਵਿੱਚ ਲੋਹਾ ਨਹੀਂ ਹੁੰਦਾ ਪਰ ਕਈ ਵਾਰ ਮਿਲਾਵਟੀ ਚਾਂਦੀ ਵਿੱਚ ਲੋਹਾ ਹੋਣ ਦਾ ਖ਼ਤਰਾ ਰਹਿੰਦਾ ਹੈ।''

MRI ਸਕੈਨ ਵਿੱਚ ਕੀ ਹੁੰਦਾ ਹੈ?

MRI ਸਕੈਨਰ ਇੱਕ ਸਿਲੰਡਰਨੁਮਾ ਮਸ਼ੀਨ ਹੁੰਦੀ ਹੈ ਜੋ ਦੋਵੇਂ ਪਾਸਿਆਂ ਤੋਂ ਖੁੱਲ੍ਹੀ ਹੁੰਦੀ ਹੈ। ਜਾਂਚ ਕਰਵਾਉਣ ਵਾਲਾ ਵਿਅਕਤੀ ਮੋਟਰਾਈਜ਼ਡ ਬੈੱਡ 'ਤੇ ਲੰਮੇ ਪੈਂਦਾ ਹੈ ਅਤੇ ਫਿਰ ਉਹ ਅੰਦਰ ਜਾਂਦਾ ਹੈ।

ਕੁਝ ਮਾਮਲਿਆਂ ਵਿੱਚ ਸਰੀਰ ਦੇ ਕਿਸੇ ਖ਼ਾਸ ਹਿੱਸੇ 'ਤੇ ਫ਼ਰੇਮ ਰੱਖਿਆ ਜਾਂਦਾ ਹੈ ਜਿਵੇਂ ਕਿ ਸਿਰ ਜਾਂ ਛਾਤੀ।

ਫਰੇਮ ਵਿੱਚ ਅਜਿਹੇ ਰਸੀਵਰ ਹੁੰਦੇ ਹਨ ਜੋ ਸਕੈਨ ਦੇ ਦੌਰਾਨ ਸਰੀਰ ਵੱਲ ਜਾਣ ਵਾਲੇ ਸਿਗਨਲ ਫੜਦੇ ਹਨ ਜਿਸ ਨਾਲ ਚੰਗੀਆਂ ਤਸਵੀਰਾਂ ਲੈਣ ਵਿੱਚ ਮਦਦ ਮਿਲਦੀ ਹੈ।

ਸਕੈਨ ਦੌਰਾਨ ਕਈ ਵਾਰ ਤੇਜ਼ ਅਵਾਜ਼ਾਂ ਆਉਂਦੀਆਂ ਹਨ ਜੋ ਇਲੈਕਟ੍ਰਿਕ ਕਰੰਟ ਦੀਆਂ ਹੁੰਦੀਆਂ ਹਨ। ਰੌਲੇ ਤੋਂ ਬਚਣ ਲਈ ਹੈਡਫ਼ੋਨ ਵੀ ਦਿੱਤੇ ਜਾਂਦੇ ਹਨ।

ਕਦੋਂ ਅਤੇ ਕਿਉਂ ਖ਼ਤਰਨਾਕ ਹੁੰਦੀ ਹੈ ਇਹ ਮਸ਼ੀਨ?

ਸਰੀਰ ਦੀ ਜਾਂਚ ਲਈ ਬਣੀ ਇਹ ਮਸ਼ੀਨ ਕਈ ਵਾਰ ਖ਼ਤਰਨਾਕ ਅਤੇ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਕਮਰੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਇਹ ਪੱਕਾ ਕਰ ਲਿਆ ਜਾਂਦਾ ਹੈ ਕਿ ਮਰੀਜ਼ ਦੇ ਕੋਲ ਕੋਈ ਧਾਤੂ ਦੀ ਚੀਜ਼ ਨਾ ਹੋਵੇ।

ਜੇਕਰ ਸਰੀਰ ਦੇ ਅੰਦਰ ਕੋਈ ਸਕ੍ਰੂ, ਸ਼ਾਰਪਨੇਲ ਜਾਂ ਕਾਰਤੂਸ ਦੇ ਹਿੱਸੇ ਵੀ ਹਨ ਤਾਂ ਖ਼ਤਰਨਾਕ ਸਾਬਤ ਹੋ ਸਕਦੇ ਹਨ। ਧਾਤੂ ਦੇ ਇਹ ਟੁੱਕੜੇ ਮੈਗਨੇਟ ਬਹੁਤ ਤੇਜ਼ ਸਪੀਡ ਨਾਲ ਖਿੱਚਣਗੇ ਅਤੇ ਸਰੀਰ ਨੂੰ ਗੰਭੀਰ ਸੱਟ ਲੱਗੇਗੀ।

ਇਸ ਤੋਂ ਇਲਾਵਾ ਮੈਡੀਕੇਸ ਮੈਚ, ਖ਼ਾਸ ਤੌਰ 'ਤੇ ਨਿਕੋਟਿਨ ਪੈਚ ਲਗਾ ਕੇ ਸਕੈਨ ਰੂਮ ਵਿੱਚ ਜਾਣਾ ਸਹੀ ਨਹੀਂ ਹੈ ਕਿਉਂਕਿ ਉਸ ਵਿੱਚ ਐਲੂਮੀਨੀਅਮ ਦੇ ਕੁਝ ਅੰਸ਼ ਹੁੰਦੇ ਹਨ। ਸਕੈਨਰ ਚੱਲਣ ਦੇ ਸਮੇਂ ਇਹ ਪੈਚ ਗਰਮ ਹੋ ਸਕਦੇ ਹਨ ਜਿਸ ਨਾਲ ਮਰੀਜ਼ ਸੜ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ