ਜਗਤਾਰ ਜੌਹਲ ਦੀ ਰਿਮਾਂਡ 'ਚ ਇੱਕ ਦਿਨ ਦਾ ਵਾਧਾ

ਤਸਵੀਰ ਸਰੋਤ, PAl singh nauli
ਸਿਆਸੀ ਕਤਲਾਂ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਹੋਏ ਸਕੌਟਿਸ਼ ਨਾਗਰਿਕ ਜਗਤਾਰ ਜੌਹਲ ਦਾ ਪੁਲਿਸ ਰਿਮਾਂਡ ਇੱਕ ਦਿਨ ਲਈ ਹੋਰ ਵਧਾ ਦਿੱਤਾ ਗਿਆ ਹੈ। ਹੁਣ ਜਗਤਾਰ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਲੁਧਿਆਣਾ ਦੀ ਅਦਾਲਤ ਵਿੱਚ ਜੱਜ ਗੁਰਪ੍ਰੀਤ ਕੌਰ ਸਾਹਮਣੇ ਪੁਲਿਸ ਨੇ ਦਲੀਲ ਦਿੱਤੀ ਕਿ ਦੇਸ ਦੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੀ ਵੱਡੀ ਸਾਜ਼ਿਸ਼ ਰਚੀ ਗਈ ਸੀ ਜਿਸ ਕਰਕੇ ਜੌਹਲ ਤੋਂ ਹੋਰ ਪੁੱਛਗਿੱਛ ਦੀ ਲੋੜ ਹੈ।
ਸਰਕਾਰੀ ਵਕੀਲ ਵੱਲੋਂ ਜਗਤਾਰ ਜੌਹਲ ਦੀ ਪੰਜ ਦਿਨਾਂ ਦੀ ਰਿਮਾਂਡ ਮੰਗੀ ਗਈ ਸੀ। ਪੁਲਿਸ ਵੱਲੋਂ ਆਰਐੱਸਐੱਸ ਆਗੂ ਨਰੇਸ਼ ਕੁਮਾਰ 'ਤੇ ਹੋਏ ਹਮਲੇ ਬਾਰੇ ਜੌਹਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਹਮਲੇ ਵਿੱਚ ਨਰੇਸ਼ ਕੁਮਾਰ ਬਚ ਗਏ ਸੀ।

ਜਗਤਾਰ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪੁਲਿਸ ਨੇ ਜੌਹਲ ਦਾ ਕਾਫ਼ੀ ਰਿਮਾਂਡ ਲੈ ਲਿਆ ਹੈ।
ਇਸੇ ਮਾਮਲੇ ਵਿੱਚ ਸ਼ਨੀਵਾਰ ਨੂੰ ਜੌਹਲ ਨੂੰ ਦੋ ਦਿਨਾਂ ਦੇ ਲਈ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ। ਸੋਮਵਾਰ ਨੂੰ ਅਦਾਲਤ ਨੇ ਰਿਮਾਂਡ ਮੰਗਲਵਾਰ ਤੱਕ ਵੱਧਾ ਦਿੱਤਾ ਸੀ।
ਜੌਹਲ ਨੂੰ ਬਾਘਾਪੁਰਾਣਾ ਦੀ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਸੀ, ਪਰ ਲੁਧਿਆਣਾ ਪੁਲਿਸ ਨੇ ਉਸ ਨੂੰ ਸੁਲਤਾਨ ਮਸੀਹ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ਉੱਤੇ ਆਪਣੀ ਹਿਰਾਸਤ ਵਿੱਚ ਲੈ ਆਈ ਸੀ।
ਜੌਹਲ ਨੂੰ 4 ਨਵੰਬਰ ਨੂੰ ਜਲੰਧਰ ਦੇ ਰਾਮਾਮੰਡੀ ਇਲਾਕੇ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।












